ਬਾਬਿਆਂ ਦੇ ਮੱਥਾ ਟੇਕ ਕੇ ਆਉਣਾ

On: 19 August, 2015

ਹਲਵਾਈ ਦੀ ਦੁਕਾਨ ਦੇ ਅੱਗੇ ਜਿਉਂ ਮੇਰੇ ਮਿੱਤਰ ਜਸਵੀਰ  ਨੇ ਆਪਣੀ ਨਵੀਂ ਲਿਆਂਦੀ ਮਹਿੰਗੀ ਕਾਰ ਨੂੰ ਰੋਕ ਕੇ ਪਿਛਲੀ ਸੀਟ ਤੇ ਬੈਠੇ ਅਭੀ ਨੂੰ 500/- ਰੁਪਏ ਦਾ ਨੋਟ ਦਿੰਦਿਆਂ ਕਿਹਾ ” ਜਾ ਅਭੀ ਮਿਠਾਈ ਦਾ ਡੱਬਾ ਫੜ ਲਿਆ ਮਹਿੰਗੇ ਵਾਲਾ ਆਪਣੇ ਬਾਬਿਆਂ ਦੇ ਮੱਥਾ ਟੇਕ ਕੇ ਆਉਣਾ ਉਨ੍ਹਾਂ ਦੀ ਕਿਰਪਾ ਨਾਲ ਤਾਂ ਆਪਾਂ ਅੱਜ ਇੰਨੀ ਮਹਿੰਗੀ ਕਾਰ ਲਈ ਆ” ਇੰਨੇ ਨੂੰ ਕਾਰ ਦੇ ਸ਼ੀਸ਼ੇ ਨੂੰ ਸਾਫ਼  ਕਰਦੀ ਹੋਈ ਇੱਕ ਛੋਟੀ ਜਿਹੀ ਗ਼ਰੀਬੜੀ ਕੁੜੀ ਨੇ ਕੁੱਝ ਪੈਸਿਆਂ ਲਈ ਜਸਵੀਰ ਅੱਗੇ ਹੱਥ ਵਧਾਇਆ ਤੇ ਦੁਆ ਦਿੰਦੀ ਹੋਈ ਨੇ ਕਿਹਾ ”ਬਾਬੂ ਜੀ ਵਧਾਈ ਹੋ ਆਪਕੋ ਭਗਵਾਨ ਔਰ ਪੈਸਾ ਔਰ ਸ਼ੁਹਰਤ ਦੇ” ਉਸ ਦੀ ਆਵਾਜ਼ ਨੂੰ ਸੁਣਦੇ ਜਸਵੀਰ  ਨੇ ਕਿਹਾ ”ਪਰਾਂ ਕਰ ਗੰਦੇ ਜਿਹੇ ਹੱਥ ਅਵ ਦੇ ਐਵੇਂ ਗੱਡੀ ਤੇ ਝਰੀਟਾਂ ਨਾ ਪਾ ਦੇਵੀ” ਤੇ ਕਾਰ ਦਾ ਸੀਸਾ ਚੜ੍ਹਾ ਲਿਆ ਉਸ ਬੇਚਾਰੀ ਨੇ ਬੇਆਸ ਹੋ ਕੇ ਤੁਰਦੀ ਹੋਈ ਨੇ ਕਿਹਾ ”ਭਗਵਾਨ ਭਲਾ ਕਰੇ ਆਪ ਕਾ” ਮੈਂ ਚੁੱਪ ਚਾਪ ਬੈਠਾ ਦੇਖਦਾ ਰਿਹਾ, ਇੰਨੇ ਨੂੰ ਅਭੀ ਵੀ ਮਿਠਾਈ ਦਾ ਡੱਬਾ ਲੈ ਕੇ ਆ ਗਿਆ ਉਪਰੰਤ ਜਸਵੀਰ ਨੇ ਬਾਬੇ ਦੇ ਡੇਰੇ ਤੇ ਪਹੁੰਚ ਕੇ ਬਾਬੇ ਨੂੰ 500/- ਰੁਪਏ ਤੇ ਮਿਠਾਈ ਦਾ ਡੱਬਾ ਮੱਥਾ ਟੇਕ ਕੇ ਤੇ  ਬਾਬੇ ਨੂੰ ਨਵੀਂ ਕਾਰ ਵਿਚ ਚਰਨ ਪਵਾਉਣ ਲਈ ਬੇਨਤੀ ਕੀਤੀ ਤੇ ਕਾਰ ਵਿਚ ਕਿਸੇ ਵੀ ਦੁਰਘਟਨਾਵਾਂ ਤੋ ਬਚਣ ਲਈ ਤਵੀਤ ਟੰਗਵਾ ਲਏ ਉਪਰੰਤ ਪ੍ਰਸਾਦ ਲੈ ਕੇ ਵਾਪਸ ਆ ਹੀ ਰਹੇ ਸੀ ਕਿ ਅਚਾਨਕ ਇੱਕ ਮੌੜ ਤੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ ਇਸ ਜਾਨਲੇਵਾ ਘਟਨਾ ਵਿਚ ਕਾਰ ਤਾਂ ਬਿਲਕੁਲ ਖ਼ਤਮ ਹੋ ਗਈ ਪਰ ਸ਼ੁਕਰ ਪ੍ਰਮਾਤਮਾ ਦਾ ਅਸੀਂ ਤਿੰਨੋ ਬਚ ਗਏ, ਮੈਂ ਹਸਪਤਾਲ ਦੇ ਬੈੱਡ ਤੇ ਪਿਆ ਸੋਚ ਰਿਹਾ ਸੀ ਕਿ ਬਾਬੇ ਦੇ ਤਵੀਤ ਨੇ  ਤਾਂ ਕੀ ਕਰਨੀ ਸੀ ਗੱਡੀ ਦੀ ਰੱਖਿਆ, ਅਸੀਂ ਤਾਂ ਜਾਨੋਂ ਜਹਾਨੋਂ ਵੀ ਚੱਲੇ ਸੀ ਤੇ ਉਸ ਗ਼ਰੀਬੜੀ ਕੁੜੀ ਦਾ ਧੰਨਵਾਦ ਕਰ ਰਿਹਾ ਸੀ ਕਿ ਸ਼ਾਇਦ ਉਸ ਦੀ ਹੀ ਦੁਆ ਨੇ ਸਾਡੀ ਜਾਨ ਬਚਾ ਲਈ ਸੀ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਆਪ ਜੀ ਦਾ ਦਾਸ

ਹਰਮਿੰਦਰ ਸਿੰਘ ”ਭੱਟ”

ਬਿਸਨਗੜ੍ਹ(ਬਈਏਵਾਲ)

Section: