ਸੁਫ਼ਨਾ ਹੋਇਆ ਸਾਕਾਰ---ਸਰਬਜੀਤ ਸੰਗਰੂਰਵੀ

On: 22 March, 2015

ਕਹਾਣੀ
ਸੁਫ਼ਨਾ ਹੋਇਆ ਸਾਕਾਰ---ਸਰਬਜੀਤ ਸੰਗਰੂਰਵੀ

ਕੁਲਵਿੰਦਰ ਸ਼ਹਿਰ ਦੇ ਮਸ਼ਹੂਰ ਕਾਲਜ ਚ ਪੜਦਾ ਸੀ।ਉਹ ਗ਼ਰੀਬ ਪਰ ਮਿਹਨਤੀ ਤੇ ਹੁਸ਼ਿਆਰ ਲੜਕਾ ਸੀ,ਉਹ ਹੋਰ ਪੜਨਾ ਚਾਹੁੰਦਾ ਸੀ।ਪਰ ਉਸਦੇ ਮਾਂ ਬਾਪ ਉਸਨੂੰ ਹੋਰ ਪੜਨ ਦੀ ਥਾਂ ਕੋਈ ਕੰਮ ਕਰਨ ਲ ਈ ਕਹਿੰਦੇ ,ਤਾਂ ਜੋ ਦੋ ਚਾਰ ਪੈਸੇ ਘਰ ਆਉਣ ਤੇ ਗੁਜ਼ਾਰਾ ਵਧੀਆ ਚੱਲੇ। ਪੜ ਵਿਹਲੇ ਰਹਿਣ ਨਾਲ ਦੁੱਖ ਤੇ ਤੰਗੀ ਪਿੱਛਾ ਨਹੀ ਛੱਡਦੀ।ਮਿਹਨਤ ਕਰਨ ਨਾਲ ਕੰਗਾਲੀ ਨੱਸਦੀ ਹੈ।
     ਪਰ ਜਿਸਦੇ ਮਨ ਚ ਪੜਾਈ ਦੀ ਲਗਨ ਹੋਵੇ,ਤਾਂ ਉਹ ਆਪਣੀ ਪੜਾਈ ਕਿਵੇਂ ਛੱਡ ਸਕਦਾ ਏ?ਪੜ ਗਿਆਨ ਵਧਾਉਣ ਦੀ ਲਾਲਸਾ ਨੇ ਉਸਨੂੰ ਸੋਚਣ ਲ ਈ ਮਜ਼ਬੂਰ ਕੀਤਾ ਕਿ ਪੜਾਈ ਕਿਵੇ ਚਾਲੂ ਰੱਖੀ ਜਾਵੇ।ਅੰਤ ਉਸ ਸੋਚਿਆ ਕਿ ਕੋਈ ਐਸੀ ਨੋਕਰੀ ਲੱਭਾਂ ਜਿਸ ਨਾਲ ਪੜ ਸਕਾਂ ਤੇ ਆਪਣੇ ਪਰਿਵਾਰ ਦੀ ਮਦਦ ਵੀ ਕਰ ਸਕਾਂ।ਉਸ ਨੋਕਰੀ ਖ਼ਾਤਰ ਕ ਈ ਇਸ਼ਤਿਹਾਰ ਦੇਖ ਅਪਲਾਈ ਕਰਦਾ।ਕਿੰਨੇ ਮਹੀਨੇ ਬੀਤੇ,ਨੋਕਰੀ ਨਾ ਮਿਲੀ।ਉਸਨੂੰ ਨੌਕਰੀ ਦੀ ਸ਼ਖ਼ਤ ਲੋੜ ਸੀ।ਜੇ ਨੋਕਰੀ ਨਾ ਮਿਲੀ ਤਾਂ ਪੜਾਈ ਛੱਡਣੀ ਪਵੇਗੀ।
     ਕਈ ਮਹੀਨਿਆਂ ਬਾਦ ਉਸਦਾ ਦੋਸਤ ਗੁਰਪਰੀਤ ਸਿੰਘ ਮਿਲਿਆ,ਜੋ ਕਿਸੇ ਦੁਕਾਨ ਤੇ ਕੰਮ ਕਰਦਾ ਸੀ।ਕੁਲਵਿੰਦਰ ਦੀ ਗੱਲ ਸੁਣ ਗੁਰਪਰੀਤ ਕਹਿਣ ਲੱਗਾ ਕਿ ਕੁਲਵਿੰਦਰ ਤੂੰ ਕੋਈ ਵੀ ਪੇਸ਼ਾ ਕਰ ਉਸ ਚ ਮੁਹਾਰਤ ਹਾਸਲ ਕਰ ।ਪਰ ਯਾਦ ਰੱਖੀ ਕਿਸੇ ਦੀ ਤਰੱਕੀ ਹੁੰਦੀ ਦੇਖ ਕੇ ਸੜਨ ਦੀ ਥਾਂ ਆਪਣੀ ਯੋਗਤਾ ਵਧਾਉਣ ਦੀ ਤਨੋਂ ਮਨੋਂ ਪੂਰੀ ਕੋਸ਼ਿਸ਼ ਕਰੀ। ਤੂੰ ਉਹਨਾਂ ਸ਼ਖ਼ਸ਼ੀਅਤਾਂ ਨੂੰ ਯਾਦ ਕਰ ਜਿਹਨਾਂ ਕੋਲ ਪੜਾਈ ਦਾ ਕੋਈ ਸਾਧਨ ਨਹੀ ਸੀ।ਪਰ ਉਹ ਆਪਣੀ ਮਿਹਨਤ,ਲਗਨ ਤੇ ਦਿਨ ਰਾਤ ਮਿਹਨਤ ਕਰ ਤੱਰਕੀ ਕਰ ਗ ਏ ਸੋ ਤੂੰ ਢੇਰੀ ਨਾ ਢਾਹ।ਜਦ ਤੱਕ ਕੋਈ ਨੋਕਰੀ ਨਹੀ ਤੂੰ ਕਲਮ ਚੱਲਾ।ਕਾਮਯਾਬੀ ਇੱਕ ਦਿਨ ਤੇਰੇ ਕਦਮ ਜ਼ਰੂਰ ਚੁੰਮੇਗੀ।
ਗੁਰਪਰੀਤ ਨੇ ਕੁਲਵਿੰਦਰ ਨੂੰ ਅਖਬਾਰਾਂ ਵਾਲੀ ਦੁਕਾਨ ਤੇ ਲੱਗਵਾ ਦਿੱਤਾ।ਉਹ ਸਵੇਰੇ ਉੱਠ ਅਖਬਾਰ ਵੰਡ ਕਾਲਜ ਜਾਂਦਾ ਤੇ ਵਾਪਸ ਆ ਪਾਰਟ ਟਾਈਮ ਦੁਕਾਨ ਤੇ ਕੰਮ ਕਰਦਾ।ਚੰਗੀ ਤਨਖਾਹ ਤੇ ਪੜਨ ਦਾ ਭਰਪੂਰ ਵਕਤ।ਵਿਦੇਸ਼ਾਂ ਚ ਵੀ ਨੌਜਵਾਨ ਪੜਾਈ ਦੇ ਨਾਲ ਨਾਲ ਕੋਈ ਕੰਮ ਕਾਰ ਕਰਕੇ ਗੁਜ਼ਾਰਾ ਕਰਦੇ ਨੇ।ਸਾਡੇ ਦੇਸ਼ ਚ ਵੀ ਪੜਾਈ ਦੇ ਨਾਲ ਨਾਲ ਦਸਤੀ ਕੰਮ ਸਿਖਾ ਕੇ ਉਹਨਾਂ ਦੁਆਰਾ ਬਣਾਈਆਂ ਵਸਤਾਂ ਵੇਚ ਉਹਨਾਂ ਨੂੰ ਉਦੋਂ ਹੀ ਆਪਣੇ ਪੈਰਾਂ ਤੇ ਖੜਾ ਹੋਣ ਯੋਗ ਬਣਾਇਆ ਜਾਵੇ,ਤਾਂ ਜੋ ਉਹ ਬੇਰੁਜ਼ਗਾਰੀ ਕਾਰਨ ਗੁੰਮਰਾਹ ਨਸ਼ਿਆਂ ਗ਼ਲਤ ਕੰਮਾਂ ਦਾ ਸ਼ਿਕਾਰ ਨਾ ਹੋਣ।ਨੋਕਰੀ ਲੱਭਣ ਦੀ ਥਾਂ ਉਹ ਸਵੈ ਰੁਜ਼ਗਾਰ ਅਪਨਾਉਣ ਨੂੰ ਪਹਿਲ ਦੇਣ।
     ਕੁਝ ਮਹੀਨਿਆਂ ਬਾਦ ਕੁਲਵਿੰਦਰ ਨੇ ਆਪਣੇ ਘਰ ਰੁਪੈ ਭੇਜਣੇ ਸੁਰੂ ਕਰ ਦਿੱਤੇ।ਮਾਂ ਬਾਪ ਵੀ ਖੁਸ਼ ਹੋਏ ਅਤੇ ਖ਼ਤ ਰਾਹੀ ਹਦਾਇਤ ਕੀਤੀ ਕਿ ਪੁੱਤਰਾ ਤੂੰ ਹੁਣ ਪੜ ਲਿਖ ਕੇ ਅਫਸਰ ਬਣ ਕੇ ਆਈ,ਸਾਡਾ ਫਿਕਰ ਨਾ ਕਰੀ।ਰੱਬ ਸੁੱਖ ਰੱਖੂ।
ਕਾਲਜ ਚ ਮਸ਼ਹੂਰ ਉਦਯੋਗਪਤੀ ਦੀ ਸ਼ਰਾਰਤੀ ਲੜਕੀ ਜੋਤੀ ਪੜਦੀ ਸੀ।ਜਦ ਵੀ ਕਿਸੇ ਕਾਲਜ ਜਾਂ ਥਾਂ ਕੋਈ ਪਰੋਗਰਾਮ ਹੁੰਦਾ,ਤਾਂ ਦੋਵੇ ਹਿੱਸਾ ਲੈਂਦੇ ।ਕਵਿਤਾ ਗਾਇਨ ਉਚਾਰਨ,ਪੇਟਿੰਗ,ਲੇਖ,ਭਾਸ਼ਨ ਮੁਕਾਬਲੇ ਵਿਚ ਦੋਵੇ ਹਿੱਸਾ ਲੈਂਦੇ।ਜਦ ਕੁਲਵਿੰਦਰ ਪਹਿਲੀ ਮੁਲਾਕਾਤ ਚ ਜੋਤੀ ਨੂੰ ਦਿਲ ਦੇ ਬੈਠਾ।ਜਦੋ ਜੋਤੀ ਨੇ ਗਿੱਧਾ ਪਾਇਆ।ਤਾਂ ਕੁਲਵਿੰਦਰ ਦਾ ਵੀ ਜੀ ਨੱਚਣ ਨੂੰ ਕਰਦਾ।ਜਦ ਜੋਤੀ ਉਸਨੂੰ ਨਾ ਮਿਲਦੀਂ।ਤਾਂ ਉਹ ਉਦਾਸ ਹੋ ਜਾਂਦਾ।ਉਹ ਸੋਚਦਾ ਪਤਾ ਨਹੀ ਪਤਾ ਨਹੀ ਕਦ ਜੋਤੀ ਨੂੰ ਮੈ ਆਪਣੇ ਦਿਲ ਦੀ ਗੱਲ ਕਹਿ ਸਕਾਂਗਾ।
     ਕੁਲ਼ਵਿੰਦਰ ਦੇ ਮਾਲਕ ਨੇ ਉਸਦੀ ਇਮਾਨਦਾਰੀ ,ਪੜਾਈ ਦੀ ਲਗਨ ਤੇ ਨੇਕ ਇਨਸਾਨ ਬਣਨ ਦੀ ਇੱਛਾ ਦੇਖ ਕੇ ਉਸਦੀ ਤਨਖਾਹ ਵਧਾ ਦਿੱਤੀ।ਉਸਨੂੰ ਰਹਿਣ ਲ ਈ ਕਮਰਾ ਅਤੇ ਖਾਣ ਲ ਈ ਖਾਣਾ ਦਿੰਦਾ ਸੀ,ਕਿਉਕਿ ਅਖ਼ਬਾਰ ਵੰਡਣ ਦੀ ਥਾਂ ਆਪਣੇ ਮਾਲਕ ਨਾਲ ਸ਼ੌ ਰੂਮ ਵਿੱਚ ਕੰਮ ਕਰਨ ਲੱਗ ਪਿਆ ਸੀ।ਦੁਕਾਨ ਕਿਤਾਬਾਂ ਨਾਲ ਭਰੀ ਦੇਖ ਕੇ ਉਸਦੇ ਮਨ ਇੱਛਾ ਪੈਦਾ ਹੋਈ ਕਿ ਉਸਦਾ ਵੀ ਇਹੋ ਜਿਹਾ ਵੱਡਾ ਸ਼ੌ ਰੂਮ ਹੋਵੇ।ਉਸਦਾ ਸੁਫ਼ਨਾ ਸੀ ਕਿ ਉਹ ਆਪਣੇ ਮਾਂ ਬਾਪ ਨੂੰ ਸ਼ਹਿਰ ਚ ਸੋਹਣੀ ਜਿਹੀ ਕੋਠੀ ਚ ਰੱਖੇਗਾ ਤੇ ਸੇਵਾ ਕਰੇਗਾ।
     ਉਹ ਹੁਣ ਤੱਕ ਦੋ ਤਿੰਨ ਨਾਵਲ ,ਚਾਰ ਪੰਜ ਕਹਾਣੀ ਸੰਗਰਿਹ ਲਿਖ ਛਪਵਾ ਚੁੱਕਾ ਸੀ।ਉਸਨੂੰ ਜੋਤੀ ਵਾਰ ਵਾਰ ਯਾਦ ਆਉਂਦੀ।ਹਰ ਪਲ ਉਸਦਾ ਚਿਹਰਾ ਅੱਖਾਂ ਸਾਹਮਣੇ ਆਉਂਦਾ।ਉਹ ਮਨ ਚ ਸੋਚਦਾ ਕਿ ਉਹ ਆਪਣੇ ਦਿਲ ਦੀ ਗੱਲ ਜੋਤੀ ਨੂੰ ਕਹਿ ਹੀ ਦੇਵੇ।ਪਰ ਡਰਦਾ ਕਿ ਕਿਤੇ ਜੋਤੀ ਨਰਾਜ਼ ਹੀ ਨਾ ਹੋ ਜਾਵੇ।ਇੱਕ ਦਿਨ ਉਸਦੀ ਦੁਕਾਨ ਤੇ ਜੋਤੀ ਕੁਝ ਨਾਵਲ ਖਰੀਦਣ ਆਈ। ਉਦੋ ਉਸਦੀ ਦੁਕਾਨ ਤੇ ਇਹ ਗਾਣਾ ਚੱਲ ਰਿਹਾ ਸੀ" ਚੰਨੋ ਦਾ ਜਵਾਨੀ ਵਿਚ ਪੈ ਗਿਆ,ਪਿੰਡ ਵਿੱਚ ਮੁੰਡਿਆਂ ਦਾ ਵੈਰ ਪੈ ਗਿਆ।"ਜੋਤੀ ਨੇ ਕੁਲਵਿੰਦਰ ਨੂੰ ਪਹਿਚਾਣ ਲਿਆ ਅਤੇ ਪੁੱਛਿਆ ਕਿ ਤੁਸੀ ਹੁਣ ਕਾਲਜ ਬਹੁਤ ਘੱਟ ਆਉਂਦੇ ਹੋ, ਕਈ ਵਾਰ ਤੁਸੀ ਲੈਕਚਰ ਮਿਸ ਕਰ ਦਿੰਦੇ ਹੋ।ਤੁਹਾਡੀ ਪੜਾਈ ਤੇ ਕੋਈ ਅਸਰ ਨਹੀ ਪੈਂਦਾ?" ਪਰ ਕੁਲਵਿੰਦਰ ਇਸਦਾ ਜਵਾਬ ਨਾ ਦੇ ਸਕਿਆ।ਉਸਨੇ ਨਾਲ ਦੇ ਮੁੰਡੇ ਨੂੰ ਕਿਹਾ"ਛੋਟੂ ਡੈੱਕ ਬੰਦ ਕਰ।ਛੋਟੂ ਨੇ ਡੈੱਕ ਬੰਦ ਕਰ ਦਿੱਤਾ।
     ਫਿਰ ਕੁਲਵਿੰਦਰ ਨੇ ਹਿੰਮਤ ਕਰਕੇ ਜੋਤੀ ਨੂੰ ਪੁੱਛਿਆ,"ਤੁਹਾਡਾ ਕੀ ਹਾਲ ਹੈ?ਤੁਸੀ ਚਾਹ ਕਾਫ਼ੀ ਲਵੋਗੇ ਜਾਂ ਠੰਡਾ? ਜਾਂ ਫਿਰ ਹਰਮਨ ਹੋਟਲ ਵਿੱਚ ਚੱਲੀਏ?ਉਸ ਇੱਕਦਮ ਸਵਾਲਾਂ ਦੀ ਬਰਸਾਤ ਕਰ ਦਿੱਤੀ।ਕੁਲਵਿੰਦਰ ਨੇ ਸੋਚਿਆ ਸ਼ਾਇਦ ਜੋਤੀ ਚੱਲ ਹੀ ਪਵੇ।ਤਾਂ ਮੈਂ ਉਸਨੂੰ ਦਿਲ ਦੀ ਗੱਲ ਕਹਿ ਦੇਵਾਂਗਾ।
ਜੋਤੀ ਕਹਿਣ ਲੱਗੀ,"ਤੁਸੀ ਇੱਕ ਵਾਰ ਹੀ ਐਨੇ ਸਵਾਲ ਕਰ ਦਿੱਤੇ। ਆਪਾਂ ਚਾਹ ਹੋਟਲ ਚ ਹੀ ਜਾ ਕੇ ਪੀਏ ,ਤਾਂ ਚੰਗਾ ਹੋਵੇਗਾ।ਕੁਝ ਲਿਟੇਚਰ ਬਾਰੇ ਵੀ ਗੱਲਾਂ ਕਰਾਗੇ ਤੇ ਕੁਝ ਪੜਾਈ ਬਾਰੇ।"
     ਕੁਲਵਿੰਦਰ ਕੋਲ ਰੁਪਏ ਥੌੜੇ ਸੀ।ਉਸ ਕਿਹਾ ,"ਤੁਸੀਂ ਬੈਠੋ ਮੈਂ ਹੁਣੇ ਕੱਪੜੇ ਚੇਂਜ ਕਰ ਮਾਲਕ ਨੂੰ ਦੱਸ ਆਵਾਂ।"ਤੇ ਛੋਟੂ ਨੂੰ ਕਿਹਾ ਡੈੱਕ ਚਲਾ ਦੇ।ਹੁਣ ਡੈੱਕ ਤੇ ਗੀਤ ਚੱਲ ਰਿਹਾ ਸੀ,"ਮੈ ਪਿੰਡ ਦਾ ਮੁੰਡਾ ਤੂੰ ਕੁੜੀ ਸ਼ਹਿਰ ਦੀ, ਕਿਵੇਂ ਸਹਿਏਗੀ ਤੂੰ ਗਰਮੀ ਦੁਪਹਿਰ ਦੀ।"
     ਉਸਦੇ ਮਾਲਕ ਦਿਆਲ ਨੇ ਸਭ ਕੁਝ ਦੇਖ ਲਿਆ ਸੀ ਅਤੇ ਹਾਲਤ ਜਾਣ ਗਿਆ ਸੀ।ਉਸਨੇ ਕੁਲਵਿੰਦਰ ਨੂੰ ਛੁੱਟੀ ਦੇ ਨਾਲ ਰੁਪੈ ਤੇ ਆਪਣੀ ਕਾਰ ਦੀ ਚਾਬੀ ਦਿੱਤੀ ਤੇ ਕੁਲਵਿੰਦਰ ਆਪਣੇ ਮਾਲਕ ਦਾ ਧੰਨਵਾਦ ਕਰਦੇ ਹੋਏ ਸਿਰ ਸਤਿਕਾਰ ਨਾਲ ਝੁਕਾ ਜੋਤੀ ਨਾਲ ਹਰਮਨ ਹੋਟਲ ਚੱਲਾ ਗਿਆ।ਉਥੇ ਪਹੁੰਚ ਕੇ ਦੋਵਾਂ ਨੇ ਪਹਿਲਾਂ ਠੰਡਾ ਪੀਤਾ ਤੇ ਫਿਰ ਇਧਰ ਓਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਦੋ ਕੱਪ ਕੌਫ਼ੀ ਤੇ ਪਨੀਰ ਵਾਲੇ ਦੋ ਸਮੋਸੇ ਮੰਗਵਾਏ। ਪਰ ਕੁਲਵਿੰਦਰ ਜੋਤੀ ਨੂੰ ਦਿਲ ਦੀ ਗੱਲ ਨਾ ਕਹਿ ਸਕਿਆ।ਫਿਰ ਉਹਨਾਂ ਸਲਾਹ ਬਣਾਈ ਕਿ ਬਨਾਸਰ ਬਾਗ਼ ਖੁੱਲੇ ਵਾਤਾਵਰਨ ਦਾ ਆਨੰਦ ਮਾਣਿਆ ਜਾਏ। ਉਹ ਬਾਗ ਵਿੱਚ ਬੈਂਚ ਤੇ ਬੈਠ ਗਏ ਤੇ ਫਿਰ ਕੁਲਵਿੰਦਰ ਜੋਤੀ ਕਹਿਣ ਲੱਗਾ ਕਿ ਮੈ ਤਾਂ ਤੈਨੂੰ ਇੱਥੇ ਹੀ ਪਹਿਲੀ ਵਾਰ ਦੇਖਿਆ ਸੀ ਸ਼ਾਮ ਨੂੰ ਸੈਰ ਕਰਦੀ।ਮੈਂਨੂੰ ਨਹੀ ਸੀ ਪਤਾ ਕਿ ਤੂੰ ਰਣਬੀਰ ਕਾਲਜ਼ ਚ ਪੜਦੀ ਏ। ਮੇਰੀਆਂ ਤਾਂ ਇਸ ਬਾਗ਼ ਇਸ ਸ਼ਹਿਰ ਨਾਲ ਕਈ ਯਾਦਾਂ ਜੁੜੀਆਂ ਨੇ। ਦੂਰ ਕਿਤੋਂ ਹਿੰਦੀ ਗੀਤ ਦੀ ਆਵਾਜ਼ ਕੰਨੀ ਪੈਣ ਲੱਗੀ "ਹਮੇਂ ਤੁਮਸੇ ਪਿਆਰ ਕਿਤਨਾ ,ਯੇ ਤੁਮ ਨਹੀਂ ਜਾਨਤੇ। ਜੀ ਨਹੀ ਸਕਤੇ ਹਮ ਤੇਰੇ ਬਿਨਾਂ।"ਫਿਰ ਕੁਝ ਸਮਾਂ ਦੋਨੋ ਚੁੱਪ ਚਾਪ ਬੈਠੇ ਪਤਾ ਨਹੀ ਕੀ ਕੀ ਸੋਚਦੇ ਰਹੇ।
ਫਿਰ ਕੁਲਵਿੰਦਰ ਜੋਤੀ ਨੂੰ ਕਹਿਣ ਲੱਗਾ," ਜੋਤੀ ਮੈਂ ਤੈਨੂੰ ਇੱਕ ਗੱਲ ਕਹਿਣੀ ਏ,ਜੇ ਬੁਰਾ ਨਾ ਮੰਨੇ।
"ਇੱਕ ਕੀ ਸੋ ਗੱਲਾਂ ਕਹਿ,ਇਸ ਵਿੱਚ ਬੁਰਾ ਮਨਾਉਣ ਵਾਲੀ ਕਿਹੜੀ ਗੱਲ ਏ, ਤੂੰ ਸਿਆਣਾ ਹੋਣਹਾਰ ਕਾਲਜ ਦਾ ਵਿਦਿਆਰਥੀ ਏ,ਜਿਹੜੀ ਗੱਲ ਕਹੇਗਾ,ਸੋਚ ਸਮਝ ਕਹੇਗਾ।" ਜੋਤੀ ਨੇ ਕਿਹਾ।
     ਕੁਲਵਿੰਦਰ ਜੋਤੀ ਨੂੰ ਕਹਿਣ ਲੱਗਾ ,"ਜੋਤੀ ਮੈਂ ਇੱਕੋ ਗੱਲ ਕਹਿਣੀ ਐ,ਕਿ ਮੇਰੇ ਦਿਲ ਚ ਹਰ ਵਕਤ ਰਹਿੰਦੀ ਏ।ਮੈ ਤੈਨੂੰ ਖੁਆਬਾਂ ਦੀ ਰਾਣੀ ਦਿਲ ਘਰ ਦੀ ਮਲਕਾ ਬਣਾਉਣਾ ਚਾਹੁੰਦਾ ਹਾਂ।"ਇਸ ਤੋਂ ਪਹਿਲਾਂ ਕੁਲਵਿੰਦਰ ਜੋਤੀ ਨੂੰ ਹੋਰ ਗੱਲਾਂ ਕਹਿੰਦਾ ਜੋਤੀ ਨੇ ਵਿਚੋਂ ਟੋਕ ਦਿਆਂ ਕਿਹਾ ,"ਮੈਂ ਤਾਂ ਤੈਨੂੰ ਸਿਰਫ਼ ਦੋਸਤ ਮੰਨਦੀ ਹਾਂ ਦੋਸਤ ।ਮੈਂ ਵਿਆਹ ਬਾਰੇ ਸੋਚ ਨਹੀ ਸਕਦੀ। ਤੂੰ ਤਾਂ ਮੇਰੇ ਭਰਾ "।ਅਜੇ ਗੱਲ ਪੂਰੀ ਵੀ ਨਹੀ ਸੀ ਹੋਈ ਕਿ ਕੁਲਵਿੰਦਰ ਨੇ ਭੱਜਣ ਦੀ ਕੀਤੀ।ਪਤਾ ਨਹੀ ਕਿਹੜਾ ਝਟਕਾ ਲੱਗਿਆ ਖੜਨਾ ਤਾਂ ਕੀ ਸੀ।ਤੇਜ਼ ਕਦਮਾਂ ਨਾਲ ਜੋਤੀ ਨੂੰ ਬਨਾਸਰ ਬਾਗ਼ ਕੱਲੀ ਛੱਡ ਕਾਰ ਰਾਹੀ ਦੁਕਾਨ ਤੇ ਫਿਰ ਘਰ ਚੱਲਿਆ ਗਿਆ।
    ਕਈ ਦਿਨ ਹੋਏ ਕੁਲਵਿੰਦਰ ਨਾ ਦੁਕਾਨ ਤੇ ਨਾ ਕਾਲਿਜ ਗਿਆ।ਦਿਆਲ ਨੂੰ ਬੜੀ ਚਿੰਤਾ ਹੋਈ ਤੇ ਖ਼ਬਰ ਲੈਣ ਉਸਦੇ ਘਰ ਗਿਆ।ਜਦੋਂ ਦਿਆਲ ਕੁਲਵਿੰਦਰ ਦੇ ਕਮਰੇ ਚ ਦਾਖ਼ਲ ਹੋਇਆ।ਤਾਂ ਉਹ ਆਈਫੋਨ ਤੇ ਗੀਤ ਸੁਣ ਰਿਹਾ"ਰੂਹ ਕੰਬਣੀ ਨਾ ਤੇਰੀ,ਅੱਖ ਡੁੱਲ ਜਾਣੀ ਮੇਰੀ।ਬੀਤੇ ਵੇਲੇ ਦਾ ਹਿਸਾਬ ਦੇਣ ਲੱਗੀ"ਆਪਣੇ ਮਾਲਕ ਨੂੰ ਦੇਖ ਉਹ ਅੱਖਾਂ ਚੋਂ ਹੰਝੂ ਪੂੰਝ ਮੁਸਕਰਾਉਂਦੇ ਹੋਏ ਪੁੱਛਣ ਲੱਗਾ,"ਲਾਲਾ ਜੀ ਚਾਹ ਲਵੋਗੇ ਜਾਂ ਠੰਡਾ?"
     "ਕੁਝ ਨਹੀ,ਪਹਿਲਾ ਤੂੰ ਇਹ ਦੱਸ ਦੁਕਾਨ ਤੇ ਕਿਉਂ ਨਹੀ ਤੇ ਨਾਹੀ ਕਾਲਿਜ ਜਾਂਦਾ ਏ। ਕੀ ਗੱਲ ਏ? ਅੱਖਾਂ ਚ ਹੰਝੂ ਤੇ ਚਿਹਰੇ ਤੇ ਮੁਸਕਾਨ।"ਦਿਆਲ ਨੇ ਕੁਲਵਿੰਦਰ ਨੂੰ ਪੁੱਛਿਆ।ਕੁਲਵਿੰਦਰ ਨੇ ਪਹਿਲਾਂ ਬੇਥਰੀ ਬਹਾਨੇਬਾਜ਼ੀ ਕੀਤੀ।ਪਰ ਦਿਆਲ ਨੇ ਪਿਆਰ ਨਾਲ ਕੁਲਵਿੰਦਰ ਨੂੰ ਕਿਹਾ ,"ਦੇਖ ਕੁਲਵਿੰਦਰ ਤੂੰ ਮੇਰੇ ਪੁੱਤ ਤੇ ਭਾਈ ਵਾਂਗ ਏ। ਦੇਖ ਕੋਈ ਗੱਲ ਨਾ ਛੁਪਾ ।ਦੱਸ ਕੀ ਗੱਲ ਏ?ਸ਼ਾਇਦ ਮੈਂ ਤੇਰੀ ਮਦਦ ਕਰ ਸਕਾਂ।"
    "ਲਾਲਾ ਜੀ, ਕੋਈ ਖ਼ਾਸ ਗੱਲ ਨਹੀਂ। ਆਪ ਨੂੰ ਤਾਂ ਪਤੈ ਕਿ ਉਸ ਦਿਨ ਦੁਕਾਨ ਚ ਜੋ ਲੜਕੀ ਆਈ ਸੀ ਤੇ ਛੁੱਟੀ ਲੈ ਹੋਟਲ ਤੇ ਫਿਰ ਬਾਗ਼ ਗਏ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ।ਪਰ ਉਹ ਕਹਿਣ ਲੱਗੀ ਕਿ ਮੈਂ ਤੈਨੂੰ ਸਿਰਫ਼ ਦੋਸਤ ਮੰਨਦੀ ਹਾਂ,ਮੈ ਤੇਰੇ ਨਾਲ ਵਿਆਹ ਨਹੀ ਕਰ ਸਕਦੀ। ਤਾਂ ਮੇਰੇ ਭਰਾ ...। "ਕੁਲਵਿੰਦਰ ਨੇ ਕਿਹਾ।
    ਤਾਂ ਦਿਆਲ ਨੇ ਕਿਹਾ ,"ਕੀ ਪਤੈ ਜੋਤੀ ਨੇ ਤੇਰੇ ਨਾਲ ਮਜ਼ਾਕ ਕੀਤਾ ਹੋਵੇ।ਮੈ ਉਸਨੂਂ ਤੇ ਉਸਦੇ ਪਰਿਵਾਰ ਨੂੰ ਵੀ ਚੰਗੀ ਤਰਾਂ ਜਾਣਦਾ ਹਾਂ।ਫਿਰ ਵੀ ਤੂੰ ਦੁੱਖੀ ਨਾ ਹੋ। ਪਿਆਰ ਬਾਰੇ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਹੈ:-
ਹਕੀਕਤ ਇਸ਼ਕ ਦੀ-
ਜੇ ਮਹਿਜ਼ ਹੁੰਦੀ ਖੇਡ ਜਿਸਮਾਂ ਦੀ,
ਤਾਂ ਦੁਨੀਆਂ ਅੱਜ ਤੀਕਣ,
ਨਾਂ ਤੇਰਾ ਮੇਰਾ ਭੁੱਲਾ ਦੇਂਦੀ।
ਤੇ-
ਵਸਲ ਦਾ ਸਵਾਦ ਤਾਂ-
ਇਕ ਪਲ ਦੋ ਪਲ ਦੀ ਮੌਜ਼ ਤੋਂ ਵੱਧ ਨਹੀਂ
ਜੁਦਾਈ ਹਸ਼ਰ ਤੀਕਣ-
ਆਦਮੀ ਨੂੰ ਹੈ ਨਸ਼ਾ ਦੇਂਦੀ।
ਪਿਆਰ ਉਹ ਪਵਿੱਤਰ ਜਜ਼ਬਾ ਹੈ,ਜੋ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ ਤੇ ਨਫ਼ਰਤ ਦੇਵਤੇ ਨੂੰ ਸ਼ੈਤਾਨ ।ਸਾਫ਼ ਦਿਲ ਨਾਲ ਪੂਜਾ ਕਰ।ਰੱਖੜੀ ਆਵੇਗੀ ,ਤਾਂ ਉਸ ਕੋਲ ਜਾ ਆਖੀ," ਜੋਤੀ ਅੱਜ ਰੱਖੜੀ ਹੈ,ਤੇਰਾ ਕੀ ਵਿਚਾਰ ਹੈ?ਜੇ ਉਸ ਰੱਖੜੀ ਬੰਨੀ ਤਾਂ ਸਮਝੀ ਕਿ ਤੂੰ ਉਸਦਾ ਵੀਰ,ਜੇ ਨਾ ਬੰਨੀ ਤਾਂ ਉਹ ਤੇਰੀ ਹੀਰ। ਕੀ ਪਤਾ ਉਸ ਤੇਰੇ ਨਾਲ ਮਜ਼ਾਕ ਕੀਤਾ ਹੋਵੇ ਜਾਂ ਤੈਨੂੰ ਅਜਮਾ ਰਹੀ ਹੋਵੇ ,ਕੀ ਪਤਾ ਉਹ ਕਹਿਣ ਲੱਗੀ ਹੋਵੇ ਕਿ ਤੈਨੂੰ ਤਾਂ ਮੇਰੇ ਭਾਈ ਦਾ ਪਤਾ ਹੈ ਉਹ ........।ਤੂੰ ਤਾਂ ਐਵੇ ਸੋਚੇ ਸਮਝੇ ਪੂਰੀ ਗੱਲ ਸੁਣੇ ਬਿਨਾਂ ਹੀ ਨੱਸ ਆਇਆ।ਤੂੰ ਇਹ ਸਿਆਣਪ ਨਹੀਂ ਕੀਤੀ।ਬਹੁਤ ਵੱਡੀ ਗ਼ਲਤੀ ਕੀਤੀ ਹੈ।"
ਕੁਲਵਿੰਦਰ ਕਹਿਣ ਲੱਗਾ,"ਲਾਲਾ ਜੀ ਇਨਸਾਨ ਤਾਂ ਗਲਤੀ ਦਾ ਪੁਤਲਾ ਹੈ,ਗ਼ਲਤੀ ਤਾਂ ਹੋ ਹੀ ਜਾਂਦੀ ਹੈ।ਮੈਂ ਸੁਧਾਰ ਕਰਾਂਗਾ ਤੇ ਅੱਗੇ ਤੋਂ ਕਦੇ ਵੀ ਜਲਦ ਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਵਾਂਗਾ।ਪਰ ਮੈਨੂੰ ਉਸਦੇ ਘਰ ਦਾ ਪਤਾ ਨਹੀਂ।ਬੱਸ ਐਨਾ ਪਤਾ ਹੈ ਕਿ ਉਹ ਇੱਕ ਮਸ਼ਹੂਰ ਉਦਯੋਗਪਤੀ ਦੀ ਲੜਕੀ ਹੈ।
ਚਿੰਤਾ ਛੱਡ ਪੜਾਈ ਕਰ,ਅਫ਼ਸਰ ਬਣ,ਮਾਂ ਬਾਪ ਦਾ ਸੁਫ਼ਨਾ ਸਾਕਾਰ ਕਰ।ਦੁਕਾਨ ਤੇ ਆਇਆ ਕਰ ਤੇ ਕਾਲਜ ਵੀ ਜਾਇਆ ਕਰ।ਮਨ ਲੱਗਾ ਪੜਾਈ ਕਰ ,ਮਿਹਨਤ ਕਰ ਕਮਾਈ ਕਰ।"ਦਿਆਲ ਨੇ ਕੁਲਵਿੰਦਰ ਨੂੰ ਜਾਂਦੇ ਜਾਂਦੇ ਸਮਝਾਇਆ।
ਕੁਲਵਿੰਦਰ ਹੁਣ ਦੁਕਾਨ ਤੇ ਮਨ ਲ਼ੱਗਾ ਕੇ ਕੰਮ ਕਰਨ ਤੇ ਕਾਲਜ ਵੀ ਜਾਣ ਲੱਗਾ।ਰੱਖੜੀ ਚ ਕਾਫ਼ੀ ਮਹੀਨੇ ਪਏ ਸਨ।ਹੁਣ ਅਖ਼ਬਾਰਾਂ ਮੈਗ਼ਜ਼ੀਨਾਂ ਚ ਉਸਦੇ ਲੇਖ ਕਹਾਣੀਆਂ ਨਾਵਲ ਆਦਿ ਛਪਣ ਲੱਗੇ ਤੇ ਜਲਦ ਹੀ ਮਸ਼ਹੂਰ ਲੇਖ਼ਕ ਹੋ ਗਿਆ।ਜੋ ਰਚਨਾਵਾਂ ਦਾ ਸੇਵਾ ਫਲ ਮਿਲਦਾ,ਉਹ ਆਪਣੇ ਘਰ ਭੇਜ ਦਿੰਦਾ।ਹੁਣ ਤਾਂ ਅੱਖਾਂ ਤੇ ਵੀ ਚਸ਼ਮਾ ਲੱਗ ਗਿਆ ਸੀ।
ਕੁਲਵਿੰਦਰ ਨੂੰ ਦਿਆਲ ਦੀ ਦੁਕਾਨ ਤੇ ਕੰਮ ਕਰਦੇ ਨੂੰ ਤਿੰਨ ਸਾਲ ਹੋ ਗਏ ਸਨ।ਉਹ ਹਰ ਮਹੀਨੇ 1800ਰੁਪੈ ਘਰ ਭੇਜਦਾ,ਪੰਜ ਸੌ ਰੁਪੈ ਬੈਂਕ ਵਿੱਚ ਜਮਾਂ ਕਰਵਾਉਂਦਾ ਤੇ ਤਿੰਨ ਸੌ ਰੁਪੈ ਆਪਣੀ ਜੇਬ ਖਰਚੀ ਰੱਖ ਲੈਂਦਾ।ਕਾਲਜ ਫੀਸ,ਕੱਪੜੇ ਰੋਟੀ ਚਾਹ ਪਾਣੀ ਲਈ ਦੁਕਾਨ ਦਾ ਮਾਲਕ ਦਿੰਦਾ।ਅੱਜ ਕੱਲ ਦੇ ਕਈ ਦੁਕਾਨਦਾਰ ਆਪਣੇ ਨੌਕਰ ਨੂੰ ਨੌਕਰ ਹੀ ਸਮਝਦੇ ਹਨ।ਕੋਈ ਵਿਰਲਾ ਹੀ ਨੌਕਰ ਨੂੰ ਆਪਣੇ ਪੁੱਤਰ ਭਰਾ ਵਰਗਾ ਪਿਆਰ ਦਿੰਦਾ ਹੈ।ਅੱਜ ਕੱਲ ਸਮਾਂ ਹੀ ਉਲਟ ਹੈ,ਮਾਲਕ ਨੂੰ ਨੌਕਰ ਤੇ ਨੌਕਰ ਨੂੰ ਮਾਲਕ ਤੇ ਵਿਸ਼ਵਾਸ਼ ਘੱਟ ਹੁੰਦਾ ਹੈ।ਮਾਲਕ ਵੱਲੋਂ ਪਿਆਰ ਤੇ ਸਹਾਇਤਾ ਮਿਲਣ ਕਰਕੇ ਕਿਸੇ ਕਿਸਮ ਦੀ ਕੋਈ ਤੰਗੀ ਨਹੀ ਸੀ।ਪਰ ਲੋੜ ਤਾਂ ਦੱਬ ਕੇ ਮਿਹਨਤ ਕਰਨ ਤੇ ਸੁਫ਼ਨਾ ਸਾਕਾਰ ਕਰਨ ਦੀ ਸੀ।
ਲਾਲਾ ਦਿਆਲ ਜੀ ਦਾ ਕੰਮ ਇੰਨਾ ਚੱਲਿਆ ਕਿ ਗਾਹਕਾਂ ਦੀ ਸੰਖ਼ਿਆਂ ਦਿਨੋਂ ਦਿਨ ਵੱਧ ਰਹੀ ਸੀ।ਨਾਲ ਹੀ ਕੁਲਵਿੰਦਰ ਦੀਆਂ ਕਿਤਾਬਾਂ ਦੀ ਮੰਗ ਵੀ ਵੱਧ ਰਹੀ ਸੀ।ਸਾਰੇ ਹੀ ਕੁਲਵਿੰਦਰ ਦੀ ਕਿਤਾਬ ਵੱਲ ਦੇਖਦੇ ,ਲੇਖਕ ਵੱਲ ਉਹਨਾਂ ਦਾ ਧਿਆਨ ਨਹੀ ਸੀ।ਉਹਨਾਂ ਨੂੰ ਕੀ ਪਤਾ ਕਿ ਐ ਨੌਜਵਾਨ ਹੀ ਇਸ ਕਿਤਾਬ ਦਾ ਲੇਖਕ ਹੈ।ਕਿਤਾਬ ਤੇ ਉਸ ਫੋਟੋ ਥੋੜਾ ਛਪਵਾਈ ਸੀ।ਨਹੀਂ ਤਾਂ ਅੱਜ ਕੱਲ ਦੇ ਲੇਖਕ ਪੱਲਿਓ ਪੈਸੇ ਖਰਚ ਕੇ ਕਿਤਾਬ ਛਪਵਾਉਣਗੇ ਤੇ ਫੋਟੋ ਵੀ ਸ਼ਾਨਦਾਰ ਛਪਵਾਉਣਗੇ।
ਕੁਲਵਿੰਦਰ ਕੱਪੜੇ ਪਾ ਅਜੇ ਨਾਸ਼ਤਾ ਕਰ ਰਿਹਾ ਸੀ ਕਿ ਦਰਵਾਜ਼ਾ ਖੜਕਿਆ।ਉਸ ਸੋਚਿਆ ਕਿ ਸ਼ਾਇਦ ਜੋਤੀ ਹੈ।ਜਦ ਦਰਵਾਜ਼ਾ ਖੋਲਿਆ,ਤਾਂ ਦੇਖਿਆ ਕਿ ਲਾਲਾ ਜੀ ਖੜੇ ਮੁਸਕਰਾ ਰਹੇ ਸਨ।ਆਉਂਦੇ ਸਾਰ ਦਿਆਲ ਨੇ ਕੁਲਵਿੰਦਰ ਨੂੰ ਕਿਹਾ " ਮੈਂ ਜੋਤੀ ਨੂੰ ਮਿਲਿਆ ਸੀ,ਮੈਂ ਪੁੱਛਿਆ ਕਿ ਤੂੰ ਕੁਲਵਿੰਦਰ ਨੂੰ ਕੀ ਆਖਿਆ ਏ? ਉਹ ਕਿਸੇ ਕੰਮ ਚ ਮਨ ਨਹੀ ਲੱਗਾਉਂਦਾ ।ਬੱਸ ਹਰ ਵੇਲੇ ਸੈਡ ਸ਼ੌਂਗ ਲਿਖਦਾ ਗਾਉਂਦਾ ਏ।ਉਹ ਤਾਂ ਤੇਰੀ ਖ਼ਾਤਰ ਮਜਨੂੰ ਬਣਿਆ ਫਿਰਦਾ ਏ,ਤੂੰ ਉਸਨੂੰ ਕੀ ਆਖਿਆ ਏ? ਤਾਂ ਜੋਤੀ ਨੇ ਕਿਹਾ ਕਿ ਮੈਂ ਤਾਂ ਮਜ਼ਾਕ ਕੀਤਾ ਸੀ,ਪਰ ਉਹ ਪੂਰੀ ਗੱਲ ਸੁਣੇ ਬਿਨਾਂ ਹੀ ਭੱਜ ਆਇਆ ਜਿਵੇਂ ਗੱਡੀ ਚੜਨਾ ਹੋਵੇ।ਮੈ ਤਾਂ ਦੇਖ਼ ਰਹੀ ਸੀ ਕਿ ਉਸਦਾ ਸੁਭਾਅ ਕਿਹੋ ਜਿਹਾ ਹੈ,ਪਰ ਉਸ ਤਾਂ ਮੇਰਾ ਵੀ ਮੂਡ ਖਰਾਬ ਕਰ ਦਿੱਤਾ।"
" ਤਾਂ ਤੁਸੀਂ ਕੀ ਕਿਹਾ ਉਸਨੂੰ ਲਾਲਾ ਜੀ"ਕੁਲਵਿੰਦਰ ਨੇ ਪੁੱਛਿਆ।
" ਮੈਂ ਤਾਂ ਉਸਨੂੰ ਆਖ ਦਿੱਤਾ ਕਿ ਕੁਲਵਿੰਦਰ ਤੈਨੂੰ ਬਹੁਤ ਚਾਹੁੰਦਾ ਹੈ,ਉਹ ਸਰੀਫ਼ ਤੇ ਇੱਜ਼ਤਦਾਰ,ਮਿਹਨਤੀ ਚਾਹੇ ਖ਼ਾਨਦਾਨ ਦਾ ਗ਼ਰੀਬ ਹੈ,ਪਰ ਦਿਲ ਦਾ ਬਹੁਤ ਅਮੀਰ ਹੈ। "ਦਿਆਲ ਦੀਪੀ ਨੇ ਕਿਹਾ।ਕੁਲਵਿੰਦਰ ਨੇ ਪੁੱਛਿਆ ,"ਤਾਂ ਜੋਤੀ ਨੇ ਹੋਰ ਕੀ ਕਿਹਾ ਸੀ ਤੁਹਾਨੂੰ?"
"ਇਹ ਗੱਲ ਸੁਣ ਉਸ ਪੁੱਛਿਆ ਕਿ ਹੁਣ ਉਸਦਾ ਕੀ ਹਾਲ ਹੈ? ਕੀ ਕਰਦਾ ਹੈ?ਮੈਂ ਉਸਨੂੰ ਬਨਾਸਰ ਬਾਗ਼ ਵਿੱਚ ਉਸੇ ਥਾਂ ਮਿਲਾਂਗੀ,ਜਿੱਥੇ ਅਕਸਰ ਬੈਠ ਕੇ ਗੱਲਾਂ ਕਰਦੇ ਸੀ।ਜਿੱਥੋਂ ਉਹ ਮੇਰੇ ਨਾਲ ਨਰਾਜ਼ ਹੋ ਕੇ ਗਿਆ ਸੀ।ਮੈ ਉਸਨੂੰ ਜ਼ਰੂਰੀ ਗੱਲ ਕਹਿਣੀ ਹੈ।"ਦਿਆਲ ਨੇ ਜੋਤੀ ਵੱਲੋ ਬੋਲੇ ਗਏ ਸ਼ਬਦ ਹੂਬਹੂ ਦੱਸੇ ਗਏ।
ਇਹ ਗੱਲ ਸੁਣ ਕੁਲਵਿੰਦਰ ਬਹੁਤ ਖੁਸ਼ ਹੋਇਆ ਅਤੇ ਦਿਆਲ ਦੀਪੀ ਨੂੰ ਕਹਿਣ ਲੱਗਾ "ਮੈਂ ਜੋਤੀ ਨੂੰ ਜ਼ਰੂਰ ਮਿਲਾਂਗਾ ਤੇ ਸੌਰੀ ਕਹਾਂਗਾ।ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ,ਲਾਲਾ ਜੀ ਜੋਤੀ ਕਿਹੜੇ ਦਿਨ ਕਿੰਨੇ ਵਜੇ ਮਿਲੇਗੀ।"
"ਵੀਰਵਾਰ ਸ਼ਾਮੀ ਸੱਤ ਵਜੇ ਉਸੇ ਬਾਗ਼ ਚ ਆਵੇਗੀ।ਤੂੰ ਹੁਣ ਅਰਾਮ ਕਰ।ਕੱਲ ਨੂੰ ਕੰਮ ਤੇ ਆ ਜਾਵੀਂ ਤੇ ਕੰਮ ਦਿਲ ਲਗਾ ਕੇ ਕਰ।"ਦਿਆਲ ਦੀਪੀ ਨੇ ਪਿਆਰ ਨਾਲ ਕੁਲਵਿੰਦਰ ਨੂੰ ਸਮਝਾਉਂਦੇ ਹੋਏ ਕਿਹਾ।
ਕੁਲਵਿੰਦਰ ਅੱਜ ਖੁਸ਼ ਸੀ ਕਿਉਕਿ ਅੱਜ ਵੀਰਵਾਰ ਸੀ।ਦੁਕਾਨ ਤੇ ਚਾਰ ਵਜੇ ਤੱਕ ਕੰਮ ਕਰ ਛੁੱਟੀ ਲੈ ਕੇ ਘਰ ਆਇਆ ਤੇ ਘੰਟਾ ਆਰਾਮ ਕਰਕੇ ਠੀਕ ਛੇ ਵਜੇ ਬਾਗ਼ ਵਿੱਚ ਪਹੁੰਚ ਗਿਆ। ਫੁਹਾਰਾ ਚੱਲ ਰਿਹਾ ਸੀ ਤੇ ਬੱਚੇ ਪਾਣੀ ਵਿੱਚ ਖੇਡ ਰਹੇ ਸਨ। ਸਾਢੇ ਸੱਤ ਵਜੇ ਹਨੇਰਾ ਹੋਣ ਕਾਰਨ ਬਾਗ ਵਿਚ ਲਾਈਟਾਂ ਜਗ ਰਹੀਆਂ ਸਨ ।ਪਰ ਜੋਤੀ ਅਜੇ ਤੱਕ ਨਹੀ ਆਈ ਸੀ।ਉਹ ਸੋਚਣ ਲੱਗਾ ਕਿ ਕਿਤੇ ਮਜ਼ਾਕ ਨਾ ਕੀਤਾ ਹੋਵੇ।ਪਰ ਉਹ ਆਪਣੀ ਆਦਤ ਮੁਤਾਬਕ ਇੱਕ ਕਹਾਣੀ ਲਿਖਣ ਲੱਗ ਪਿਆ ਕਿਉਕਿ ਉਹ ਹਰ ਵਕਤ ਆਪਣੇ ਕੋਲ ਡਾਇਰੀ ਪੈਨ ਰੱਖਦਾ ਸੀ,ਜੋ ਭਾਸ਼ਾ ਵਿਭਾਗ ਵੱਲੋਂ ਕਰਾਏ ਪਰੋਗਰਾਮ ਵਿੱਚ ਮਿਲੀ ਸੀ ਉਹ ਸੋਚ ਰਿਹਾ ਸੀ ਕਿ ਸਰਕਾਰ ਭਾਸ਼ਾ ਵਿਭਾਗ ਨੂੰ ਕਿਉਂ ਗਰਾਂਟਾਂ ਘੱਟ ਦਿੰਦੀ ਹੈ, ਖ਼ਾਲੀ ਪੋਸਟਾਂ ਕਿਉਂ ਰਹਿੰਦੀਆਂ ਹਨ, ਲੇਖਕਾਂ ਦੇ ਖਰੜੇ ਕਿਉਂ ਰੁੱਲਦੇ ਨੇ ਕਿਉਂ ਲੇਖਕਾਂ ਨੂੰ ਪੱਲਿਓ ਪੈਸੇ ਖਰਚ ਕੇ ਕਿਤਾਬਾਂ ਛਪਵਾਉਣੀਆਂ ਪੈਂਦੀਆਂ ਹਨ।ਸੋਚਾਂ ਦੀ ਲੜੀ ਉਸ ਵੇਲੇ ਟੁੱਟੀ ਜਦੋ ਕਿਸੇ ਬੱਚੇ ਨੇ ਪਟਾਕਾ ਚੱਲਾਇਆ।ਪਰ ਅਜੇ ਤੱਕ ਵੀ ਜੋਤੀ ਨਹੀ ਸੀ ਆਈ।ਉਹ ਸੋਚਣ ਲੱਗਾ ਕਿ ਕਿਤੇ ਜੋਤੀ ਨੇ ਮਜ਼ਾਕ ਨਾ ਕੀਤਾ ਹੋਵੇ।ਪਰ ਮੈਂ ਤਾਂ ਇੱਥੇ ਬੈਠ ਕੇ ਇੰਤਜ਼ਾਰ ਕਰਾਂਗਾ,ਭਾਵੇਂ ਸਵੇਰ ਕਿਉਂ ਨਾ ਹੋ ਜਾਵੇ।ਉਹ ਅਜੇ ਸੋਚ ਹੀ ਰਿਹਾ ਸੀ ਕਿ ਉਸਨੂੰ ਜੋਤੀ ਆਉਂਦੀ ਦਿਖਾਈ ਦਿੱਤੀ।
"ਕੀ ਗੱਲ ਜੋਤੀ ਮੈਨੂੰ ਇੱਥੇ ਕਿਵੇਂ ਬੁਲਾਇਆ,ਮੈਂ ਤਾਂ ਆਪਣੇ ਮਾਤਾ ਪਿਤਾ ਕੋਲ ਪਿੰਡ ਜਾਣਾ ਸੀ,ਜਦੋਂ ਪਤਾ ਲੱਗਾ ਤਾਂ ਮੈਨੂੰ ਖੁਸ਼ੀਂ ਤੇ ਹੈਰਾਨੀ ਹੋਈ।ਦੱਸ ਕੀ ਗੱਲ ਏ?ਕੁਲਵਿੰਦਰ ਨੇ ਗੁੱਸੇ ਨਾਲ ਕਿਹਾ।
"ਗੁੱਸੇ ਨਾ ਹੋਵੋ,ਮੈਂ ਤਾਂ ਤੁਹਾਨੂੰ ਮਜ਼ਾਕ ਕੀਤਾ ਸੀ,ਤੁਸੀਂ ਤਾਂ ਪੂਰੀ ਗੱਲ ਸੁਣੇ ਬਿਨਾਂ ਇਸ ਤਰਾਂ ਚੱਲੇ ਗਏ,ਜਿਵੇਂ ਨਾਰਾਜ਼ ਹੋ ਮੁੜ ਨਾ ਆਣਾ ਹੋਵੇ।ਤੁਹਾਨੂੰ ਇਸ ਕਰਕੇ ਬੁਲਾਇਆ ਸੀ ਕਿ ਮੈਂ ਆਪਣੇ ਮੰਮੀ ਡੈਡੀ ਨਾਲ ਗੱਲ ਕੀਤੀ ਸੀ ਕਿ ਮੈਂ ਕੁਲਵਿੰਦਰ ਨੂੰ ਪਿਆਰ ਕਰਦੀ ਹਾਂ ਤੇ ਉਸ ਨਾਲ ਮੈਰਿਜ ਕਰਨਾ ਚਾਹੁੰਦੀ ਹਾਂ।"ਜੋਤੀ ਨੇ ਕੁਲਵਿੰਦਰ ਨੂੰ ਹੱਸਦਿਆਂ ਕਿਹਾ।
"ਤਾਂ ਫਿਰ ਕੀ ਕਿਹਾ ਤੇਰੇ ਡੈਡੀ ਨੇ?"ਕੁਲਵਿੰਦਰ ਨੇ ਉਤਸੁਕਤਾ ਨਾਲ ਪੁੱਛਿਆ। "ਹੋਣਾ ਕੀ ਏ? ਪਹਿਲਾਂ ਤਾਂ ਡੈਡੀ ਜੀ ਇਨਕਾਰ ਕਰਦੇ ਰਹੇ ਅਤੇ ਗੁੱਸੇ ਵੀ ਹੋਏ।ਪਰ ਜਦੋਂ ਮੰਮੀ ਨੇ ਪੂਰੀ ਗੱਲ ਦੱਸੀ ।ਤਾਂ ਪਿਤਾ ਜੀ ਮੰਨ ਗਏ ਕਿਉਂਕਿ ਉਹ ਜਾਣ ਗਏ ਸਨ ਕਿ ਤੂੰ ਕਿਸਦਾ ਪੁੱਤਰ ਏ।ਉਹਨਾਂ ਨੇ ਤੇਰੇ ਮੰਮੀ ਡੈਡੀ ਨੂੰ ਫੋਨ ਕਰਕੇ ਬੁਲਾਇਆ ਹੈ,ਕੁਝ ਦਿਨਾਂ ਚ ਆ ਜਾਣਗੇ।"ਜੋਤੀ ਨੇ ਮੁਸਕਾਉਂਦੇ ਹੋਏ ਕਿਹਾ।
ਇਹ ਖ਼ਬਰ ਸੁਣ ਕੁਲਵਿੰਦਰ ਨੂੰ ਐਨੀ ਖੁਸ਼ੀ ਹੋਈ ਕਿ ਉਸਦਾ ਜੀ ਕਰਦਾ ਸੀ ਕਿ ਖੂਬ ਨੱਚਾਂ ਗਾਵਾਂ।ਉਸਨੇ ਜੋਤੀ ਨੂੰ ਪੁੱਛਿਆ"ਮੈਂ ਤੇਰੇ ਡੈਡੀ ਨੂੰ ਮਿਲਣਾ ਚਾਹੁੰਦਾ ਹਾਂ।"
"ਹਾਂ,ਹਾਂ,ਜਦੋਂ ਮਰਜੀ।ਪਰ ਇਸ ਤਰਾਂ ਕਰਨਾ ਤੁਸੀਂ ਵੀਰਵਾਰ ਆ ਜਾਣਾ ਕਿਉਂਕਿ ਪਿਤਾ ਜੀ ਇੱਕ ਦੋ ਦਿਨਾਂ ਲਈ ਦਿੱਲੀ ਜਾ ਰਹੇ ਹਨ,ਬਿਜਨਸ਼ ਦੇ ਸਬੰਧ ਵਿਚ।ਮੈਂ ਇੰਤਜ਼ਾਰ ਕਰਾਂਗੀ।"ਜੋਤੀ ਨੇ ਕੁਲਵਿੰਦਰ ਨੂੰ ਕਿਹਾ।
ਜਦੋਂ ਕੁਲਵਿੰਦਰ ਵੀਰਵਾਰ ਸ਼ਾਮ ਨੂੰ ਜੋਤੀ ਦੇ ਘਰ ਪਹੁੰਚਿਆ,ਤਾਂ ਉਸਦੇ ਮੰਮੀ ਡੈਡੀ ਭੈਣ ਭਰਾਵਾਂ ਨੇ ਉਸਦਾ ਸਵਾਗਤ ਕੀਤਾ।ਉਹ ਅਜੇ ਚਾਹ ਪੀਣ ਹੀ ਲੱਗੇ ਸਨ ਕਿ ਅਚਾਨਕ ਕੁਲਵਿੰਦਰ ਦੇ ਮਾਂ ਬਾਪ ਵੀ ਆ ਗਏ।ਜੋਤੀ ਦਾ ਨੌਕਰ ਸਮਾਨ ਕਮਰੇ ਵਿੱਚ ਰੱਖਣ ਚੱਲਿਆ ਗਿਆ।ਰਾਤ ਦਾ ਖਾਣਾ ਖਾਣ ਮਗਰੋਂ ਸਾਰੇ ਆਪੋ ਆਪਣੇ ਕਮਰਿਆਂ ਵਿੱਚ ਸੌਣ ਲਈ ਚੱਲੇ ਗਏ।ਸਵੇਰੇ ਸਾਰੇ ਨਹਾ ਧੋ ਕੇ ਬਗੀਚੇ ਵਿੱਚ ਬੈਠ ਸਵੇਰ ਦੀ ਚਾਹ ਪੀਣ ਲੱਗੇ।ਕੁਲਵਿੰਦਰ ਦੇ ਪਿਤਾ ਹਰਨਾਮ ਸਿੰਘ ਨੇ ਪੁੱਛਿਆ" ਦੱਸੋ ਸਰਦਾਰ ਜੀ,ਮੈਨੂੰ ਕਿਵੇਂ ਯਾਦ ਕੀਤਾ।ਮੈਨੂੰ ਜਦੋਂ ਦਾ ਫੋਨ ਗਿਆ ,ਉਦੋਂ ਦੇ ਧਰਤੀ ਪੈਰ ਨਹੀ ਲੱਗ ਰਹੇ ਕਿ ਬਚਪਨ ਦੇ ਦੋਸਤ ਨੇ ਫੋਨ ਕੀਤਾ।"
"ਯਾਰ ਆਪਾਂ ਤਾਂ ਪੱਕੇ ਦੋਸਤ ਹਾਂ?ਕੀ ਹੋਇਆ ਜੇ ਆਪਾਂ ਵਿਛੜ ਗਏ ਸੀ,ਪਰ ਹੁਣ ਹਾਲਾਤ ਅਜਿਹੇ ਨੇ ਕਿ ਇਹ ਦੋਸਤੀ ਰਿਸ਼ਤੇਦਾਰੀ ਚ ਬਦਲਣੀ ਪੈਣੀ ਏ।ਮੈਂ ਤਾਂ ਆਪਣੀ ਕੁੜੀ ਦਾ ਵਿਆਹ ਵਿਦੇਸ਼ ਵਿੱਚ ਕਰਨਾ ਸੀ।ਪਰ ਤੇਰੇ ਮੁੰਡੇ ਦੇ ਗੁਣ ਦੇਖ,ਤੇਰੇ ਬਾਰੇ ਸੁਣ ਮੈ ਮਨ ਬਣਾਇਆ ਕਿ ਹੁਣ ਤਾਂ ਕੁੜੀ ਦਾ ਵਿਆਹ ਉੱਥੇ ਹੀ ਕਰਾਂਗਾ,ਜਿੱਥੇ ਜੋਤੀ ਕਹੇਗੀ।ਅਸੀ ਸਾਰੇ ਇਸ ਵਿਆਹ ਲਈ ਰਾਜੀ ਹਾਂ।ਪਰ ਤੇਰੀ ਤੇ ਭਰਜਾਈ ਦੀ ਵੀ ਸਹਿਮਤੀ ਜ਼ਰੂਰੀ ਹੈ।"ਜੋਤੀ ਦੇ ਪਿਤਾ ਨੇ ਕਿਹਾ।
"ਅਸੀ ਕੌਣ ਹੁੰਦੇ ਹਾਂ ਨਾ ਕਰਨ ਵਾਲੇ ,ਤੁਹਾਡੀ ਸਾਰਿਆਂ ਦੀ ਖੁਸ਼ੀ ਮੇਰੇ ਪਰਿਵਾਰ ਦੀ ਖੁਸ਼ੀ ਹੈ।"ਕੁਲਵਿੰਦਰ ਦੇ ਬਾਪ ਨੇ ਕਿਹਾ।
ਜੋਤੀ ਦੇ ਬਾਪ ਨੇ ਹੱਸਦੇ ਹੋਏ ਕਿਹਾ "ਫੇਰ ਤਾਂ ਰਿਸ਼ਤਾ ਪੱਕਾ,ਸ਼ਾਦੀ ਪੱਕੀ,ਤਿਆਰੀਆਂ ਸੁਰੂ ਕਰੀਏ।ਜਲਦੀ ਵਿਆਹ ਕਰ ਦੇਈਏ ਭਾਵ ਝੱਟ ਮੰਗਣੀ ਪੱਟ ਵਿਆਹ।"
ਸਾਰੇ ਜਣੇ ਇਸ ਗੱਲ ਤੇ ਹੱਸ ਪਏ। ਕੁਝ ਮਹੀਨਿਆਂ ਬਾਦ ਕੁਲਵਿੰਦਰ ਤੇ ਜੋਤੀ ਦਾ ਵਿਆਹ ਹੋ ਗਿਆ। ਕੁਲਵਿੰਦਰ ਨੇ ਵੀ "ਕਮਲ ਬੁੱਕ ਹਾਊਸ"ਖੋਲ ਲਿਆ ਤੇ ਉਸਦੇ ਮਾਲਕ ਦਿਆਲ ਦੀਪੀ ਨੇ ਰਿਬਨ ਜੋੜ ਕੇ ਉਦਘਾਟਨ ਕੀਤਾ ਤੇ ਆਸ਼ੀਰਵਾਦ ਦਿੱਤਾ।ਆਲੀਸ਼ਾਨ ਕੋਠੀ ਚ ਕੁਲਵਿੰਦਰ ਆਪਣੇ ਮਾਂ ਬਾਪ ਆਪਣੀ ਜੀਵਨ ਸਾਥਣ ਜੋਤੀ ਨਾਲ ਖੁਸੀ ਖੁਸੀ ਰਹਿ ਰਿਹਾ ਹੈ। ਉਸਦਾ,ਉਸਦੇ ਮਾਂ ਬਾਪ ਦਾ ਸੁਫ਼ਨਾ ਸਾਕਾਰ ਹੋ ਗਿਆ ।ਕੀ ਹੋਇਆ ਜੇ ਅਫ਼ਸਰ ਨਹੀਂ ਲੱਗਿਆ,ਪਰ ਹੁਣ ਉਹ ਆਪਣੇ ਕੰਮ ਦਾ ਖੁਦ ਮਾਲਕ ਹੈ।ਉਸਨੂੰ ਹੋਰ ਕੀ ਚਾਹੀਦਾ ਹੈ?