ਮਿੰਨੀ ਕਹਾਣੀ--ਜ਼ਿੰਦਗੀ ਦਾ ਸਬਕ-ਹਰਮਿੰਦਰ ਸਿੰਘ ਭੱਟ

On: 22 August, 2015

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਪੂਰੀ ਯੋਗਤਾ ਹੋਣ ਦੇ ਬਾਵਜੂਦ ਵੀ ਅੱਜ ਇੱਕ ਇੰਟਰਵਿਊ ਤੇ ਘੱਟ ਯੋਗਤਾ ਅਤੇ ਸਿਫ਼ਾਰਸ਼ੀ ਉਮੀਦਵਾਰ ਨੂੰ ਰੱਖੇ ਜਾਣ ਤੋਂ ਬਾਅਦ ਦੁਖੀ ਹੋਇਆ ਬਲਵੰਤ ਸਿੰਘ ਨੇ ਸੋਚਿਆ ਕਿ ”ਉਚੇਰੀ ਵਿੱਦਿਆ ਪ੍ਰਾਪਤ ਕਰਨ ਉਪਰੰਤ ਵੀ 7 ਸਾਲਾਂ ਤੋਂ ਨੌਕਰੀ ਭਾਲ ਭਾਲ ਥੱਕਿਆ ਪਿਆ ਹਾਂ, ਬੇਰੁਜ਼ਗਾਰੀ ਕਾਰਨ ਦਿਹਾੜੀ ਜੋਤਾਂ ਕਰ ਕੇ ਵੱਧ ਰਹੀ ਮਹਿੰਗਾਈ ਦੀ ਚੱਕੀ ਥੱਲੇ ਪਿਸ ਗ਼ਰੀਬੀ ਦੀ ਮਾਰ ਚੱਲ  ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਇਆ, ਪਰ ਹੁਣ ਥੱਕ ਚੁੱਕਿਆ ਹਾਂ ” ਉਸ ਨੇ ਆਪਣੀ ਵਿੱਦਿਅਕ ਯੋਗਤਾ ਵਾਲੀ ਫਾਈਲ ਸੁੱਟਦਿਆਂ ਅੱਜ ਫ਼ੈਸਲਾ ਕਰ ਲਿਆ ਕਿ ਬੇਰੁਜ਼ਗਾਰੀ ਅਤੇ ਗ਼ਰੀਬੀ ਤੋਂ ਨਿਜਾਤ ਪਾਉਣ ਲਈ ਇੱਕੋ ਇੱਕ ਰਸਤਾ ਹੈ ਆਤਮਹੱਤਿਆ ਦਾ, ਫਿਰ ਘਰ ਵਿਚ ਬੁੱਢੇ ਬਿਮਾਰ ਮਾਂ ਪਿਉ, ਵਿਆਹੁਣ ਯੋਗ ਭੈਣ ਅਤੇ ਘਰਵਾਲੀ ਤੇ ਦੋ ਨਿੱਕੀਆਂ ਨਿੱਕੀਆਂ ਕੁੜੀਆਂ ਦੇ ਬਾਰੇ ਸੋਚਦਾ ਸੋਚਦਾ ਅੱਖਾਂ ਵਿਚ ਅੱਥਰੂਆਂ ਦਾ ਦਰਿਆ ਬਹਾਉਣ ਲੱਗ ਪਿਆ, ਆਖ਼ਿਰ ਇਰਾਦੇ ਨੂੰ ਦ੍ਰਿੜ੍ਹ ਕਰਦਿਆਂ ਮਨ ਨੂੰ ਪੱਕਾ ਬਣਾ ਕੇ ਦਫ਼ਤਰ ਦੇ ਬਾਹਰ ਸਿਰ ਨੂੰ ਫੜੀ ਕੱਚੇ ਥਾਵੇਂ ਬੈਠਾ ਬਲਵੰਤ ਸਿੰਘ ਜਿਉਂ ਹੀ ਨਹਿਰ ਵੱਲ ਜਾਣ ਨੂੰ ਉੱਠਣ ਲੱਗਿਆ ਤਾਂ ਅਚਾਨਕ ਨਿਗ੍ਹਾ ਕੱਚੇ ਥਾਵੇਂ ਡਿੱਗੇ ਭੁੱਜੇ ਮੱਕੀ ਦੇ ਦਾਣੇ ਤੇ ਪਈ ਜਿਸ ਨੂੰ ਇੱਕ ਕੀੜੀ ਦੁਆਰਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਸੀ ਉਸ ਨੂੰ ਦੇਖਦਾ ਦੇਖਦਾ ਉਹ ਫਿਰ ਬਹਿ ਗਿਆ ਆਪਣੇ ਵਜ਼ਨ ਨਾਲੋਂ ਲਗਭਗ 10 ਗੁਣਾਂ ਵੱਧ ਦਾਣੇ ਨੂੰ ਚੁੱਕ ਕੇ ਥੋੜ੍ਹੀ ਦੂਰ ਲੈ ਕੇ ਜਾਂਦੀ ਫਿਰ ਰੱਖ ਦਿੰਦੀ ਫਿਰ ਚੁੱਕਦੀ ਥੋੜ੍ਹਾ ਅਗਾਂਹ ਤੁਰਦੀ ਫਿਰ ਰੱਖਦੀ ਨਿਰਾਸ਼ ਤੇ ਹਾਰ ਨਾ ਮੰਨਦੀ ਹੋਈ ਇਸ ਤਰਾਂ ਉਹ ਹੌਲੀ ਹੌਲੀ ਉਸ ਦਾਣੇ ਨੂੰ ਆਪਣੀ ਮੰਜ਼ਿਲ ਵੱਲ ਲੈ ਕੇ ਜਾਣ ਵਿਚ ਸਫਲ ਹੋ ਰਹੀ ਸੀ ਇਹ ਦ੍ਰਿਸ਼ ਦੇਖ ਕੇ ਬਲਵੰਤ ਸਿੰਘ ਦੇ ਮਨ ਵਿਚ ਇੱਕ ਹੌਸਲੇ ਨੇ ਜਨਮ ਲਿਆ ਤੇ  ਇੱਕ ਕੀੜੀ ਤੋਂ ਜ਼ਿੰਦਗੀ ਜਿਊਣ ਦਾ ਸਬਕ ਲੈ ਕੇ  ਮੁਸੀਬਤਾਂ ਨਾਲ ਜੂਝਣ ਦਾ ਮਨ ਬਣਾ ਕੇ ਉਸ ਨੇ ਆਪਣੀ ਫਾਈਲ ਨੂੰ ਚੁੱਕਿਆ ਤੇ ਹਾਰ ਨੂੰ ਪ੍ਰਸਤ ਕਰਦਾ ਹੋਇਆ ਉਮੀਦ ਦੀ ਨਵੀਂ ਕਿਰਨ ਨੂੰ ਜਗਾਉੰਦਾਂ ਜਿੱਤਣ ਲਈ ਅਗਾਂਹ ਨੌਕਰੀ ਦੀ ਭਾਲ ਨੂੰ ਤੁਰ ਪਿਆ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!