ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ--ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ

On: 18 December, 2014

ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ

ਮਨਹੂਸ ਪਾਣੀਆਂ ਅਤੇ ਮਾਰੂਥਲਾਂ ਰਾਹੀਂ ਹੋ ਰਿਹਾ ਹੈ ਗੈਰ-ਕਾਨੂੰਨੀ ਪਰਵਾਸ

ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ

ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ  ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ 23 ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ ਛੱਡ  ਕੇ ਦੂਰ-ਦੁਰੇਡੇ ਦੇ ਦੇਸ਼ਾਂ ਨੂੰ ਆਪਣੇ ਦੇਸ਼ ਨਾਲੋਂ ਵਧੀਆ, ਸੁਰੱਖਿਅਤ, ਅਮੀਰ ਅਤੇ ਅਮਨ ਪਸੰਦ ਸਮਝਦੇ ਹੋਏ  ਵਿਦੇਸ਼ਾਂ ਵਿਚ ਵਸੇ ਹੋਏ ਹਨ। ਇਨਾਂ ਵਿਚ ਲਗਭਗ 6 ਕਰੋੜ ਉਹ ਭਾਰਤੀ ਪਰਵਾਸੀ ਹਨ, ਜੋ ਆਮ ਜਾਂ ਆਪਣੇ  ਉਨਾਂ ਵੱਡੇ-ਵਡੇਰਿਆਂ ਦੀ ਔਲਾਦ ਹਨ, ਜਿਨਾਂ ਦੀਆਂ ਜੜਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ। ਭਾਰਤ ਤੋਂ ਇਹ  ਪਰਵਾਸ ਬਰਤਾਨਵੀ ਸਮਾਜ ਦੀ ਬਸਤੀ ਤੋਂ ਲੈ ਕੇ ਅੱਜ-ਕੱਲ ਦੇ ਭਾਰਤੀ ਆਗੂਆਂ ਵੱਲੋਂ ਵਿਸ਼ਵ ਦੀ ਆਰਥਿਕ ਸ਼ਕਤੀ ਹੋਣ ਦਾ ਦਾਅਵਾ ਕਰ ਰਹੇ ਸੁਤੰਤਰ ਭਾਰਤੀ ਲੋਕਰਾਜ ਤੱਕ ਨਿਰੰਤਰ ਜਾਰੀ ਹੈ।

ਇਹ ਭਾਰਤੀ ਜਿੱਥੇ ਅੱਜ-ਕੱਲ  50 ਤੋਂ 60 ਦੇਸ਼ਾਂ ਵਿਚ ਘੁੱਗ ਵਸ ਰਹੇ ਹਨ, ਉੱਥੇ ਸੰਸਾਰ ਦੇ ਘੱਟੋ-ਘੱਟ 100 ਦੇਸ਼ਾਂ ਵਿਚ ਡੰਗ-ਟਪਾਊ ਪਰਵਾਸ  ਵਕਤੀ ਰੁਜ਼ਗਾਰ ਜਾਂ ਉੱਚ-ਵਿਦਿਆ ਪ੍ਰਾਪਤ ਕਰਨ ਲਈ ਵਿਚਰਦੇ ਵੇਖੇ ਜਾ ਰਹੇ ਹਨ। ਮਹਿਕ-ਭਰਪੂਰ ਗੁਲਾਬ ਜਾਂ  ਹੋਰ ਫੁੱਲਾਂ ਨਾਲ ਜਿੱਥੇ ਖੂੰਖਾਰ ਕੰਡਿਆਂ ਦਾ ਨਹੁੰ-ਮਾਸ ਦਾ ਰਿਸ਼ਤਾ ਬਣ ਜਾਂਦਾ ਹੈ, ਉਸੇ ਤਰਾਂ ਵਿਦੇਸ਼ਾਂ ਵਿਚ ਜਿਵੇਂ  ਆਪਣੀ ਜਨਮ-ਭੂਮੀ ਛੱਡ ਕੇ ਵਿਦੇਸ਼ੀ ਧਰਤੀ 'ਤੇ ਪਰਵਾਸੀਆਂ ਨੇ ਸ਼ਾਨਾ-ਮੱਤੀ ਪ੍ਰਾਪਤੀ ਕਰ ਕੇ ਜਸ ਖੱਟਿਆ ਅਤੇ  ਸੁੱਖ ਮਾਣਿਆ ਹੈ, ਉਸੇ ਤਰਾਂ ਹਜ਼ਾਰਾਂ ਪਰਵਾਸੀ ਹਰ ਵਰੇ ਲਾਲਚੀ ਰਿਸ਼ਤੇਦਾਰਾਂ, ਦਲਾਲਾਂ ਜਾਂ ਪਰਵਾਸ ਦੇ ਦੁੱਕੀ ਅਤੇ  ਅਖੌਤੀ ਮਾਹਿਰਾਂ ਦੇ ਕਹਿਣੇ ਲੱਗ ਕੇ ਸਹਾਰਾ ਮਾਰੂਥਲ ਦੀ ਤੱਤੀ ਲੂਹ ਜਾਂ ਯੂਰਪ ਦੇ ਪਾਣੀਆਂ ਦੀਆਂ ਜਾਨ-ਲੇਵਾ  ਘੁੰਮਣਘੇਰੀਆਂ ਦਾ ਸ਼ਿਕਾਰ ਹੁੰਦੇ ਹੋਏ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਜਾਂਦੇ ਵੇਖੇ ਗਏ ਹਨ।

ਬੀਤੇ ਮਹੀਨੇ ਇੱਧਰ ਯੂਰਪ ਵਿਚ ਇਟਲੀ ਦੇ ਪਾਣੀਆਂ ਵਿਚ ਲਾਂਪਾਡੂਸਾ ਵਿਖੇ ਅਕਤੂਬਰ 2013 ਵਿਚ ਡੁੱਬ ਕੇ ਮਰੇ 360 ਪਰਵਾਸੀਆਂ ਦਾ ਬਰਸੀ ਸਮਾਗਮ ਆਯੋਜਿਤ ਕੀਤਾ ਗਿਆ ਹੈ, ਇਹ ਮੱਧ ਸਾਗਰ ਦੇ ਇਹੋ ਖੂਨੀ ਘੁੰਮਨਘੇਰੀਆਂ  ਵਾਲੇ ਪਾਣੀ ਹਨ, ਜਿੱਥੇ ਦਸੰਬਰ 1996 ਵਿਚ ਪੌਣੇ ਦੋ ਸੌ ਪੰਜਾਬੀਆਂ ਨਾਲ ਜਾਨਲੇਵਾ ਮਾਲਟਾ ਕਿਸ਼ਤੀ ਕਾਂਢ  ਵਾਪਰਿਆ ਸੀ।

ਇਨਾਂ ਜਾਨਲੇਵਾ ਪਾਣੀਆਂ ਵਾਂਗ ਗੈਰ-ਕਾਨੂੰਨੀ ਪਰਵਾਸ ਲਈ ਜਿਹੜੇ ਹੋਰ ਮਾਰੂ ਅਤੇ ਖਤਰਨਾਕ ਰਸਤੇ ਵਰਤੇ  ਜਾਂਦੇ ਹਨ, ਉਨਾਂ ਵਿਚ ਕੇਂਦਰੀ ਜਾਂ ਲਾਤਿਨ ਅਮਰੀਕਾ ਦੇਸ਼ਾਂ ਤੋਂ ਅਮਰੀਕਾ ਵਿਚ ਦਾਖਲ ਹੋਣ ਵਾਲਾ ਬਰਾਸਤਾ  ਮੈਕਸੀਕੋ ਲਾਂਘਾ, ਏਸ਼ੀਆਈ ਜਾਂ ਸਾਰਕ ਦੇਸ਼ਾਂ ਵਿਚੋਂ ਥਾਈਲੈਂਡ ਤੱਕ ਬਰਾਸਤਾ ਬੰਗਾਲ ਦੀ ਖਾੜੀ, ਥਾਈਲੈਂਡ ਅਤੇ  ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਦਾ ਸਮੁੰਦਰੀ ਤੱਟ, ਸਹਾਰਾ ਮਾਰੂਥਲ ਰਾਹੀਂ ਅਫਰੀਕਾ ਦਾ ਉੱਤਰੀ ਤੱਟ, ਮੱਧ ਪੂਰਬੀ  ਦੇਸ਼ਾਂ ਤੱਕ ਪੁੱਜਣ ਲਈ ਅਦਨ ਦਾ ਆਲਾ-ਦੁਆਲਾ ਅਤੇ ਜਾਂ ਯੂਰਪ ਵਿਚ ਬਰਾਸਤਾ ਗਰੀਸ ਅਤੇ ਇਟਲੀ ਦੇ  ਲਾਂਪਾਡੂਸਾ ਵਰਗੇ ਡੰਗ-ਟਪਾਊ ਪਰ ਖਤਰਨਾਕ ਪਾਣੀਆਂ ਵਾਲੇ ਰਸਤੇ ਹਨ, ਜਿੱਥੇ ਪਿਛਲੇ ਵਰਿਆਂ ਦੌਰਾਨ ਇਰਾਕ,  ਸੀਰੀਆ, ਅਫਗਾਨਿਸਤਾਨ ਆਦਿ ਤਨਾਅ ਭਰਪੂਰ ਰਾਜਨੀਤਿਕ ਸਥਿਤੀ ਵਾਲੇ ਦੇਸ਼ਾਂ ਤੋਂ ਪਰਵਾਸੀ ਗੈਰ-ਕਾਨੂੰਨੀ  ਢੰਗ ਨਾਲ ਯੂਰਪੀ ਸੰਘ ਦੇ 28 ਮੈਂਬਰ ਦੇਸ਼ਾਂ ਵਿਚ ਦਾਖਲ ਹੁੰਦੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਬਹੁਤੇ ਗੈਰ- ਕਾਨੂੰਨੀ ਪਰਵਾਸੀ ਅਮਰੀਕਾ ਅਤੇ ਯੂਰਪ ਵਿਚ ਪੁੱਜ ਆ ਰਹੇ ਹਨ, ਇਨਾਂ ਦੇ ਡੰਗ-ਟਪਾਊ ਅੰਕੜਿਆਂ ਵੱਲ ਗੌਰ ਫਰਮਾਓ!

ਅਮਰੀਕਾ ਵਿਚ ਗੈਰ-ਕਾਨੂੰਨੀ ਪਰਵਾਸੀ : 21ਸਦੀ ਦੇ ਸ਼ੁਰੂ ਹੋਣ ਦੇ ਨਾਲ-ਨਾਲ ਅਮਰੀਕਾ ਵਿਚ ਗੈਰ-ਕਾਨੂੰਨੀ  ਪਰਵਾਸੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅਮਰੀਕਾ ਦੇ ਪਰਵਾਸੀਆਂ ਬਾਰੇ ਗ੍ਰਹਿ ਵਿਭਾਗ, ਡਿਪਾਰਟਮੈਂਟ  ਆਫ ਹੋਮ ਸਕਿਊਰਟੀ ਅਨੁਸਾਰ 2000 ਤੋਂ ਹੁਣ ਤੱਕ ਗੈਰ-ਕਾਨੂੰਨੀ ਪਰਵਾਸੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ,  ਜੋ ਇਸ ਵੇਲੇ ਇਕ ਕਰੋੜ ਪੰਦਰਾਂ ਲੱਖ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਭਾਰਤ ਦਾ ਗੈਰ-ਕਾਨੂੰਨੀ ਪਰਵਾਸੀਆਂ ਦੀ  ਸੂਚੀ ਵਿਚ 7ਵੇਂ ਨੰਬਰ 'ਤੇ ਨਾਉਂ ਬੋਲਦਾ ਹੈ, ਜਿਸ ਦੇ ਲਗਭਗ ਢਾਈ ਲੱਖ ਨਾਗਰਿਕ ਇਸ ਵੇਲੇ ਅਮਰੀਕਾ ਦੇ ਵੱਖੋਵੱਖਰੇ ਰਾਜਾਂ ਵਿਚ ਦਿਨ ਕਟੀ ਕਰ ਰਹੇ ਹਨ ਅਤੇ ਕਈ ਵਰਿ•ਆਂ ਤੋਂ ਇੱਥੇ ਕਾਨੂੰਨੀ ਤੌਰ 'ਤੇ ਪੱਕੇ ਹੋ ਕੇ ਸਥਾਈ ਤੌਰ  'ਤੇ ਰਿਹਾਇਸ਼ੀ ਹੱਕ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਹੇ ਹਨ। ਹੋਰ ਜਿਹੜੇ ਦੇਸ਼ਾਂ ਦੇ ਗੈਰ-ਕਾਨੂੰਨੀ ਪਰਵਾਸੀ ਵਿਚਰ ਰਹੇ  ਹਨ, ਉਨਾਂ ਵਿਚੋਂ ਮੈਕਸੀਕੋ, ਐਲ ਸਲਵਾਡੋਰ, ਗੌਤਮਾਲਾ, ਹੌਂਡਰਸ, ਚੀਨ, ਫਿਲਪੀਨ, ਕੋਰੀਆ ਐਕੁਆਡੋਰ ਅਤੇ ਵੀਅਤ ਨਾਮ, ਭਾਰਤ ਸਮੇਤ ਪਿਛਲੇ 10 ਦੇਸ਼ਾਂ ਵਿਚ ਵਰਨਣਯੋਗ ਹਨ, ਜਿੱਥੋਂ ਦੇ ਪਰਵਾਸੀ ਇਥੇ 10 ਸਾਲਾਂ ਤੋਂ ਵੀ  ਵੱਧ ਸਮੇਂ ਤੋਂ ਇੱਥੇ ਹੀ ਦੜੇ ਹੋਏ ਹਨ।

ਭਾਵੇਂ ਅਮਰੀਕਾ ਵਿਚ ਵਗੈਰ ਕਾਨੂੰਨੀ ਸਟੇਟਸ ਅਤੇ ਵਗੈਰ ਕਾਨੂੰਨੀ ਵੀਜ਼ੇ ਤੋਂ ਲੱਖਾਂ ਪਰਵਾਸੀ ਲਗ ਭਗ ਹਰ  ਪ੍ਰਾਂਤ ਜਾਂ 'ਸਟੇਟ' ਵਿਚ ਦਿਨ ਕਟੀ ਕਰ ਰਹੇ ਹਨ, ਪਰ ਸਭ ਤੋਂ ਵੱਧ ਪਰਵਾਸੀ ਖੇਤੀ-ਪਰਬਲ ਪ੍ਰਾਂਤ ਅਤੇ ਪੰਜਾਬੀਆਂ  ਦੀ ਸਭ ਤੋਂ ਵੱਧ ਵਸੋਂ ਵਾਲੇ ਪ੍ਰਾਂਤ ਕੈਲੀਫੋਰਨੀਆ ਵਿਚ ਠਹਿਰੇ ਜਾਂ ਟਿਕੇ ਹੋਏ ਹਨ। ਇਕ ਪ੍ਰਕਾਸ਼ਿਤ ਰਿਪੋਰਟ ਅਨੁਸਾਰ  ਕੈਲੀਫੋਰਨੀਆ ਵਿਚ 29 ਲੱਖ, ਟੈਕਸਾਜ ਵਿਚ 16 ਲੱਖ, ਫਲੋਰੇਡਾ ਵਿਚ 10 ਲੱਖ, ਇਲੀਨੁਆਇਸ ਵਿਚ 5 ਲੱਖ,  ਨਿਊਯਾਰਕ ਵਿਚ ਸਾਢੇ 5 ਲੱਖ, ਐਰੀਜ਼ੋਨਾ ਵਿਚ 5 ਲੱਖ, ਜਾਰਜੀਆ ਵਿਚ ਸਾਢੇ 4 ਲੱਖ, ਨਿਊ ਜਰਸੀ ਵਿਚ ਸਵਾ  ਚਾਰ ਲੱਖ, ਨਾਰਥ ਕੈਰੀਲੋਨਾ ਵਿਚ 3 ਲੱਖ, ਵਾਸ਼ਿੰਗਟਨ ਪ੍ਰਾਂਤ ਵਿਚ ਪੌਣੇ ਤਿੰਨ ਲੱਖ ਪਰਵਾਸੀ ਘੱਟੋ-ਘੱਟ ਇਨਾਂ  ਰਾਜਾਂ ਵਿਚ ਵਸਦੇ ਜਾਂ ਡੰਗ ਟਪਾ ਰਹੇ ਹਨ ਅਤੇ ਬਾਕੀ ਸਾਰੇ ਰਾਜਾਂ ਵਿਚ ਲਗਭਗ 30 ਲੱਖ ਪਰਵਾਸੀ ਗੈਰ-ਕਾਨੂੰਨੀ  ਢੰਗ ਨਾਲ ਵੀਜ਼ੇ ਦੀ ਮਿਆਦ ਟੱਪ ਜਾਣ ਜਾਂ ਅਮਰੀਕੀ ਨਾਗਰਿਕ ਨਾਲ ਸ਼ਾਦੀ ਕਰਵਾ ਕੇ ਜਾਂ ਉਸ ਦੇ ਬੱਚਾ ਪੈਦਾ ਕਰ  ਕੇ ਕਿਸੇ ਵੇਲੇ ਅਮਰੀਕੀ ਨਾਗਰਕਿ ਦਾ ਮਾਪਾ ਬਣਨ ਦੇ ਆਧਾਰ ਉੱਤੇ ਪੱਕਾ ਹੋਣ ਦੇ ਬਹਾਨੇ ਜਾਂ ਇਰਾਦੇ ਨਾਲ ਰਹਿੰਦੇ  ਵੇਖੇ ਗਏ ਹਨ।

ਯੂਰਪ ਵਿਚ ਗੈਰ-ਕਾਨੂੰਨੀ ਪਰਵਾਸੀ : ਪਿਛਲੇ ਲਗਾਤਾਰ ਕਈ ਦਹਾਕਿਆਂ ਤੋਂ ਯੂਰਪ ਦੇ ਪੱਛਮੀ ਅਤੇ ਅਮੀਰ ਸਮਝੇ ਤੇ ਪਰਚਾਰੇ ਜਾਂਦੇ ਬਰਤਾਨੀਆ, ਫਰਾਂਸ, ਜਰਮਨੀ, ਬੈਲਜ਼ੀਅਮ, ਹਾਲੈਂਡ ਆਦਿ ਦੇਸ਼ਾਂ ਵਿਚ ਪੁੱਜਣ ਲਈ  ਏਸ਼ੀਆਈ, ਅਫਰੀਕੀ ਅਤੇ ਮੱਧ ਪੂਰਬੀ ਦੇਸ਼ਾਂ ਦੇ ਪਰਵਾਸੀ ਕਾਨੂੰਨੀ ਜਾਂ ਗੈਰ-ਕਾਨੂੰਨੀ ਢੰਗ ਨਾਲ ਪੁੱਜਦੇ ਆ ਰਹੇ  ਹਨ। ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਵਿਚ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰੂਸ ਦੇ ਸਰਹੱਦੀ ਦੇਸ਼ ਅਤੇ ਪੂਰਬੀ  ਯੂਰਪ ਦੇ ਗਰੀਬ ਦੇਸ਼ਾਂ ਦੇ ਪਰਵਾਸੀ ਯੂਰਪੀ ਅੰਦਰੂਨੀ ਕਾਨੂੰਨਾਂ ਦਾ ਫਾਇਦਾ ਉਠਾਉਂਦੇ ਹੋਏ ਪੱਛਮੀ ਯੂਰਪੀ ਦੇਸ਼ਾਂ  ਵਿਚ ਪੁੱਜ ਕੇ ਸਥਾਨਕ ਨਾਗਰਿਕਾਂ ਦੇ ਰਿਹਾਇਸ਼ੀ ਅਤੇ ਰੁਜ਼ਗਾਰੀ ਹੱਕਾਂ 'ਤੇ ਛਾਪੇ ਮਾਰਨ ਲੱਗ ਪਏ ਹਨ, ਜਿਸ ਦੇ  ਨਤੀਜੇ ਵਜੋਂ ਇਸ ਵੇਲੇ ਆਵਾਸ-ਪਰਵਾਸ ਕਾਨੂੰਨਾਂ ਦੇ ਮਾਮਲੇ ਤੇ ਪੱਛਮੀ ਅਤੇ ਪੂਰਬੀ ਦੇਸ਼ਾਂ ਵਿਚ ਤਨਾਅ ਭਰਪੂਰ  ਸਥਿਤੀ ਬਣੀ ਹੋਈ ਹੈ।

ਜਿੱਥੇ ਬਰਤਾਨੀਆ ਇਕ ਸੁਤੰਤਰ ਅਤੇ ਵੱਖਰਾ ਟਾਪੂ-ਨੁਮਾ ਦੇਸ਼ ਹੋਣ ਕਾਰਨ ਇਸ ਦੀ ਆਵਾਸੀ ਨੀਤੀ, ਯੂਰਪ  ਦੇ ਸ਼ੈਂਗਨ ਸਮਝੌਤੇ ਅਨੁਸਾਰ ਵੱਖਰੀ ਅਤੇ ਸੁਤੰਤਰ ਹੈ ਅਤੇ ਇਸ ਦੇਸ਼ ਨੇ ਆਪਣੀਆਂ ਸਰਹੱਦਾਂ ਦੀ ਰਾਖੀ ਬਾਕੀ ਯੂਰਪੀ  ਸੰਘ ਦੇ ਆਵਾਸੀ ਕਾਨੂੰਨਾਂ ਤੋਂ ਵੱਖਰੀ ਅਤੇ ਨਿਰਪੱਖ ਰੱਖੀ ਹੋਈ ਹੈ, ਹੁਣ ਬਰਤਾਨੀਆ ਵੱਲੋਂ 70ਵਿਆਂ ਅਤੇ 80ਵਿਆਂ  ਵਾਲੀ ਪਨਾਹਗੀਰ-ਨੀਤੀ ਵਿਚ ਵੀ ਸਖਤੀ ਕੀਤੀ ਹੋਈ ਹੈ, ਉੱਥੇ ਯੂਰਪੀ ਸੰਘ ਦੇ ਕਈ ਅਮੀਰ ਦੇਸ਼ਾਂ ਦੀਆਂ  ਪਨਾਹਗਿਰੀ ਅਤੇ ਭੱਤਾ ਸਹੂਲਤਾਂ ਦਾ ਮੱਧ ਪੂਰਬ ਦੇ ਸਿਰੀਆ ਅਤੇ ਇਰਾਕ ਦੇਸ਼ ਅਤੇ ਜਾਂ ਪੂਰਬੀ ਯੂਰਪ ਦੇ  ਰੁਮਾਨੀਆ, ਪੋਲੈਂਡ ਅਤੇ ਰੂਸ ਦੇ ਸਰਹੱਦੀ ਗਰੀਬ ਦੇਸ਼ਾਂ ਦੇ ਪਰਵਾਸੀ ਲਾਭ ਉਠਾਉਣ ਲਈ ਮਨੁੱਖੀ ਤਸਕਰੀ ਰਾਹੀਂ  ਸਵੀਡਨ, ਜਰਮਨੀ, ਸਵਿਟਜਰਲੈਂਡ ਅਤੇ ਪਿਛਲੇ ਵਰਿਆਂ ਤੋਂ ਇਟਲੀ ਵਿਚ ਪੁੱਜਣ ਲੱਗ ਪਏ ਹਨ। ਇਸ ਵਰੇ  ਜਨਵਰੀ ਤੋਂ ਲੈ ਕੇ ਪਿਛਲੇ ਮਹੀਨੇ ਦੇ ਅਖੀਰ ਤੱਕ ਲਗ ਭਗ ਡੇਢ ਲੱਖ ਪਰਵਾਸੀ ਇਟਲੀ ਪੁੱਜ ਕੇ ਡੰਗ-ਟਪਾਊ  ਸਿਆਸੀ ਪਨਾਹਗੀਰ ਬਣਦੇ ਵੇਖੇ ਗਏ ਹਨ, ਜਿਥੋਂ ਉਹ ਮਨੁੱਖੀ ਤਸਕਰਾਂ ਰਾਹੀਂ ਆਪਣਾ ਸਭ ਕੁਝ ਲੁਟਾ ਕੇ ਪੱਛਮੀ  ਯੂਰਪ, ਕੈਨੇਡਾ ਜਾਂ ਅਮਰੀਕਾ ਤੱਕ ਵੱਖੋ-ਵੱਖਰੀਆਂ ਹੱਦਾਂ ਅਤੇ ਸਰਹੱਦਾਂ ਟੱਪ ਰਹੇ ਹਨ, ਜਿਨਾਂ ਵਿਚੋਂ ਬੀਤੇ ਵਰਿ•ਆਂ  ਦੌਰਾਨ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਮੱਧ ਮਹਾਂਸਾਗਰ ਦੇ ਮਨਹੂਸ ਪਾਣੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਹਨ।

ਮਨੁੱਖੀ ਅਧਿਕਾਰਾਂ ਦੀ ਕੌਮਾਂਤਰੀ ਸੰਸਥਾ, ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਯੂਰਪੀ ਸੰਘ ਦੇ ਮੈਂਬਰ ਦੇਸ਼ ਜਾਂ  ਆਪਣੀਆਂ ਸਰਹੱਦਾਂ ਸੰਭਾਲਣ ਯੋਗ ਅਤੇ ਨਾ ਹੀ ਗਰੀਬੀ, ਬੇਰੁਜ਼ਗਾਰੀ ਅਤੇ ਤਨਾਅ ਭਰਪੂਰ ਜਾਂ ਤਾਨਾਸ਼ਾਹੀ ਰਾਜਾਂ  ਦੇ ਪੀੜਤ ਲੋਕਾਂ ਨੂੰ ਪਨਾਹ ਦੇਣ ਦੇ ਯੋਗ ਹਨ। ਇਸ ਵੇਲੇ ਯੂਰਪੀ ਸੰਘ ਦੇ 28 ਦੇਸ਼ਾਂ ਵਿਚ ਗੈਰ-ਕਾਨੂੰਨੀ ਪਰਵਾਸੀਆਂ  ਦੀ ਗਿਣਤੀ 30 ਲੱਖ ਦੇ ਦੁਆਲੇ ਘੁੰਮ ਰਹੀ ਹੈ।

ਗੈਰ-ਕਾਨੂੰਨੀ ਪਰਵਾਸ ਅਤੇ ਕਾਨੂੰਨੀ ਸਖਤੀਆਂ : ਬੇਸ਼ੱਕ ਗੈਰ-ਕਾਨੂੰਨੀ ਪਰਵਾਸੀਆਂ ਨੂੰ ਸਸਤੇ ਭਾਅ ਜਾਂ ਘੱਟ  ਵੇਤਨ 'ਤੇ ਕੰਮ ਕਰਨ ਕਾਰਨ ਯੂਰਪ ਦੀਆਂ ਕਈ ਸਰਕਾਰਾਂ ਇਨਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲ ਦੇਣ ਤੋਂ ਗੋਲੇ  ਕਬੂਤਰ ਵਾਂਗ ਅੱਖਾਂ ਬੰਦ ਕਰਕੇ ਮਚਲੀਆਂ ਹੋਈਆਂ ਵੇਖੀਆਂ ਹਨ, ਪਰ ਕਈ ਦੇਸ਼ਾਂ ਨੇ ਮਨੁੱਖੀ ਤਸਕਰਾਂ ਅਤੇ ਗੈਰ-ਕਾਨੂੰਨੀ ਪਰਵਾਸੀਆਂ 'ਤੇ ਕਾਫੀ ਸਖਤੀ ਕਰ ਦਿੱਤੀ ਹੈ।

ਬਰਤਾਨੀਆ ਵਿਚ ਗੈਰ-ਕਾਨੂੰਨੀ ਕਾਮੇ ਨੂੰ ਆਪਣੇ ਵਪਾਰਕ ਅਦਾਰੇ ਵਿਚ ਦਿਹਾੜੀ-ਦੱਪਾ ਕਰਾਉਣ  ਵਾਲੇ ਕੰਪਨੀ ਮਾਲਕ ਨੂੰ 10 ਹਜ਼ਾਰ ਪੌਂਡ (ਸਾਢੇ 9 ਲੱਖ ਰੁਪਏ) ਜੁਰਮਾਨਾ ਕੀਤਾ ਜਾਂਦਾ ਹੈ ਅਤੇ ਗੈਰ- ਕਾਨੂੰਨੀ ਪਰਵਾਸੀ ਨੂੰ ਆਪਣੇ ਘਰ ਵਿਚ ਕਮਰਾ ਕਿਰਾਏ 'ਤੇ ਦੇਣ ਬਦਲੇ 3000 ਪੌਂਡ (ਪੌਣੇ ਤਿੰਨ ਲੱਖ  ਰੁਪਏ) ਜੁਰਮਾਨਾ ਕੀਤਾ ਜਾਂਦਾ ਹੈ।

      ਬਰਤਾਨੀਆ ਦਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਖੁਦ ਛਾਪੇ ਮਾਰਨ  ਲੱਗ ਪਿਆ ਹੈ। ਬੀਤੀ 20 ਨਵੰਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਕਾ ਨੇ ਇਕ ਭਾਸ਼ਨ ਰਾਹੀਂ ਐਲਾਨ  ਕੀਤਾ ਹੈ ਕਿ ਅਮਰੀਕਾ ਵਿਚ 5 ਵਰੇ ਤੋਂ ਵੱਧ ਰਹਿਣ ਵਾਲੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਆਮ  ਮੁਆਫੀਨਾਮਾ ਦਿੱਤਾ ਜਾਵੇਗਾ, ਜਿਸ ਦੇ ਅਧੀਨ ਅਮਰੀਕਾ ਵਿਚ ਉਨਾਂ ਦੇ ਜਨਮੇ ਬੱਚਿਆਂ ਦੇ ਆਧਾਰ  'ਤੇ ਉਹ ਮਾਪੇ ਅਮਰੀਕਾ ਵਿਚ ਰਹਿ ਵੀ ਸਕਣਗੇ ਅਤੇ ਇੱਥੇ ਬਣਾਏ ਜਾਂ ਜਨਮੇ ਬੱਚਿਆਂ ਦੇ ਆਧਾਰ 'ਤੇ ਪਰਿਵਾਰਕ ਭੱਤੇ ਵੀ ਲੈ ਸਕਣਗੇ।  ਅਮਰੀਕਾ ਦੇ ਗ੍ਰਹਿ ਵਿਭਾਗ, ਡਿਪਾਰਟਮੈਂਟ ਆਫ ਹੋਮ ਸਕਿਉਰਟੀ ਨੇ ਵਾਸ਼ਿੰਗਟਨ ਡੀ.ਸੀ. ਰਾਜਧਾਨੀ ਦੀ ਵੱਖੀ ਵਿਚ ਵਰਜੀਨੀਆ ਵਿਖੇ ਇਨਾਂ ਲੱਖਾਂ ਪਰਵਾਸੀਆਂ ਦੇ ਕਾਗਜ਼ਾਂ ਦੀ ਛਾਣਬੀਣ ਕਰਨ ਲਈ 1000 ਕਰਮਚਾਰੀਆਂ ਦੀ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜੋ ਲਗਭਗ 50 ਲੱਖ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਰਹਿੰਦੇ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ 'ਤੇ ਰਹਿਣ ਵਿਚ ਸਹਾਈ ਹੋਣਗੇ।

ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ

Section: