ਅੱਜ ਬੱਚਿਆਂ ਨੂੰ ਕੀਤੀ ਨਾਂਹ, ਨਹੀਂ ਬਣਨ ਦੇਵੇਗੀ ਕੱਲ੍ਹ ਦਾ ਭ੍ਰਿਸ਼ਟ ਇਨਸਾਨ

On: 5 March, 2013

 

ਅੱਜ ਅਸੀਂ ਏਨੀ ਤੇਜ਼-ਤਰਾਰ ਜ਼ਿੰਦਗੀ ਵਿਚ ਜੀਅ ਰਹੇ ਹਾਂ ਕਿ ਆਪਣੇ ਖੁਦ ਤੇ ਆਪਣੇ ਪਰਿਵਾਰ ਬਾਰੇ ਵੀ ਕੁਝ ਨਹੀਂ ਜਾਣਦੇ, ਖਾਸ ਕਰਕੇ ਆਪਣੇ ਬੱਚਿਆਂ ਬਾਰੇ। ਖਾਸ ਕਰਕੇ ਨੌਕਰੀ ਪੇਸ਼ਾ ਮਾਤਾ-ਪਿਤਾ ਬੱਚਿਆਂ ਦੀ ਜਿੱਦ ਅੱਗੇ ਝੁਕਣਾ ਆਪਣੀ ਮਜਬੂਰੀ ਸਮਝਦੇ ਹਨ। ਇਹ ਕਹਾਣੀ ਇਕ ਘਰ ਦੀ ਨਹੀਂ, ਸਗੋਂ ਹਰ ਘਰ ਦੀ ਕਹਾਣੀ ਹੈ, ਜਿਥੇ ਭਾਵੇਂ ਇਕ ਬੱਚਾ ਜਾਂ ਇਕ ਤੋਂ ਵੱਧ, ਅੱਜ ਦੀ ਪੀੜ੍ਹੀ ਦੇ ਬੱਚੇ ਸਿਰਫ ਚੀਜ਼ ਦੀ ਮੰਗ ਨਹੀਂ ਕਰਦੇ, ਸਗੋਂ ਚੀਜ਼ ਨਾ ਮਿਲਣ 'ਤੇ ਮਾਪਿਆਂ ਨੂੰ ਘੂਰਦੇ ਅਤੇ ਹਮਲੇ ਦੀ ਕੋਸ਼ਿਸ਼ ਵੀ ਕਰਦੇ ਹਨ। ਅੱਜ ਦੇ ਬੱਚੇ ਐਸ਼ੋ-ਆਰਾਮ ਦੀ ਜ਼ਿੰਦਗੀ ਵਿਚ ਰਹਿਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਹੁਣ ਬੱਚੇ ਵਧੀਆ ਖਾਣੇ ਦੀ ਮੰਗ ਕਰਦੇ ਹਨ ਅਤੇ ਖਾਣਾ ਖਾ ਕੇ ਵੀਡੀਓ ਗੇਮ ਜਾਂ ਕੰਪਿਊਟਰ ਜਾਂ ਫਿਰ ਟੀ. ਵੀ. ਅੱਗੇ ਬੈਠ ਜਾਂਦੇ ਹਨ। ਵੀਡੀਓ ਗੇਮ, ਕੰਪਿਊਟਰ, ਟੀ. ਵੀ. ਨੇ ਇਨ੍ਹਾਂ ਦੇ ਸੁਭਾਅ ਵਿਚ ਏਨਾ ਜ਼ਿਆਦਾ ਫੇਰ-ਬਦਲ ਕਰ ਦਿੱਤਾ ਹੈ ਕਿ ਇਹ ਚਿੜਚਿੜਾ ਅਤੇ ਆਪਣੇ-ਆਪ ਨੂੰ ਇਕੱਲਾ ਰੱਖਣਾ ਪਸੰਦ ਕਰਦੇ ਹਨ ਅਤੇ ਫਿਰ ਕਈ-ਕਈ ਦਿਨ ਬਲੈਕਮੇਲਿੰਗ ਕਰਦੇ ਹਨ ਪਰ ਕਮਜ਼ੋਰ ਮਾਤਾ-ਪਿਤਾ ਇਨ੍ਹਾਂ ਹੱਥੋਂ ਬਲੈਕਮੇਲ ਹੁੰਦੇ ਰਹਿੰਦੇ ਹਨ। ਕਾਰਨ ਭਾਵੇਂ ਕੁਝ ਵੀ ਹੋਵੇ ਪਰ ਜੇਕਰ ਮਾਤਾ-ਪਿਤਾ ਇਨ੍ਹਾਂ ਬੱਚਿਆਂ ਦੀ ਪਹਿਲੇ ਦਿਨ ਦੀ ਮੰਗ 'ਤੇ ਹੀ ਕਿੰਤੂ-ਪ੍ਰੰਤੂ ਕਰਦੇ ਜਾਂ ਫੁੱਲ ਸਟਾਪ ਲਗਾ ਦਿੰਦੇ ਤਾਂ ਉਨ੍ਹਾਂ ਨੂੰ ਅੱਜ ਇਹੋ ਜਿਹੇ ਦਿਨ ਨਾ ਦੇਖਣੇ ਪੈਂਦੇ। 
ਜਿਸ ਤਰ੍ਹਾਂ ਅੱਜ ਦੇ ਨੌਜਵਾਨ ਆਪਣੇ ਐਸ਼ੋ-ਆਰਾਮ ਲਈ ਅਪਰਾਧਿਕ ਸਰਗਰਮੀਆਂ ਵੱਲ ਮੁੜਦੇ ਹਨ, ਇਸ ਨੂੰ ਉਹ ਜੀਵਨ ਦੀ ਦੂਜੀ ਲੋੜ ਦੱਸਦੇ ਹਨ, ਉਨ੍ਹਾਂ ਦੀਆਂ ਲੋੜਾਂ ਰੋਟੀ, ਕੱਪੜਾ ਨਹੀਂ, ਸਗੋਂ ਵਧੀਆ ਮੋਬਾਈਲ ਫੋਨ, ਮੋਟਰਸਾਈਕਲ ਅਤੇ ਨਾਈਟ ਕਲੱਬਾਂ ਵਿਚ ਖਰਚ ਲਈ ਪੈਸਾ ਹਨ, ਮਾਪੇ ਆਪਣੀ ਸਖਤ ਮਿਹਨਤ ਨਾਲ ਕਮਾਏ ਧਨ ਨੂੰ ਹਰ ਰਾਤ ਨਾਈਟ ਕਲੱਬਾਂ ਵਿਚ ਖਰਚਣ ਤੋਂ ਨਫਰਤ ਕਰਦੇ ਹਨ ਪਰ ਅੱਜ ਦੇ ਨੌਜਵਾਨ ਇਸ ਨੂੰ ਰਿਲੈਕਸਿੰਗ ਅਤੇ ਚਿਲਿੰਗ ਕਹਿੰਦੇ ਹਨ। ਸ਼ਰਾਬ ਡਰੱਗਜ਼ ਇਕ ਆਮ ਗੱਲ ਹੋ ਗਈ ਹੈ। ਜੇ ਮਾਪੇ ਇਸ ਦੁਨੀਆ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਦਾ ਪੱਖ ਨਹੀਂ ਲੈਂਦੇ ਤਾਂ ਉਹ ਉਨ੍ਹਾਂ ਨੂੰ ਧੋਖਾ ਦਿੰਦੇ ਹਨ। ਇਹ ਮਾਪਿਆਂ ਦੀ ਗ਼ਲਤੀ ਨਹੀਂ ਕਹੀ ਜਾ ਸਕਦੀ, ਕਿਉਂਕਿ ਇਹ ਸਭ ਕੁਝ ਸਾਡੇ ਸਾਹਮਣੇ ਟੀ. ਵੀ. ਉੱਪਰ ਆਮ ਹੋ ਰਿਹਾ ਹੈ, ਕਿਉਂਕਿ ਹਰ ਜਗ੍ਹਾ ਜਬਰ-ਜਨਾਹ, ਕਤਲ, ਚੋਰੀ ਅਖਬਾਰਾਂ ਦੀਆਂ ਆਮ ਖ਼ਬਰਾਂ ਹੋ ਗਈਆਂ ਹਨ। ਜੇਕਰ ਤੁਸੀਂ ਟਾਈਮ ਪਾਸ ਲਈ ਟੀ. ਵੀ. ਲਗਾ ਲਓ ਤਾਂ ਉਸ ਉੱਪਰ ਵੀ ਮਾਰ-ਧਾੜ ਵਾਲੀਆਂ ਫਿਲਮਾਂ ਜਾਂ ਪਰਿਵਾਰਾਂ ਨੂੰ ਤੋੜਨ ਵਾਲੇ ਸੀਰੀਅਲ ਜਾਂ ਫਿਰ ਇਕ ਤੋਂ ਵੱਧ ਵਿਆਹ ਕਰਵਾਉਣ ਵਾਲੇ ਪ੍ਰੋਗਰਾਮ ਜਾਂ ਫਿਰ ਇਕ ਵਾਰ ਮਰ ਕੇ ਵਾਰ-ਵਾਰ ਵਾਪਸ ਆਉਣ ਵਾਲਾ ਆਦਮੀ, ਇਹ ਕਿਹੋ ਜਿਹੇ ਪ੍ਰੋਗਰਾਮ ਹਨ? ਇਹ ਕੀ ਸਿੱਖਿਆ ਦੇਣਾ ਚਾਹੁੰਦੇ ਹਨ? ਜਾਂ ਫਿਰ ਇਹ ਪ੍ਰੋਗਰਾਮ ਸੀਰੀਅਲ ਵਿਖਾਉਣੇ ਜ਼ਰੂਰੀ ਹਨ? ਕਮਾਈ ਤਾਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਪਰ ਇਹ ਪ੍ਰੋਗਰਾਮ ਸਾਨੂੰ ਰਾਹ ਦੀ ਥਾਂ ਕੁਰਾਹੇ ਵੱਲ ਲਿਜਾ ਰਹੇ ਹਨ।ਗੱਲ ਚਲਦੀ ਸੀ ਬੱਚਿਆਂ ਦੀ। ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਕਹਿੰਦੇ ਹਨ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ। ਜਿਹੜੇ ਬੱਚੇ ਅੱਜ ਜ਼ਬਰਦਸਤੀ ਆਪਣੀ ਗੱਲ ਮਨਾਉਣਾ ਚਾਹੁੰਦੇ ਹਨ, ਉਹ ਕੱਲ੍ਹ ਨੇਤਾ ਬਣ ਕੇ ਕੀ ਕਰਨਗੇ? ਜਿਹੜੇ ਬੱਚੇ ਅੱਜ ਮੋਟਰਸਾਈਕਲ, ਗੱਡੀਆਂ ਦੀ ਮੰਗ ਕਰਦੇ ਹਨ, ਉਹ ਨੇਤਾ ਬਣ ਕੇ ਕੀ ਮੰਗਣਗੇ? ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ, ਜਿਹੜੇ ਅੱਜ ਬਲਾਤਕਾਰੀ, ਭ੍ਰਿਸ਼ਟ, ਲੁੱਟ-ਖਸੁੱਟ ਕਰਨ ਵਾਲੇ, ਵੱਡੇ-ਵੱਡੇ ਘਪਲੇ ਕਰਨ ਵਾਲੇ, ਨੇਤਾ ਲੋਕ ਹਨ, ਇਨ੍ਹਾਂ ਦਾ ਬਚਪਨ ਇਨ੍ਹਾਂ ਦੇ ਮਾਤਾ-ਪਿਤਾ ਤੋਂ ਪੁੱਛੋ, ਬਿਲਕੁਲ ਇਹੋ ਜਿਹਾ ਹੋਵੇਗਾ, ਜੋ ਮੈਂ ਉੱਪਰ ਲਿਖਿਆ ਹੈ।ਬੱਚਿਆਂ ਨੂੰ ਘੂਰ ਤੇ ਪਿਆਰ ਬਰਾਬਰ ਦੀ ਰੱਖੋ ਅਤੇ ਬੱਚਿਆਂ ਦੀ ਮੰਗ ਵੀ ਓਨੀ ਪੂਰੀ ਕਰੋ, ਜਿੰਨੀ ਜ਼ਰੂਰੀ ਹੈ। ਬੱਚਿਆਂ ਦੀ ਮੰਗ ਵੀ ਇਸ ਢੰਗ ਨਾਲ ਪੂਰੀ ਕਰੋ ਜੋ ਸਹੀ ਹੋਵੇ ਅਤੇ ਅੱਗੇ ਜਾ ਕੇ ਉਨ੍ਹਾਂ ਦੀ ਜ਼ਿੰਦਗੀ 'ਚ ਰੋੜਾ ਨਾ ਬਣੇ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਨ੍ਹਾਂ ਦੇ ਮਨ 'ਤੇ ਜਿਹੜਾ ਸ਼ਬਦ ਬਚਪਨ ਵਿਚ ਉਕਰ ਗਿਆ, ਉਹੀ ਉਨ੍ਹਾਂ ਦੀ ਜ਼ਿੰਦਗੀ ਨਾਲ ਅੱਗੇ ਚੱਲੇਗਾ।
 
ਹਰਦੇਵ ਗਿੱਲ ਪੱਤੀ ਸੇਖਵਾਂ