ਮੁੰਬਈ ਚ ਕੁੜੀਆਂ ਸੁਰੱਖਿਅਤ ਨਹੀਂ : ਪ੍ਰਿਯੰਕਾ ਚੋਪੜਾ

On: 20 November, 2012

ਮੁੰਬਈ :- ਮਹਾਨਗਰਾਂ ਵਿਚ ਕੁੜੀਆਂ ਨਾਲ ਹੋਣ ਵਾਲੇ ਅਪਰਾਧਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੁੰਬਈ ਵੀ ਇਸ ਤੋਂ ਬਚਿਆ ਨਹੀਂ ਹੈ। ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਮੰਨਣਾ ਹੈ ਕਿ ਮੁੰਬਈ ਵਿਚ ਹੁਣ ਕੋਈ ਵੀ ਕੁੜੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਇਹ ਸ਼ਹਿਰ ਹੁਣ ਤਕ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ ਪਰ ਹੁਣ ਉਹ ਗੱਲ ਨਹੀਂ ਰਹੀ। ਇਸ ਮਾਇਆਨਗਰੀ ਵਿਚ ਜਿਥੇ ਲੋਕ ਖਾਸਕਰ ਕੁੜੀਆਂ ਵੱਡੇ-ਵੱਡੇ ਸੁਪਨੇ ਲੈ ਕੇ ਆਉਂਦੀਆਂ ਹਨ, ਉਥੇ ਸ਼ਾਇਦ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਦਸ ਵਾਰ ਸੋਚੇਗੀ। ਆਖਿਰਕਾਰ ਸੁਪਨਿਆਂ ਤੋਂ ਵੱਡੀ ਜਾਨ ਹੁੰਦੀ ਹੈ। ਜਦੋਂ ਜਾਨ ਹੀ ਗਵਾ ਦਿੱਤੀ ਤਾਂ ਸੁਪਨੇ ਕਿਥੋਂ ਪੂਰੇ ਹੋਣਗੇ? ਜਦੋਂ ਮੈਂ ਮੁੰਬਈ ਵਿਚ ਪੈਰ ਧਰਿਆ ਸੀ ਓਦੋਂ ਸਿਰਫ 17 ਸਾਲਾਂ ਦੀ ਸੀ। ਬਤੌਰ ਪੇਇੰਗ ਗੈਸਟ ਰਹਿੰਦੀ ਸੀ। ਕੁਝ ਸਮਾਂ ਬਿਤਾਉਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਸ ਸ਼ਹਿਰ ਵਿਚ ਡਰਨ ਵਾਲੀ ਕੋਈ ਗੱਲ ਨਹੀਂ। ਇਥੇ ਹਰ ਕੋਈ ਆਜ਼ਾਦ ਹੈ। ਕਿਸੇ ਚੀਜ਼ ਦਾ ਡਰ ਨਹੀਂ ਹੈ। ਇਸ ਸ਼ਹਿਰ ਨੇ ਮੈਨੂੰ ਆਪਣਾ ਸੁਪਨਾ ਪੂਰਾ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ। ਅਜਿਹਾ ਕੁਝ ਨਹੀਂ ਸੀ, ਜੋ ਮੈਂ ਨਹੀਂ ਕਰ ਸਕਦੀ ਸੀ। ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਗੱਡੀ ਵਿਚ ਇਕੱਲੇ ਯਾਤਰਾ ਕਰਨ ਜਾਂ ਰਹਿਣ ਵਿਚ ਜ਼ਰਾ ਵੀ ਘਬਰਾਹਟ ਨਹੀਂ ਹੁੰਦੀ ਸੀ ਪਰ ਜਦੋਂ ਪਲਵੀ ਪੁਰਕਾਇਸਥ ਮਰਡਰ ਕੇਸ ਯਾਦ ਆਉਂਦਾ ਹੈ ਤਾਂ ਮੈਂ ਹੈਰਾਨ ਹੋ ਜਾਂਦੀ ਹਾਂ ਕਿ ਅਜਿਹਾ ਕੁਝ ਮੁੰਬਈ ਵਿਚ ਹੋ ਸਕਦਾ ਹੈ। ਕਿਵੇਂ ਕੋਈ ਚੌਂਕੀਦਾਰ ਘਰ ਵਿਚ ਵੜ ਕੇ ਉਸਦਾ ਮਰਡਰ ਕਰ ਸਕਦਾ ਹੈ।