ਘਰ ਵਿਚ ਤੇ ਸਾਰਿਆਂ ਨੂੰ ਆਪਣੇ ਢੰਗ ਨਾਲ ਜਿਊਣ ਦਾ ਹੈ ਹੱਕ

On: 5 March, 2013

 

ਘਰ ਮਨੁੱਖ ਦੀ ਮੁਢਲੀ ਲੋੜ ਵਿਚ ਆਉਂਦਾ ਹੈ। ਘਰ ਅਜਿਹਾ ਸਥਾਨ ਹੁੰਦਾ ਹੈ, ਜਿਥੇ ਆਪਣੇ ਨਿੱਜੀ ਸੁਖ-ਸੁਵਿਧਾਵਾਂ, ਖਾਣ-ਪੀਣ, ਪਹਿਨਣ, ਸਭ ਤਰ੍ਹਾਂ ਦੇ ਸੁਖ ਜੁੜੇ ਹੋਏ ਹਨ। ਅਜੋਕੇ ਦੌਰ ਵਿਚ ਘਰ ਕੇਵਲ ਸਿਰ ਲੁਕਾਉਣ ਲਈ ਛੱਤ ਦਾ ਨਾਂਅ ਨਹੀਂ, ਸਗੋਂ ਘਰ ਸਮਾਜਿਕ ਸਟੇਟਸ ਦਾ ਵੀ ਨਮੂਨਾ ਬਣ ਚੁੱਕਾ ਹੈ। ਵਧੀਆ ਫਰਨੀਚਰ, ਆਲੀਸ਼ਾਨ ਪਰਦੇ ਤੇ ਹੋਰ ਵਧੀਆ ਸੁਖ-ਸਹੂਲਤਾਂ ਹਰ ਇਨਸਾਨ ਚਾਹੁੰਦਾ ਹੈ। ਆਪਣੀ ਆਰਥਿਕ ਸਥਿਤੀ ਮੁਤਾਬਿਕ ਹਰੇਕ ਮਨੁੱਖ ਨੂੰ ਹੱਕ ਹੈ ਕਿ ਉਹ ਆਪਣੇ ਘਰ ਦੀ ਸਜਾਵਟ ਕਰੇ ਪਰ ਜੇਕਰ ਇਹ ਸਜਾਵਟ ਘਰ ਵਿਚ ਰਹਿਣ ਵਾਲੇ ਜੀਆਂ ਲਈ ਸਿਰਦਰਦੀ ਬਣ ਜਾਵੇ ਤਾਂ ਫਿਰ ਕੀ ਕੀਤਾ ਜਾਵੇ?ਕਈ ਸਫਾਈ ਪਸੰਦ, ਸਲੀਕੇਦਾਰ ਸੁਆਣੀਆਂ ਘਰ ਦੀ ਸਜਾਵਟ, ਹਰ ਵਸਤੂ ਨੂੰ ਬੜੀ ਸੁੰਦਰ ਸਜਾਵਟੀ ਢੰਗ ਨਾਲ ਰੱਖਦੀਆਂ ਹਨ। ਉਹ ਚਾਹੁੰਦੀਆਂ ਹਨ ਕਿ ਤਰੀਕੇ ਨਾਲ ਸਜੇ ਹੋਏ ਘਰ ਵਿਚ ਥੋੜ੍ਹਾ ਜਿਹਾ ਵੀ ਫੇਰ-ਬਦਲ ਨਾ ਹੋਵੇ। ਜੋ ਚੀਜ਼ ਜਿਵੇਂ ਹੈ, ਉਵੇਂ ਦੀ ਉਵੇਂ ਬਣੀ ਰਹੇ। ਉਨ੍ਹਾਂ ਸੁਆਣੀਆਂ ਦੀ ਅਜਿਹੀ ਆਦਤ ਤੋਂ ਉਨ੍ਹਾਂ ਦੇ ਪਤੀ ਅਤੇ ਬੱਚੇ ਨਿਰਾਸ਼ ਤੇ ਉਦਾਸ ਹੋ ਜਾਂਦੇ ਹਨ। ਉਹ ਆਪਣੇ ਪਤੀ ਅਤੇ ਬੱਚਿਆਂ ਨੂੰ ਹਦਾਇਤਾਂ ਦੇ ਕੇ ਪ੍ਰੇਸ਼ਾਨ ਕਰਦੀਆਂ ਹਨ। ਕਦੇ-ਕਦੇ ਤਾਂ ਬੱਚੇ ਤੇ ਪਤੀ ਉਨ੍ਹਾਂ ਦਾ ਕਿਹਾ ਮੰਨ ਲੈਂਦੇ ਹਨ ਪਰ ਕਦੇ-ਕਦੇ ਉਹ ਝਗੜਾ ਕਰ ਬੈਠਦੇ ਹਨ। ਹਰ ਵਕਤ ਦੀ ਇਹ ਟੋਕਾ-ਟੋਕੀ ਨਾਲ ਬੱਚੇ ਅਤੇ ਪਤੀ ਘਰ ਵਿਚ ਹੀ ਬੰਦਿਸ਼ ਮਹਿਸੂਸ ਕਰਨ ਲੱਗ ਪੈਂਦੇ ਹਨ। ਅਜਿਹੀ ਸਫਾਈ ਅਤੇ ਸਜਾਵਟ ਦਾ ਕੀ ਲਾਭ, ਜੋ ਘਰ ਵਾਲਿਆਂ ਨੂੰ ਘਰ ਦਾ ਅਹਿਸਾਸ ਨਾ ਹੋਣ ਦੇਵੇ। ਘਰ ਤਾਂ ਅਜਿਹੀ ਆਰਾਮਗਾਹ ਹੈ, ਜਿਥੇ ਦਿਨ ਭਰ ਥੱਕਿਆ-ਟੁੱਟਿਆ ਇਨਸਾਨ ਮਨਚਾਹੇ ਢੰਗ ਨਾਲ ਆਰਾਮ ਕਰ ਸਕਦਾ ਹੈ। ਇਹ ਵੀ ਠੀਕ ਹੈ ਕਿ ਘਰ ਦੇ ਹਰ ਜੀਅ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਫ-ਸਫਾਈ ਅਤੇ ਘਰ ਦੀ ਸਜਾਵਟ ਦਾ ਧਿਆਨ ਰੱਖੇ।ਘਰ ਨੂੰ ਸਜਾਉਣ ਦਾ ਮਤਲਬ ਉਸ ਨੂੰ ਕੇਵਲ ਪ੍ਰਦਰਸ਼ਨਯੋਗ ਜਾਂ ਸਜਾਵਟੀ ਵਸਤੂ ਬਣਾ ਦੇਣਾ ਨਹੀਂ ਹੈ। ਕਈ ਘਰਾਂ ਵਿਚ ਘਰ ਦੀ ਸਜਾਵਟ ਦੇ ਖਰਾਬ ਹੋਣ ਦੇ ਡਰੋਂ ਕੁਝ ਮਹਿਮਾਨਾਂ ਨੂੰ ਤਾਂ ਬਾਹਰੋਂ ਹੀ ਤੋਰ ਦਿੱਤਾ ਜਾਂਦਾ ਹੈ। ਡਾਈਨਿੰਗ ਟੇਬਲ ਅਤੇ ਗੱਦੇ ਵਗੈਰਾ ਖਰਾਬ ਨਾ ਹੋ ਜਾਣ, ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਤਾਂ ਕਦਮ-ਕਦਮ 'ਤੇ ਬੰਦਸ਼ਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਤਾਂ ਦੱਸੋ ਅਜਿਹਾ ਘਰ, ਘਰ ਹੈ ਜਾਂ ਸ਼ੋਅਰੂਮ?ਮੁੱਕਦੀ ਗੱਲ ਇਹ ਹੈ ਕਿ ਘਰ ਸਭ ਦੇ ਲਈ ਆਰਾਮ, ਸੁਖ-ਚੈਨ ਲੈਣ ਲਈ ਹੈ। ਆਪਣੇ ਪਿਆਰੇ ਬੱਚਿਆਂ ਅਤੇ ਪਤੀ ਦੇ ਲਈ ਘਰ ਨੂੰ ਬੇਗਾਨਾ ਨਾ ਬਣਾਓ, ਆਪਣੀ ਟੋਕਾ-ਟੋਕੀ ਦੀ ਆਦਤ ਵਿਚ ਸੁਧਾਰ ਲਿਆ ਕੇ ਪਰਿਵਾਰ ਦੀ ਸੁਖ-ਸ਼ਾਂਤੀ ਬਣਾਈ ਰੱਖੋ ਅਤੇ ਬੱਚਿਆਂ ਨੂੰ ਆਰਾਮ ਪਸੰਦ ਜੀਵਨ ਦਿਉ। ਘਰ ਨੂੰ ਸ਼ੋਅਰੂਮ ਨਹੀਂ, ਆਰਾਮ ਘਰ ਬਣਾਓ।
 
ਪ੍ਰੋ: ਕੁਲਜੀਤ ਕੌਰ