ਪ੍ਰਵਾਸ ਦੀ ਪਿਛਲ ਝਾਤ ਹੈ “ਮਹਿਕਾਰ” ਗੁਰਮੀਤ ਸਿੰਘ ਪਲਾਹੀ

On: 8 December, 2014

ਪ੍ਰਵਾਸ ਦੀ ਪਿਛਲ ਝਾਤ ਹੈ “ਮਹਿਕਾਰ” ਗੁਰਮੀਤ ਸਿੰਘ ਪਲਾਹੀ

ਜਦੋਂ ਗੁਰਮੀਤ ਸੰਧੂ ਪ੍ਰਵਾਸ ਦੀਆਂ ਉਡਾਰੀਆਂ ਮਾਰਕੇ ਆਪਣੇ ਮਨ ਦੇ ਦਰਵਾਜ਼ੇ ਖੋਲਦਾ ਹੈ ਤਾਂ ਉਹਦੇ ਸਾਹਮਣੇ ਆਪਣਾ ਪਿਆਰਾ ਪੰਜਾਬ ਵਸਿਆ ਦਿਸਦਾ ਹੈ, ਜਿਸਦੇ ਦਰਦ ਨੂੰ ਵੀ ਉਸ ਹੰਢਾਇਆ ਹੈ ਅਤੇ ਪੰਜਾਬ ਵਿੱਚ ਵਸਦਿਆਂ ਇਕੱਠੀਆਂ ਕੀਤੀਆਂ ਕੌੜੀਆ ਕੁਸੈਲੀਆਂ ਯਾਦਾਂ ਦੇ ਹੰਢਾਏ ਸੱਚ ਨੂੰ ਵੀ ਮਾਣਿਆ ਹੈ। ਵਿਲੱਖਣ ਸ਼ੈਲੀ'ਚ ਲਿਖੀ ਪੁਸਤਕ “ਮਹਿਕਾਰ” ਬਾਰੇ ਜਦੋਂ ਉਹ ਲਿਖਦਾ ਹੈ, “ਮੇਰੇ, ਅਨੁਭਵ ਮੇਰੇ ਅਤੀਤ ਵਿੱਚ ਪੰਜਾਬ ਵਸਿਆ ਹੋਇਆ ਹੈ, ਜਿਸ ਵਿੱਚ ਪਤੰਗ ਉਡਦੇ ਹਨ, ਕਕਰੋਂਦੇ ਦੇ ਫੁੱਲ , ਹਾੜੀ ਦੀ ਵਾਢੀ , ਬੇਬੇ ਦਾ ਥਿੰਦਾ, ਸੇਵੀਆਂ, ਕਣਕਾਂ ਦੀ ਮਹਿਕ, ਕਿੱਕਰ ਦੇ ਸੱਕ, ਮੇਲਣਾ ਦਾ ਨੱਚਣਾ ਆਦਿ ਮੇਰੇ ਉਤਰੀ ਅਮਰੀਕਾ ਵਿੱਚ ਬੀਤ ਰਹੇ ਪ੍ਰਵਾਸੀ ਜੀਵਨ ਦੀ ਹੋਣੀ ਹਨ” ਤਾਂ ਇੰਜ ਜਾਪਦਾ ਹੈ ਜਿਵੇਂ ਉਹ ਪੰਜਾਬੀ ਸਭਿਆਚਾਰ ਦੇ ਰੂਬਰੂ ਹੋਕੇ ਇੱਕ ਵੱਖਰੀ ਵਿਧਾ “ਹਾਇਕੂ” ਰਾਹੀ ਵਿਲਕਦੀਆਂ ਅੱਖਾਂ' ਚੋਂ ਵਗੇ ਬੇਸ਼ੁਮਾਰ ਹੰਝੂਆਂ ਰਾਹੀਂ ਸਮੁੱਚੇ ਪ੍ਰਵਾਸੀਆਂ ਪੰਜਾਬੀਆਂ ਦੇ ਪ੍ਰਵਾਸ ਦਾ ਦਰਦ ਬਿਆਨ ਕਰ ਰਿਹਾ ਹੋਵੇ। ਮਹਿਕਾਰ , ਸੁਗੰਧ ਦੇ ਫੈਲਣ ਦਾ ਭਾਵ ਹੈ। ਮਹਿਕਾਰ ਸੰਗਯਾ- ਮਹਿਕ ਦਾ ਵਿਸਥਾਰ ਹੈ, ਉਵੇਂ ਹੀ ਜਿਵੇਂ ਕਵਿਤਾ ਦੀ ਵਿਧਾ ਹਾਇਕੂ, ਹੁਣ ਖਿਨ ਦੀ ਕਵਿਤਾ ਹੈ ਜੋ ਵਰਤਮਾਨ ਕਾਲ ਵਿੱਚ ਲਿਖੀ ਜਾਂਦੀ ਹੈ, ਛੋਟੀ, ਲੰਮੀ, ਛੋਟੀ ਪੰਕਤੀ 'ਚ ਰਚੀ ਕਵਿਤਾ , ਜਿਹੜੀ ਸੱਚ ਨੂੰ ਦਰਸਾÀਂਦੀ ਹੈ, ਹਊਮੈ ਤੋਂ ਦੂਰ ਰੱਖਦੀ ਹੈ, ਕੁਦਰਤ ਦਾ ਚਿਤਰਣ ਕਰਦੀ ਅਤੇ ਜਿਸ ਵਿੱਚ ਕਹੇ ਨਾਲੋਂ ਅਣਕਿਹਾ ਵੱਧ ਹੁੰਦਾ ਹੈ। ਹਾਇਕੂ ਕਿਉਂਕਿ ਅਨੁਭਵ ਦੀ ਦੇਣ ਹੈ ਅਤੇ ਸੰਧੂ ਦੀ “ਮਹਿਕਾਰ” ਜਿਹੜੀ 121 ਪੰਨਿਆਂ ਵਿੱਚ ਸਮੇਟੀ ਹੋਈ, ਲੱਖਾਂ , ਕਰੋੜਾਂ ਮਨੁੱਖੀ ਵਿਚਾਰਾਂ ਨੂੰ ਕੁਝ ਸ਼ਬਦਾਂ'ਚ ਸਮੇਟਣ ਦਾ ਅਦਭੁਤ ਯਤਨ ਹੀ ਨਹੀਂ, ਵੱਡਾ ਉਪਰਾਲਾ ਹੈ। ਉਸਦੇ ਹਾਕੂ , ਵਾਢੀ ਦਾ ਦਿਨ, ਵਸਾਖਿ ਦੀ ਸਵੇਰ, ਵੱਡੀ ਪੱਕੀ ਸੜਕ, ਵਿਸ਼ਵੀ ਤਪਸ਼ ਮਸਿਆ ਦਾ ਤਾਰਾ, ਸੱਜਰੀ ਸਵੇਰ, ਰੋਜ਼ ਗਾਰਡਨ, ਪੁੰਨਿਆ ਦੀ ਰਾਤ, ਸੌਣ ਦਾ ਵਿਆਹ, ਤੀਆਂ ਦਾ ਦਿਨ, ਚੜ•ਦਾ ਸੂਰਜ, ਪ੍ਰਦੇਸੀ ਦੀਵਾਲੀ, ਪ੍ਰਵਾਸੀ ਗਾਹਕ, ਸਰਘੀ ਵੇਲਾ ਆਦਿ'ਚ ਜਿਵੇਂ ਵਿਚਾਰਾਂ ਦੀ ਨਿਰੰਤਰਤਾ ਹੈ, ਉੱਥੇ ਕਵੀ ਦੇ ਦਿਲ ਦਾ ਦਰਦ ਵੀ ਧੜਕਦਾ ਹੈ, ਜਿਸ ਨੂੰ ਉਸਨੇ ਮਨ'ਚ ਪਿੰਜਿਆ, ਤਨ ਤੇ ਹੰਢਾਇਆ ਅਤੇ ਮੁੜ ਪਾਠਕਾਂ ਦੀ ਝੋਲੀ 'ਚ ਪਾਇਆ ਹੈ। ਉਸਦੇ ਹਾਕੂ ਉਸਨੇ ਬੂਹਾ ਲੰਘਿਆ- ਵਿਹੜੇ ਫੁੱਲ ਖਿੜਿਆ ਵਿਹੜੇ ਭੁੜਕਣ ਕਣੀਆ-ਅੰਦਰ ਨੰਨੀਆਂ ਕੁੜੀਆਂ, ਪਿੱਪਲ ਦੀ ਟੀਸੀ ਤੋਂ ਬੋਲੇ ਸਿਖਰ ਦੁਪਿਹਰੇ ਕਾਂ, ਪਿੱਪਲ ਦੇ ਪੱਤਿਆਂ ਵਿੱਚ ਟੰਗਿਆ ਦਾਤਰ [ਅੱਠਵੀਂ ਦਾ ਚੰਨ], ਜਾਗੋ ਕੱਢਦਿਆਂ ਭਿੱਜ ਰਿਹਾ ਤਿਲੇ ਵਾਲਾ ਸੂਟ [ ਸੌਣ ਦਾ ਵਿਆਹ] ਪੱਤਿਆਂ ਨੂੰ ਮਿੱਧ ਲੰਘਿਆ ਬੂਹੇ ਅੱਗੋਂ ਯਾਰ [ਪੱਤਝੜ ਦੀ ਸ਼ਾਮ] , ਪੱਤਹੀਣ ਟਾਹਣਾਂ ਉਤੇ ਰੌਸ਼ਨੀਆਂ ਲੰਘੀਆਂ [ਕ੍ਰਿਸਮਿਸ ਦੀ ਸੰਧਿਆ ਨੇ, ਕੌਠੇ ਚੜ•ਕੇ ਵੇਖੇ ਕਿਧਰ ਰਹਿੰਦੇ ਪੇਕੇ [ਤੀਆਂ ਦਾ ਦਿਨ] , ਮਸਾਂ ਬੁਝਾਵੇ ਕੇਕ ਤੋਂ ਅੱਸੀਵੀਂ ਮੋਮਬੱਤੀ [ ਜਨਮ ਦਿਨ], ਵਿਲਕਦੀਆਂ ਅੱਖਾਂ ਚੋਂ ਵਗੇ ਬੇਸ਼ੁਮਾਰ ਹੰਝੂ [ਅੰਤਮ ਵਿਦਾਇਗੀ]। ਦਿਲ ਨੂੰ ਧੂ ਪਾਉਣ ਵਾਲੇ ਹਾਇਕੂ ਹਨ। ਵਿਚਾਰਾਂ ਨਾਲ ਸੰਵਾਦ ਕਰਦਿਆਂ, ਪਾਠਕਾਂ ਲਈ ਛੱਡੇ ਉਸਦੇ ਪ੍ਰਸ਼ਨ , ਕਈ ਹਾਲਤਾਂ'ਚ ਜਿੱਥੇ ਸੋਚ ਤੋਂ ਪਰੇ ਸੱਤ ਸਮੁੰਦਰਾਂ ਦੀ ਗੱਲ ਕਰਦੇ ਜਾਪਦੇ ਹਨ, ਉੱਥੇ ਪੰਜਾਬ “ਦੇ ਸੁੱਕੇ ਬੁਲੀਂ ਜੀਭ ਫੇਰਾਂ ਮਿੱਤਰਾਂ ਦੀ ਉਡੀਕ [ਤ੍ਰਿਕਾਲਾ ਢਲੀਆਂ] ਨਾਲ ਸਮੱਸਿਆਵਾਂ ਦਾ ਗੜ• ਬਣ ਰਹੇ ਪੰਜਾਬ ਦੇ ਸੰਤਾਪ ਦੀ ਦਾਸਤਾਨ ਕਹਿੰਦੇ ਹਨ, ਜਿਸ ਦਾ ਦਰਦ ਦੇਸੀ, ਵਿਦੇਸੀ , ਪ੍ਰਵਾਸੀ ਪੰਜਾਬੀ ਆਪਣੇ ਮਨ'ਚ ਸਮੋਈ ਬੈਠੇ ਹਨ। ਅਨੋਖੇ ਸੂਝਵਾਨ, ਨਿਵੇਕਲੇ ਵਿਚਾਰਾਂ ਨਾਲ ਭਰੀ “ਮਹਿਕਾਰ” ਦਾ ਹਰ ਪੰਨਾ ਪਿਛੋਕੜ ਵਿੱਚ ਜਿੱਥੇ ਦਰਦ ਬਿਆਨਦਾ ਹੈ, ਉਥੇ ਮਨੁੱਖੀ ਰਿਸ਼ਤਿਆਂ ਦੇ ਗੁੰਝਲਦਾਰ ਵਰਤਾਰੇ ਦੀ ਬਾਤ ਵੀ ਪਾਉਂਦਾ ਹੈ। ਹਰ ਲਿਹਾਜ ਨਾਲ ਵੱਖਰੀ, ਵਿਸ਼ਾਲ ਘੇਰੇ ਅਤੇ ਵਿਸ਼ਿਆਂ ਨਾਲ ਉਤਪੋਤ “ਮਹਿਕਾਰ”, ਪਹਿਲਾਂ ਪੰਜਾਬ ਦੀ ਸ਼ਾਹਮੁੱਖੀ ਲਿਪੀ ਵਿੱਚ ਪਾਕਿਸਤਾਨੀ ਪੰਜਾਬੀਆਂ ਆਪਣੇ ਖਰਚੇ ਤੇ ਛਾਪੀ ਅਤੇ ਉਨਾਂ• ਹੀ ਪੰਜਾਬੀ ਲੇਖਕਾਂ, ਪੰਜਾਬੀ ਪ੍ਰੇਮੀਆਂ ਨੇ ਪਾਕਿਸਤਾਨ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਜਨਾਬ ਰਾਨਾ ਮੁਹੰਮਦ ਇਕਬਾਲ ਸਾਹਿਬ ਨੂੰ ਪ੍ਰੋ: ਸਈਮ ਅਹਮਦ ਦੀ ਅਗਵਾਈ'ਚ ਭੇਂਟ ਕੀਤੀ। ਸ਼ਾਇਦ ਪਾਕਿਸਤਾਨੀ ਪੰਜਾਬੀ ਲੇਖਕਾਂ ਵਲੋਂ ਕਿਸੇ ਪੂਰਬੀ ਪੰਜਾਬੀ ਲੇਖਕ ਦੀ ਸ਼ਾਹ ਮੁਖੀ ਲਿੱਪੀ 'ਚ ਛਾਪੀ ਪਹਿਲੀ ਪੁਸਤਕ ਹੋਣ ਦਾ ਮਾਣ ਹਾਸਲ ਹੈ। ਗੁਰਮੀਤ ਸੰਧੂ ਦੀ ਗੁਰਮੁਖੀ ਲਿਪੀ'ਚ ਛਪੀ ਇਹ ਨਿਵੇਕਲੀ ਪੁਸਤਕ “ਮਹਿਕਾਰ” ਲੋਕਗੀਤ ਪ੍ਰਕਾਸ਼ਨ ਵਲੋਂ ਛਾਪੀ ਗਈ ਹੈ। ਹਾਇਕੂ ਵਿਧੀ ਨਾਲ ਸਰਲ ਭਾਸ਼ਾ ਭਾਵ ਬੋਲਚਾਲ ਦੀ ਭਾਸ਼ਾ ਜਿਸ ਢੰਗ ਨਾਲ ਮਨੁੱਖ ਭਾਵਨਾਵਾਂ ਦਾ ਵਰਨਣ ਕੀਤਾ ਗਿਆ ਹੈ ਅਤੇ ਰਚਨਾ ਰਾਹੀਂ ਮਾਨਵੀ ਵਰਤਾਰਿਆਂ [ਸਮੇਤ ਹਾਸਰਸ] ਉਮੰਗਾਂ, ਲਾਲਸਾਵਾਂ ਨੂੰ ਸਾਦਗੀ ਨਾਲ ਉਭਾਰਿਆ ਗਿਆ ਹੈ, ਉਸ ਲਈ ਕਵੀ ਗੁਰਮੀਤ ਸੰਧੂ ਮੁਬਾਰਕ ਦਾ ਹੱਕਦਾਰ ਹੈ।

Section: