(ਕਹਾਣੀ) ਧਰਮਾਂ ਦੇ ਨਾਮ ਤੇ ਸਿਆਸੀ ਲੁੱਟ-ਹਰਮਿੰਦਰ ਸਿੰਘ ਭੱਟ

On: 25 September, 2015

ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ੍ਹਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ਨਵੀਂ ਉਮਰ ਦਾ ਹਰਬੰਸ ਸਿੰਘ ਬੜਾ ਹੀ ਨਿਮਰ ਸੁਭਾਅ ਦਾ ਸੀ ਤੇ ਆਦਰ ਸਤਿਕਾਰ ਵੀ ਛੋਟੇ ਵੱਡੇ ਦਾ ਕਰਦਾ ਸੀ.... ਉਹ ਨੇ  ਕਰਤਾਰ ਨੂੰ ਕਿਹਾ ”ਵੀਰ ਧਰਮ ਤਾਂ ਇੱਕੋ ਹੀ ਹੈ ਸਭ ਦਾ......... ਪਰ ਰਾਹ ਵੱਖੋ ਵੱਖਰੇ ਨੇ............. ਐਵੇਂ ਅਣਭੋਲ ਜਨਤਾ ਨੂੰ ਸਿਆਸੀ ਲੀਡਰ ਧਰਮਾਂ ਦੇ ਨਾਮ ਤੇ ਵਿਵਾਦਾਂ ਵਿਚ ਫਸਾ ਕੇ ਲੜਾਈ ਝਗੜੇ ਕਰਵਾ ਆਪਣਾ ਲਾਹਾ ਖੱਟੀ ਜਾਂਦੇ ਨੇ” ਇਹ ਸੁਣ ਕਰਤਾਰ ਸਿੰਘ ਨੇ ਕਿਹਾ ”ਓਏ ਕਾਕੇ ਤੈਨੂੰ ਕੀ ਪਤਾ ਰੋਡੇ ਪੌਡੇ ਨੂੰ ਗੱਲਾਂ ਕਰਦਾ ਏ ਇੱਕ ਧਰਮ ਦੀ ਤੇ ਰਾਜਨੀਤੀ ਦੀ.....ਧਰਮ ਸਭ ਦੇ ਅੱਡੋ ਅੱਡ ਨੇ ਤੇ ਰਾਹ ਵੀ ਵੱਖੋ ਵੱਖਰੇ........ ਆਹ ਦੇਖ ਸਿਰ ਦਸਤਾਰ ਤੇ ਦਾੜ੍ਹਾ ਅੱਸੀ ਆਪਣੇ ਧਰਮ ਤੇ ਪੱਕੇ ਆ ਤੇ....... ਇਸ ਵਿਚ ਰਾਜਨੀਤੀ ਕੀ ਜੇ ਕੋਈ ਇੱਕ ਦੂਜੇ ਦੇ ਧਰਮ ਬਾਰੇ ਮਾੜਾ ਕਹੂ ਤਾਂ ਲੜਾਈ ਤਾਂ ਹੋਊ ਗੀ ਹੀ” ਕਰਤਾਰ ਸਿੰਘ ਦੀ ਗੱਲ ਉਸ ਦੀ ਅਨਪੜ੍ਹਤਾ ਦਾ ਸਬੂਤ ਤਾਂ ਦੇ ਹੀ ਰਹੀ ਸੀ ਪਰ ਪੜੇ ਲਿਖੇ  ਹਰਬੰਸ ਸਿੰਘ ਨੇ ਕਿਹਾ ”ਵੀਰੇ ਅੱਜ ਕੱਲ੍ਹ ਤਾਂ ਧਰਮਾਂ ਦੇ ਬਾਣੇ ਦੀ ਆੜ ਲੈ ਕੇ ਤਾਂ ਲੁੱਟ ਰਹੇ ਨੇ ਸਾਰੇ ਬਾਬੇ ...... ਵਹਿਮਾਂ ਭਰਮਾਂ ਵਿਚ ਪਾ ਕੇ..... ਤੇ ਸਿਆਸੀ ਲੀਡਰ ਵੀ ਇਹਨਾਂ ਬਾਬਿਆਂ ਦੇ ਪੈਰਾਂ ਵਿਚ ਮੱਥਾ ਟੇਕ ਆਪਣੀਆਂ ਵੋਟਾਂ ਪੱਕੀਆਂ ਕਰਦੇ ਨੇ......” ਇੰਨੀ ਗੱਲ ਹਰਬੰਸ ਨੇ ਕੀ ਕਹੀ ਬਸ ਕਰਤਾਰ ਸਿੰਘ ਤਾਂ ਹੋ ਗਿਆ ਅੱਗ ਬਬੂਲਾ ”ਉ ਕਾਕਾ ਤੁਸੀਂ ਕੱਲ੍ਹ ਦੇ ਮੁੰਡੇ ਸਾਨੂੰ ਕੀ ਦੱਸਦੇ ਉ ਆ ਜਾਣੇ ਉ ਨਸਾ ਨੁਸ਼ਾ ਕਰ ਕੇ..... ਤੇ ਬੋਲਣ ਲੱਗ ਜਾਣੇ ਉ ਅਵਾ ਤਵਾ.... ਥੋੜ੍ਹੇ ਕਰ ਕੇ ਤਾਂ ਕੌਮ ਦਾ ਘਾਣ ਹੋਈ ਜਾਂਦਾ....” ਉਹ ਪਤਾ ਨਹੀਂ ਹੋਰ ਕਿੰਨੀਆਂ ਮਾੜੀਆਂ ਗੱਲਾਂ ਆਪਣੇ ਆਪ ਨੂੰ ਹਾਰਦਾ ਜਿਹਾ ਮਹਿਸੂਸ ਹੁੰਦਾ ਹੋਇਆ ਜਾਣ ਕੇ ਆਖ ਗਿਆ ਹਰਬੰਸ ਨੂੰ...... ਪਰ ਉਹ ਨਿਮਰਤਾ ਨਾਲ ਸਭ ਸੁਣਦਾ ਰਿਹਾ ਤੇ ਜੱਦੋ ਕਰਤਾਰ ਸਿੰਘ ਬੋਲ ਕੇ ਚੁੱਪ ਕਰ ਗਿਆ ਤਾਂ....... ਹਰਬੰਸ ਨੇ ਗੱਲ ਨੂੰ ਹੋਰ ਵਧਾਉਣ ਦੀ ਥਾਂ ਖ਼ਤਮ ਕਰਦੇ ਹੋਏ ਨੇ ਕਿਹਾ ”ਵੀਰੇ ਚਲੋ ਤੁਸੀਂ ਜਿੱਤੇ ਮੈ ਹਾਰਿਆ” ਇਹ ਸੁਣ ਕਰਤਾਰ ਸਿੰਘ ਜਿਵੇਂ ਕਿਸੇ ਖੇਡ ਵਿਚੋਂ ਜਿੱਤੀ ਬਾਜ਼ੀ ਵਾਂਗਰਾਂ ਖਿੜ ਉੱਠਿਆ..... ਇੰਨੇ ਨੂੰ ਬਸ ਵੀ ਆ ਗਈ ਮੈਂ ਬਸ ਵਿਚ ਬੈਠ ਕੇ ਸੋਚਣ ਲੱਗ ਪਿਆ ਕਿ ਕੋਣ ਜਿੱਤਿਆ... ਹਰਬੰਸ ਦੀ ਨਿਮਰਤਾ ਵਾਲਾ ਇੱਕੋ ਧਰਮ ਜਿਸ ਨੂੰ ਵੰਡਿਆਂ ਜਾ ਰਿਹਾ ਹੈ ਜਾਂ ਕਰਤਾਰ ਸਿੰਘ ਦੇ ਹਿੰਸਕ ਵਰਤਾਰੇ ਵਾਲਾ ਵੱਖੋ ਵੱਖਰੇ ਧਰਮ ਜਿਸ ਦੇ ਨਾਮ ਤੇ ਜਨਤਾ ਦੀ  ਸਿਆਸੀ ਲੀਡਰਾਂ ਤੇ ਅਖੌਤੀ ਬਾਬਿਆਂ ਵੱਲੋਂ ਕੀਤੀ ਜਾ ਰਹੀ ਲੁੱਟ।
ਆਪ ਜੀ ਦਾ ਦਾਸ 
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ