ਸਾਡਾ ਕੌਣ ਸਾਂਈ ਸਿਦਕੋਂ ਹਾਰਿਆ ਦਾ? ---ਬੀਰ ਦਵਿੰਦਰ ਸਿੰਘ

On: 26 December, 2014

ਸਾਡਾ ਕੌਣ ਸਾਂਈ ਸਿਦਕੋਂ ਹਾਰਿਆ ਦਾ? ---

ਬੀਰ ਦਵਿੰਦਰ ਸਿੰਘ

ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ: "ਸਿੱਖ ਵੇਦਨਾ ਦੇ ਝਰੋਖੇ" ਚੋਂ ਇੱਕ ਅਨੂਠਾ ਅਨੁਭਵ ਹਰ ਵਰ੍ਹੇ ਜਦੋਂ ਪੋਹ ਦਾ ਮਹੀਨਾ ਆਊਂਦਾ ਹੈ, ਮਨ ਅਜੀਬ ਜੇਹੀ ਉਦਾਸੀਨਤਾ ਵਿੱਚ ਗਵਾਚ ਜਾਂਦਾ ਹੈ।ਗੁਰੂ ਦਸਮ ਪਾਤਸ਼ਾਹਿ ਦੇ ਛੋਟੇ ਸਾਹਿਬਜ਼ਾਦਿਆਂ ਨੂੰ,ਜ਼ਿੰਦੇ ਦੀਵਾਰਾਂ ਵਿੱਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ ਰੂਹ ਕੰਬ ਉੱਠਦੀ ਹੈ।ਇੱਕ ਭਾਵਮਈ ਵਿਕਰਾਲ ਪੀੜਾ ਦੀ ਕਸਕ, ਕਲੇਜੇ ‟ਚ ਧੂਹ ਪਾਵਣ ਲਗਦੀ ਹੈ।ਸੋਚਣ ਲੱਗ ਪੈਂਦਾ ਹਾਂ ਕਿ ਇਹ ਸਾਰਾ ਕੁੱਝ ਕਿੰਝ ਵਾਪਰਿਆ ਹੋਵੇਗਾ! ਗਿਆਰਾਂ ਪੋਹ (੨੬ ਦਸੰਬਰ) ਦੀ ਸਰਦ ਰਾਤ, ਆਖਰਾਂ ਦੀ ਠੰਡ ਵਿੱਚ, ਮਾਤਾ ਗੁਜਰੀ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ, ਆਪਣੇ ਦੋ ਲਾਡਲੇ ਪੋਤਿਆਂ ਬਾਬਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ) ਅਤੇ ਬਾਬਾ ਫਤਿਹ ਸਿੰਘ (ਉਮਰ ਸੱਤ ਸਾਲ) ਨਾਲ, ਕਿਸੇ ਓਡਨ ਅਤੇ ਬਿਸਤਰ ਤੋਂ ਬਗੈਰ ਕਿੰਝ ਗੁਜ਼ਾਰੀ ਹੋਵੇਗੀ! ਮਾਸੂਮ ਸਾਹਿਬਜ਼ਾਦਿਆਂ ਦੇ ਅਨੇਕਾਂ ਹੀ ਸਵਾਲਾਂ ਦੇ ਜਵਾਬ ਮਾਤਾ ਗੁਜਰੀ ਨੇ ਕਿੰਝ ਦਿੱਤੇ ਹੋਣਗੇ, ਦੂਸਰੀ ਸਵੇਰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਦ ਖਾਂ ਦੀ ਕਚੈਹਰੀ ਵੱਲ ਤੋਰ ਕੇ ਮਾਤਾ ਗੁਜਰੀ ਜੀ ਤੇ ਕੀ ਗੁਜ਼ਰੀ ਹੋਵੇਗੀ?


  

ਸੂਬਾ ਸਰਹੰਦ ਵਜੀਦ ਖਾਂ ਵੱਲੋਂ, ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਤੋਂ ਪਹਿਲਾਂ ਦਿੱਤੇ ਅਕਿਹ ਤਸੀਹਿਆ ਦਾ ਖ਼ਿਆਲ ਮਨ ਵਿੱਚ ਆਊਂਦਿਆਂ ਹੀ, ਹਿਰਦੇ ਨੂੰ ਕੰਬਣੀ ਛਿੜ ਜਾਂਦੀ ਹੈ ਤੇ ਸਰਹੰਦ ਦੀਆਂ ਖੂਨੀ ਦੀਵਾਰਾ ਦਾ ਭਾਰ ਮੈਨੂੰ ਆਪਣੀ ਛਾਤੀ ਤੇ ਮਹਿਸੂਸ ਹੋਣ ਲੱਗਦਾ ਹੈ। ਪਲਾਂ ਛਿੰਨਾ ਵਿੱਚ ਹੀ ਇੱਕ ਅਗਾਧੀ ਪੀੜਾ, ਅਗੋਚਰੀ ਸੰਵੇਦਨਾ ਰਾਹੀਂ, ਮੇਰੇ ਰੋਮ-ਰੋਮ ਵਿੱਚ ਪਸਰ ਜਾਂਦੀ ਹੈ ਤੇ ਮੈਂ ਅੱਥਰੂ-ਅੱਥਰੂ ਹੋ ਉੱਠਦਾ ਹਾਂ; ਮੇਰੇ ਦੀਦਿਆਂ ਵਿੱਚ ਸਮਾਇਆ ਲੂਣਾ ਪਾਣੀ, ਹਯਾਤੀ ਦਾ ਦਰਦ ਬਣਕੇ ਆਪ ਮੁਹਾਰੇ ਵਹਿ ਤੁਰਦਾ ਹੈ। ਸਰਹੰਦ ਦੇ ਸ਼ਹੀਦੀ ਸਾਕੇ ਦੀ ਸਿੱਕ ਵਿੱਚ ਗਵਾਚਿਆ ਮੇਰਾ ਜਨੂਨ, ਮਨੁੱਖੀ ਇਤਿਹਾਸ ਦੇ ਦਰਦਨਾਕ ਸਾਕਿਆਂ ਦੀ ਫ਼ਹਿਰਿਸ਼ਤ ਵਿੱਚੋਂ, ਸਾਕਾ ਸਰਹੰਦ ਜਿਹੇ ਕਿਸੇ ਵੀ ਹੋਰ ਮੰਜ਼ਰ ਦੀਆਂ, ਸਮਾਨਾਂਤਰ ਅਵਸਥਾਵਾਂ ਦੀ ਤਲਾਸ਼ ਵੱਲ ਟੁਰ ਪੈਂਦਾ ਹੈ।ਮੇਰੀ ਤਲਾਸ਼, ਲੱਗਪੱਗ ਦੋ ਹਜ਼ਾਰ ਸਾਲ ਪਹਿਲਾਂ ਵਾਪਰੇ, ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਮੰਜ਼ਰ ਤੇ ਜਾ ਰੁਕਦੀ ਹੈ। ਮੈਂ ਸਰਹੰਦ ਦੀਆਂ ਉਦਾਸ ਜੂਹਾਂ ਵਿੱਚ ਖਲੋਤਾ, ਉਨ੍ਹਾਂ ਵਰਤਾਰਿਆਂ ਦਾ ਤੁਲਨਾਤਮਕ ਅਨੁਭਵ, ਘਟਨਾਵਾਂ ਦੇ ਪਰਿਪੇਖ ਵਿੱਚ, ਵਕਤ ਦੀ ਕਸੌਟੀ ਤੇ ਪਰਖਣ ‟ਚ ਗਵਾਚ ਜਾਂਦਾ ਹਾਂ। ਸਮੇਂ ਦੇ ਝਰੋਖਿਆਂ ਵਿੱਚੋਂ , ਹਜ਼ਰਤ ਈਸਾ ਦੀ ਸਲੀਬਕਸ਼ੀ ਪ੍ਰਤੀ ਅਪਣਾਏ , ਹਜ਼ਰਤ ਈਸਾ ਦੇ ਪੈਰੋਕਾਰਾਂ ਦੇ ਸਰੋਕਾਰਾਂ ਤੇ ਨਜ਼ਰ ਮਾਰਦਾ ਹੋਇਆ, ਉਨ੍ਹਾਂ ਦੇ ਚੇਤਿਆਂ ਵਿੱਚ ਸਮਾਈ ਵੇਦਨਾ ਤੱਕ ਅਪੜਨ ਦੀ ਕੋਸ਼ਿਸ਼ ਕਰਦਾ ਹਾਂ।

   ਇਸ ਤੁਲਨਾਤਮਕ ਅਨੁਭਵ ਵਿੱਚ, ਮੈਨੂੰ ਯੂਰਪ ਦੇ ਇੱਕ ਮਹਾਨ ਸੰਤ, ਸੰਤ ਫਰਾਂਸਿਸ ਦੀ ਜੀਵਨੀ ਪ੍ਰਭਾਵਿਤ ਕਰਦੀ ਹੈ।ਸੰਤ ਫਰਾਂਸਿਸ ਦਾ ਜਨਮ ਇਟਲੀ ਦੇ ਅਸਿੱਸੀ ਨਾਮੀ ਗਿਰਾਂ ਵਿੱਚ, ਤੇਰ੍ਹਵੀ ਸਦੀ ਮਸੀਹੀ ਵਿੱਚ ਹੋਇਆ ਦੱਸਿਆ ਜਾਂਦਾ ਹੈ। ਸਵਰਗਵਾਸੀ ਸਿਰਦਾਰ ਕਪੂਰ ਸਿੰਘ ਆਈ.ਸੀ.ਐਸ ਦੁਆਰਾ ਰਚਿੱਤ ਪੁਸਤਕ „ਸਪਤ ਸ਼੍ਰਿੰਗ‟, ਜੋ ਵਿਸ਼ਵ ਦੇ ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿਤ੍ਰ ਦਾ ਵਿਖਿਆਤ ਵਰਨਣ ਕਰਦੀ ਹੈ, ਅਨੁਸਾਰ ਮਹਾਤਮਾ ਫਰਾਂਸਿਸ ਦਾ ਜੀਵਨ-ਕਾਲ ਲੱਗ-ਪੱਗ ੧੧੮੧ ਤੋਂ ਲੈ ਕੇ ੧੨੨੬ ਈਸਵੀ ਨੀਯਤ ਕੀਤਾ ਗਿਆ ਹੈ।ਇਸ ਮਹਾਤਮਾ ਨੇ ਹਜ਼ਰਤ ਈਸਾ ਦੀ ਸਲੀਬਕਸ਼ੀ ਦਾ ਦਰਦ, ਹਜ਼ਰਤ ਈਸਾ ਦੀ ਸਿਮ੍ਰਿਤੀ ਵਿੱਚ ਲੀਨ ਹੋ ਕੇ, ਇਸ ਕਦਰ ਹੰਢਾਇਆ, ਕਿ ਅੰਤ ਨੂੰ ਇਸ ਮਾਨਸਿਕ ਕਸ਼ਟ ਕਾਰਨ, ਸੰਤ ਫਰਾਂਸਿਸ ਦੇ ਹੱਥਾਂ ਅਤੇ ਪੈਰਾਂ ਵਿੱਚ ਵੀ ਉਸੇ ਤਰ੍ਹਾਂ ਦੇ ਜ਼ਖਮ ਪ੍ਰਗਟ ਹੋ ਗਏ, ਜੋ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ, ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡ ਦੇਣ ਕਾਰਨ ਹੋ ਗਏ ਸਨ। ਯੂਰਪ ਵਿੱਚ ਪ੍ਰਚਲਤ ਕਥਾ-ਕਹਾਣੀਆਂ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ ਤੇ ਪ੍ਰਗਟ ਹੋਏ ਇਨ੍ਹਾਂ ਨਾਸੂਰਾਂ ਵਿੱਚੋਂ ਹਰ ਵੇਲੇ ਲਹੂ ਸਿੰਮਦਾ ਰਹਿੰਦਾ ਸੀ।ਸੰਤ ਫਰਾਂਸਿਸ ਦੀ ਹਜ਼ਰਤ ਈਸਾ ਪ੍ਰਤੀ ਸ਼ਰਧਾ ਤੇ ਮੁਕਮੰਲ ਸਮਰਪਣ, ਉਸ ਨੂੰ ਈਸਾਈਅਤ ਦੇ ਇਤਿਹਾਸ ਵਿੱਚ „ਦਰਦ ਦੇ ਮੁਜੱਸਮੇ‟ ਵੱਜੋਂ ਸਥਾਪਤ ਕਰਦਾ ਹੈ।
   ਸੰਤ ਫਰਾਂਸਿਸ ਦੀ ਜੀਵਨੀ ਦੇ ਪਰਿਪੇਖ ਵਿੱਚ, ਇਹ ਅਨੁਭਵ ਸਿੱਖ ਕੌਮ ਲਈ ਵਿਚਾਰਨ ਯੋਗ ਹੈ; ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸਹੀਦੀ ਤੋਂ ਪਹਿਲਾਂ, ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇ ਜੋ ਤਸੀਹੇ ਮਾਸੂਮ ਸਾਹਿਬਜ਼ਾਦਿਆ ਨੇ ਆਪਣੇ ਪਿੰਡੇ ਤੇ ਹੰਢਾਏ, ਕੀ ਉਸ ਕਹਿਰ ਨੂੰ ਯਾਦ ਕਰਕੇ, ਕਦੇ ਸਾਡੀ ਰੂਹ ਵੀ ਤੜਫ਼ਦੀ ਹੈ ? ਕੀ ਅਸੀਂ ਵੀ ਕਦੇ ਸਿੱਖ ਹੋਣ ਦੇ ਨਾਤੇ, ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਭਾਰ ਮਹਿਸੂਸ ਕੀਤਾ ਹੈ? ਕੀ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾ ਦੇ ਸਨਮੁੱਖ ਖੜੇ ਹੋ ਕੇ, ਆਪਣੇ, ਅੰਦਰਲੇ ਸਿੱਖੀ ਸਿਦਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ? ਕੀ ਅੱਜ ਹਰ ਸਿੱਖ ਦਾ ਆਪਣੇ ਅੰਦਰ ਅੰਤਰ-ਝਾਤ ਪਾਊਣ ਦਾ ਸਮਾ ਨਹੀਂ ਹੈ? ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪ੍ਰਵਾਹ ਨਾ ਕਰਦੇ ਹੋਏ, ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ, ਇਸ ਲਈ ਹੀ ਉਨ੍ਹਾਂ ਦੇ ਸ਼ਹੀਦੀ ਅਸਥਾਨ ਤੇ ਦੁਨੀਆਂ ਭਰ ਦੇ ਅਕੀਦਤਮੰਦ, ਉਨ੍ਹਾਂ ਦੇ „ਸਿੱਖੀ ਸਿਦਕ‟ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ। ਪਰ ਅਸੀਂ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਦੇ ਸਿੱਖ, ਆਪਣਾ ਸਿੱਖੀ ਸਿਦਕ ਕਿਓਂ ਹਾਰ ਰਹੇ ਹਾਂ ? ਸਾਡੀ ਸਿਦਕਂੋ ਹਾਰਿਆਂ ਦੀ, ਅੰਤ ਨੂੰ ਬਹੁੜੀ ਕੌਣ ਕਰੂ? ਕੀ ਕਦੇ ਇਕੱਲੇ ਬੈਠ ਕੇ ਸੋਚਿਆ ਹੈ ਕਿ ਅਸੀਂ ਕਿਸ ਅਧੋਗਤੀ ਵੱਲ ਨੂੰ ਜਾ ਰਹੇ ਹਾਂ? ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ, ਕਿ ਅੱਜ ਸਿੱਖਾਂ ਦੇ ਘਰਾਂ ਵਿੱਚੋਂ„ਊੜਾ (a) ਅਤੇ ਜੂੜਾ‟ ਦੋਹਵੇਂ ਹੀ ਗਵਾਚ ਰਹੇ ਹਨ, ਅਸੀਂ ਸਿੱਖੀ ਸਰੂਪ ਅਤੇ ਸਿੱਖ-ਅਦਬ ਨੂੰ ਖੁਦ ਹੀ ਢਾਅ ਲਾਈਂ ਜਾ ਰਹੇ ਹਾਂ। ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ! ਇੰਝ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿੱਚ, ਆਪਣੇ ਗੌਰਵ ਦਾ, ਅਚੇਤ ਅਤੇ ਸੁਚੇਤ ਰੂਪ ਵਿੱਚ ਨਿਰਾਦਰ ਕਰਦੇ ਰਹਿੰਦੇ ਹਾਂ ।ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਤੇ ਕੇਸਾਂ ਨਾਲ ਹਨ, ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਸਾਡੀ ਅੱਡਰੀ ਪਹਿਚਾਣ ਸਥਾਪਤ ਕਰਦੀਆਂ ਹਨ। ਖਾਲਸਾ ਜੀ ਚੇਤ ਰੱਖੋ ! ਕਿ ਜਦੋਂ ਦਸਤਾਰਾਂ ਤੇ ਕੇਸ ਗਵਾਚਦੇ ਹਨ ਤਾਂ ਇੱਜ਼ਤਾਂ ਵੀ ਸਾਥ ਛੱਡ ਜਾਂਦੀਆਂ ਹਨ।

   ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਜੁੜੀਆਂ ਭੀੜਾਂ ਵਿੱਚੋਂ, ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ, ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਹਨ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ ੩੧੦ ਸਾਲ ਬਾਦ, ਅੱਜ ਸਿੱਖ ਕਿੱਥੇ ਖੜ੍ਹੇ ਹਨ ? ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੀਆਂ ਸਿਆਸੀ ਕਾਨਫਰੰਸਾਂ ਵਿੱਚ, ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਲੀਡਰ, ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ, ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈ ਰਹੇ ਹਨ। ਇੱਕ ਦੂਸਰੇ ਖ਼ਿਲਾਫ਼ ਗਾਲੀ-ਗਲੋਚ ਕਰਦੇ ਇਹ ਲੀਡਰ, ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰੀ ਨਾਮ ਤੱਕ ਵੀ ਨਹੀਂ ਲੈਂਦੇ, ਅਕੀਦਤ ਭੇਂਟ ਕਰਨਾ ਤਾਂ ਦੂਰ ਦੀ ਗੱਲ ਹੈ! ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ? ਹਨੇਰ ਸਾਂਈ ਦਾ, ਅੱਜ ਉਸੇ ਧਰਤੀ ਤੇ ਸ਼ਹੀਦੀ ਦਿਹਾੜੇ ਸਮੇਂ, ਲੋਕ ਚੰਡੋਲਾਂ ਝੂਟਦੇ ਤੇ ਚਾਂਗਰਾਂ ਮਾਰਦੇ ਫਿਰਦੇ ਹਨ। ਥਾਂ ਥਾਂ ਲੰਗਰਾਂ ਵਿੱਚ ਪਕਦੇ ਲਜ਼ੀਜ਼ ਪਕਵਾਨ, ਗਰਮ-ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ, ਹੂਟਰ ਮਾਰਦੀਆਂ ਵਜ਼ੀਰਾਂ ਅਤੇ ਸਮਰੱਥ ਅਧਿਕਾਰੀਆਂ ਦੀਆਂ ਕਾਰਾਂ, ਗੁਰਦਵਾਰਾ ਫਤਿਹਗੜ੍ਹ ਸਾਹਿਬ ਅਤੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਉਪਰ ਮੰਡਲਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ, ਆਖਿਰ ਇਹ ਵਰਤਾਰੇ, ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹਨ?

ਆਓ ਹੁਣ ਜ਼ਰਾ ਦੂਸਰੀਆਂ ਕੌਮਾਂ ਦੇ ਸ਼ਹੀਦਾ ਪ੍ਰਤੀ, ਉਨ੍ਹਾਂ ਕੌਮਾਂ ਦੇ ਅਨੁਯਾਈਆਂ ਵੱਲੋਂ ਅਪਣਾਏ ਸ਼ਰਧਾ ਦੇ ਵਰਤਾਰਿਆਂ ਤੇ ਇੱਕ ਤੁਲਨਾਵਾਚੀ ਨਜ਼ਰ ਮਾਰੀਏ। ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ, ਅੱਜ ਤੋਂ ਕੋਈ ੧੩੩੪ ਸਾਲ ਪਹਿਲਾਂ ੬੮੦ ਈਸਵੀ ੬੧ ਹਿਜ਼ਰੀ ਨੂੰ, ਇੱਕ ਡੂੰਘੀ ਸਾਜਿਸ਼ ਦੇ ਤਹਿਤ, ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ, ਦਰਿਆ ਫ਼ਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿੱਚ, ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ਤੇ ਹਮਲਾ ਕਰਕੇ ਉਨ੍ਹਾਂ ਨੂੰ ੭੨ ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪ੍ਰੀਵਾਰ ਦੇ ੧੮ ਸਦੱਸ ਵੀ ਸ਼ਾਮਿਲ ਸਨ।ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ ੫੮ ਸਾਲ ਸੀ ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਉਮਰ ੧੮ ਸਾਲ ਤੇ ਅਲੀ ਅਸਗਰ ਜਿਸ ਦੀ ਉਮਰ ਉਸ ਵਕਤ ਕੇਵਲ ੬ ਮਹੀਨੇ ਦੀ ਸੀ, ਦੋ ਭਾਣਜੇ, ਔਨ ਅਤੇ ਮੁਹੰਮਦ, ਕਰਮਵਾਰ ੯ ਅਤੇ ੧੦ ਸਾਲ ਦੀ ਉਮਰ ਦੇ ਸਨ। ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਮਾਨਾ ਵੱਲੋਂ, ਹਰ ਸਾਲ, ਦਸ ਮੁਹੱਰਮ ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈ।ਮੁਹੱਰਮ ਇਸਲਾਮੀ ਕਲੰਡਰ ਦਾ ਪਿਹਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿੱਚ ਨਹਾਇਤ ਅਫ਼ਸੋਸਨਾਕ ਸਮਾ ਮੰਨਦੇ ਹਨ।ਏਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ, ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵੱਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ। ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ।ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਂਣ ਲਈ ਲੋੜੀਂਦਾ ਹੈ, ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇ ਵਿੱਚ ਨਹੀਂ ਪਕਾਏ ਜਾਂਦੇ। ਮੁਹੱਰਮ ਦਾ ਸਮਾ, ਗ਼ਮ- ਏ-ਹੁਸੈਨ ਦੇ ਤੌਰ ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ, ਯਾ-ਹੁਸੈਨ ਯਾ-ਹੁਸੈਨ ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ, ਲਹੂ ਦਾ ਨਜ਼ਰਾਨਾ ਭੇਂਟ ਕਰਦੇ ਹਨ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿੱਚ ਭਾਰੀ ਮਹੱਤਵ ਰਖਦਾ ਹੈ।ਸਰ ਮੁਹੰਮਦ ਇਕਬਾਲ ਲਿਖਦੇ ਹਨ,

" ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ- ਯਦੀਦ ਹੈ,
ਇਸਲਾਮ ਜ਼ਿੰਦਾ ਹੋਤਾ ਹੈ ਹਰ „ਕਰਬਲਾ‟ ਕੇ ਬਾਦ"

ਕਰਬਲਾ ਦੇ ਪ੍ਰਸੰਗ ਵਿੱਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ, ਆਓ ਹੁਣ ਸਰਬੰਸ ਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ। ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ ੯ ਸਾਲ ਸੀ ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ ੭ ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ, ਸੂਬਾ ਸਰਹੰਦ ਵਜੀਦ ਖਾਂ ਦੇ ਹੁਕਮ ਨਾਲ ੧੩ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੭ ਦਸੰਬਰ ੧੭੦੪ ਈਸਵੀ ਨੂੰ ਜਿਊਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ aਸਾਰੇ ਜਾਣ ਤੋਂ ਬਾਦ, ਵਾਰ-ਵਾਰ ਡਿਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕੀਤਾ ਗਿਆ।ਇਸ ਦਿਲ-ਕੰਬਾਊ ਘਟਨਾ ਨੂੰ, ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ, „ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ‟ ਛਾਪ ਪਹਿਲੀ, ਪੰਨਾ ਨੰਬਰ ੧੭੯ ਬੰਦ ੫੮੧ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ;

" ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ।
ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ।
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ॥"

 (ਭਾਵ ਬਾਬਾ ਜ਼ੋਰਾਵਰ ਸ਼ਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ ੯ ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ੭ ਸਾਲ ੬ ਮਹੀਨੇ ਦੀ ਸੀ।ਬਾਬਾ ਜ਼ੋਰਾਵਰ ਸ਼ਿੰਘ ਜੀ ਕਟਾਰ ਦੇ ਵਾਰ ਨਾਲ ਸੀਸ ਕੱਟ ਦਿੱਤੇ ਜਾਣ ਨਾਲ ਤੁਰੰਤ ਹੀ ਜੋਤੀ ਜੋਤ ਸਮਾ ਗਏ ਐਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸੀਸ ਕੱਟ ਦਿੱਤੇ ਜਾਣ ਤੋਂ ਬਾਦ ਵੀ ਅੱਧੀ ਘੜੀ, ਭਾਵ ੧੨-੧੩ ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ)

ਉਸੇ ਹੀ ਦਿਨ, ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਛੋਟੇ ਸਾਬਿਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ, ਤਾਂ ਮਾਤਾ ਜੀ ਵੀ ਆਪਣਾ ਪੰਜ ਭੁਤਕ ਸ਼ਰੀਰ ਤਿਆਗ ਕੇ, ਜੋਤੀ ਜੋਤ ਸਮਾ ਗਏ ਅਤੇ ਅਕਾਲ ਪੁਰਖ ਦੀ ਗੋਦ ਵਿੱਚ, ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੁ। ਮਨੁੱਖਤਾ ਦੇ ਇਤਿਹਾਸ ਵਿੱਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਕਹਿਰਮਈ ਮੰਜ਼ਰ, ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ ਜੀ ਦੇ ਵੱਡੇ ਦੋਵ੍ਹੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇ ਉਮਰ ੧੮ ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪ ਸਾਲ ਸੀ, ਇਹ ਦੋਵ੍ਹੇਂ ਸਾਹਿਬਜ਼ਾਦੇ, ੮ ਪੋਹ ਸੰਮਤ ੧੭੬੧ ਬਿਕ੍ਰਮੀ ਅਰਥਾਤ ੨੨ ਦਸੰਬਰ ੧੭੦੪ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਮ੍ਹਣੇ, ਦੁਸ਼ਮਣਾ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿੱਚ, ਵੱਡੀ ਵੀਰਤਾ ਨਾਲ ਜੂਝਦਿਆਂ ਸ਼ਹੀਦੀਆਂ ਪਾ ਹਏ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ।ਇਨ੍ਹਾਂ ਸ਼ਹਾਦਤਾਂ ਨੂੰ ਹਾਲੇ ੩੧੦ ਵਰ੍ਹੇ ਹੋਏ ਹਨ। ਕੌਮਾ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ, ਇਹ ਅਵਧੀ ਕੋਈ ਬਹੁਤ ਜ਼ਿਆਦਾ ਨਹੀਂ ਕਿ ਸਿੱਖ ਕੌਮ ਦੇ ਚੇਤਿਆਂ ਵਿੱਚੋਂ, ਛੋਟੇ ਸਾਬਿਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ !

ਸ਼ਹੀਦਾ ਨੂੰ ਇੱਕ ਖ਼ਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ, ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਹੁੰਦੀ ਹੈ।ਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ।ਸ਼ਹਾਦਤਾਂ ਦੇ ਸੱਚ ਤਾਂ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ। ਸ਼ਹੀਦਾ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਜਥ ਮੱਧਮ ਨਹੀਂ ਪੈਂਦੀਆਂ, ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ, ਉਨ੍ਹਾਂ ਦੇ ਜਜ਼ਬਾਤਾਂ ਅੰਦਰ, ਸਦਾ ਸਲਾਮਤ ਰਹਿੰਦੀ ਹੈ। ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ, ਸਮੇਂ ਦੀ ਗਰਦਸ਼ ਨਾਲ ਕਮਜ਼ੋਰ ਪੈ ਜਾਂਦੇ ਹਨ; ਸਮਾ ਪਾ ਕੇ, ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ ਅਤੇ ਸਮਰੱਥਾ ਹੀ ਮਰ ਜਾਂਦੀ ਹੈ, ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ਤੇ ਬੋਝ ਹੀ ਹੁੰਦੇ ਹਨ। ਜਿਨ੍ਹਾਂ ਘਰਾਂ ਵਿੱਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ ਸ਼ਮ੍ਹਾਂ ਨਹੀ ਜਗਦੀ ,ਉਹ ਘਰ, ਘਰ ਨਹੀਂ ਹੁੰਦੇ, ਭੂਤਵਾੜੇ ਹੁੰਦੇ ਹਨ, ਅਜਿਹੇ ਸਰਾਪੇ ਘਰਾਂ ਵਿੱਚ ਤਾਂ ਦੀਵੇ ਵੀ ਲੋਅ ਨੂੰ ਤਰਸਦੇ ਰਹਿ ਜਾਂਦੇ ਹਨ।

ਇਹ ਸਾਲ ੨੦੦੩ ਦਾ ਜ਼ਿਕਰ ਹੈ, ਮੈਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ „ਅੰਤਰ-ਧਰਮ ਇੱਕ ਅਨੁਭਵ‟ ਵਿਸ਼ੇ ਤੇ ਆਯੋਜਤ ਇੱਕ ਗਿਆਨ-ਗੋਸ਼ਟੀ ਵਿੱਚ ਵਿਚਾਰ ਪੇਸ਼ ਕਰ ਰਿਹਾ ਸੀ। ਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਮ੍ਹਣੇ ਵਾਲੀ ਦੀਵਾਰ ਤੇ, ਹਜ਼ਰਤ ਈਸਾ ਦੀ ਇੱਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ ਤੇ ਲਟਕ ਰਹੀ ਸੀ, ਹਜ਼ਰਤ ਈਸਾ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿੱਚੋਂ ਖ਼ੂਨ ਸਿਮੰਦਾ ਦਿਖਾਇਆ ਹੋਇਆ ਸੀ। ਮੈ ਆਪਣੀ ਤਕਰੀਰ ਹਜ਼ਰਤ ਈਸਾ ਦੀ ਸਲੀਬਕਸ਼ੀ ਦੇ ਜ਼ਿਕਰ ਨਾਲ ਆਰੰਭ ਕੀਤੀ, ਉਸ ਤੋਂ ਬਾਦ ਆਪਣੀ ਬੋਲਣ ਵਿਧੀ ਰਾਹੀਂ, ਆਪਣੀ ਜਾਣ-ਪਛਾਣ ਦੇਣ ਸਮੇਂ, ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿੱਚੋਂ ਦੀ, ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ।ਸਰੋਤੇ ਸਾਹ ਸੂਤਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ, ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਆ ਖੜ੍ਹੇ ਹੋਏ ਸਨ । ਸਰੋਤਿਆਂ ਦੀ ਪਹਿਲੀ ਕਤਾਰ ਵਿੱਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ aਸਦੇ ਦੋਵ੍ਹੇਂ ਪਾਸੇ, ਸੱਜੇ ਅਤੇ ਖੱਬੇ, ਉਸਦੇ ਦੋ ਪੁੱਤਰ ਬੈਠੇ ਹੋਏ ਸਨ, ਜੋ ਉਮਰ ਵਿੱਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ। ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ, ਕਈ ਵਾਰੀ ਰੁਮਾਲ ਨਾਲ, ਅੱਖਾਂ ਵਿੱਚੋਂ ਲਗਾਤਾਰ ਵਗ ਰਹੇ ਹੰਝੂ ਪੂੰਝੇ ਸਨ। ਉਹ ਇੱਕ ਸਹਿਮੀ ਹੋਈ ਮਨੋ-ਅਵੱਸਥਾ ਵਿੱਚ, ਆਪਣੇ ਦੋਵ੍ਹਾਂ ਪੁਤੱਰਾਂ ਨੂੰ ਬਾਰ-ਬਾਰ ਆਪਣੀ ਹਿੱਕੜੀ ਨਾਲ ਲਾ ਰਹੀ ਸੀ। ਮੈਂ ਸਮਝ ਰਿਹਾ ਸੀ ਕਿ ਉਸਦੇ ਮਨ ਤੇ ਕੀ ਗੁਜ਼ਰ ਰਿਹਾ ਹੈ।ਸ਼ਾਇਦ ਉਹ ਉਸ ਵੇਲੇ ਤਸੱਵਰ ਵਿੱਚ, ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ, ਜ਼ਬਰਦਸਤ ਮਾਨਸਿਕ ਪੀੜਾ ਵਿੱਚ, ਉਨ੍ਹਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ, ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤੱਕ ਹੰਢਾਏ ਸਨ। ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿੱਚ ਇੱਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ, ਲੱਗਪੱਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ।ਮੈਂ ਖੁਦ ਵੀ ਸਿਰ ਤੋਂ ਪੈਰਾਂ ਤੱਕ ਅੱਥਰੂ-ਅੱਥਰੂ ਸਾਂ।ਕੁੱਝ ਪਲ ਦੀ ਖ਼ਾਮੋਸ਼ੀ ਤੋਂ ਬਾਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਦੁਬਿੱਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ। ਬੱਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇੱਕ-ਇੱਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿੱਚੋਂ ਕੁੱਝ ਕੁ ਸਵਾਲ ਅਜਿਹੇ ਸਨ, ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਸਵਾਲ ਸਿੱਖ ਸੰਗਤਾਂ ਨਾਲ ਸਾਂਝੇ ਕਰਨੇ ਜਰੂਰੀ ਹਨ।

ਪਹਿਲਾ ਸਵਾਲ ਇਸਤਰ੍ਹਾਂ ਸੀ:    ਇਹ ਦੱਸੋ ਕਿ ਗੁਰੂ ਗੋਬੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ, ਵਜੀਦ ਖਾਂ ਦੀ ਕਚਿਹਰੀ ਵਿੱਚ ਜਾਣ ਤੋਂ ਪਹਿਲਾਂ, ਕਿਸ ਦੀ ਸੰਗਤ ਵਿੱਚ ਸਨ? ਅਜੇਹੀ ਕਿਹੜੀ ਮਹਾਨ ਪ੍ਰੇਰਨਾ ਸੀ ਜਿਸਦੇ ਸਦਕਾ, ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏੇ, ਡੋਲਣ ਅਤੇ ਘਬਰਾਉਣ ਦੀ ਬਜਾਏ, ਜਿਊਣ ਦੀ ਇੱਛਾ ਦੇ ਇਖ਼ਿਤਿਆਰ ਨੂੰ ਠੁਕਰਾ ਕੇ, ਸਿੱਖੀ ਸਿਦਕ ਤੇ ਕਾਇਮ ਰਹਿੰਦੇ ਹੋਏ, ਮੌਤ ਮਨਜ਼ੂਰ ਕਰਨ ਨੂੰ ਹੀ ਤਰਜੀਹ ਦਿੱਤੀ?

ਦੂਸਰਾ ਸਵਾਲ ਇਸਤਰ੍ਹਾਂ ਸੀ:

    ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕੀਤਾ, ਤਾਂ ਇਸ ਦਰਦਨਾਕ ਪ੍ਰਕਿਰਿਆ ਵਿੱਚ ਲੱਗ-ਪੱਗ ਕਿੰਨਾ ਕੁ ਸਮਾ ਲੱਗਾ ਹੋਵੇਗਾ, ਜਦੋਂ ਇਹ ਸਮਾ, ਹਰ ਸਾਲ ਆਉਂਦਾ ਹੈ, ਤਾਂ ਸਮੁੱਚੀ ਸਿੱਖ ਕੌਮ, ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ? ਇਸ ਸਮੇਂ ਵਿੱਚ, ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਝ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕਤ ਤੇ, ਸਿੱਖ ਮਨਾਂ ਦੀ ਵੇਦਨਾ ਅਤੇ ਅਮਲ ਕਿਹੋ ਜਿਹੇ ਹੁੰਦੇ ਹਨ?
ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ। ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਸੁਣਕੇ ਹੀ ਹੰਝੂ ਵਹਿ ਤੁਰੇ ਸਨ, ਮੇਰੇ ਲਈ ਇਹ ਦੱਸਣਾ ਕਿੰਨਾ ਕਠਨ ਸੀ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ, ਵਿਆਹ ਸ਼ਾਦੀਆਂ ਵੀ ਰਚਾਉਣ ਲੱਗ ਪਏ ਹਨ।ਇੱਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦਾ ਸਮਾ ਆਉਂਦਾ ਹੈ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ, ਬਰਾਤਾਂ ਢੁਕਦੀਆਂ ਹਨ, ਸ਼ਹਿਨਾਈਆਂ ਦੀ ਗੂੰਜ ਵਿੱਚ ਕੁੜਮ ਮਿਲਣੀਆਂ ਕਰਦੇ ਹਨ, ਸਿੱਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਤੇ ਖਰਮਸਤੀਆਂ ਕਰਦੇ ਹਨ, ਸ਼ਹੀਦੀ ਜੋੜ ਮੇਲੇ ਤੇ ਜੁੜਨ ਵਾਲੀ ਭੀੜ ਵਿੱਚ, ਅੱਧੇ ਤੋਂ ਵੱਧ ਲੋਕ ਸਿਰੋਂ ਨੰਗੇ ਅਤੇ ਰੋਡੀ-ਭੋਡੀ ਸਾਧ-ਸੰਗਤ ਅਖਵਾਉਣ ਵਿੱਚ ਹੀ ਫ਼ਖ਼ਰ ਮਹਿਸੂਸ ਕਰਦੇ ਹਨ।ਅੱਜ-ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ਸਮੇ ਲਾਏ ਗਏ ਲੰਗਰਾਂ ਵਿੱਚ ਲੱਡੂ-ਜਲੇਬੀਆਂ ਵੀ ਪਕਾਏ ਤੇ ਵਰਤਾਏ ਜਾਂਦੇ ਹਨ।ਸ਼ਹੀਦੀ ਜੋੜ ਮੇਲੇ ਤੇ ਪੁੱਜਣ ਵਾਲੀਆਂ ਸੰਗਤਾਂ ਲਈ, ਸੜਕਾਂ ਤੇ ਜਗ੍ਹਾ-ਜਗ੍ਹਾ ਲਾਏ ਜਾਂਦੇ ਲੰਗਰਾ ਵਿੱਚ, ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨਾ ਵਿੱਚ ਕੋਈ ਟਾਵਾਂ-ਟੱਲਾ ਹੀ ਕੇਸਧਾਰੀ ਹੁੰਦਾ ਹੈ, ਬਾਕੀ ਸਿੱਖਾਂ ਦੀ ਅੱਧੀ ਨਾਲੋ ਵੱਧ ਨੌਂਜਵਾਨ ਪੀੜ੍ਹੀ ਹੁਣ ਕੇਸ ਕਟਵਾ ਕੇ ਰੋਡੀ-ਭੋਡੀ ਹੋ ਗਈ ਹੈ।ਸ਼ਰਾਬ ਦੇ ਠੇਕੇ ਵੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ, ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਧਿਆਨ ਰੱਖਦੇ ਹੋਏ, ਬਾਕੀ ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਖੁਲ੍ਹੇ ਰੱਖੇ ਜਾਂਦੇ ਹਨ।ਮੇਰੇ ਪਾਸ ਇਸ ਸਵਾਲ ਦਾ ਵੀ ਕੋਈ ਜਵਾਬ ਨਹੀਂ ਸੀ, ਕਿ ਸਿੱਖ ਕੌਮ ਦੇ ਧਾਰਮਿਕ ਅਤੇ ਸਮਾਜਿਕ ਵਰਤਾਰਿਆਂ ਨੂੰ ਸੇਧ ਦੇਣ ਵਾਲੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨਾ ਨੇ, ਹਾਲੇ ਤੱਕ, ਇਹ ਤਹਿ ਹੀ ਨਹੀਂ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਜਿਊਂਦੇ ਚਿਣਨ ਦੀ ਪ੍ਰੀਕਿਰਿਆ ਤੋਂ ਸ਼ੁਰੂ ਹੋ ਕੇ, ਪਿਆਰੇ ਸਾਹਿਬਜ਼ਾਦਿਆਂ ਦੇ ਸਵਾਸ ਤਿਆਗ ਕੇ ਜੋਤੀ-ਜੋਤ ਸਮਾ ਜਾਣ ਤੱਕ ਦੇ ਸਮੇ ਦੇ ਦਰਮਿਆਨ, ਸਮੁੱਚੀ ਸਿੱਖ ਕੌਮ ਦੇ ਸਮੂਹਿਕ ਅਮਲ ਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?

    ਅਮਰੀਕਾ ਤੋਂ ਵਾਪਿਸ ਪਰਤਦਿਆਂ ਹੀ, ਮੈਂ ਸਭ ਤੋਂ ਪਹਿਲਾਂ ਇਹ ਦਰਦ, ਸਿੱਖ ਪੰਥ ਦੇ ਚੂੜਾਮਣੀ ਜੱਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝੇ ਕੀਤੇ, ਉਨ੍ਹਾਂ ਮੇਰੀ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਉਪਰਾਲੇ ਸ਼ੁਰੂ ਕੀਤੇ। ਬੜੀ ਖੋਜ ਤੋਂ ਬਾਦ ਸ਼ਹਾਦਤ ਦੇ ਸਮੇ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਹੀ ਮਿਲਿਆ ਹੈ ਜੋ ਸਵੇਰੇ ਦੇ ਤਕਰੀਬਨ ੯.੪੫ ਤੋਂ ੧੧ ਵਜੇ ਤੱਕ ਦਾ ਬਣਦਾ ਹੈ, ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਸ਼ਹਾਦਤ ਦਾ ਸਮਾ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ;
"ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ"

   ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆਂ ਸੀ।ਦਸਵੇਂ ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ,ਕਥਾ ਗੁਰੂ ਜੀ ਕੇ ਸੁਤਨ ਕੀ‟ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾ ਨੇ ਉਨ੍ਹਾਂ ਮਾਸੂਮਾਂ ਨੂੰ , ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,
"ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
ਤਬ ਮਲੇਰੀਏ ਕਹਯੋ; „ਜੜਾਂ ਤੁਮ ਜਾਂਹਿ ਹੀ
ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ"
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
"ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਰ ਸੀਸ ਕਢਵਾਏ
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ"

(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ:ਹੱਥ ਲਿਖਤ ਖਰੜਾ ਨੰਬਰ ੬੦੪੫, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)
   ਇੱਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ, ਨਾਂ ਸਿਰਫ਼ ਹਾਅ ਦਾ ਨਾਹਰਾ ਹੀ ਮਾਰਿਆ, ਸਗੋਂ ਉਸਨੇ ਮਾਸੂਮ ਸਾਹਿਬਜ਼ਾਦਿਆਂ ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸਦੀ ਇੱਕ ਨਾਂ ਸੁਣੀ।ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵੱਲੋਂ ਨਿਭਾਈ, ਨਾਕਾਬਿਲ –ਏ- ਫ਼ਰਾਮੋਸ਼ ਤਵਾਰੀਖੀ ਭੂਮਿਕਾ ਲਈ, ਸਿੱਖ ਕੌਮ ਰਹਿੰਦੇ ਸਮਿਆਂ ਤੱਕ ਅਹਿਸਾਨਮੰਦ ਰਹੇਗੀ।

   ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾ ਵਿੱਚ, ਇਨ੍ਹਾਂ ਦਰਦਨਾਕ ਪਲਾਂ ਨੂੰ, ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ, ਨਿਸ਼ਚੇ ਹੀ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿਮੇਵਾਰੀ ਬਣਦੀ ਹੈ, ਪ੍ਰੰਤੂ ਫ਼ੇਰ ਵੀ, ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ, ਸੰਤਾਂ ਮਹਾਂਪੁਰਖਾਂ, ਸਿੰਘ ਸਭਾਵਾਂ, ਦੇਸ-ਪ੍ਰਦੇਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁੱਖੀਆਂ, ਸਮੁਹ ਸਿੱਖ ਪ੍ਰੀਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾ ਅੱਗੇ ਇੱਕ ਵਾਸਤਾ ਪਾਊਂਦਾ ਹਾਂ, ਮੇਰਾ ਤਰਲਾ ਹੈ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ ੨੦੦੦ ਸਾਲ ਬਾਦ ਵੀ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ, ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਗੱਡੀਆਂ ਮੇਖਾਂ ਦੇ ਜ਼ਖ਼ਮਾ ‟ਚੋਂ ਸਿੰਮਦਾ ਖ਼ੂਨ ਨਜ਼ਰ ਆਊਂਦਾ ਹੈ ਅਤੇ ਉਸਦੀ ਪੀੜਾ ਦਾ ਗਹਿਰਾ ਅਹਿਸਾਸ ਵੀ ਹੁੰਦਾ ਹੈ।ਇਸਲਾਮ ਦੇ ਪੰਰੋਕਾਰਾਂ ਨੂੰ ੧੩੩੪ ਸਾਲ ਬਾਦ ਵੀ „ਕਰਬਲਾ‟ ਦਾ ਕਹਿਰ ਯਾਦ ਹੈ, ਮੁਹੱਰਮ ਦੇ ਮੌਕੇ, ਹਰ ਮੁਸਲਮਾਨ, ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿੱਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇੱਕਸੁਰ ਹੋ ਜਾਂਦਾ ਹੈ।

    ਦਰੇਗ ਤੇ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਕੌਮ ੩੧੦ ਸਾਲਾਂ ਦੇ ਸਮੇ ਅੰਦਰ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋਏ, ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਨੂੰ ਕਿਓਂ ਵਿਸਰ ਗਈ ਹੈ? ਕਿਸੇ ਉਰਦੂ ਦੇ ਸ਼ਾਇਰ ਨੇ ਸ਼ਹੀਦੀ ਸਮੇਂ, ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਠੀਕ ਕਿਹਾ ਹੈ ਕਿ;

"ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ,
ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ"

   ਅੱਜ ਸਮੱਚੀ ਸਿੱਖ ਕੌਮ ਲਈ, ਆਪਣੇ ਸਵੈ ਅੰਦਰ ਝਾਤੀ ਮਾਰ ਕੇ, ਗੰਭੀਰ ਸਮੀਖਿਆ ਕਰਨ ਦਾ ਸਮਾ ਹੈ।ਕੌਮਾ ਦੇ ਇਤਿਹਾਸ ਵਿੱਚ ਅਜੇਹਾ ਸਮਾ ਕਦੇ-ਕਦੇ ਆਉਂਦਾ ਹੈ; ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਂਣ ਵਾਲੇ ਸਮੇ ਲਈ ਸਜੱਗ ਹੁੰਦੀਆਂ ਹਨ।

  ਆਓ ਸਾਰੇ ਪ੍ਰਣ ਕਰੀਏ ਕਿ ੧੩ ਪੋਹ ਅਰਥਾਤ ੨੭ ਦਸੰਬਰ ਨੂੰ ਸਵੇਰ ਦੇ ਠੀਕ ੧੦ ਵਜੇ ਤੋਂ ੧੧ ਬਜੇ ਤੱਕ, ਇੱਕ ਘੰਟਾ, ਹਰ ਸਿੱਖ, ਭਾਵੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿੱਚ ਮਸਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਕੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰੇ।ਜ਼ਰਾ ਸੋਚੋ! ਜਦੋ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾ ਸਾਡੇ ਮੂੰਹੋਂ ਆਪ ਮੁਹਾਰੇ ਹੀ ਨਿਕਲ਼ ਜਾਂਦਾ ਹੈ, "ਹੇ ਵਾਹਿਗੁਰੂ" ਰਹਿਮ ਕਰੋ, ਕ੍ਰਿਪਾ ਕਰੋ। ਕੀ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾਂ ਕੱਢ ਕੇ, ਕਿਸੇ ਨਿਵੇਕਲੇ ਅਸਥਾਨ ਤੇ ਬੈਠ ਕੇ, ਆਂਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਰਪਤ ਹੋ ਕੇ, ਸਤਿਨਾਮ ਵਾਹਿਗੁਰੂ‟ ਨਹੀਂ ਜਪ ਸਕਦੇ,ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਬਲੀਦਾਨ ਕਰ ਦਿੱਤੇ,ਖਾਸ ਕਰਕੇ,ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਤਾਂ ਇਸ ਨਿਸਚਿਤ ਸਮੇ ਤੇ, ਸ਼ਹੀਦੀ ਜੋੜ ਮੇਲੇ ਸਮੇ, ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠਕੇ, ਇਸ ਇੱਕ ਘੰਟੇ ਲਈ ਬੰਦਗੀ ਵਿੱਚ ਜੁੜ ਜਾਵੇ, ਇਸ ਇੱਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ „ਮਾਸੂਮ ਸਾਹਿਬਜ਼ਾਦਿਆਂ‟ ਦੀ ਯਾਦ ਵਿੱਚ ਜੁੜ ਕੇ ਖ਼ਾਮੋਸ਼ ਹੋ ਗਿਆ ਹੈ।ਜ਼ਰਾ ਸੋਚੋ ! ਕਿੰਨਾ ਮਾਣ ਸੀ ਦਸਮ ਪਾਤਸ਼ਾਹਿ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਗੁਰੂ ਖਾਲਸੇ ਤੇ, ਜਦੋ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਦ, ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੇ "ਜ਼ਫ਼ਰਨਾਮੇ"  ਵਿੱਚ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ; ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ।

ਕਿ ਬਾਕੀ ਬਮਾਂਦਸਤ ਪੇਚੀਦਹ ਮਾਰ।    (ਗੁਰੂ ਦਸਮ ਪਾਤਸ਼ਾਹ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਆਖਦੇ ਹਨ, ਕਿ ਤੂੰ ਇਹ ਨਾ ਸਮਝ ਬੈਠੀ ਕਿ ਮੇਰੇ ਚਾਰੇ ਪੁੱਤਰ ਚਲੇ ਗਏ। ਅਜੇ ਕੁੰਡਲੀਦਾਰ ਨਾਗ ਭਾਵ ਖਾਲਸਾ ਤਾਂ ਮੌਜੂਦ ਹੈ)

ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ।
ਕਿ ਅਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ।

 (ਹੇ ਔਰੰਗਜ਼ੇਬ ! ਚਾਰ ਚੰਗਿਆੜੇ ਬੁਝਾ ਕੇ ਇਹ ਨਾ ਸਮਝ ਬੈਠੀਂ ਕਿ ਤੇਰੇ ਤੌਖ਼ਲੇ ਖ਼ਤਮ ਹੋ ਗਏ। ਅੱਖਾਂ ਤੋਂ ਪਰਦਾ ਲਾਹ ਕੇ ਵੇਖ ਇਨ੍ਹਾਂ ਚੰਗਿਆੜਿਆਂ ਦੀ ਅੱਗ ਤਾਂ ਜ਼ਬਰਦਸਤ ਪ੍ਰਚੰਡ ਹੋ ਗਈ ਹੈ)

Section: