ਗਰਭਪਾਤ ਤੋਂ ਬਾਅਦ ਗਰਭਵਤੀ ਹੋਣ ਲਈ ਵਰਤੋਂ ਵਧੇਰੇ ਸਾਵਧਾਨੀ

On: 8 November, 2012

ਜਦੋਂ ਗਰਭਵਤੀ ਔਰਤਾਂ ਵਿਚ ਕਿਸੇ ਤਣਾਅ ਜਾਂ ਸਰੀਰਕ ਸਮੱਸਿਆ ਕਰਕੇ ਭਰੂਣ ਦੀ ਹਾਨੀ ਹੁੰਦੀ ਹੈ ਤਾਂ ਇਸ ਅਵਸਥਾ ਨੂੰ ਹੀ ਗਰਭਪਾਤ ਕਹਿੰਦੇ ਹਨ। ਇਸ ਹਾਲਤ ਵਿਚ ਸੰਤਾਨ ਜੀਵਿਤ ਨਹੀਂ ਰਹਿੰਦੀ ਪਰ ਗਰਭਪਾਤ ਹੋਣ ਕਰਕੇ ਗਰਭਵਤੀ ਔਰਤ ਨੂੰ ਵੀ ਜਾਨ ਦਾ ਖਤਰਾ ਰਹਿੰਦਾ ਹੈ। ਜੇ ਕਿਸੇ ਕਾਰਨ ਗਰਭਪਾਤ ਹੋ ਜਾਵੇ ਤਾਂ ਵਾਰ-ਵਾਰ ਗਰਭਪਾਤ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਅਜਿਹੀ ਸਮੱਸਿਆ ਨਾਲ ਨਿਪਟਣ ਲਈ ਔਰਤਾਂ ਨੂੰ ਗਰਭਪਾਤ ਦੇ ਲੱਛਣ ਨਜ਼ਰ ਆਉਂਦੇ ਹੀ ਤੁਰੰਤ ਇਲਾਜ ਕਰਵਾ ਲੈਣਾ ਚਾਹੀਦਾ ਹੈ। ਗਰਭਪਾਤ ਦੌਰਾਨ ਔਰਤ ਦੇ ਲੱਕ ਅਤੇ ਢਿੱਡ ਵਿਚ ਬਹੁਤ ਤੇਜ਼ ਦਰਦ ਹੁੰਦਾ ਹੈ। ਇਨ੍ਹਾਂ ਲੱਛਣਾਂ ਦੇ ਨਾਲ ਕੁਝ ਹੋਰ ਜਟਿਲ ਲੱਛਣ ਵੀ ਦਿਖਾਈ ਦੇ ਸਕਦੇ ਹਨ। ਡਾਕਟਰਾਂ ਦੀ ਮੰਨੀਏ ਤਾਂ ਹਰ 5 ਗਰਭਵਤੀਆਂ ਔਰਤਾਂ 'ਚੋਂ ਲਗਭਗ 1 ਔਰਤ ਦੇ 24 ਹਫਤਿਆਂ ਤੋਂ ਪਹਿਲਾਂ ਹੀ ਗਰਭਪਾਤ ਹੋਣ ਦੀ ਸੰਭਾਵਨਾ ਹੁੰਦੀ ਹੈ। ਇਹ ਖਤਰਾ ਉਮਰ ਦੇ ਨਾਲ-ਨਾਲ ਜ਼ਿਆਦਾ ਵਧਦਾ ਜਾਂਦਾ ਹੈ। ਜ਼ਿਆਦਾ ਉਮਰ ਹੋਣ ਕਾਰਨ ਗਰਭਅਵਸਥਾ ਦੇ ਸਫਲ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਕਿਉਂਕਿ ਸਮੇਂ ਦੇ ਨਾਲ-ਨਾਲ ਔਰਤਾਂ ਦੀ ਪ੍ਰਜਣਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨਾਲ ਅਜਿਹਾ ਹੀ ਹੋਵੇ। ਇਹ ਗਰਭਅਵਸਥਾ ਦੌਰਾਨ ਹਲਾਤਾਂ, ਖਾਣ-ਪਾਣ ਅਤੇ ਹੋਰ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਕਈ ਸਰਵੇਖਣਾਂ ਮੁਤਾਬਕ ਗਰਭਪਾਤ ਹੋਣ ਦੇ 6 ਮਹੀਨਿਆਂ ਦੇ ਅੰਦਰ ਗਰਭ ਧਾਰਨ ਕਰਨ ਨਾਲ ਗਰਭਅਵਸਥਾ ਦੇ ਸੁਰੱਖਿਅਤ ਰਹਿਣ ਦੀਆਂ ਸੰਭਾਵਨਾਵਾਂ ਜ਼ਿਆਦਾ ਵਧ ਜਾਂਦੀਆਂ ਹਨ। ਪਰ ਗਰਭਪਾਤ ਹੋਣ ਦੇ ਬਾਅਦ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਪਾਉਣਾ ਸਹੀ ਨਹੀਂ ਮੰਨਿਆ ਜਾਂਦਾ।