ਗੁਜ਼ਰਾ ਹੂਆ ਜ਼ਮਾਨਾ---ਜਨਮੇਜਾ ਸਿੰਘ ਜੌਹਲ

On: 11 December, 2014

ਗੁਜ਼ਰਾ ਹੂਆ ਜ਼ਮਾਨਾ---ਜਨਮੇਜਾ ਸਿੰਘ ਜੌਹਲ 

ਹਰ ਮਨੁੱਖ ਨੂੰ ਇਹ ਲੱਗਦਾ ਹੈ ਕਿ, ਪੁਰਾਣੇ ਸਮੇਂ ਚੰਗੇ ਸਨ। ਉਦੋਂ ਆ ਸੀ, ਔਹ ਸੀ, ਲੋਕ ਚੰਗੇ ਸਨ, ਖਾਣ ਪੀਣ ਵੱਧੀਆ ਸੀ, ਪਿੰਡ ਸੋਹਣੇ ਸਨ। ਰਿਸ਼ਤੇਦਾਰ ਸਾਫ ਦਿਲਾਂ ਵਾਲੇ ਸਨ, ਧੋਖਾ ਨਹੀਂ ਸੀ, ਵਗੈਰ ਵਗੈਰਾ ....। ਪਰ ਹੁਣ ਇਹ ਸਭ ਕੁਝ ਨਹੀਂ ਰਹਿ ਗਿਆ ਹੈ। ਕਲਯੁੱਗ ਆ ਗਿਆ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਬੰਦੇ ਨੂੰ ਬੰਦਾ ਨਹੀਂ ਪਹਿਚਾਣਦਾ। ਮੈਨੂੰ ਵੀ ਕਦੇ ਕਦੇ ਇੰਝ ਹੀ ਲੱਗਦਾ ਸੀ। ਪਰ ਮੈਂ ਥੋੜੀ ਘੋਖ ਕੀਤੀ ਤਾਂ ਮੈਨੂੰ ਕੁਝ ਵੀ ਫਰਕ ਨਹੀਂ ਲੱਗਿਆ, ਮਨੁੱਖ ਵਿਚ ਵਰਤਾਓ ਪੱਖੋਂ ਭੋਰਾ ਵੀ ਤਬਦੀਲੀ ਨਹੀਂ ਹੋਈ ਹੈ। ਸਭ ਕੁਝ ਉਵੇਂ ਹੀ ਹੈ, ਸਿਰਫ ਭੋਤਿਕ ਪੱਖੋਂ ਹੀ ਤਬਦੀਲੀ ਆਈ ਹੈ, ਅੱਜ ਵੀ ਉਹੀ ਚੀਜ਼ਾਂ ਹਨ, ਸਿਰਫ ਉਹਨਾਂ ਦੇ ਬਨਾਉਣ ਦੀ ਤਕਨਾਲੋਜੀ ਬਦਲ ਗਈ ਹੈ, ਕਿਉਂਕਿ, ਵੱਧਦੀ ਆਬਾਦੀ ਨੇ ਲੋੜਾਂ ਵਿਚ ਅਥਾਹ ਵਾਧਾ ਕੀਤਾ ਹੈ। ਅੱਜ ਵੀ ਚੰਗੇ ਜਾਂ ਮੰਦੇ ਬੰਦੇ ਮਿਲ ਜਾਂਦੇ ਹਨ। ਸ਼ਾਹਾਂ ਦੀ ਥਾਂ ਬੈਂਕਾਂ ਨੇ ਲੈ ਲਈ ਹੈ, ਪਰ ਝਗੜੇ ਤੇ ਕਾਰਜਸ਼ੈਲੀ ਉਹੀ ਹੈ। ਮਨੁੱਖ ਦੇ ਸੁਭਾਅ ਤੇ ਆਦਤਾਂ ਵਿਚ ਭੋਰਾ ਵੀ ਤਬਦੀਲੀ ਨਹੀਂ ਹੋਈ ਹੈ। ਮਨੁੱਖ ਅੱਜ ਵੀ ਹਰ ਕੰਮ ਵਿਚ ਸੌਖ ਭਾਲਦਾ ਹੈ। ਚੰਗੀ ਸੋਚ ਤੇ ਕਹਿਣਾ ਮੰਨਣ ਤੋਂ ਇਨਕਾਰੀ ਹੈ, ਦਰਜਨਾਂ ਰੱਬ ਤੇ ਭੇਜੇ ਸਿਆਣੇ ਇਸ ਦੁਨੀਆਂ ਤੇ ਆ ਚੁੱਕੇ ਹਨ ਤੇ ਗਿਆਨ ਵੰਡ ਚੁੱਕੇ ਹਨ ਤੇ ਕਈ ਗ੍ਰੰਥ ਲਿਖੇ ਜਾ ਚੁੱਕੇ ਹਨ, ਪਰ ਲੋਕ ਸਿਰਫ ਉਹਨਾਂ ਨੂੰ ਧੂਫ ਬੱਤੀ ਹੀ ਕਰਦੇ ਹਨ, ਉਹਨਾਂ ਵਿਚ ਦਰਸਾਈ ਜੀਵਨ ਸ਼ੈਲੀ ਨੂੰ ਅਪਨਾਉਣਾ ਤਾਂ ਦੂਰ, ਉਹਨਾਂ ਨੂੰ ਪੜ੍ਹਨਾ ਤੱਕ ਤੋਂ ਘੇਸਲ ਵੱਟਦੇ ਹਨ। ਅਸੀਂ ਸਿਰਫ ਬੀਤੇ ਸਮੇਂ ਨੂੰ ਇਕ ਭਰਮ ਦੇ ਤੌਰ ਹੀ ਚੰਗਾ ਕਹੀ ਜਾ ਰਹੇ ਹਾਂ। ਸਮਾਂ ਹਮੇਸ਼ਾ ਇਕੋ ਜਿਹਾ ਰਹਿੰਦਾ ਹੈ, ਬਸ ਇਹ ਤੁਸੀਂ ਦੇਖਣਾ ਹੈ ਕਿ ਤੁਸੀ ਇਸ ਦਾ ਸਦਉਪਯੋਗ ਜਾਂ ਦੁਰਉਪਯੋਗ ਕਿਵੇਂ ਕਰਦੇ ਹੋ। ਇਸੇ ਤੇ ਹੀ ਤੁਹਾਡੇ ਜੀਵਨ ਤੇ ਮਨ ਦੀ ਸ਼ਾਂਤੀ ਨਿਰਭਰ ਕਰਦੀ ਹੈ।

Section: