ਨੁਕਰਾਂ\ਗੁਰਮੀਤ ਪਲਾਹੀ

On: 20 March, 2015

ਨੁਕਰਾਂ\ਗੁਰਮੀਤ ਪਲਾਹੀ

ਅਸੀਂ ਤਾਂ ਐਂਵੇ ਮੁੱਚੀ ਕਿਹਾ ਸੀ

ਲ਼ੋਕ ਸਭਾ ਚੋਣਾਂ ਦੇ ਦੌਰਾਨ ਕਾਲੇ ਧਨ ਦੀ ਵਾਪਿਸੀ ਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਪੰਦਰਾਂ ਪੰਦਰਾਂ ਲੱਖ ਰੁਪਏ ਮਿਲਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਥਿਤ ਦਾਅਵੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਹ ਗੱਲ ਕਈ ਅੰਦਾਜ਼ਿਆਂ ਵਿੱਚ ਆਏ ਅੰਕੜਿਆਂ ਦੇ ਅਧਾਰ ਤੇ ਉਦਾਹਰਨ ਦੇ ਤੌਰ ਤੇ ਕਹੀ ਗਈ ਸੀ। ਇਹ ਗੱਲ ਦੱਸਦਿਆਂ ਦੇਸ਼ ਦੇ ਖਜ਼ਾਨਾ ਮੰਤਰੀ ਅਰੁਨ ਜੇਤਲੀ ਨੇ ਰਾਜ ਸਭਾ ਵਿੱਚ ਕਿਹਾ ਕਿ ਪ੍ਰਾਸ਼ਾਸ਼ਨ ਨੇ 3250 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਚੋਣਾਂ'ਚ ਤਾਂ ਭਾਈ ਰਾਜਨੀਤਕ ਪਾਰਟੀਆਂ ਵਾਇਦਿਆਂ ਦੀ ਹਨੇਰੀ ਲਿਆ ਦਿੰਦੀਆਂ ਆਂ। ਖਾਲੀ ਘੜੇ ਪਾਣੀ ਨਾਲ ਅਤੇ ਖਾਲੀ ਭੜੋਲੇ ਦਾਣਿਆ ਨਾਲ ਭਰ ਦਿੰਦੀਆਂ ਆਂ। ਭੁੱਖਿਆਂ ਨੂੰ ਅਨਾਜ, ਨੰਗਿਆਂ ਲਈ ਕੱਪੜੇ, ਛੰਨਾਂ ਵਾਲਿਆਂ ਲਈ ਕੋਠੀਆਂ ਤੇ ਮੁੰਡਿਆਂ ਕੁੜੀਆਂ ਲਈ ਨੌਕਰੀ ਦੇ ਵਾਇਦੇ ਤਾਂ ਆਮ ਜਿਹੀ ਗੱਲ ਆ। ਮੋਦੀ ਭਾਈ ਤਾਂ ਵੈਸੇ ਹੀ ਉਚੇ ਬੋਲਾਂ ਵਾਲਾ ਵਾਇਦਿਆਂ ਦਾ ਸੌਦਾਗਰ ਆ। ਮਦਾਰੀ ਵਾਂਗਰ ਅੱਖ ਦੇ ਫੋਰ'ਚ ਸਭ ਨੂੰ ਭਰਮਾਉਣ ਦਾ ਤਰੀਕਾ ਭਾਈ ਉਹਨੂੰ ਆਉਂਦਾ ਆ। ਉਨਾਂ ਜਿਹੜੇ ਵਾਇਦੇ ਕੀਤੇ, ਉਹ ਸੱਚੀ ਮੁੱਚੀ ਦੇ ਥੋੜਾ ਸਨ, ਉਹ ਤਾਂ ਵੋਟਾਂ ਲਈ ਵਾਇਦੇ ਸਨ, ਚੋਣਾਂ ਗਈਆਂ, ਤਮਾਸ਼ਾ ਖਤਮ ਉਵੇਂ ਹੀ ਜਿਵੇਂ ਪੈਸਾ ਸੁੱਟ ਤਮਾਸ਼ਾ ਵੇਖ ਤੇ ਤੁਰਦਾ ਹੋ। ਤਦੇ ਤਾਂ ਉਹਦਾ ਲਫਟੈਨ ਜੇਤਲੀ ਹੁਣ ਇਹ ਕਹਿੰਦਾ ਤੁਰਿਆ ਫਿਰਦੈ,” ਅਸੀ ਤਾਂ ਐਂਵੇ ਮੁੱਚੀ ਕਿਹਾ ਸੀ ਕਿ ਕਾਲਾ ਧੰਨ ਵਿਦੇਸ਼ੋਂ ਆਉਣ ਤੇ ਸਭਨਾਂ ਸਵਾ ਅਰਬ ਭਾਰਤੀਆਂ ਦੇ ਬੈਂਕ ਖਾਤਿਆਂ 'ਚ ਪੰਦਰਾਂ ਪੰਦਰਾਂ ਲੱਖ ਰੁਪੱਈਏ ਜਮਾਂ ਹੋ ਜਾਣਗੇ।“ ਉਂਜ ਭਾਈ ਗੱਲ ਇਹ ਆ, ਜੇ ਅੰਬਾਨੀਆਂ, ਅਡਾਨੀਆਂ ਦੇ ਢਿੱਡ ਭਰੂਗੇ, ਕੋਈ ਪੈਸਾ ਬਚ ਗਿਆ ਤਾਂ ਪੰਦਰਾਂ ਪੰਦਰਾਂ ਰੁਪੱਈਏ ਗੁੜ ਦੀਆਂ ਰਿਉੜੀਆਂ ਖਾਣ ਨੂੰ ਮੋਦੀ ਸਭ ਨੂੰ ਜ਼ਰੂਰ ਦੇ ਦਊ, ਇਹ ਮੋਦੀ ਵਲੋਂ ਮੇਰਾ ਤੁਹਾਡੇ ਨਾਲ ਵਾਇਦਾ ਆ।

ਮੈਂ ਕੋਈ ਝੂਠ ਬੋਲਿਆ?

ਕੁਝ ਸਮਾਂ ਪਹਿਲਾਂ 90 ਫੀਸਦੀ ਭਾਰਤੀਆਂ ਨੂੰ ਬੇਵਕੂਫ ਕਹਿਣ ਵਾਲੇ, ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ, ਮਾਰਕੰਡੇ ਕਾਟਜੂ ਜੋ ਭਾਰਤ ਦੀ ਪ੍ਰੈਸ ਕੌਂਸਲ ਦੇ ਚੇਅਰਮੈਨ ਦੇ ਆਹੁਦੇ ਉਤੇ ਵੀ ਰਹੇ ਹਨ, ਨੇ ਕਿਹਾ ਕਿ ਮਹਾਤਮਾ ਗਾਂਧੀ ਬ੍ਰਿਟਿਸ਼ ਸਰਕਾਰ ਦਾ ਏਜੰਟ ਸੀ ਅਤੇ ਗਾਂਧੀ ਨੇ ਧਰਮ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਦੇ ਹਰ ਲੇਖ ਅਤੇ ਭਾਸ਼ਨ ਵਿੱਚ ਹਿੰਦੂ-ਧਰਮ ਦਾ ਹੀ ਜਿਕਰ ਹੁੰਦਾ ਸੀ। ਕਾਟਜੂ ਨੇ ਕਿਹਾ ਕਿ ਧਰਮ ਦੇ ਅਧਾਰ ਤੇ ਸਿਆਸਤ ਚਲਾਉਣ ਵਾਲੀ ਬ੍ਰਿਟਿਸ਼ ਸਰਕਾਰ ਲਈ ਗਾਂਧੀ ਵੀ ਉਨਾਂ• ਦੇ ਏਜੰਟ ਦੀ ਭੂਮਿਕਾ ਨਿਭਾਅ ਰਹੇ ਸਨ। ਉਨਾਂ• ਨੇ ਕ੍ਰਾਤੀਕਾਰੀ ਚੰਦਰ ਸ਼ੇਖਰ, ਭਗਤ ਸਿੰਘ ਅਤੇ ਰਾਜਗੁਰੂ ਦੇਸ਼ ਭਗਤਾਂ ਵਲੋਂ ਚਲਾਈ ਆਜ਼ਾਦੀ ਦੀ ਮੁਹਿੰਮ ਖਤਮ ਕਰਾਉਣ ਲਈ ਵੀ ਮਹਾਤਮਾ ਗਾਂਧੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਪ੍ਰੈਸ ਕੌਂਸਲ ਦੇ ਸਾਬਕਾ ਚੇਅਰਮੈਨ ਨੇ ਮਹਾਤਮਾ ਗਾਂਧੀ ਦੇ ਚਰਖਾ ਕੱਤਣ ਨੂੰ ਵੀ “ਬਕਵਾਸ” ਕਰਾਰ ਦਿੱਤਾ।

ਪਤਾ ਨਹੀਂ ਹਿੰਦੋਸਤਾਨ ਦੇ ਬਜ਼ੁਰਗਾਂ ਨੂੰ ਮੋਦੀ ਸਰਕਾਰ ਦੇ ਬਨਣ ਤੋਂ ਬਾਅਦ ਕੀ ਹੋ ਗਿਆ ਹੈ? ਕੋਈ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਨਾਹਰਾ ਲਗਾ ਰਿਹਾ ਹੈ, ਕੋਈ ਹਿੰਦੂ ਔਰਤਾਂ ਨੂੰ ਸਲਾਹ ਦੇ ਰਿਹੈ ਕਿ ਦਸ-ਦਸ ਬੱਚੇ ਪੈਦਾ ਕਰੋ। ਕੋਈ ਦੇਸ਼ ਦੇ ਸਾਰੇ ਧਰਮਾਂ ਨੂੰ ਹਿੰਦੂ ਧਰਮ ਵਿੱਚੋਂ ਨਿਕਲੇ ਹੋਏ ਦਸ ਰਿਹਾ ਹੈ। ਉਪਰੋਂ ਬਜ਼ੁਰਗ ਕਾਟਜੂ ਨੇ ਤਾਂ ਸਿਰਾ ਹੀ ਲਾ ਤਾ। ਗਾਂਧੀ ਜੀ , ਜਿਨਾਂ• ਚਲਾਕ ਸ਼ਿਕਾਰੀ ਵਾਂਗਰ ਕਿਸੇ ਹੋਰ ਦੇ ਮਾਰੇ ਸ਼ਿਕਾਰ ਨੂੰ ਆਪਣਾ ਸ਼ਿਕਾਰ ਦੱਸਣ ਵਾਂਗਰ ਭਾਰਤੀ ਅਜ਼ਾਦੀ ਦਾ ਮਸੀਹਾ ਆਪਣੇ ਆਪ ਨੂੰ ਸਿੱਧ ਕਰ ਦਿਤਾ ਸੀ, ਨੂੰ “ਬਿੱਲਿਆਂ ਗੋਰਿਆਂ ਦਾ ਏਜੰਟ ਦੱਸਕੇ ਤੇ ਕ੍ਰਾਤੀਕਾਰੀਆਂ ਨੂੰ ਬਿਲੇ ਲਾਉਣ ਦਾ ਜੁੰਮੇਵਾਰ ਆਖਕੇ। ਸੁਪਰੀਮ ਕੋਰਟ ਦੇ  ਸਾਬਕਾ ਜੱਜ ਨੇ ਵਿਹਲੇ ਬੈਠਿਆਂ, ਸਰਕਾਰੀ ਪੈਨਸ਼ਨ ਦਾ ਅਨੰਦ ਮਾਣਦਿਆਂ ਤੇ ਦਿਮਾਗ ਨਾਲ ਡੂੰਘੀ ਖੋਜ਼ ਕਰਦਿਆਂ ਹੀ ਗੱਲ ਲੱਭੀ ਹੋਊ “ਮਹਾਤਮਾ ਜੀ ਤੇ ਭਾਰਤੀਆਂ ਬਾਰੇ । ਉਂਜ ਭਲਾ ਐਡਾ ਸਿਆਣਾ ਬੰਦਾ ਭਲਾ ਐਂਵੇ ਭਕਾਈ ਕਾਹਨੂੰ ਕਰੂ ਤੇ ਆਖੂ ਇਹੋ ਜਿਹੀ ਗੱਲ ਕਿ 90% ਭਾਰਤੀ ਬੇਵਕੂਫ ਆ। ਵੇਖੋ ਨਾ ਕਿਵੇਂ ਪਹਿਲਾਂ ਮੂੰਹ ਚੁੱਕ ਕੇ ਮੋਦੀ ਨੂੰ ਪਿਛਲੇ ਸਾਲ ਜਨਤਾ ਜਨਾਰਧਨ ਨੇ ਜਿਤਾ ਤਾਂ ਅਤੇ ਇਸ ਸਾਲ ਉਸੇ ਜਨਤਾ ਨੇ ਦਿਲੀ'ਚ ਮੋਦੀ ਨੂੰ ਮੂਧੇ ਮੂੰਹ ਪਾਕੇ ਕੇਜਰੀਵਾਲ ਨੂੰ ਕੁਰਸੀ ਤੇ ਬਿਠਾ ਤਾਂ ਕੀ ਭਾਈ ਫਿਰ ਕੋਈ ਝੂਠ ਆ ਕਾਟਜੂ ਦੀ ਭਾਰਤੀਆਂ ਬਾਰੇ ਆਖੀ ਗੱਲ? ਤਦੇ ਤਾਂ ਕਾਟਜੂ ਫੇਸਬੁੱਕਾਂ, ਤੇ ਟਵੀਟ ਕਰਦਾ ਇੰਜ ਕਹਿੰਦੈ, “ ਮੈਂ ਕੋਈ ਝੂਠ ਬੋਲਿਆ, ਮੈਂ ਕੋਈ ਕੁਫਰ ਤੋਲਿਆ”

ਨੀ ਮੈਂ ਕੀਹਨੂੰ ਆਖਾਂ

ਲੋਕ ਸਭਾ ਵਿੱਚ ਵਿਵਾਦਿਤ ਜ਼ਮੀਨ ਪ੍ਰਾਪਤੀ [ਸੋਧ] ਬਿੱਲ-2015 ਦੋ ਦਿਨਾਂ ਦੀ ਬਹਿਸ ਤੋਂ ਬਾਅਦ ਜ਼ੁਬਾਨੀ ਵੋਟਾਂ ਨਾਲ ਪਾਸ ਹੋ ਗਿਆ। ਇਸ ਤੋਂ ਪਹਿਲਾਂ ਸਰਕਾਰ ਨੇ ਬਿੱਲ ਵਿੱਚ 9 ਸੋਧਾਂ ਕਰਕੇ ਆਪਣੇ ਜ਼ਿਆਦਾਤਰ ਭਾਈਵਾਲਾਂ ਨੂੰ ਇਸਦਾ ਸਮਰਥਨ ਕਰਨ ਲਈ ਰਾਜੀ ਕਰ ਲਿਆ। ਪਰ ਕੇਂਦਰ ਵਿੱਚ ਸੱਤਾਧਾਰੀ ਐਨ. ਡੀ.ਏ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਜ਼ਮੀਨ ਪ੍ਰਾਪਤੀ ਬਿੱਲ ਦੇ ਵਿਰੋਧ ਵਿੱਚ ਵਿਰੋਧੀ ਧਿਰ ਦਾ ਸਾਥ ਦਿੰਦਿਆਂ ਕਿਹਾ ਕਿ ਜ਼ਮੀਨ ਲੈਣ ਤੋਂ ਪਹਿਲਾਂ ਕਿਸਾਨਾਂ ਦੀ ਸਹਿਮਤੀ ਲਾਜ਼ਮੀ ਕਰਾਰ ਦਿਤੀ ਜਾਵੇ। ਕਿਸਾਨਾਂ ਦੀ ਬੰਜਰ ਜ਼ਮੀਨ ਹੀ ਲਈ ਜਾਵੇ, ਉਪਜਾਊ ਜ਼ਮੀਨ ਨਾ ਲਈ ਜਾਵੇ ਅਤੇ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਵੀ ਬਜ਼ਾਰੀ ਦਰਾਂ ਉਪਰ ਮਿਲਣਾ ਚਾਹੀਦਾ ਹੈ।
ਭਾਈ ਅਕਾਲੀਆਂ ਤਾਂ ਕਿਸਾਨਾਂ ਦੀ ਹੀ ਗੱਲ ਕਰਨੀ ਆ। ਉਹੀ ਦੇਸ਼ ਦੇ ਅੰਨ ਦਾਤਾ ਆ ਅਤੇ ਉਹੀ ਅਕਾਲੀਆਂ ਦੇ ਵੋਟਰ ਦਾਤਾ। ਜਿਹਨਾਂ ਬੰਨ ਛੁੱਬ ਕਰਕੇ ਉਨਾਂ ਨੂੰ ਕੁਰਸੀ ਤੇ ਬਿਠਾਉਣ ਦਾ ਪਰਉਪਕਾਰ ਕੀਤਾ ਆ। ਫਿਰ ਉਹ ਅਕਾਲੀਆਂ ਦੀ ਮੰਨਣ ਕਿ ਕਾਰਪੋਰੇਟੀਆਂ ਦੀ। ਕਾਰਪੋਰੇਟੀਏ ਤਾਂ ਉਨਾਂ ਦੇ ਆਪਣੇ ਆ, ਅਤੇ ਵਿਚਾਰੇ ਅਕਾਲੀ ਆ ਭਾਜਪਾਈਆਂ ਦੇ ਭਾਈਵਾਲ। ਪਤਾ ਨਹੀਂ ਕਿਹੜੇ ਵੇਲੇ ਭਾਜਪਾ ਅਕਾਲੀਆਂ ਦੀ ਟੁੱਟ ਜਾਏ, ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਗੱਲ ਤੇ ਉਨਾਂ• ਦਾ ਇੱਟ ਖੜਿੱਕਾ ਤਾਂ ਚੱਲਦਾ ਹੀ ਰਹਿੰਦਾ ਆ। ਘਰ'ਚ ਤ੍ਰੀਮਤ ਖਾਵੰਦ ਦੇ ਝਗੜੇ ਵਾਂਗਰ। ਉਂਜ ਭਾਈ, ਭਾਜਪਾ ਵਾਲੇ ਬਹੁਤ ਹੀ ਕੁਵਿਧੀ'ਚ ਫਸੇ ਹੋਏ ਆ, ਜਿਹੜਾ ਵੀ ਕੰਮ ਕਰਨ ਨੂੰ ਪੈਂਦੇ ਆ, ਚੰਗਾ ਹੋਵੇ ਜਾਂ ਮੰਦਾ, ਬੱਸ ਕੋਈ ਨਾ ਕੋਈ ਵਿਘਨ ਪੈਂਦਾ ਹੀ ਰਹਿੰਦਾ। ਆਹ ਵੇਖੋ ਨਾ ਜੰਮੂ ਕਸ਼ਮੀਰ'ਚ ਭਾਜਪਾ ਦੇ ਭਾਈਵਾਲ ਪੀ.ਡੀ.ਪੀ ਵਾਲਿਆ ਮੁਖ ਮੰਤਰੀ ਦਾ ਆਹੁਦਾ ਹਥਿਆਕੇ ਕੀ ਕੀਤਾ ? ਆਉਂਦਿਆਂ ਹੀ ਆਪਣੇ ਸਮਰਥਕ ਖਾੜਕੂਆਂ ਨੂੰ ਜੇਲੋ ਬਾਹਰ ਕੱਢਣਾ ਸ਼ੁਰੂ ਕਰ ਤਾ। ਮਹਾਰਾਸ਼ਟਰ ਵਾਲੇ ਭਾਈਵਾਲ ਸ਼ਿਵ ਸੈਨਾ ਵਾਲੇ ਤਾਂ ਪਹਿਲਾਂ ਹੀ ਕਿਸੇ ਨਾ ਕਿਸੇ ਗੱਲੇ ਭਾਜਪਾ ਨੂੰ ਘੁਰਕੀਆਂ ਮਾਰਦੇ ਰਹਿੰਦੇ ਆ। ਅਸਲ'ਚ ਤਾਂ ਭਾਈ ਗਠਜੋੜ ਭਾਈਵਾਲਾਂ ਨਾਲ ਭਾਜਪਾਈਆਂ ਦੇ ਜੋੜ ਢਿੱਲੇ ਪਏ ਹੋਏ ਆ, ਇੱਕ ਪਾਸੇ ਮਾੜਾ ਮੋਟਾ “ਫੈਵੀਕੋਲ” ਜੋੜਦੇ ਆ, ਦੂਜੇ ਪਾਸੇ ਟੁਟਣ ਨੂੰ ਹੋ ਜਾਂਦਾ। ਬੜਾ ਹੀ ਅਜ਼ੀਬ ਕਿਸਮ ਦਾ ਦਰਦ ਹੰਡਾ ਰਹੇ ਆ। ਉਸ ਮੁਟਿਆਰ ਵਾਂਗਰ ਜੀਹਨੂੰ ਆਪਣੇ ਮਰਦ ਦੀਆਂ ਘੁੜਕੀਆ ਕਾਰਨ, ਉਹਦੇ ਨਾਲੋਂ ਜੁਦਾ ਹੋਣ ਦਾ ਦਰਦ ਸਤਾਉਂਦਾ ਰਹਿੰਦਾ ਅਤੇ ਜੋ ਕਿਸੇ ਅੱਗੇ ਆਪਣਾ ਦੁੱਖ ਵੀ ਫੋਲ ਨਹੀਂ ਸਕਦੀ। ਤਦੇ ਤਾਂ ਕੰਧਾਂ ਕੌਲਿਆਂ ਨਾਲ ਲੱਗਕੇ ਆਂਹਦੀ ਆ “ਇਹ ਦਰਦ ਵਿਛੋੜੇ ਦਾ ਹਾਲ, ਨੀ ਮੈਂ ਕੀਹਨੂੰ ਆਖਾਂ?

ਚਿੜੀਆਂ ਚੁੱਗ ਗਈ ਖੇਤ

ਦਿਲੀ ਦੀ ਪਟਿਆਲਾ ਹਾਊਸ ਵਿਸ਼ੇਸ਼ ਅਦਾਲਤ ਨੇ ਕੋਲਾ ਬਲਾਕਾਂ ਦੀ ਵੰਡ ਦੇ ਸਿਲਸਿਲੇ'ਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸਮੇਤ 6 ਦੋਸ਼ੀਆਂ ਨੂੰ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਜਦੋਂ ਕੋਲਾ ਘੁਟਾਲਾ ਹੋਇਆ ਸੀ, ਉਦੋਂ ਡਾ: ਮਨਮੋਹਨ ਸਿੰਘ ਕੋਲ ਕੋਲਾ ਮੰਤਰੀ ਦਾ ਚਾਰਜ਼ ਵੀ ਸੀ। ਅਦਾਲਤ ਨੇ ਤਲਖ ਟਿਪਣੀ ਕੀਤੀ ਹੈ ਕਿ ਮਨਮੋਹਨ ਸਿੰਘ ਨੇ ਜਾਣ ਬੁੱਝਕੇ ਕੋਲਾ ਮੰਤਰਾਲਾ ਆਪਣੇ ਕੋਲ ਰੱਖਿਆ ਅਤੇ ਖੁਦ ਹੀ ਮਨਜੂਰ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ।
     ਉਹ ਭਾਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਸ ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਕੇ ਕਲਮ ਵਾਹੀ, ਪਰ ਇਹ ਕਲਮ ਉਹਦੀ ਆਪਣੀ ਨਹੀਂ ਸੀ ਅਤੇ ਨਾ ਇਸ ਵਿੱਚ ਸਿਆਹੀ ਉਹਦੀ ਆਪਣੀ ਸੀ। ਉਹਦਾ ਦਿਮਾਗ ਭਾਵੇਂ ਆਪਣਾ ਸੀ, ਦਲੀਲ ਉਹਦੀ ਆਪਣੀ ਸੀ, ਪਰ ਉਹ ਫੈਸਲੇ “ਉਪਰਲਿਆਂ” ਦੇ ਆਖੇ ਕਰਦਾ ਸੀ। ਜਿਵੇਂ ਭਾਈ ਮੋਦੀ ਹੁਣ ਅੰਡਾਨੀਆਂ ਦੀ ਮੰਨਦੈ, ਇਵੇਂ ਭਾਈ ਮਨਮੋਹਨ ਸਿਹੁੰ, “ਗਾਂਧੀਆਂ” ਦੇ ਆਖੇ ਬਿਰਲਿਆਂ ਦੀ ਮੰਨਦਾ ਸੀ। ਇਵੇਂ ਕਰਦਿਆਂ ਜੇ ਭਾਈ ਉਸ ਆਪਣੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਆਪਣੇ “ਆਕਾ” ਨੂੰ ਖੁਸ਼ ਕਰਨ ਲਈ ਕਰ ਹੀ ਦਿਤੀ ਆ, ਤਾਂ ਭਾਈ ਹੁਣ ਮਨਮੋਹਨ ਸਿਹੁੰ ਦੁਖੀ ਕਿਉਂ ਹੋਇਆ ਬੈਠਾ?

ਭਾਰਤ ਦੇਸ਼ ਆ ਮਹਾਨ ਇਥੇ ਤਕੜੇ ਦਾ ਆ ਸੱਤੀ ਬੀਹੀ ਸੌ ਅਤੇ ਸੱਚ ਨੂੰ ਫਾਂਸੀ ਟੰਗੇ ਜਾਣ ਦਾ ਇਥੇ ਆ ਰਿਵਾਜ। ਕਿਥੇ ਚੰਗਾ ਭਲਾ ਨੌਕਰੀ ਕਰਦਾ ਕਰਦਾ ਮਨਮੋਹਨ ਸਿਹੁੰ ਇਨਾਂ ਸਿਆਸਤਦਾਨਾਂ ਦੇ ਹੱਥੀ ਚੜ ਗਿਆ। ਹੁਣ ਤਾਂ ਭਾਈ ਇਸ ਦੁੱਖ ਨੂੰ ਜ਼ਿੰਦਗੀ ਦਾ ਹਿੱਸਾ ਮੰਨਕੇ ਹੀ ਸਹਿਣਾ ਪਊ। ਉਦੋਂ ਤੱਕ ਜਦੋਂ ਤੱਕ ਸੱਚ ਸਾਹਮਣੇ ਨਹੀਂ ਅਉਂਦਾ। ਉਂਜ ਭਾਈ ਅੱਬ ਪਛਤਾਏ ਕਿਆ ਹੂਏ ਜਬ ਚਿੜੀਆ ਚੁੱਗ ਗਈ ਖੇਤ।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ

1. ਹਿੰਦੋਸਤਾਨ ਦੀਆਂ 36% ਲੜਕੀਆਂ ਅਤੇ 44% ਕਾਲਜ਼ ਦੇ ਲੜਕੇ ਦਾਜ ਦਹੇਜ਼ ਲੈਣ ਦੇਣ ਨੂੰ ਸਹੀ ਮੰਨਦੇ ਹਨ ਅਤੇ 51% ਕਾਲਜ ਵਿਦਿਆਰਥੀ ਮੰਨਦੇ ਹਨ ਕਿ ਔਰਤਾਂ ਨੂੰ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ।

2. ਹਿੰਦੋਸਤਾਨ ਦੇ ਬਾਰਾਂ ਸ਼ਹਿਰਾਂ'ਚ ਕੀਤੇ ਇਕ ਸਰਵੇ ਅਨੁਸਾਰ ਹਰ ਦੋ ਵਿੱਚੋਂ ਇੱਕ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਦੁਰਵਿਵਹਾਰ ਹੁੰਦਾ ਹੈ। 61% ਨੂੰਹਾਂ, 59% ਬੇਟੇ, 07% ਬੇਟੀਆਂ, 06% ਜੁਆਈ, 03 ਪ੍ਰਤੀਸ਼ਤ ਰਿਸ਼ਤੇਦਾਰ ਬਜ਼ੁਰਗਾਂ ਨਾਲ ਸਾਲ 2014 ਵਿੱਚ ਦੁਰਵਿਵਹਾਰ ਕਰਨ ਵਾਲੇ ਲੋਕਾਂ'ਚ ਸ਼ਾਮਲ ਸਨ। 46% ਬਜ਼ੁਰਗਾਂ ਨੇ ਤਿੰਨ ਤੋਂ ਪੰਜ ਸਾਲ ਤੋਂ ਅਪਮਾਨ ਸਹਿਣ ਦੀ ਗੱਲ ਦੱਸੀ, ਪਰ ਸਿਰਫ 12% ਨੇ ਹੀ ਪੁਲਿਸ ਕੋਲ ਸ਼ਕਾਇਤ ਦਰਜ਼ ਕਰਵਾਈ।

3. ਦੇਸ਼ ਵਿੱਚ ਸਾਲ 2014 ਵਿੱਚ 1,137 ਮਾਡਲਾਂ ਦੇ ਮੋਬਾਇਲ ਫੋਨ ਬਜ਼ਾਰ ਵਿੱਚ ਆਏ ਜਿਨਾਂ ਵਿੱਚ 418 ਭਾਰਤੀ ਬ੍ਰਾਂਡ ਸਨ। ਦੇਸ਼ ਦੀ 125 ਕਰੋੜ ਅਬਾਦੀ ਵਿੱਚੋਂ ਦਸੰਬਰ 2014 ਤੱਕ 97 ਕਰੋੜ 09 ਲੱਖ 55 ਹਜ਼ਾਰ 980 ਲੋਕਾਂ ਕੋਲ ਮੋਬਾਇਲ ਫੋਨ ਹਨ, ਪਰ 60 ਕਰੋੜ ਭਾਰਤੀ ਲੋਕਾਂ ਕੋਲ ਘਰਾਂ ਵਿੱਚ ਪਖਾਨੇ ਨਹੀਂ, ਉਹ ਖੁਲੇ'ਚ ਹੀ “ਜੰਗਲ ਪਾਣੀ” ਜਾਂਦੇ ਹਨ।

4. ਦੇਸ਼ ਵਿੱਚ 1000 ਮਰੀਜ਼ਾਂ ਪਿਛੇ ਇੱਕ ਤੋਂ ਘੱਟ ਜਾਣੀ 0.7 ਡਾਕਟਰ ਹਨ। ਜਦਕਿ ਇਹ ਗਿਣਤੀ ਪਿੰਡਾਂ ਵਿੱਚ ਤਾਂ ਨਾ ਮਾਤਰ ਹੀ ਹੈ, ਜਿੱਥੇ ਦੇਸ਼ ਦੇ ਸਾਰੇ ਪਿੰਡਾਂ ਵਿੱਚ 27,355 ਡਾਕਟਰ ਹੀ ਸਾਲ 2014 ਵਿੱਚ ਤਾਇਨਾਤ ਸਨ।

5. ਦੇਸ਼ ਵਿੱਚ ਸਾਲ 2001 ਵਿੱਚ ਖੇਤਾਂ ਦੀਆਂ ਮਾਲਕ 4 ਕਰੋੜ 19 ਲੱਖ ਔਰਤਾਂ ਕਿਸਾਨ ਸਨ, ਜਿਨਾਂ ਦੀ ਗਿਣਤੀ 2011 ਵਿੱਚ ਘੱਟਕੇ 32 ਕਰੋੜ 60 ਲੱਖ ਰਹਿ ਗਈ ਹੈ ਜਦਕਿ ਸਾਲ 2001 ਵਿੱਚ 4 ਕਰੋੜ 95 ਲੱਖ ਔਰਤਾਂ ਖੇਤ ਮਜ਼ਦੂਰ ਸਨ ਜਿਨਾਂ ਦੀ ਗਿਣਤੀ 2011 ਵਿੱਚ ਵਧਕੇ 6 ਕਰੋੜ 16 ਲੱਖ ਹੋ ਗਈ ਹੈ।

Section: