ਨਾ ਕਰੋ ਆਪਣੀ ਸਿਹਤ ਖਰਾਬ

On: 25 October, 2012

ਜੀਵਨ ਦੀ ਤੇਜ਼ ਭੱਜ-ਨੱਠ ਵਿਚ ਅਕਸਰ ਅਜਿਹੇ ਮੌਕੇ ਆ ਜਾਂਦੇ ਹਨ, ਜਦ ਚਿੰਤਾਵਾਂ ਘੇਰ ਲੈਂਦੀਆਂ ਹਨ। ਔਰਤਾਂ ਮਰਦਾਂ ਦੇ ਮੁਕਾਬਲੇ ਸਮੱਸਿਆਵਾਂ ਤੋਂ ਵਧੇਰੇ ਘਬਰਾਉਂਦੀਆਂ ਹਨ। ਇਸ ਦਾ ਕਾਰਨ ਇਹ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਅਕਸਰ ਹੀ ਸਮੱਸਿਆਵਾਂ ਨਾਲ ਜੂਝਣ ਦੀ ਬਜਾਏ ਉਨ੍ਹਾਂ ਦੇ ਸਿੱਟੇ ਸੋਚ ਕੇ ਪ੍ਰੇਸ਼ਾਨ ਹੋ ਜਾਂਦੀਆਂ ਹਨ। ਉਨ੍ਹਾਂ ਦੀ ਸੰਘਰਸ਼ ਕਰਨ ਦੀ ਸਮਰੱਥਾ ਜਵਾਬ ਦੇ ਜਾਂਦੀ ਹੈ। ਚਿੰਤਾ ਕਰਨਾ ਗ਼ਲਤ ਨਹੀਂ ਪਰ ਲੋੜ ਤੋਂ ਵੱਧ ਚਿੰਤਾ ਕਰਨਾ ਫੈਸਲੇ ਲੈਣ ਵਿਚ ਵੀ ਰੁਕਾਵਟ ਪੈਦਾ ਕਰਦਾ ਹੈ ਅਤੇ ਸਿਹਤ ਵੀ ਖਰਾਬ ਕਰਦਾ ਹੈ।

ਜ਼ਿਆਦਾਤਰ ਔਰਤਾਂ ਆਪਣੇ-ਆਪ ਨੂੰ ਗੁਨਾਹਗਾਰ ਮੰਨਣ ਦੀ ਪ੍ਰਵਿਰਤੀ ਦਾ ਸ਼ਿਕਾਰ ਹੁੰਦੀਆਂ ਹਨ। ਬੱਚਿਆਂ ਦੇ ਕੈਰੀਅਰ ਦੀ ਚਿੰਤਾ, ਬੱਚਿਆਂ ਦੇ ਟਿਊਟਰ ਦੀ ਚਿੰਤਾ ਜਾਂ ਆਤਮ-ਨਿਰਭਰ ਨਾ ਹੋਣ ਦੀ ਹਾਲਤ ਵਿਚ ਆਰਥਿਕ ਤੰਗੀ ਦੀ ਚਿੰਤਾ ਦਾ ਸ਼ਿਕਾਰ ਔਰਤਾਂ ਹੌਲੀ-ਹੌਲੀ ਨਿਰਾਸ਼ ਹੋ ਜਾਂਦੀਆਂ ਹਨ ਅਤੇ ਨਾਕਾਰਾਤਮਿਕ ਸੋਚ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਇਹ ਤੱਥ ਬਿਲਕੁਲ ਮੰਨਣਯੋਗ ਹੈ ਕਿ ਵਧੇਰੇ ਚਿੰਤਾ ਨਾਲ ਸੋਚ ਨਕਾਰਾਤਮਿਕ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਆਤਮ-ਵਿਸ਼ਵਾਸ ਡੋਲ ਜਾਂਦਾ ਹੈ। ਵਧੇਰੇ ਚਿੰਤਾ ਦਾ ਸਰੀਰ ਉੱਪਰ ਚੰਗਾ ਪ੍ਰਭਾਵ ਨਹੀਂ ਪੈਂਦਾ। ਉਨੀਂਦਰਾ, ਪੇਟ ਦੀ ਖਰਾਬੀ ਅਤੇ ਮਾਸਪੇਸ਼ੀਆਂ ਵਿਚ ਖਿਚਾਅ ਆਦਿ ਰੋਗ ਚਿੰਤਾ ਨਾਲ ਘੇਰ ਲੈਂਦੇ ਹਨ। ਸਿਹਤ ਹੀ ਨਹੀਂ, ਚਿੰਤਾ ਮਨੁੱਖੀ ਸ਼ਖ਼ਸੀਅਤ ਉੱਪਰ ਵੀ ਅਸਰ ਕਰਦੀ ਹੈ। ਚਿੰਤਾ ਨਾਲ ਖੁਸ਼ੀ ਸਾਡੇ ਤੋਂ ਦੂਰ ਭੱਜ ਜਾਂਦੀ ਹੈ। ਭਵਿੱਖ ਲਈ ਯੋਜਨਾਵਾਂ ਬਣਾਉਣਾ ਮਾੜਾ ਨਹੀਂ, ਬਹੁਤ ਜ਼ਰੂਰੀ ਹੈ ਪਰ ਭਵਿੱਖ ਦੀ ਚਿੰਤਾ ਵਿਚ ਵਰਤਮਾਨ ਨੂੰ ਬਰਬਾਦ ਕਰਨਾ ਸਹੀ ਨਹੀਂ। ਕੰਮ-ਕਾਜੀ ਔਰਤਾਂ ਦੀਆਂ ਚਿੰਤਾਵਾਂ ਦੁੱਗਣੀਆਂ ਹੋ ਜਾਂਦੀਆਂ ਹਨ, ਘਰ ਦੀ ਅਤੇ ਆਪਣੇ ਕਿੱਤੇ ਸਬੰਧੀ ਚਿੰਤਾ ਪਰ ਸਕਾਰਾਤਮਿਕ ਸੋਚ ਅਤੇ ਸਹੀ ਫੈਸਲਾ ਲੈ ਕੇ ਚਿੰਤਾ ਤੋਂ ਬਚਿਆ ਜਾ ਸਕਦਾ ਹੈ।

ਚਿੰਤਾ ਜਾਂ ਤਣਾਅ ਦੀ ਸਥਿਤੀ ਵਿਚ ਆਪਣਾ ਧਿਆਨ ਅਜਿਹੇ ਕੰਮਾਂ ਵਿਚ ਵੰਡਣਾ ਚਾਹੀਦਾ ਹੈ, ਜਿਸ ਨਾਲ ਖੁਸ਼ੀ ਮਿਲੇ, ਜਿਵੇਂ ਘਰ ਦੀ ਸਜਾਵਟ ਅਤੇ ਘਰੇਲੂ ਸਾਮਾਨ ਦੀ ਸੈਟਿੰਗ ਵਿਚ ਤਬਦੀਲੀ ਕਰਕੇ ਵੀ ਮਨ ਨੂੰ ਤਾਜ਼ਾ ਕੀਤਾ ਜਾ ਸਕਦਾ ਹੈ। ਬੱਚਿਆਂ ਨਾਲ ਸਮਾਂ ਬਿਤਾ ਕੇ, ਉਨ੍ਹਾਂ ਨਾਲ ਹੱਸ-ਖੇਡ ਕੇ ਵੀ ਚਿੰਤਾ ਤੋਂ ਬਚਿਆ ਜਾ ਸਕਦਾ ਹੈ। ਆਪਣੇ ਸ਼ੌਕ ਨਾਲ ਸਬੰਧਤ ਕੋਈ ਕੰਮ ਕਰਕੇ ਵੀ ਚਿੰਤਾ ਤੋਂ ਪਿੱਛਾ ਛੁਡਾਇਆ ਜਾ ਸਕਦਾ ਹੈ। ਕੋਈ ਚੰਗੀ ਫ਼ਿਲਮ ਦੇਖ ਕੇ ਜਾਂ ਪਸੰਦੀਦਾ ਕੋਈ ਨਾਟਕ ਦੇਖ ਕੇ ਚਿੰਤਾ ਤੋਂ ਮੁਕਤ ਹੋਇਆ ਜਾ ਸਕਦਾ ਹੈ। ਔਰਤਾਂ ਨੂੰ ਖਰੀਦਦਾਰੀ ਕਰਕੇ ਵੀ ਬੜੀ ਖੁਸ਼ੀ ਮਿਲਦੀ ਹੈ। ਜੇ ਮਨ ਕਿਸੇ ਚਿੰਤਾ ਦਾ ਸ਼ਿਕਾਰ ਹੋਵੇ ਤਾਂ ਨਾ ਚਾਹੁੰਦਿਆਂ ਵੀ ਜੇਕਰ ਬਜਟ ਇਜਾਜ਼ਤ ਦਿੰਦਾ ਹੋਵੇ ਤਾਂ ਥੋੜ੍ਹੀ ਜਿਹੀ ਖਰੀਦਦਾਰੀ ਕਰਕੇ ਮਨ ਬਹਿਲਾਇਆ ਜਾ ਸਕਦਾ ਹੈ।

ਜਦੋਂ ਥੋੜ੍ਹਾ ਜਿਹਾ ਮਨ ਹਲਕਾ ਹੋ ਜਾਵੇ ਤਾਂ ਆਪਣੀ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਸ਼ਾਂਤ ਮਨ ਨਾਲ ਸਮੱਸਿਆ ਦੇ ਹੱਲ ਬਾਰੇ ਵਿਚਾਰ ਕਰੋ ਕਿ ਕਿਹੜੀ ਗੱਲ ਚਿੰਤਾ ਵਿਚ ਪਾ ਰਹੀ ਹੈ? ਕੀ ਸਮੱਸਿਆ ਦਾ ਕੋਈ ਹੱਲ ਵੀ ਹੈ ਜਾਂ ਨਹੀਂ? ਜੇ ਸਮੱਸਿਆ ਸੁਲਝ ਨਹੀਂ ਸਕਦੀ ਤਾਂ ਉਸ ਬਾਰੇ ਸੋਚਣਾ ਛੱਡ ਦਿਓ, ਜੇ ਸੁਲਝ ਸਕਦੀ ਹੈ ਤਾਂ ਉਸ ਨੂੰ ਸੁਲਝਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਕਈ ਚਿੰਤਾਵਾਂ ਸਾਡੇ ਇਸ ਵਿਚਾਰ ਨਾਲ ਜੁੜੀਆਂ ਹੁੰਦੀਆਂ ਹਨ ਕਿ 'ਲੋਕ ਕੀ ਕਹਿਣਗੇ।' ਇਹ ਸੋਚਣ ਵਾਲੀ ਗੱਲ ਹੈ ਕਿ ਹਰ ਕਿਸੇ ਨੂੰ ਖੁਸ਼ ਨਹੀਂ ਰੱਖਿਆ ਜਾ ਸਕਦਾ। ਕੋਈ ਵੀ ਵਿਅਕਤੀ ਸੌ ਫ਼ੀਸਦੀ ਸਹੀ ਨਹੀਂ ਹੁੰਦਾ, ਇਸ ਲਈ ਕੋਈ ਵੀ ਪੂਰਨ ਨਹੀਂ, ਸ਼ਾਂਤ ਚਿੱਤ ਹੋ ਕੇ ਪ੍ਰਸਥਿਤੀਆਂ ਦਾ ਮੁਲਾਂਕਣ ਕਰਕੇ ਉਨ੍ਹਾਂ ਤੋਂ ਬਚਿਆ ਜਾ ਸਕਦਾ ਹੈ।

ਸਮੁੱਚੇ ਤੌਰ 'ਤੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚਿੰਤਾ ਚਿਤਾ ਦੇ ਸਮਾਨ ਹੈ। ਕਹਿੰਦੇ ਹਨ ਕਿ ਚਿਤਾ ਤਾਂ ਇਕ ਵਾਰ ਸਾੜ ਕੇ ਸਵਾਹ ਕਰ ਦਿੰਦੀ ਹੈ ਪਰ ਚਿੰਤਾ ਹਰ ਘੜੀ ਸਾੜਦੀ ਰਹਿੰਦੀ ਹੈ। ਇਸ ਲਈ ਆਪਣੇ ਮਨ ਨੂੰ ਪੱਕਾ ਕਰਕੇ ਭਵਿੱਖ ਬਾਰੇ ਚਿੰਤਾਵਾਂ ਨੂੰ ਘਟਾ ਕੇ ਵਰਤਮਾਨ ਦੀ ਖੁਸ਼ੀ ਅਤੇ ਹਰ ਸਥਿਤੀ ਨੂੰ ਅਪਣਾਉਣਾ ਜ਼ਰੂਰੀ ਹੈ। ਸਾਡੀਆਂ 50 ਫ਼ੀਸਦੀ ਚਿੰਤਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਵਾਪਰਨ ਦੀ ਸੰਭਾਵਨਾ ਹੁੰਦੀ ਹੈ ਪਰ ਕਦੇ ਵਾਪਰਦੀਆਂ ਨਹੀਂ। ਇਸ ਲਈ ਆਓ, ਚਿੰਤਾ ਛੱਡ ਕੇ ਸੁੱਖ ਨਾਲ ਜੀਵੀਏ।

ਪ੍ਰੋ: ਕੁਲਜੀਤ ਕੌਰ
-ਐਚ. ਐਮ. ਵੀ., ਜਲੰਧਰ।