ਦਾਜ ਦੇ ਲੋਭੀ ਤੇ ਸ਼ਰਾਬੀ ਬਰਾਤੀਆਂ ਨੂੰ ਰਾਮੂੰਵਾਲੀਆ ਵਲੋਂ ਡਾਕੂ ਕਹਿਣਾ ਸੌ ਫੀਸਦੀ ਸੱਚ

On: 14 December, 2012

ਗੁਰਬਾਣੀ ਵਿੱਚ ਸ਼ਰਧਾ ਰੱਖਣ ਵਾਲੇ ਕਿਸੇ ਵੀਰ ਨੇ ਇਸ ਲੇਖਕ ਨੂੰ ਫ਼ੋਨ ਕਰਕੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਗੁਰਬਾਣੀ ਦੀ ਤੁਕ ਬਦਲ ਕੇ ਗੁਰਬਾਣੀ ਦੀ ਕੀਤੀ ਬੇਅਦਬੀ ਵੱਲ ਧਿਆਨ ਦਿਵਾ ਕੇ ਮੈਨੂੰ ਤਾਕੀਦ ਕੀਤੀ ਕਿ ਇਸ ਸਬੰਧੀ ਕੁਝ ਲਿਖਿਆ ਜਾਵੇ। ਮੈਂ ਉਸ ਸਮੇਂ ਇਸ ਨਾਲ ਸਬੰਧਤ ਖ਼ਬਰ ਪੜ੍ਹੀ ਨਹੀਂ ਸੀ ਇਸ ਲਈ ਪੁਰਾਣਾ ਅਖ਼ਬਾਰ ਲੱਭ ਕੇ ਧਿਆਨ ਨਾਲ ਪੜ੍ਹੀ ਤਾਂ ਵੇਖਿਆ ਕਿ ਸ: ਰਾਮੂਵਾਲੀਆ ਨੇ ਤਾਂ ਕੁਝ ਵੀ ਗਲਤ ਨਹੀਂ ਬੋਲਿਆ ਬਲਕਿ ਸੌ ਫੀਸਦੀ ਸੱਚ ਹੈ, ਜਦੋਂ ਕਿ ਗੁਰਬਾਣੀ ਦੀ ਬੇਅਦਬੀ ਤਾਂ ਪੈਸਿਆਂ ਦੇ ਲਾਲਚ ਅਧੀਨ ਘਰ ਵਾਲਿਆਂ ਦੀ ਖ਼ੁਸ਼ਾਮਦੀ ਕਰਨ ਲਈ ਬਿਨਾਂ ਸੋਚਿਆਂ ਵੀਚਾਰਿਆਂ ਗੁਰਬਾਣੀ ਨੂੰ ਇਸ ਹਲਕੇ ਪੱਧਰ ਦੇ ਅਰਥਾਂ 'ਚ ਪੜ੍ਹਨ ਵਾਲੇ ਰਾਗੀ ਤੇ ਸ: ਰਾਮੂਵਾਲੀਆ ਤੋਂ ਮੁਆਫੀ ਮੰਗਵਾਉਣ ਵਾਲੇ ਪ੍ਰਬੰਧਕ ਤੇ ਲੋਕ ਕਰ ਰਹੇ ਹਨ। ਅਸਲ ਵਿੱਚ ਸ: ਰਾਮੂੰਵਾਲੀਆ ਨੇ ਰਾਗੀਆਂ ਨੂੰ ਸਲਾਹ ਦਿੱਤੀ ਸੀ ਕਿ ਦਾਜ ਦੇ ਲੋਭੀਆਂ ਤੇ ਸ਼ਰਾਬੀ ਬਰਾਤੀਆਂ ਦੇ ਸੁਆਗਤ ਸਮੇਂ 'ਹਮ ਘਰਿ ਸਾਜਨ ਆਏ ॥' ਦੀ ਬਜ਼ਾਏ ਪੜ੍ਹਨਾ ਚਾਹੀਦਾ ਹੈ 'ਹਮ ਘਰਿ ਡਾਕੂ ਆਏ ॥' ਇਕ ਧਾਰਮਕ ਸਮਾਗਮ 'ਚ ਸ: ਰਾਮੂੰਵਾਲੀਆ ਵੱਲੋਂ ਇਸ ਕਹੇ ਸੱਚ ਸਦਕਾ ਮੈਂ ਉਨ੍ਹਾਂ ਦੀ ਸ਼ਾਲਾਘਾ ਕਰਨੀ ਚਾਹੁੰਦਾ ਸੀ ਪਰ ਨਾਲ ਹੀ ਉਨ੍ਹਾਂ ਦੀ ਕਮਜੋਰੀ ਵੀ ਦਿੱਸ ਪਈ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਉਨ੍ਹਾਂ ਦੇ ਇਸ ਕਥਨ ਨੂੰ ਪ੍ਰਬੰਧਕਾਂ ਤੇ ਲੋਕਾਂ ਨੇ ਚੰਗਾ ਨਹੀਂ ਸਮਝਿਆ ਤਾਂ ਉਨ੍ਹਾਂ ਝੱਟ ਪ੍ਰਬੰਧਕਾਂ ਨੂੰ ਫ਼ੋਨ ਕਰਕੇ ਆਪਣੀ ਗਲਤੀ ਸਵੀਕਾਰਦਿਆਂ ਇਸ ਦੀ ਮੁਆਫ਼ੀ ਮੰਗ ਲਈ ਤੇ ਉਨ੍ਹਾਂ ਨੂੰ ਬੇਨਤੀ ਕਰ ਦਿੱਤੀ ਕਿ ਮੇਰੇ ਵਲੋਂ ਮੰਗੀ ਮੁਆਫ਼ੀ ਸਪੀਕਰ 'ਚ ਬੋਲ ਕੇ ਸਾਰੇ ਲੋਕਾਂ ਨੂੰ ਸੁਣਾ ਦਿੱਤੀ ਜਾਵੇ।
ਸ: ਰਾਮੂੰਵਾਲੀਆ ਵੱਲੋਂ ਸੱਚ ਬੋਲਣ ਦੇ ਨਾਲ ਦੇ ਨਾਲ ਹੀ ਵਿਖਾਈ ਕਮਜੋਰੀ ਦੀ ਅਸਲੀਅਤ ਜਾਨਣ ਲਈ ਜਦੋਂ ਉਨ੍ਹਾਂ ਨਾਲ ਸੰਪਰਕ ਕਰਕੇ ਪੁੱਛਿਆ ਤਾਂ ਉਨ੍ਹਾਂ ਸਫਾਈ ਦਿੰਦਿਆਂ ਕਿਹਾ ਕਿ ਜਿਸ ਨੇ ਆਪਣੀ ਰੋਟੀ ਹੀ ਗੁਰਬਾਣੀ ਦੇ ਪ੍ਰਚਾਰਕ ਵਜੋਂ ਕਮਾਈ ਹੋਵੇ, ਜਿਹੜਾ ਪਾਰਲੀਮੈਂਟ ਵਿੱਚ ਵੀ ਆਪਣੇ ਭਾਸ਼ਣਾਂ ਦੌਰਾਨ ਗੁਰਬਾਣੀ ਦੀ ਸ਼ਰੇਆਮ ਵਰਤੋਂ ਕਰਦਾ ਹੋਵੇ ਉਹ ਬਲਵੰਤ ਸਿੰਘ ਰਾਮੂੰਵਾਲੀਆ ਗੁਰਬਾਣੀ ਦੀ ਬੇਅਦਬੀ ਕਰੇ! ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੈਨੂੰ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਦਾ ਇਕ ਪ੍ਰਵਾਰ ਮਿਲਿਆ ਸੀ ਜਿਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸੜਕ 'ਤੇ ਲਗਦੀ ਤਿੰਨ ਕਿਲੇ ਜ਼ਮੀਨ ਵੇਚ ਕੇ ਲੜਕੀ ਦਾ ਵਿਆਹ ਕੀਤਾ ਸੀ। ਲੜਕੇ ਵਾਲਿਆਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਸੋਨਾ ਤੇ ਕਾਰ ਦੇਣ ਤੋਂ ਇਲਾਵਾ ਤਿੰਨ ਕਿਸਮ ਦਾ ਮੀਟ ਤੇ ੫੦੦ ਰੁਪਏ ਵਾਲੀਆਂ ੩੦੦ ਬੋਤਲਾਂ ਸ਼ਰਾਬ ਦੀਆਂ ਪਿਆਈਆਂ ਗਈਆਂ ਸਨ। ਪਰ ਇਸ ਦੇ ਬਾਵਯੂਦ ਉਨ੍ਹਾਂ ਨੇ ਲੜਕੀ ਨੂੰ ਘੱਟ ਦਾਜ ਲਿਆਉਣ ਦੇ ਤਾਹਨੇ ਮਿਹਣੇ ਮਾਰਦਿਆਂ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਹੈ ਤੇ ਹੁਣ ਇਨਸਾਫ਼ ਦੀ ਮੰਗ ਲਈ ਅਦਾਲਤਾਂ ਵਿੱਚ ਕੇਸ ਲੜ ਰਹੇ ਹਨ। ਉਸ ਪ੍ਰਵਾਰ ਨੇ ਸ: ਰਾਮੂੰਵਾਲੀਆ ਕੋਲ ਕਿਹਾ ਸੀ ਕਿ ਜਿਹੜੀ ਤਿੰਨ ਕਿੱਲੇ ਜ਼ਮੀਨ ਉਨ੍ਹਾਂ ਨੇ ਵੇਚ ਕੇ ਲੜਕੀ ਦਾ ਵਿਆਹ ਕੀਤਾ ਸੀ ਉਸ ਦੀ ਕੀਮਤ ਵਧ ਕੇ ਅੱਜ ਕੱਲ੍ਹ ਤਿੰਨ ਕ੍ਰੋੜ ਦੀ ਹੋ ਗਈ ਹੈ। ਉਹ ਝੁਰਦੇ ਸਨ ਕਿ ਜੇ ਦਾਜ ਦੇ ਉਨ੍ਹਾਂ ਲੋਭੀਆਂ ਨਾਲ ਉਨ੍ਹਾਂ ਦਾ ਮੇਲ ਨਾ ਹੁੰਦਾ ਤਾਂ ਅੱਜ ਕੱਲ੍ਹ ਨਾਲੇ ਤਿੰਨ ਕ੍ਰੋੜ ਰੁਪਏ ਉਨ੍ਹਾਂ ਪਾਸ ਹੋਣੇ ਸਨ, ਨਾ ਹੀ ਕੁੜੀ ਦੀ ਜਾਨ ਜਾਂਦੀ ਤੇ ਨਾ ਹੀ ਅਦਾਲਤਾਂ ਵਿੱਚ ਧੱਕੇ ਖਾਣੇ ਪੈਂਦੇ। ਸ: ਰਾਮੂੰਵਾਲੀਆ ਨੇ ਸਫਾਈ ਦਿੰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ ਜ਼ਿਹਨ ਵਿੱਚ ਇਹ ਗੱਲ ਘੁੰਮ ਰਹੀ ਸੀ ਇਸ ਕਾਰਣ ਉਹ ਕਹਿ ਬੈਠੇ ਕਿ ਦਾਜ ਦੇ ਅਜੇਹੇ ਲੋਭੀਆਂ ਲਈ ਤਾਂ ਸਾਜਨ ਦੀ ਵਜਾਏ ਡਾਕੂ ਹੀ ਕਹਿਣਾ ਚਾਹੀਦਾ ਹੈ ਪਰ ਮੇਰੀ ਭਾਵਨਾਂ ਨੂੰ ਉਥੇ ਮੌਜੂਦ ਲੋਕ ਨੇ ਗਲਤ ਸਮਝ ਲਿਆ। ਸ: ਰਾਮੂੰਵਾਲੀਆ ਨੇ ਕਿਹਾ ਜਦੋਂ ਮੈਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲਗਾ ਤਾਂ ਮੈਂ ਘਰ ਪਹੁੰਚ ਕੇ ਤੁਰੰਤ ਪ੍ਰਬੰਧਕਾਂ ਕੋਲੋਂ ਫ਼ੋਨ 'ਤੇ ਮੰਗ ਲਈ ਸੀ ਤੇ ਇਸ ਮੁਆਫ਼ੀਨਾਮੇ ਨੂੰ ਸਪੀਕਰ ਰਾਹੀਂ ਅਨਾਊਂਸ ਕਰਨ ਲਈ ਵੀ ਕਹਿ ਦਿੱਤਾ ਸੀ। ਇਸ ਲਈ ਉਹ ਗੱਲ ਤਾਂ ਹੁਣ ਖਤਮ ਹੋ ਚੁੱਕੀ ਹੈ ਹੁਣ ਵਿਰੋਧੀ ਇਸ ਨੂੰ ਐਵੇਂ ਹੀ ਤੂਲ ਦੇ ਕੇ ਮੁੱਦਾ ਬਣਾ ਰਹੇ ਹਨ।
ਸ: ਰਾਮੂੰਵਾਲੀਆ ਨੂੰ ਦੱਸਿਆ ਗਿਆ ਕਿ ਮੈਂ ਤੁਹਾਡੀ ਗਲਤੀ ਸਿੱਧ ਕਰਕੇ ਤੁਹਾਥੋਂ ਮੁਆਫ਼ੀ ਮੰਗਵਾਉਣ ਲਈ ਜਾਂ ਇਸ ਨੂੰ ਮੁੱਦਾ ਬਣਾਉਣ ਲਈ ਫ਼ੋਨ ਨਹੀਂ ਸੀ ਕੀਤਾ ਬਲਕਿ ਸੱਚ ਬੋਲਣ ਦੀ ਜੁਰ੍ਹਤ ਕਰਨ ਬਦਲੇ ਤੁਹਾਨੂੰ ਸ਼ਾਬਾਸ਼ ਦੇਣੀ ਹੈ, ਤੇ ਇਸ ਤੋਂ ਇਲਾਵਾ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇੰਨੀ ਕਮਜੋਰੀ ਕਿਉਂ ਵਿਖਾਈ ਕਿ ਆਪਣੇ ਵੱਲੋਂ ਬੋਲੇ ਗਏ ਸੱਚ 'ਤੇ ਪਹਿਰਾ ਦੇਣ ਦੀ ਬਜ਼ਾਏ ਤੁਸੀਂ ਮੁਆਫੀ ਦੀ ਮੰਗ ਉਠਣ ਤੋਂ ਪਹਿਲਾਂ ਹੀ ਮੁਆਫ਼ੀ ਵੀ ਮੰਗ ਲਈ। ਸ: ਰਾਮੂੰਵਾਲੀਆ ਨੇ ਕਿਹਾ, ਕੀ ਕਰਦਾ ਉਨ੍ਹਾਂ ਕੋਲ ਗੁਰਬਾਣੀ ਦਾ ਹਥਿਆਰ ਵੱਡਾ ਸੀ, ਇਸ ਲਈ ਮੈਂ ਮੁਆਫ਼ੀ ਮੰਗ ਕੇ ਖਹਿੜਾ ਛੁਡਾ ਲਿਆ। ਸ: ਰਾਮੂੰਵਾਲੀਆ ਨੂੰ ਦੱਸਿਆ ਕਿ ਇੱਕ ਪਾਸੇ ਤਾਂ ਗੁਰਬਾਣੀ ਦੇ ਪ੍ਰਚਾਰਕ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਮੰਨਦੇ ਹੋ, ਤਾਂ ਕੀ ਤੁਸੀਂ ਗੁਰਬਾਣੀ ਦੇ ਠੀਕ ਅਰਥ ਕਰਕੇ ਇਹ ਨਹੀ ਸਮਝਾ ਸਕਦੇ ਕਿ ਇਸ ਸ਼ਬਦ 'ਚ ਵਰਤ ਲਫ਼ਜ 'ਸਾਜਨ' ਆਮ ਵਿਅਕਤੀਆਂ ਲਈ ਨਹੀਂ ਬਲਕਿ ਅਕਾਲਪੁਰਖ ਦੇ ਸ਼ੁਭ ਗੁਣਾਂ ਲਈ ਵਰਤਿਆ ਗਿਆ ਹੈ ਇਸ ਲਈ ਸ਼ਰਾਬੀ ਕਬਾਬੀ ਬੰਦਿਆਂ ਲਈ ਇਹ ਸ਼ਬਦ ਨਹੀਂ ਪੜ੍ਹਨਾ ਚਾਹੀਦਾ। ਸ: ਰਾਮੂੰਵਾਲੀਆ ਨੇ ਆਪਣੀ ਕਮਜੋਰੀ ਜ਼ਾਹਰ ਕਰਦਿਆਂ ਕਿਹਾ ਸਹੀ ਗੱਲ ਤੁਸੀਂ ਕਰਕੇ ਵੇਖ ਲਵੋ ਕੋਈ ਨਹੀਂ ਸੁਣਦਾ।
ਸ: ਰਾਮੂੰਵਾਲੀਆ ਨੂੰ ਕਿਹਾ ਕਿ ਸਹੀ ਗੱਲ ਲੋਕੀਂ ਸੁਣ ਤਾਂ ਲੈਂਦੇ ਹਨ ਪਰ ਜੇ ਸੁਣਾਉਣ ਵਾਲਾ ਅੱਧੇ ਸੱਚ ਦੀ ਬਜ਼ਾਏ ਪੂਰਾ ਸੱਚ ਬੋਲਣ ਦੀ ਜੁਰ੍ਹਤ ਕਰਦਾ ਹੋਵੇ। ਜੇ ਸਹੀ ਗੱਲ ਕਹਿਣ ਪਿੱਛੇ ਪੂਰੇ ਸੱਚ ਦੀ ਬਜ਼ਾਏ ਉਸ ਦੇ ਆਪਣੇ ਹਿੱਤ ਤੇ ਸਿਆਸਤ ਭਾਰੂ ਹੋਣ ਤਾਂ ਸੁਣਨੀ ਕਿਸ ਨੇ ਹੈ? ਠੀਕ ਹੈ ਕਿ ਦਾਜ ਦੇ ਲੋਭੀ ਸ਼ਰਾਬੀ ਕਬਾਬੀ ਬਰਾਤੀ ਡਾਕੂਆਂ ਦੇ ਬਰਾਬਰ ਹਨ ਪਰ ਇਨ੍ਹਾਂ ਤੋਂ ਵੱਡੇ ਹੋਰ ਬਹੁਤ ਡਾਕੂ ਹਨ ਜਿਨ੍ਹਾਂ ਦਾ ਤੁਸੀਂ ਜ਼ਿਕਰ ਨਹੀਂ ਕੀਤਾ। ਦਾਜ ਦੇ ਲੋਭੀਆਂ ਤੇ ਸ਼ਰਾਬੀ ਡਾਕੂਆਂ ਦੇ ਡਾਕੇ ਵਿੱਚ ਤਾਂ ਲੜਕੀ ਦੇ ਪ੍ਰਵਾਰ ਵਾਲੇ ਵੀ ਕਿਸੇ ਨਾ ਕਿਸੇ ਹੱਦ ਤੱਕ ਬਰਾਬਰ ਦੇ ਭਾਈਵਾਲ ਹੁੰਦੇ ਹਨ ਕਿਉਂਕਿ ਰਿਸ਼ਤਾ ਤਹਿ ਹੋਣ ਸਮੇਂ ਉਨ੍ਹਾਂ ਦਾ ਦੇਣ ਲੈਣ ਅਤੇ ਸ਼ਰਾਬ ਕਬਾਬ ਦੀ ਸੇਵਾ ਦਾ ਪੱੱਧਰ ਪਹਿਲਾਂ ਤਹਿ ਹੋਇਆ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਸਹਿਮਤੀ (ਭਾਵੇਂ ਉਹ ਮਜ਼ਬੂਰੀ ਵੱਸ ਹੀ ਹੋਵੇ) ਨਾਲ ਹੀ ਆਉਂਦੇ ਹਨ। ਲੜਕੀ ਦੇ ਪ੍ਰਵਾਰ ਵਾਲੇ ਆਪ ਉਨ੍ਹਾਂ ਨੂੰ ਡਾਕਾ ਮਾਰਨ ਲਈ ਸੱਦਾ ਪੱਤਰ ਦਿੰਦੇ ਹਨ। ਦੇਣ ਲੈਣ ਦੀ ਸੌਦੇਬਾਜ਼ੀ ਸਮੇਂ ਉਹ ਜਵਾਬ ਦੇਣ ਲਈ ਅਜਾਦ ਹੁੰਦੇ ਹਨ ਪਰ ਫਿਰ ਵੀ ਜੇ ਉਹ ਪੈਸੇ ਦੇ ਜੋਰ ਚੰਗੇ ਰਿਸ਼ਤੇ ਦੀ ਭਾਲ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦੀ ਵੀ ਗਲਤੀ ਹੁੰਦੀ ਹੈ। ਪਰ ਜਿਸ ਤਰ੍ਹਾਂ ਦਾ ਡਾਕਾ ਸ਼ਰੂਤੀ ਦੇ ਘਰ ਪਿਆ, ਜਿਹੜੇ ਇੱਜਤ ਦੇ ਡਾਕੂਆਂ ਨੇ ਰੌਬਨਜੀਤ ਕੌਰ ਦੀ ਇਜਤ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਪਿਤਾ ਵੱਲੋਂ ਰੋਕਣ 'ਤੇ ਉਸ ਨੂੰ ਸਦਾ ਲਈ ਮੌਤ ਦੇ ਘਾਟ ਉਤਾਰ ਕੇ ਵਸਦਾ ਰਸਦਾ ਇੱਕ ਘਰ ਉਜਾੜ ਦਿੱਤਾ। ਜਲੰਧਰ ਵਿਖੇ ਅਜਿਹੇ ਇੱਜਤ ਦੇ ਡਾਕੂਆਂ ਨੇ, ਇੱਕ ਲੜਕੀ ਨਾਲ ਛੇੜ ਛਾੜ ਕਰਨ ਤੋਂ ਰੋਕਣ ਵਾਲੇ ਇੱਕ ਪੱਤਰਕਾਰ ਨੂੰ ਹੀ ਕੁੱਟ ਸੁੱਟਿਆ। ਇਹ ਅਣ ਸੱਦੇ ਬੁਲਾਏ ਡਾਕੂ ਤਾਂ ਬਰਾਤੀ ਡਾਕੂਆਂ ਨਾਲ ਕਈ ਗੁਣਾ ਵੱਡੇ ਹੁੰਦੇ ਹਨ। ਤੁਸੀਂ ਛੋਟੇ ਡਾਕੂਆਂ ਨੂੰ ਤਾਂ ਕੁਝ ਸਮੇਂ ਲਈ ਡਾਕੂ ਕਹਿਣ ਦੀ ਦਲੇਰੀ ਕਰ ਹੀ ਲਈ ਪਰ ਇਨ੍ਹਾਂ ਵੱਡੇ ਡਾਕੂਆਂ ਸਬੰਧੀ ਤੁਸੀਂ ਬਿਲਕੁਲ ਚੁੱਪ ਹੋ। ਇਸ ਤੋਂ ਇਲਾਵਾ ਸਿਆਸੀ ਡਾਕੂਆਂ ਨੇ ਲੈਂਡ ਮਾਫੀਆ, ਖਨਨ ਮਾਫੀਆ, ਨਸ਼ਿਆਂ ਦੀ ਬਲੈਕ ਤੇ ਹੋਰ ਕਈ ਤਰ੍ਹਾਂ ਦੇ ਮਾਫੀਆ ਗ੍ਰੋਹ ਦੇ ਰੂਪ 'ਚ ਵਿਕਰਾਲ ਰੂਪ ਧਾਰਨ ਕੀਤਾ ਹਇਆ ਹੈ। ਤੁਸੀਂ ਵੇਖਦੇ ਹੋ ਕਿ ਸਾਧਾਰਨ ਪ੍ਰਵਾਰਾਂ 'ਚੋਂ ਸੇਵਾ ਦੇ ਨਾਮ 'ਤੇ ਸਿਆਸਤ ਵਿੱਚ ਆਏ ਸਿਆਸੀ ਆਗੂਆਂ ਨੇ ਕੁਝ ਹੀ ਸਾਲਾਂ ਵਿੱਚ ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਬਣਾ ਲਈ ਹੁੰਦੀ ਹੈ ਜਦੋਂ ਕਿ ਬਰਾਬਰ ਦੇ ਹਿੱਸੇਦਾਰੀ ਵਾਲੇ ਉਨ੍ਹਾਂ ਦੇ ਭਰਾਵਾਂ ਦੀ ਸਥਿਤੀ ਤਕਰੀਬਨ ਪਹਿਲਾਂ ਵਾਲੀ ਹੀ ਹੁੰਦੀ ਹੈ। ਤੁਸੀਂ ਹੀ ਦੱਸੋ ਕਿ ਕਰੋੜਾਂ ਅਰਬਾਂ ਦੀ ਜਾਇਦਾਦ ਬਣਾਉਣ ਵਾਲੇ ਕੀ ਬਿਨਾਂ ਡਾਕੇ ਮਾਰੇ ਇਨ੍ਹਾਂ ਕੁਝ ਬਣਾ ਸਕਦੇ ਹਨ? ਤੁਸੀਂ ਅਜਿਹੇ ਡਾਕੂਆਂ ਸਬੰਧੀ ਕਿਉਂ ਨਹੀਂ ਬੋਲਦੇ? ਇਹ ਸੁਣ ਕੇ ਸ: ਰਾਮੂਵਾਲੀਆ ਨੇ ਕੁਝ ਸੱਚ ਬੋਲਣਾ ਸ਼ੁਰੂ ਕੀਤਾ ਤੇ ਕਿਹਾ ਸੱਚ ਪੁੱਛੋ ਤਾਂ ਅਸੀਂ ਸਿਆਸੀ ਲੋਕ ਤਾਂ ਸਭ ਤੋਂ ਵੱਡੇ ਡਾਕੂ ਹਾਂ। ਚੋਣਾਂ ਜਿੱਤਣ ਲਈ ਨਸ਼ੇ ਅਸੀਂ ਵੰਡਦੇ ਹਾਂ, ਧੱਕਾ ਜੋਰੀ ਅਸੀਂ ਕਰਦੇ ਹਾਂ ਥਾਣਿਆਂ 'ਚੋਂ ਗਲਤ ਬੰਦਿਆਂ ਦੀਆਂ ਸਿਫ਼ਾਰਸ਼ਾਂ ਕਰਕੇ ਅਸੀਂ ਛੁਡਾਉਂਦੇ ਹਾਂ। ਪੁੱਛਿਆ ਫਿਰ ਤੁਸੀਂ ਸਿਰਫ ਛੋਟੇ ਡਾਕੂਆਂ ਦੀ ਤਾਂ ਗੱਲ ਕਰਦੇ ਹੋਂ ਇਨ੍ਹਾਂ ਵੱਡੇ ਡਾਕੂਆਂ ਸਬੰਧੀ ਚੁੱਪ ਕਿਉਂ ਹੋ? ਉਨ੍ਹਾਂ ਕਿਹਾ ਮੈਂ ਤਾਂ ੨੨ ਸਾਲ ਇਨ੍ਹਾਂ ਵਿਰੁੱਧ ਬਥੇਰਾ ਕੁਝ ਕਹਿ ਕੇ ਵੇਖ ਲਿਆ, ਸੈਂਕੜੇ ਮੁੰਡੇ ਜੇਲ੍ਹਾਂ 'ਚੋਂ ਛੁਡਵਾਏ ਪਰ ਮੈਨੂੰ ਨਾ ਕਿਸੇ ਨੇ ਚੰਗਾ ਕਿਹਾ ਤੇ ਨਾ ਹੀ ਕਿਸੇ ਨੇ ਵੋਟ ਪਾਈ। ਉਲਟਾ ਮਖੌਲ ਕਰਨੇ ਸ਼ੁਰੂ ਕਰ ਦਿੱਤੇ ਸਨ ਕਿ ਰਾਮੂੰਵਾਲੀਆ ਜੀ! ਤੁਸੀਂ ਜਿੰਨੀ ਮਰਜੀ ਡਫਲੀ ਵਜਾ ਲਵੋ ਤੁਹਾਡਾ ਬਣਨਾ ਤਾਂ ਕੁਝ ਨਹੀਂ। ਜਦੋਂ ਕਿਹਾ ਗਿਆ ਕਿ ਇਸ ਦਾ ਮਤਲਬ ਇਹ ਹੈ ਕਿ ਤੁਸੀ ਲੋਕਾਂ ਦੀ ਸੇਵਾ ਲਈ ਨਹੀਂ ਬਲਕਿ ਵੋਟਾਂ ਦੀ ਖਾਤਰ ੨੨ ਸਾਲ ਡਫਲੀ ਵਜਾਉਂਦੇ ਰਹੇ ਪਰ ਵੋਟਾਂ ਨਾਂ ਮਿਲਣ 'ਤੇ ਉਨ੍ਹਾਂ ਦੀ ਹੀ ਸ਼ਰਨ ਵਿੱਚ ਆ ਗਏ ਜਿਨ੍ਹਾਂ ਨੂੰ ਤੁਸੀਂ ੨੨ ਸਾਲ ਠੱਗ, ਡਾਕੂ ਤੇ ਲੁਟੇਰੇ ਕਹਿੰਦੇ ਰਹੇ। ਜਿੱਥੋਂ ਤੱਕ ਕਿਸੇ ਵੱਲੋਂ ਚੰਗਾ ਕਹਿਣ ਦੀ ਗੱਲ ਹੈ ਲੋਕੀਂ ਤਾਂ ਤੁਹਾਨੂੰ ਹੁਣ ਵੀ ਚੰਗਾ ਨਹੀਂ ਕਹਿੰਦੇ ਤੇ ਇਹੀ ਕਹਿੰਦੇ ਹਨ ਕਿ ਲਗਾਤਾਰ ੨੨ ਸਾਲ ਠੱਗ ਕਹਿਣ ਵਾਲਿਆਂ ਦੀ ਸ਼ਰਨ ਵਿੱਚ ਜਾਣ ਨਾਲੋਂ ਤਾਂ ਚੰਗਾ ਸੀ ਜੇ ਤੁਸੀਂ ਅਰਾਮ ਨਾਲ ਘਰ ਬੈਠ ਜਾਂਦੇ। ਤੁਹਾਡੀ ਉਮਰ ਵੱਧ ਤੋਂ ਵੱਧ ੧੦ ਕੁ ਸਾਲ ਹੋਰ ਹੋਵੇਗੀ। ਜੇ ਤੁਸੀਂ ੨੨ ਸਾਲ ਸੱਚ ਬੋਲਦੇ ਰਹੇ, ਇਸੇ ਤਰ੍ਹਾਂ ੧੦ ਕੁ ਸਾਲ ਹੋਰ ਬੋਲ ਕੇ ਚਲੇ ਜਾਂਦੇ ਤਾਂ ਘੱਟ ਤੋਂ ਘੱਟ ਲੋਕਾਂ ਨੇ ਇਹ ਤਾਂ ਕਹਿਣਾ ਸੀ ਕਿ ਰਾਮੂੰਵਾਲੀਆ ਜੀ ਸਾਰੀ ਉਮਰ ਸੱਚ ਬੋਲਦਾ ਮਰ ਗਿਆ, ਪਰ ਅਹਿਸਾਨ ਫ਼ਰਮੋਸ਼ ਲੋਕਾਂ ਨੇ ਉਸ ਦੀ ਕਦਰ ਨਹੀਂ ਪਾਈ। ਪਰ ਹੁਣ ਲੋਕੀ ਕਹਿੰਦੇ ਹਨ ਰਾਮੂੰਵਾਲੀਆਂ, ਚੰਦੂਮਾਜਰਾ ਆਦਿ ਤਾਂ ਸਿਆਸਤ 'ਚ ਕੁਝ ਰੁਤਬਾ ਹਾਸਲਾ ਕਰਨ ਲਈ ਵਿਖਾਵੇ ਦਾ ਸੱਚ ਬੋਲਦੇ ਰਹਿੰਦੇ ਸਨ। ਜਦੋਂ ਉਨ੍ਹਾਂ ਦੀ ਥੋਹੜੀ ਬਹੁਤ ਕੀਮਤ ਪੈਂਦੀ ਹੈ ਉਸੇ ਸਮੇਂ ਆਪਣੀ ਕੀਮਤ ਵੱਟ ਕੇ ਉਨ੍ਹਾਂ ਦੀ ਝੋਲੀ ਵਿੱਚ ਜਾ ਡਿਗਦੇ ਹਨ ਜਿਨ੍ਹਾਂ ਨੂੰ ਉਹ ਪਾਣੀ ਪੀ ਪੀ ਕੋਸਦੇ ਰਹੇ ਸਨ। ਨਾ ਉਨ੍ਹਾਂ ਚੰਦੂਮਾਜਰਾ ਨੂੰ ਜਿੱਤਣ ਦੇਣਾ ਹੈ ਤੇ ਨਾ ਹੀ ਤੁਹਾਨੂੰ। ਕਿਉਂਕਿ ਜਿਸ ਹਲਕੇ ਵਿੱਚ ਤੁਹਾਡੀ ਜਿੱਤ ਦੇ ਅਸਾਰ ਹੋਣਗੇ ਉਥੇ ਤੁਹਾਨੂੰ ਟਿਕਟ ਨਹੀਂ ਦੇਣੀ। ਜੇ ਨਵੇਂ ਹਲਕੇ ਵਿੱਚ ਆਪਣਾ ਕੁਝ ਥਾਂ ਬਣਾ ਲਿਆ ਤਾਂ ਅਗਲੀ ਵਾਰ ਤੁਹਾਡਾ ਹਲਕਾ ਬਦਲ ਦੇਣਾ ਹੈ। ਨਾ ਬਦਲਿਆ ਤਾਂ ਕਿਸੇ ਨੂੰ ਸ਼ਹਿ ਦੇ ਕੇ ਬਾਗੀ ਖੜ੍ਹਾ ਕੇ ਹਰਾ ਦੇਣਗੇ। ਸਿਰਫ ਟਿਕਟ ਦੇ ਲਾਲਚ ਨਾਲ ਉਨ੍ਹਾਂ ਨੇ ਤੁਹਾਥੋਂ ਮਰਾਸ਼ੀਪੁਣਾ ਕਰਾਉਂਦੇ ਰਹਿਣਾ ਹੈ।
ਸ: ਰਾਮੂੰਵਾਲੀਆ ਨੇ ਕਿਹਾ ਵੀਰ ਜੀ ਮੈਂ ਤਾਂ ਕਿਸੇ ਦਾ ਮਰਾਸ਼ੀਪੁਣਾ ਨਹੀਂ ਕਰਦਾ ਅਤੇ ਨਾ ਹੀ ਮੈਨੂੰ ਆਪਣੀ ਪਾਰਟੀ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਕੋਈ ਅਫਸੋਸ ਹੈ, ਕਿਉਂਕਿ ਘਰੋਂ ਪੈਸੇ ਖਰਚ ਕੇ ਪਾਰਟੀ ਚਲਾਉਣੀ ਬਹੁਤ ਔਖੀ ਹੈ। ਮੈਂ ਤਾਂ ੨੨ ਸਾਲ ਕਰਕੇ ਵੇਖ ਲਿਆ ਹੁਣ ਹੋਰ ਕਿਸੇ 'ਚ ਹਿੰਮਤ ਹੈ ਤਾਂ ਵੇਖ ਲਵੇ, ਜੇ ਤੁਹਾਡੇ 'ਚ ਹਿੰਮਤ ਹੈ ਤਾਂ ਤੁਸੀਂ ਵੀ ਕਰ ਕੇ ਵੇਖ ਲਵੋ। ਉਨ੍ਹਾਂ ਕਿਹਾ ਹੁਣ ਕਾਂਗਰਸ ਵਾਲਿਆਂ ਨੇ ਅੰਮ੍ਰਿਤਸਰ ਮੁਜਾਹਰਾ ਕੀਤਾ ਤਾਂ ਉਥੇ ਸਿਰਫ ਕਾਂਗਰਸੀ ਹੀ ਗਏ, ਨਾ ਰੌਲਾ ਪਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਗਏ ਨਾ ਕਾਮਰੇਡ ਗਏ, ਨਾ ਕੋਈ ਹੋਰ ਪਾਰਟੀ ਵਾਲੇ ਗਏ ਤੇ ਨਾ ਹੀ ਲੋਕ ਗਏ। ਜੇ ਲੋਕ ਹੀ ਕਿਸੇ ਦੀ ਗੱਲ ਨਹੀਂ ਸੁਣਦੇ, ਨਾ ਚੰਗੇ ਨੂੰ ਚੰਗਾ ਕਹਿੰਦੇ ਹਨ ਤਾਂ ਉਨ੍ਹਾਂ ਲਈ ਕਿਹੜਾ ਘਰੋਂ ਖਾ ਕੇ ਪੁੜੇ ਕੁਟਾਉਂਦਾ ਫਿਰੇ?
ਰਾਮੂੰਵਾਲੀਆਂ ਨੂੰ ਦੱਸਿਆ ਗਿਆ ਕਿ ਮੈਂ ਤੁਹਾਡੇ ਵੱਲੋਂ ਦਾਜ ਦੇ ਲੋਭੀਆਂ ਤੇ ਸ਼ਰਾਬੀਆਂ ਨੂੰ ਡਾਕੂ ਕਹਿਣ ਦੀ ਗੱਲ ਨੂੰ ਚੰਗੀ ਗੱਲ ਮੰਨਦਾ ਹੋਇਆ ਸਮਰਥਨ ਕਰਦਾ ਹਾਂ ਤੇ ਤੁਹਾਡੇ ਹੱਕ ਵਿੱਚ ਲਿਖਾਂਗਾ ਵੀ ਜਰੂਰ ਪਰ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀਖਾਈਆਂ ਗਈਆਂ ਕਮਜੋਰੀਆਂ ਵੀ ਜਰੂਰ ਲਿਖਾਂਗਾ। ਸ: ਰਾਮੂੰਵਾਲੀਆ ਜੀ ਨੇ ਆਪਣੇ ਪਹਿਲੇ ਸ਼ਬਦ ਦੁਹਰਾਉਂਦੇ ਹੋਏ ਕਿਹਾ- ਲਿਖ ਤੁਸੀਂ ਵੀ ਜੋ ਮਰਜੀ ਲਓ ਬਣਨਾ ਤੁਹਾਡਾ ਵੀ ਕੁਝ ਨਹੀਂ ਤੇ ਨਾ ਹੀ ਕਿਸੇ ਨੇ ਤੁਹਾਨੂੰ ਚੰਗਾ ਹੀ ਕਹਿਣਾ ਹੈ। ਸ: ਰਾਮੂੰਵਾਲੀਏ ਦੀਆਂ ਗੱਲਾਂ ਬੇਸ਼ੱਕ ਸੱਚਾਈ ਦੇ ਬਹੁਤ ਨੇੜੇ ਹਨ ਪਰ ਉਸ ਦੀਆਂ ਆਪਣੀ ਕਮਜੋਰੀਆਂ ਉਸ ਦੀ ਸੱਚਾਈ 'ਤੇ ਪੂਰੀ ਤਰ੍ਹਾਂ ਪਾਣੀ ਫੇਰ ਰਹੀਆਂ ਹਨ। ਜੇ ਕੋਈ ਆਗੂ ਕਿਸੇ ਸੁਆਰਥ ਅਧੀਨ ਕੁਝ ਸੱਚ ਬੋਲਦਾ ਹੈ, ਲੋਕਾਂ ਦੀ ਵਿਖਾਵੇ ਮਾਤਰ ਕੁਝ ਸੇਵਾ ਕਰਦਾ ਹੈ ਜਾਂ ਕੋਈ ਲੇਖਕ ਆਪਣੇ ਆਪ ਨੂੰ ਚੰਗਾ ਕਹਾਉਣ ਲਈ ਹੀ ਕੁਝ ਲਿਖਦਾ ਹੈ ਤਾਂ ਉਸ ਦੀ ਸੇਵਾ ਕੀਤੀ ਕਦੀ ਫਲ ਨਹੀਂ ਪਾ ਸਕਦੀ ਕਿਉਂਕਿ ਗੁਰਬਾਣੀ ਅਨੁਸਾਰ ਸੇਵਾ ਓਹੀ ਪ੍ਰਵਾਨ ਹੈ ਜੋ ਨਿਰਸੁਆਰਥ ਹੋ ਕੇ ਕੀਤੀ ਜਾਵੇ:
'ਆਪਸ ਕਉ ਕਰਿ ਕਛੁ ਨ ਜਨਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥' (ਗਉੜੀ ਸੁਖਮਨੀ ਮ: ੫, ਗੁਰੂ ਗ੍ਰੰਥ ਸਾਹਿਬ - ਪੰਨਾ ੨੮੭)

ਜਿਹੜਾ ਇਤਰਾਜ ਸ: ਰਾਮੂੰਵਾਲੀਆ ਜੀ ਨੇ ਕੀਤਾ ਹੈ ਕਿ ਕਿ ਸੱਚ ਨੂੰ ਕੋਈ ਨਹੀਂ ਸੁਣਦਾ ਇਸ ਲਈ ਪਹਿਲੇ ਨੰਬਰ 'ਤੇ ਤਾਂ ਉਹ ਸੁਆਰਥੀ ਆਗੂ ਵੀ ਜਿੰਮੇਵਾਰ ਹਨ ਜਿਨ੍ਹਾਂ ਦਾ ਇੱਕ ਪਾਸੜ ਸੱਚ ਬੋਲਣਾ ਕੇਵਲ ਆਪਣੇ ਲਈ ਕੁਝ ਪ੍ਰਾਪਤ ਕਰਨ ਦੀ ਮੰਨਸ਼ਾ ਅਧੀਨ ਹੀ ਹੁੰਦਾ ਹੈ ਤੇ ਮੰਨਸ਼ਾ ਨਾ ਪੂਰੀ ਹੋਣ 'ਤੇ ਮੁੜ ਉਨ੍ਹਾਂ ਦੀ ਝੋਲੀ ਵਿੱਚ ਜਾ ਡਿਗਦੇ ਹਨ ਜਿਨ੍ਹਾਂ ਨੂੰ ਉਹ ਪਾਣੀ ਪੀ ਪੀ ਕੋਸਦੇ ਰਹਿਣ ਨੂੰ ਆਪਣਾ ਸੱਚ ਬੋਲਣਾ ਪ੍ਰਚਾਰਦੇ ਰਹਿੰਦੇ ਹਨ। ਦੂਸਰੇ ਨੰਬਰ 'ਤੇ ਕਸੂਰਵਾਰ ਸਾਰੇ ਲੋਕ ਵੀ ਹਨ ਕਿਉਂਕਿ ਉਹ ਚੰਗੇ ਮੰਦੇ ਦੀ ਪਰਖ ਕਰਕੇ ਵੋਟ ਨਹੀਂ ਪਾਉਂਦੇ ਬਲਕਿ ਇਹ ਵੇਖਦੇ ਹਨ ਕਿ ਸਰਕਾਰ ਕਿਸ ਪਾਰਟੀ ਦੀ ਬਣੇਗੀ ਤੇ ਉਹ ਜਾਤੀ ਤੌਰ 'ਤੇ ਕਿਸ ਤੋਂ ਵੱਧ ਫਾਇਦਾ ਲੈ ਸਕਦੇ ਹਨ। ਉਨ੍ਹਾਂ ਦੇ ਮਨ ਦਾ ਡਰ ਇੱਥੋਂ ਤੱਕ ਵਧ ਚੁੱਕਾ ਹੈ ਕਿ ਉਨ੍ਹਾਂ ਦੀ ਵੋਟ ਨਾ ਕਿਸੇ ਨੂੰ ਜਿਤਾ ਸਕਦੀ ਹੈ ਤੇ ਨਾ ਹੀ ਕਿਸੇ ਨੂੰ ਹਰਾ ਸਕਦੀ ਹੈ ਇਸ ਲਈ ਬਣਨ ਵਾਲੀ ਸੰਭਾਵੀ ਸਰਕਾਰ ਵਿਰੁੱਧ ਵੋਟ ਪਾ ਕੇ ਉਹ ਆਪਣਾ ਨੁਕਸਾਨ ਕਿਉਂ ਕਰਵਾਉਣ? ਇਸ ਤਰ੍ਹਾਂ ਜੇ ਲੋਕ ਹੀ ਇਨਸਾਫ ਲਈ ਲੜਨ ਨੂੰ ਤਿਆਰ ਨਹੀਂ ਤਾਂ ਲੋਕ ਸੰਘਰਸ਼ ਕਿਵੇਂ ਖੜ੍ਹਾ ਹੋ ਸਕਦਾ ਹੈ? ਤੀਸਰੇ ਨੰਬਰ 'ਤੇ ਸਭ ਤੋਂ ਵੱਧ ਕਸੂਰ ਸਤਾਧਾਰੀਆਂ ਤੋਂ ਅਵਾਰਡ ਹਾਸਲ ਕਰਨ ਵਾਲੇ ਸ਼੍ਰੋਮਣੀ ਕਥਾਵਾਚਕਾਂ ਤੇ ਜਥੇਦਾਰਾਂ ਦਾ ਹੈ ਜਿਹਨਾਂ ਨੇ 'ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥' (ਤਿਲੰਗ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੭੨੩) ਤੋਂ ਸੇਧ ਲੈ ਕੇ ਮੌਜੂਦਾ ਸਮੇਂ ਦੇ ਰਾਜਿਆਂ, ਜਾਲਮਾਂ ਧਾੜਵੀਆਂ ਅਤੇ ਧਾਰਮਿਕ ਆਗੂਆਂ 'ਤੇ ਢੁਕਾ ਕੇ ਗੁਰਬਾਣੀ ਦੇ ਸੱਚ ਰਾਹੀਂ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਤੇ ਜੁਲਮ ਦੇ ਖਿਲਾਫ਼ ਲੜਨ ਲਈ ਤਿਆਰ ਕਰਨ ਦੀ ਬਜਾਏ ਇਸ ਪੂਰੇ ਸ਼ਬਦ:
'ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ……… '
ਅਤੇ
'ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ ॥
ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥
ਸੋ ਪੜਿਆ ਸੋ ਪੰਡਿਤੁ ਬੀਨਾ ਜਿਨਾਂ ਕਮਾਣਾ ਨਾਉ ॥
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥
ਰਾਜੇ ਸੀਹ ਮੁਕਦਮ ਕੁਤੇ ॥
ਜਾਇ ਜਗਾਇਨਿ ਬੈਠੇ ਸੁਤੇ ॥
ਚਾਕਰ ਨਹਦਾ ਪਾਇਨਿ ਘਾਉ ॥
ਰਤੁ ਪਿਤੁ ਕੁਤਿਹੋ ਚਟਿ ਜਾਹੁ ॥
ਜਿਥੈ ਜੀਆਂ ਹੋਸੀ ਸਾਰ ॥
ਨਕਂੀ ਵਢਂੀ ਲਾਇਤਬਾਰ ॥੨॥' (ਮਲਾਰ ਕੀ ਵਾਰ ਮ: ੧, ਗੁਰੂ ਗ੍ਰੰਥ ਸਾਹਿਬ - ਪੰਨਾ ੧੨੮੮)
ਨੂੰ ਉਸ ਸਮੇਂ ਦੇ ਰਾਜਿਆਂ, ਬਾਬਰ, ਹੋਰ ਧਾੜਵੀਆਂ ਅਤੇ ਕਾਜ਼ੀਆਂ ਬਾਹਮਣਾਂ ਤੇ ਢੁਕਾਉਣਾ ਨੂੰ ਹੀ ਗੁਰਬਾਣੀ ਦੇ ਅਸਲੀ ਅਰਥ ਕਰਨ ਨੂੰ ਹੀ ਮਾਨਤਾ ਦੇਈ ਜਾਂਦੇ ਹਨ। ਇਨ੍ਹਾਂ ਦੇ ਭਾਣੇ ਜੇ 'ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥' (ਸੋਰਠਿ ਕੀ ਵਾਰ ਮ: ੩, ਗੁਰੂ ਗ੍ਰੰਥ ਸਾਹਿਬ - ਪੰਨਾ ੬੪੭) ਤੋਂ ਸੇਧ ਲੈ ਕੇ ਉਕਤ ਸ਼ਬਦਾਂ ਦੇ ਅਰਥ ਮੌਜੂਦਾ ਸਤਾਧਾਰੀ ਤੇ ਧਾਰਮਿਕ ਆਗੂਆਂ 'ਤੇ ਢੁਕਾ ਕੇ ਕੀਤੇ ਜਾਂਦੇ ਹਨ ਤਾਂ ਇਹ ਕੂੜ ਪ੍ਰਚਾਰ ਹੈ ਤੇ ਗੁਰਬਾਣੀ ਦੀ ਬੇਅਦਬੀ ਹੈ ਪਰ ਸ: ਰਾਮੂੰਵਾਲੀਆ ਦੇ ਸ਼ਬਦਾਂ ਅਨੁਸਾਰ ਦਾਜ ਦੇ ਲੋਭੀਆਂ ਤੇ ਸ਼ਰਾਬੀ ਕਬਾਬੀ ਬਰਾਤੀਆਂ ਦੇ ਸੁਆਗਤ ਸਮੇਂ: 'ਹਮ ਘਰਿ ਸਾਜਨ ਆਏ ॥' ਅਤੇ ਚਾਦਰਾਂ ਵਿਛਾ ਕੇ ਰਿਸ਼ਵਤ ਦੇ ਰੂਪ ਵਿੱਚ ਧਨ ਇਕੱਠਾ ਕਰਨ ਵਾਲੇ, ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸ਼ਰਾਬੀ ਤੇ ਹੋਰ ਹਰ ਕਿਸਮ ਦੇ ਐਬ ਕਰਨ ਵਾਲਿਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਭੋਗ ਸਮੇਂ ਭਾਈ ਗੁਰਦਾਸ ਜੀ ਦੀ ਵਾਰ ੧੯ ਪਉੜੀ ੧੪ :
'ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜ ਮਲਿਆ।
ਗੁਰਮੁਖਿ ਭੋਜਨੁ ਭਾਉ ਚਾਉ ਅਲਲਿਆ।
ਗੁਰਮੁਖਿ ਨਿਹਚਲੁ ਚਿਤੁ ਨ ਹਲੈ ਹਲਿਆ।
ਗੁਰਮੁਖਿ ਸਚੁ ਅਲਾਉ ਭਲੀ ਹੂੰ ਭਲਿਆ।
ਗੁਰਮੁਖਿ ਸਦੇ ਜਾਨਿ ਆਵਨਿ ਘਲਿਆ ॥੧੪॥'
ਦਾ ਕੀਰਤਨ ਕਰਕੇ ਗੁਰਬਾਣੀ ਦੀ ਕੀਤੀ ਜਾ ਰਹੀ ਬੇਅਦਬੀ ਇਨ੍ਹਾਂ ਨੂੰ ਗੁਰਬਾਣੀ ਦੀ ਬੇਅਦਬੀ ਮਹਿਸੂਸ ਨਹੀਂ ਹੁੰਦੀ। ਕੀ ਸ਼੍ਰੋਮਣੀ ਕਥਾਕਾਰ ਤੇ ਜਥੇਦਾਰ ਇਹ ਹੀ ਸਮਝਦੇ ਹਨ ਕਿ ਮੌਜੂਦਾ ਵਿਗੜੇ ਢਾਂਚੇ ਸਬੰਧੀ ਉਹ ਤਾਂ ਹੀ ਕੁਝ ਬੋਲਣਗੇ ਜੇ ਗੁਰੂ ਨਾਨਕ ਸਾਹਿਬ ਜੀ ਦੁਬਾਰਾ ਆ ਕੇ 'ਪਾਪ ਕੀ ਜੰਞ ਲੈ ਬਾਦਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥' ਉਚਾਰਣਗੇ?

Section: