ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ?--- -ਜਸਵੰਤ ਸਿੰਘ 'ਅਜੀਤ'

On: 28 November, 2014

ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ? --- -ਜਸਵੰਤ ਸਿੰਘ 'ਅਜੀਤ'

 ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਵਲੋਂ ਕਨਾਡਾ, ਅਮਰੀਕਾ, ਯੂਕੇ, ਇਟਲੀ ਅਤੇ ਫਰਾਂਸ ਦੀਆਂ ਜੋ ਯਾਤ ਰਾਵਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਅਸਫਲ ਕਰਾਰ ਦੇ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿੱਚ ਵਸਦੇ ਸਿੱਖਾਂ ਵਲੋਂ ਪੁਛੇ ਜਾਂਦੇ ਰਹੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਦੀ ਬਜਾਏ, ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਰਹੇ ਹਨ, ਉਥੇ ਹੀ ਉਨ੍ਹਾਂ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਜ. ਮਨਜੀਤ ਸਿੰਘ ਜੀ ਕੇ ਦੀਆਂ ਇਹ ਵਿਦੇਸ਼ ਯਾਤਰਾਵਾਂ ਆਸ ਤੋਂ ਵੀ ਕਿਤੇ ਵੱਧ ਸਫਲ ਰਹੀਆਂ ਹਨ, ਉਹ ਸਥਾਨਕ ਸਿੱਖਾਂ ਵਲੋਂ ਪੁਛੇ ਗਏ ਹਰ ਸਵਾਲ ਦਾ ਸਟੀਕ ਜਵਾਬ ਦੇ ਸਵਾਲ-ਕਰਤਾਵਾਂ ਨੂੰ ਲਾਜਵਾਬ ਕਰ ਦਿੰਦੇ ਰਹੇ। ਇਸਤਰ੍ਹਾਂ ਕੀਤੇ ਜਾ ਰਹੇ ਵਿਰੋਧੀ ਦਾਅਵਿਆਂ ਦੇ ਵਿੱਚ ਇਸ ਕਾਲਮ ਲੇਖਕ ਨੇ ਜ. ਮਨਜੀਤ ਸਿੰਘ ਜੀ ਕੇ ਨਾਲ ਸਿੱਧੀ ਗਲਬਾਤ ਕਰ ਉਨ੍ਹਾਂ ਪਾਸੋਂ ਇਨ੍ਹਾਂ ਆਪਾ-ਵਿਰੋਧੀ ਦਾਅਵਿਆਂ ਦੀ ਸੱਚਾਈ ਜਾਣਨ ਦੀ ਕੌਸ਼ਿਸ਼ ਕੀਤੀ।
     ਇਸ ਗਲਬਤ ਦੌਰਾਨ ਜ. ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਇਹ ਯਾਤਰਾਵਾਂ ਕਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨਾਲ ਸਿੱਧਾ ਸੰਪਰਕ ਕਰ, ਉਨ੍ਹਾਂ ਦੀਆਂ ਭਾਵਨਾਵਾਂ ਅਤੇ ਸਮਸਿਆਵਾਂ ਨੂੰ ਜਾਣਨ ਅਤੇ ਸਮਝਣ ਪ੍ਰਤੀ ਪਹਿਲ ਕੀਤੀ ਹੈ। ਇਸਤੋਂ ਪਹਿਲਾਂ ਉਨ੍ਹਾਂ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਨੂੰ ਹਲ ਕਰਵਾਏ ਜਾਣੇ ਦੀਆਂ ਗਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਰਹੀਆਂ, ਪ੍ਰੰਤੂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸੱਚਾਈ ਜਾਣਨ ਅਤੇ ਸਮਝਣ ਦੀ ਕੌਸ਼ਿਸ਼ ਕਿਸੇ ਵਲੋਂ ਵੀ ਕਦੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਦੇ ਵਿਰੋਧ ਦਾ ਸਵਾਲ ਹੈ, ਉਸਨੂੰ ਵਿਰੋਧੀਆਂ ਦੀ ਬੌਖਲਾਹਟ ਹੀ ਮੰਨਿਆ ਜਾ ਸਕਦਾ ਹੈ।
    ਜ. ਮਨਜੀਤ ਸਿੰਘ ਜੀ ਕੇ ਨੇ ਦਸਿਆ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਆਪਣੇ ਤੋਂ ਪੁਛੇ ਗਏ ਹਰ ਸਵਾਲ ਦਾ ਯੋਗ ਤੇ ਮੁਨਾਸਬ ਜਵਾਬ ਦਿੱਤਾ, ਉਨ੍ਹਾਂ ਕਿਸੇ ਵੀ ਸਵਾਲ ਦਾ ਜਵਾਬ ਟਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਇਹ ਵੀ ਦਸਿਆ ਕਿ ਜਿਨ੍ਹਾਂ ਦੇਸ਼ਾਂ ਦੀ ਉਨ੍ਹਾਂ ਯਾਤਰਾ ਕੀਤੀ, ਉਨ੍ਹਾਂ ਸਾਰੇ ਦੇਸ਼ਾਂ ਵਿੱਚ ਉਨ੍ਹਾਂ ਪਾਸੋਂ ਪੁਛੇ ਗਏ ਸਵਾਲ ਲਗਭਗ ਇਕੋ-ਜਿਹੇ ਹੀ ਸਨ। ਜਿਵੇਂ ਖਾਲਿਸਤਾਨ ਦੀ ਮੰਗ, ਸੰਤ ਜਰਨੈਲ਼ ਸਿੰਘ ਭਿੰਡਰਾਂਵਾਲੇ, ਹਰਿਆਣਾ ਗੁਰਦੁਆਰਾ ਕਮੇਟੀ, ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਪਛਾਣ ਦੀ ਸਮੱਸਿਆ, ਸਿੱਖਾਂ ਦੀ ਕਾਲੀ ਸੂਚੀ ਅਤੇ ਬਾਦਲ ਸਰਕਾਰ ਦੀਆਂ ਨੀਤੀਆਂ ਆਦਿ ਦੇ ਸੰਬੰਧ ਵਿੱਚ ਉਨ੍ਹਾਂ ਦੀ ਸੋਚ ਕੀ ਹੈ?

  ਜ. ਮਨਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਖਾਲਿਸਤਾਨ ਦੀ ਮੰਗ ਦੇ ਨਾਲ ਖੜਿਆਂ ਹੋ, ਟਕਰਾਉ ਦਾ ਰਸਤਾ ਅਪਨਾਣ ਦੀ ਬਜਾਏ, ਉਹ ਭਾਰਤੀ ਹੋਣ ਅਤੇ ਦੇਸ਼ ਦੇ ਸੰਵਿਧਾਨ ਦੀਆਂ ਸੀਮਾਵਾਂ ਵਿੱਚ ਰਹਿ ਕੇ ਸਿੱਖ ਸਮਸਿਆਵਾਂ ਨੂੰ ਹਲ ਕਰਵਾਏ ਜਾਣ ਵਿੱਚ ਵਿਸ਼ਵਾਸ ਰਖਦੇ ਹਨ। ਇਸੇ ਆਧਾਰ 'ਤੇ ਉਹ ਸਿੱਖ ਮੰਗਾਂ ਨੂੰ ਮੰਨਵਾਏ ਜਾਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਵੱਖ-ਵੱਖ ਦੇਸ਼ਾਂ ਦੇ ਦੌਰੇ ਦੌਰਾਨ ਆਮ ਸਿੱਖਾਂ ਨਾਲ ਕੀਤੀ ਗਈ ਗਲਬਾਤ ਤੋਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਦੇਸ਼ਾਂ ਵਿੱਚ ਖਾਲਿਸਤਾਨ ਦੀ ਮੰਗ ਦਾ ਸ਼ੋਰ ਤਾਂ ਬਹੁਤ ਹੈ, ਜਦਕਿ ਅਸਲੀਅਤ ਇਹ ਹੈ ਕਿ ਇਸ ਮੰਗ ਦੇ ਨਾਲ ਬਹੁਤ ਹੀ ਘਟ ਸਿੱਖ ਸੰਬੰਧਤ ਹਨ। ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਬਹੁਗਿਣਤੀ ਭਾਰਤੀ ਹੋਣ ਵਿੱਚ ਮਾਣ ਮਹਿਸੂਸ ਕਰਦੀ ਹੈ।  
     ਜ. ਮਨਜੀਤ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਆਪਣੇ ਸੰਬੰਧ ਬਹੁਤ ਹੀ ਨੇੜਲੇ ਰਹੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਪੂਰਣ ਰੂਪ ਵਿੱਚ ਸੰਤ ਸਨ ਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਪ੍ਰਤੀ ਸਮਰਪਤ ਸਨ। ਜਿਸ ਕਾਰਣ ਸਿੱਖ-ਪੰਥ ਵਿੱਚ ਉਨ੍ਹਾਂ ਦਾ ਬਹੁਤ ਹੀ ਮਾਣ-ਸਤਿਕਾਰ ਸੀ। ਇਸੇ ਗਲ ਦਾ ਲਾਭ ਉਠਾ, ਸਮੇਂ ਦੀ ਕਾਂਗ੍ਰਸ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਸਵਾਰਥ ਲਈ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੇ ਨਾਂ ਦੀ ਗਲਤ ਵਰਤੋਂ ਕਰ ਉਨ੍ਹਾਂ ਦੀ ਅਤੇ ਆਮ ਸਿੱਖਾਂ ਦੀ ਛੱਬੀ ਖਰਾਬ ਕੀਤੀ।
    ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਸੰਬੰਧ ਵਿੱਚ ਜ. ਮਨਜੀਤ ਸਿੰਘ ਜੀਕੇ ਨੇ ਆਪਣਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਉਹ ਇਸਦੇ ਗਠਨ ਦੇ ਵਿਰੁੱਧ ਹਨ, ਕਿਉਂਕਿ ਉਨ੍ਹਾਂ ਦੀ ਮਾਨਤਾ ਹੈ ਕਿ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਏਕਾ-ਅਧਿਕਾਰ ਰਾਖਵਾਂ ਹੈ, ਜਿਸਨੂੰ ਚੁਨੌਤੀ ਨਹੀਂ ਦਿੱਤੀ ਜਾ ਸਕਦੀ। ਜੇ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਰਾਜ ਸਰਕਾਰ ਦੇ ਦਖਲ ਨੂੰ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਭਵਿੱਖ ਵਿੱਚ ਦੂਸਰੇ ਰਾਜਾਂ ਦੀਆਂ ਸਰਕਾਰਾਂ ਵੀ ਇਸ ਦਖਲ ਦੀ ਮਿਸਾਲ ਦੇ ਕੇ ਆਪੋ-ਆਪਣੇ ਰਾਜ ਵਿਚਲੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਿੱਤੇ ਜਾਣ ਵਾਲੇ ਆਪਣੇ ਦਖਲ ਨੂੰ ਜਾਇਜ਼ ਠਹਿਰਾਣ ਦੀ ਕੋਸ਼ਿਸ਼ ਕਰਨ ਲਗਣਗੀਆਂ। ਇਸਲਈ ਇਸਨੂੰ ਸ਼ੁਰੂ ਵਿੱਚ ਹੀ ਰੋਕਣਾ ਹੋਵੇਗਾ।

    ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਪਛਾਣ ਦੇ ਸੰਬੰਧ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਸੰਬੰਧ ਵਿੱਚ ਜ. ਮਨਜੀਤ ਸਿੰਘ ਨੇ ਕਿਹਾ ਕਿ ਇਸਦੇ ਲਈ ਵੱਡੇ ਪੈਮਾਨੇ 'ਤੇ ਸਿੱਖ ਧਰਮ ਦੀਆਂ ਸਰਬ-ਸਾਂਝੀਵਾਲਤਾ ਪੁਰ ਅਧਾਰਤ ਮਾਨਤਾਵਾਂ ਅਤੇ ਪਰੰਪਰਾਵਾਂ ਦਾ ਪ੍ਰਚਾਰ ਕਰ, ਉਨ੍ਹਾਂ ਦੇ ਸੰਦੇਸ਼ ਨੂੰ ਸੰਸਾਰ ਦੇ ਲੋਕਾਂ ਤਕ ਪਹੁੰਚਾਣ ਦੀ ਲੋੜ ਹੈ, ਤਾਂ ਜੋ ਉਹ ਸਿੱਖਾਂ ਦੀਆਂ ਭਾਵਨਵਾਂ ਨੂੰ ਸਮਝ, ਸਿੱਖ ਧਰਮ ਅਤੇ ਸਿੱਖੀ ਸਰੂਪ ਦਾ ਸਤਿਕਾਰ ਕਰ ਸਕਣ। ਉਨ੍ਹਾਂ ਦਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸੰਬੰਧ ਵਿੱਚ ਪ੍ਰਭਾਵਸ਼ਾਲੀ ਰਣਨੀਤੀ ਬਣਾ, ਉਸਨੂੰ ਅਮਲੀਜਾਮਾ ਪਹਿਨਾਣ ਲਈ ਉੱਚ ਪੱਧਰੀ ਉਪਰਾਲੇ ਕੀਤੇ ਜਾਣਗੇ॥

    ਪੰਜਾਬ ਦੇ ਸੰਤਾਪ ਦੇ ਦਿਨਾਂ ਵਿੱਚ ਪੰਜਾਬ ਤੋਂ ਪਲਾਇਨ ਕਰ ਵਿਦੇਸ਼ੀਂ ਜਾ ਵਸੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾਏ ਜਾਣ ਦੇ ਸੰਬੰਧ ਵਿੱਚ ਜ. ਮਨਜੀਤ ਸਿੰਘ ਜੀ ਕੇ ਨੇ ਦਸਿਆ ਕਿ ਇਸ ਸੰਬੰਧ ਵਿੱਚ ਕੇਂਦਰੀ ਸਰਕਾਰ ਤਕ ਸਾਰਥਕ ਪਹੁੰਚ ਕਰ, ਉਸਨੂੰ ਇਸ ਗਲ ਲਈ ਸੰਤੁਸ਼ਟ ਕੀਤੇ ਜਾਣ ਦੀ ਲੋੜ ਹੈ ਕਿ ਕਾਂਗ੍ਰਸ ਸਰਕਾਰ ਨੇ ਜਿਨ੍ਹਾਂ ਸਿੱਖਾਂ ਦੇ ਨਾਂ ਕਾਲੀ ਸੂਚੀ ਵਿੱਚ ਦਰਜ ਕਰ, ਉਨ੍ਹਾਂ ਦੀ ਦੇਸ਼ ਵਾਪਸੀ ਪੁਰ ਰੋਕ ਲਾਈ ਹੈ, ਉਹ ਕਤਲ ਜਾਂ ਅਜਿਹਾ ਕੋਈ ਹੋਰ ਗੁਨਾਹ ਕਰ, ਪੰਜਾਬ ਤੋਂ ਨਹੀਂ ਨਿਕਲੇ। ਉਹ ਤਾਂ ਸੰਤਾਪ ਦੇ ਦਿਨਾਂ ਵਿੱਚ ਜਿਸਤਰ੍ਹਾਂ ਪੰਜਾਬ ਪੁਲਿਸ ਫਰਜ਼ੀ ਮੁਕਾਬਲੇ ਬਣਾ ਸਿੱਖ ਨੌਜਵਨਾਂ ਨੂੰ ਚੁਣ-ਚੁਣ ਕੇ ਮਾਰ ਰਹੀ ਸੀ, ਉਸੇ ਡਰ ਦਾ ਸ਼ਿਕਾਰ ਹੋ, ਆਪਣੀਆਂ ਜਾਨਾਂ ਬਚਾ ਕੇ ਉਹ ਦੇਸ਼ ਤੋਂ ਬਾਹਰ ਨਿਕਲੇ ਸਨ। ਵਿਦੇਸ਼ਾਂ ਵਿੱਚ ਰਜਸੀ ਸ਼ਰਣ ਲੈਣਾ ਉਨ੍ਹਾਂ ਦੀ ਮਜਬੂਰੀ ਸੀ, ਕਿਉਂਕਿ ਅਜਿਹਾ ਕੀਤੇ ਬਿਨਾ ਉਨ੍ਹਾਂ ਲਈ ਕਿਸੇ ਵੀ ਦੇਸ਼ ਵਿੱਚ ਰਹਿ ਪਾਣਾ ਸੰਭਵ ਨਹੀਂ ਸੀ। ਹੁਣ ਜਦਕਿ ਹਾਲਾਤ ਵਿੱਚ ਸੁਧਾਰ ਆ ਚੁਕਾ ਹੈ, ਉਹ ਦੇਸ਼ ਵਾਪਸ ਆ ਮੁੱਖ ਧਾਰਾ ਵਿੱਚ ਸ਼ਾਮਲ ਹੋਣਾ ਅਤੇ ਆਪਣੇ ਪਰਿਵਾਰਾਂ ਵਿੱਚ ਮਿਲ-ਬੈਠ ਦੁਖ-ਸੁਖ ਸਾਂਝੇ ਕਰਨਾ ਚਾਹੁੰਦੇ ਹਨ। ਇਸਦਾ ਉਨ੍ਹਾਂ ਨੂੰ ਅਧਿਕਾਰ ਮਿਲਣਾ ਚਾਹੀਦਾ ਹੈ।

    ਪੰਜਾਬ ਦੀ ਬਾਦਲ ਸਰਕਾਰ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਜ. ਮਨਜੀਤ ਸਿੰਘ ਜੀਕੇ ਨੇ ਸਪਸ਼ਟ ਕੀਤਾ ਕਿ ਇਸ ਗਲ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਹ ਸਰਕਾਰ ਕੇਵਲ ਅਕਾਲੀ ਦਲ ਦੀ ਨਹੀਂ, ਸਗੋਂ ਗਠਜੋੜ ਦੀ ਸਰਕਾਰ ਹੈ ਅਤੇ ਗਠਜੋੜ ਸਰਕਾਰ ਦੀਆਂ ਆਪਣੀਆਂ ਕਈ ਮਾਨਤਾਵਾਂ ਅਤੇ ਮਜ ਬੂਰੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਉਸਨੂੰ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਗਲ ਨੂੰ ਲੈ ਕੇ ਉਸਦੀ ਅਲੋਚਨਾ ਕਰਨਾ ਅਤੇ ਉਸ ਵਲੋਂ ਕੀਤੇ ਗਏ ਪ੍ਰਸ਼ੰਸਾਯੋਗ ਕੰਮਾਂ, ਸਿੱਖ ਇਤਿਹਾਸ ਨਾਲ ਸੰਬੰਧਤ ਖਾਲਸਾ-ਵਿਰਾਸਤ ਜਿਹੀਆਂ ਕਈ ਯਾਦਗਾਰਾਂ ਕਾਇਮ ਕੀਤੇ ਜਾਣ ਨੂੰ ਨਜ਼ਰਅੰਦਾਜ਼ ਕਰ ਦੇਣਾ, ਕਿਥੋਂ ਦੀ ਮਾਨਸਿਕਤਾ ਹੈ?

ਸ. ਗੁਰਲਾਡ ਸਿੰਘ ਫਿਰ ਅਗੇ ਆਏ : ਬੀਤੇ ਦਿਨੀਂ ਤਿਹਾੜ ਜੇਲ੍ਹ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਰੂਪ ਵਿੱਚ ਪੁਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਗੁਰਲਾਡ ਸਿੰਘ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਕੈਦੀਆਂ, ਜਿਨ੍ਹਾਂ ਦੀਆਂ ਅਦਾਲਤਾਂ ਵਲੋਂ ਦਿੱਤੀਆਂ ਗਈਆਂ ਹੋਈਆਂ ਜ਼ਮਾਨਤਾਂ ਦਾ ਪ੍ਰਬੰਧ ਨਾ ਹੋ ਪਾਣ ਕਾਰਣ, ਰਿਹਾਈ ਰੁਕੀ ਹੋਈ ਹੈ, ਉਹ ਉਨ੍ਹਾਂ ਦੀਆਂ ਜ਼ਮਾਨਤਾਂ ਦਾ ਪ੍ਰਬੰਧ ਕਰਵਾ, ਉਨ੍ਹਾਂ ਦੀ ਰਿਹਾਈ ਨਿਸ਼ਚਤ ਕਰਵਾਣਗੇ। ਇਸਦੇ ਨਾਲ ਹੀ ਉਨ੍ਹਾਂ ਕੈਦੀਆਂ ਨੂੰ ਜੇਲ੍ਹ ਵਿੱਚ ਕੰਪਿਊਟਰ ਦੀ ਸਿਖਿਆ ਦਿਤੇ ਜਾਣ ਦਾ ਪ੍ਰਬੰਧ ਕਰਵਾਏ ਜਾਣ ਦਾ ਵੀ ਭਰੋਸਾ ਦੁਆਇਆ।

ਇਸਤੋਂ ਪਹਿਲਾਂ ਉਨ੍ਹਾਂ ਆਪਣੇ ਇਲਾਕੇ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਸਾਹਮਣੇ ਗੁਰਪੁਰਬਾਂ ਦੇ ਮੌਕੇ ਤੇ ਨਗਰ ਕੀਰਤਨ ਦਾ ਆਯੋਜਨ ਕੀਤੇ ਜਾਣ ਲਈ, ਸਮੇਂ ਸਿਰ ਪਾਲਿਕੀ ਸਾਹਿਬ ਦੀ ਉਪਲਬਧਤਾ ਹੋਣ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਪਾਲਕੀ ਸਾਹਿਬ ਭੇਂਟ ਕੀਤੀ।

...ਅਤੇ ਅੰਤ ਵਿੱਚ : ਵੇਖਣ ਵਿੱਚ ਆ ਰਿਹਾ ਹੈ ਦਿੱਲੀ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਸਿੱਖਾਂ ਨੂੰ ਸਿੱਧਿਆਂ ਆਪਣੇ ਨਾਲ ਜੋੜਨ ਲਈ ਸਰਗਰਮ ਹੋ ਗਈ ਹੋਈ ਹੈ। ਸਿੱਖ ਮੁਖੀਆਂ ਦਾ ਮੰਨਣਾ ਹੈ ਕਿ ਜੇ ਭਾਜਪਾ ਲੀਡਰਸ਼ਿਪ ਨੇ ਆਪਣੇ ਇਸ ਉਦੇਸ਼ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ ਤਾਂ ਉਸਨੂੰ ਸਿੱਖਾਂ ਵਿੱਚ ਸਰਗਰਮ ਅਤੇ ਸਰਗਰਮ ਹੋਣ ਵਾਲੇ ਆਪਣੇ ਸਿੱਖ ਮੁਖੀਆਂ ਨੂੰ ਹਿਦਾਇਤ ਕਰਨੀ ਹੋਵੇਗੀ ਕਿ ਉਹ ਆਪਣੇ ਚਿਹਰੇ ਨੂੰ 'ਸਾਬਤ-ਸੂਰਤ ਸਿੱਖ' ਕੇ ਰੂਪ ਵਿੱਚ ਰਖਣ। ਨਹੀਂ ਤਾਂ ਉਨ੍ਹਾਂ ਦਾ ਪਤਿਤ ਸਰੂਪ, ਨਾ ਚਾਹੁੰਦਿਆਂ ਹੋਇਆਂ ਵੀ ਆਮ ਸਿੱਖਾਂ ਨੂੰ ਭਾਜਪਾ ਤੋਂ ਦੂਰੀ ਬਣਾਈ ਰਖਣ 'ਤੇ ਮਜਬੂਰ ਕਰਦਾ ਰਹੇਗਾ।

Section: