ਕਹਾਣੀ ਪਛਤਾਵਾ - ਹਰਮਿੰਦਰ ਸਿੰਘ ਭੱਟ

On: 16 September, 2015

    ਰਾਜਵੀਰ ਆਪਣੀ ਘਰਵਾਲੀ ਰਮਨ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਨਹੀਂ ਕਿ ਉਹ ਸੋਹਣੀ ਨਹੀਂ ਸੀ ਅਸਲ ਵਿਚ ਉਸ ਦਾ ਸੰਬੰਧ ਉਸ ਦੀ ਕਾਲਜ ਤੋ ਨਾਲ ਪੜ•ਦੀ ਪਰਮਜੀਤ ਨਾਲ ਸੀ ਜੋ ਕਿ ਇੱਕੋ ਦਫ਼ਤਰ ਵਿਚ ਇਕੱਠੇ ਹੀ ਨੌਕਰੀ ਵੀ ਕਰ ਰਹੇ ਸਨ। ਰਿਸ਼ਤੇਦਾਰਾਂ ਤੇ ਘਰ ਦੇਆਂ ਦੇ ਦਬਾਅ ਤੇ ਉਸ ਦਾ ਵਿਆਹ ਰਮਨਦੀਪ ਨਾਲ ਕਰ ਦਿੱਤਾ ਗਿਆ ਸੀ,  ਹਰ ਰੋਜ਼ ਸ਼ਰਾਬ ਦੇ ਨਸ਼ੇ ਵਿਚ ਉਹ ਰਮਨਦੀਪ ਨੂੰ ਕੁੱਟਦਾ ਮਾਰਦਾ ਵੀ ਸੀ ਪਰ ਰਮਨਦੀਪ ਇੱਕ ਸਾਓੁ ਤੇ ਸਹਿਜ ਸੁਭਾਅ ਦੀ ਸੀ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਨਾ ਵੀ ਉਸ ਦਾ ਨਿੱਤਨੇਮ ਸੀ ਉਹ ਸਭ ਕੁੱਝ ਸਹਿਣ ਕਰ ਜਾਂਦੀ ਕਿਉਂਕਿ ਮਾਪਿਆਂ ਤੋ ਮਿਲੀ ਸਿੱਖਿਆ ਕਿ ਪਤੀ ਤਾਂ ਪਰਮੇਸ਼ਰ ਹੁੰਦਾ ਇਸ ਕਰ ਕੇ ਆਪਣੇ ਪਤੀ ਨੂੰ ਪਰਮੇਸ਼ਰ ਸਰੂਪ ਮੰਨਦੀ ਸੀ।
      ਰਾਜਵੀਰ ਕਈ ਵਾਰ ਰਮਨ ਨੂੰ ਮਾਰਨ ਦੀਆਂ ਵੀ ਵਿਉਂਤਾਂ ਬਣਾਉਂਦਾ ਤਾਂ ਕਿ ਉਸ ਤੋਂ ਛੁਟਕਾਰਾ ਮਿਲ ਜਾਵੇ ਤੇ ਉਹ ਪਰਮਜੀਤ ਨਾਲ ਵਿਆਹ ਕਰਵਾ ਲਵੇ। ਅੱਜ ਰਾਜਵੀਰ ਦੇ ਮਾਤਾ ਪਿਤਾ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਰਮਨ ਘਰ ਦਾ ਕੰਮ ਕਾਜ ਕਰ ਰਹੀ ਸੀ ਉਸ ਤੋ ਬਾਅਦ ਉਸ ਨੇ ਰਸੋਈ ਵਿਚ ਖਾਣਾ ਪਕਾਉਣਾ ਸੀ। ਰਾਜਵੀਰ ਨੇ ਸੋਚਿਆ ਕਿ ਇਸ ਤੋ ਵਧੀਆ ਹੋਰ ਕੋਈ ਸਮਾਂ ਨਹੀਂ ਹੋਵੇਗਾ ਉਹ ਰਸੋਈ ਵਿਚ ਚੁਲਹੇ ਗੈੱਸ ਦਾ ਬਟਨ ਖ਼ੋਲ ਕੇ ਖਾਣਾ ਨਾ ਖਾਣ ਬਾਰੇ ਕਹਿ ਕਿ ਦਫ਼ਤਰ ਵੱਲ ਨੂੰ ਰਵਾਨਾ ਹੋ ਗਿਆ ਰਾਜਵੀਰ ਖੁੱਸ ਸੀ ਤੇ ਸੋਚ ਰਿਹਾ ਸੀ ਕਿ ਜਿਉਂ ਹੀ ਰਮਨ ਰਸੋਈ ਵਿਚ ਜਾਵੇਗੀ ਗੈਸ਼ ਨੂੰ ਚਲਾਉਣ ਲੱਗੇਗੀ ਤੇ ਗੈੱਸ ਫੱਟ ਜਾਵੇਗਾ ਤੇ ਫਿਰ ਖੁੱਸੀਆਂ ਹੀ ਖੁੱਸੀਆਂ ਇਸ ਸੋਚ ਵਿਚ ਗੁੰਮਿਆ ਉਹ ਮੋਟਰ-ਸਾਈਕਲ ਦੀ ਰੇਸ ਨੂੰ ਵਧਾਉਂਦਾ ਹੀ ਜਾ ਰਿਹਾ ਸੀ ਕਿ ਅਚਾਨਕ ਇੱਕ ਮੋੜ ਮੋੜਦਿਆਂ ਤੇਜ਼ ਰਫ਼ਤਾਰ ਆ ਰਹੇ ਟਰੱਕ ਨਾਲ ਟਕਰਾ ਗਿਆ ਤੇ ਉਸ ਦੀ ਸੋਚ ਉਸ ਦੀ ਬੇਹੋਸ਼ੀ ਨਾਲ ਗੁੰਮ ਹੋ ਗਈ।
      ਜਦੋਂ ਰਾਜਵੀਰ ਨੂੰ ਹੋਸ਼ ਆਈ ਤੇ ਅੱਖਾਂ ਖੁੱਲੀਆਂ ਤਾਂ ਉਹ ਹਸਪਤਾਲ ਦੇ ਬੈੱਡ ਤੇ ਪਿਆ ਸੀ ਤੇ ਉਸ ਦੇ ਸਾਹਮਣੇ ਉਸ ਦੇ ਮਾਤਾ ਪਿਤਾ,  ਉਸ ਦੇ ਨੇੜਲੇ ਦਫ਼ਤਰੀ ਦੋਸਤ ਤੇ ਇੱਕ ਕੋਨੇ ਵਿਚ ਖੜੀ ਰਮਨ ਦਿਖਾਈ ਦਿੱਤੀ ਜਿਸ ਦਾ ਚਿਹਰਾ ਚੁੰਨੀ ਨਾਲ ਢਕਿਆ ਹੋਇਆ ਸੀ ਅੱਖਾਂ ਅਜੇ ਵੀ ਹੰਝੂਆਂ ਨਾਲ ਭਰੀਆਂ ਸੀ  ਤੇ ਆਪਣੇ ਪਤੀ ਰਾਜਵੀਰ ਨੂੰ ਹੋਸ਼ ਵਿਚ ਆਉਣ ਤੇ ਰੱਬ ਦਾ ਸ਼ੁਕਰ ਹੱਥ ਜੋੜ ਮਨਾ ਰਹੀ ਸੀ ।
      ਰਾਜਵੀਰ ਨੇ ਆਪਣਾ ਹਾਲ ਚਾਲ ਪੁੱਛ ਰਹੇ ਦਫ਼ਤਰੀ ਦੋਸਤ ਨੂੰ ਹੌਲੀ ਜਿਹੇ ਪੁੱਛਿਆ ਕਿ ”ਪਰਮਜੀਤ ਨਹੀਂ ਆਈ ਸ਼ਾਇਦ ਉਸ ਦਾ ਬੁਰਾ ਹਾਲ ਹੋ ਰਿਹਾ ਹੋਵੇਗਾ” ਇਹ ਸੁਣ ਕੇ ਉਸ ਦੇ ਦੋਸਤ ਨੇ  ਕਿਹਾ ਕਿ ” ਤੈਨੂੰ ਕੀ ਪਤਾ ਤੈਨੂੰ ਇਸ ਬੈੱਡ ਤੇ ਪਏ ਅੱਜ ਦੋ ਮਹੀਨੇ ਤੋਂ ਵੱਧ ਹੋ ਗਏ ਨੇ ਤੇ ਭਾਬੀ ਰਮਨ ਵੀ ਜੱਦੋ ਤੇਰਾ ਐਕਸੀਡੈਂਟ ਹੋ ਗਿਆ ਸੀ ਉਸੇ ਦਿਨ ਪ੍ਰਮਾਤਮਾ ਦੀ ਰਹਿਮਤ ਨਾਲ ਤੇਰੀ ਜਾਨ ਨੂੰ ਬਚਾਉਣ ਲਈ ਮਸਾਂ ਈ ਬਚੇਂ ਨੇ ਪਤਾ ਨਹੀਂ ਥੋੜੇ• ਘਰ ਵਿਚ ਅੱਗ ਕਿਵੇਂ ਲੱਗ ਗਈ ਸੀ ਪਰ ਸਮੇਂ ਸਿਰ ਆਲ਼ੇ ਦੁਆਲੇ ਦੇ ਘਰਾਂ ਵਾਲਿਆਂ ਨੇ ਅੱਗ ਨੂੰ ਬੁਝਾ ਦਿੱਤਾ ਸੀ ਭਾਬੀ ਜੀ ਵੀ ਅੱਗ ਦੀ ਲਪੇਟ ਵਿਚ ਆ ਗਈ ਸੀ ਪਰ ਆਪਣੇ ਜਲੇ ਜ਼ਖ਼ਮਾਂ ਦੀ ਤਾਬ ਨੂੰ ਅਣਦੇਖਿਆ ਕਰ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਭਾਬੀ ਜੀ ਨੇ ਕਮਲਿਆ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕਰ ਤਾਂ ਤੇਰੀ ਸੇਵਾ ਵਿਚ ਤੇ ਉਨਾਂ ਦੀ ਅਰਦਾਸਾਂ ਤੇ ਪਿਆਰ ਸਦਕਾ ਹੀ ਅੱਜ ਤੂੰ ਭਰਾਵਾ ਜਿਉਂ ਦਾ ਏ........  ਜੇ ਉਹ ਨਾ ਹੁੰਦੀ ਤਾਂ ਸ਼ਾਇਦ ਅੱਜ ਤੂੰ ਵੀ ਨਾ ਹੁੰਦਾ................ ਤੇ ਤੂੰ ਪਰਮਜੀਤ ਬਾਰੇ ਪੁੱਛ ਰਿਹਾ ਏ ਉਹ ਨੇ ਤਾਂ ਜਦੇ ਵਿਆਹ ਕਰਵਾ ਲਿਆ ਸੀ ਨੌਕਰੀ ਛੱਡ ਕੇ” ਉਹ ਹੌਲੀ ਹੌਲੀ ਖ਼ਾਸਾ ਕੁੱਝ ਕਹਿ ਗਿਆ ਸੀ ਜਿਵੇਂ ਉਸ ਨੇ ਰਾਜਵੀਰ ਨੂੰ ਇਹ ਸਭ ਗ਼ੁੱਸੇ ਵਿਚ ਕਿਹਾ ਹੋਵੇ ਤੇ ਉਸ ਦੇ ਅਖੀਰਲੇ ਬੋਲ ਕਿ ”ਭਾਬੀ ਜੀ ਵੀ ਤਾਂ ਤੈਨੂੰ ਛੱਡ ਕੇ ਜਾ ਸਕਦੀ ਸੀ ਤੇਰੇ ਹਾਲਾਤ ਦੇਖ ਕੇ ਤੇਰੇ ਬਚਣ ਦੀ ਉਮੀਦ ਜੋ ਖ਼ਤਮ ਸੀ” ਇਹ ਬੋਲ ਸਟੈੱਨਗੰਨ ਦੀਆਂ ਗੋਲੀਆਂ ਵਾਂਗ ਰਾਜਵੀਰ ਦੇ ਜ਼ਖ਼ਮਾਂ ਨੂੰ ਛਲਨੀ ਕਰ ਗਏ ਸਨ।
     ਇਹ ਸਭ ਸੁਣ ਕੇ ਰਾਜਵੀਰ ਨੂੰ ਆਪਣੀ  ਕਰਨੀ ਤੇ ਸੋਚਣੀ ਤੇ ਪਛਤਾਵਾ ਹੋ ਰਿਹਾ ਸੀ ਤੇ ਉਹ ਭਿੱਜੀਆਂ ਅੱਖਾਂ ਨਾਲ ਅੱਜ ਉਹ ਸੱਚ ਮੁਚ ਅਜੇ ਵੀ ਪਰੇ ਕੋਨੇ ਵਿਚ ਖੜੀ ਰਮਨ ਵੱਲ ਪਿਆਰ ਨਾਲ ਦੇਖਦਿਆਂ ਉਸ ਤੋਂ ਮਾਫ਼ੀ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਰਮਨ ਨੇ ਰਾਜਵੀਰ ਦੀਆਂ ਅੱਖਾਂ ਵਿਚ ਆਪਣੇ ਲਈ ਪਿਆਰ ਦੇਖ ਕੇ ਸਾਰੇ ਦੁੱਖਾਂ ਨੂੰ ਭੁੱਲਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਰਾਜਵੀਰ ਕੋਲ ਆ ਕੇ ਹੱਥ ਫੜ ਕੇ ਚੁੱਪ ਚਾਪ ਬੈਠ ਗਈ । ਰਾਜਵੀਰ ਨੂੰ ਲੱਗ ਰਿਹਾ ਸੀ ਜਿਵੇਂ ਉਸ ਨੂੰ ਦੁਨੀਆ ਦਾ ਸਭ ਤੋ ਨੇੜਲੇ ਰਿਸ਼ਤੇ ਪਤੀ ਪਤਨੀ ਵਿਚ ਪਿਆਰ ਦੇ ਸੁਖਦ ਅਹਿਸਾਸ ਦੀ ਪ੍ਰਾਪਤੀ ਹੋ ਗਈ ਹੋਵੇ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
 ਭੁੱਲ ਚੁੱਕ ਦੀ ਖਿਮਾ