ਪੁਸਤਕ ਸਮੀਖਿਆ \ ਗੁਰਮੀਤ ਪਲਾਹੀ

On: 18 April, 2016

ਪੁਸਤਕ ਦਾ ਨਾਮ :- ਜਿੱਤ ਦਾ ਮੰਤਰ
ਲੇਖਕ :- ਹਰਜਿੰਦਰ ਵਾਲੀਆ [ਡਾ:]
ਪ੍ਰਕਾਸ਼ਕ ਤੇ ਪ੍ਰਕਾਸ਼ਨ ਵਰਾ:- ਲੋਕਗੀਤ ਪ੍ਰਕਾਸ਼ਨ, ਚੰਡੀਗੜ [2015]
ਕੀਮਤ :- 150 ਰੁਪਏ
ਸਫੇ :- 176
    ਆਪਣੀ ਮੰਜ਼ਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿੱਤ ਆਤਮ ਵਿਸ਼ਵਾਸ ਦ੍ਰਿੜ ਇਰਾਦਾ, ਤੀਬਰ ਇੱਛਾ ਸ਼ਕਤੀ, ਸੰਕਲਪ, ਤੌਫੀਕੀ ਚੇਤਨਾ, ਪੌਰਖ, ਹਿੰਮਤ, ਅਰਜਣੀ-ਇਕਾਗਰਤਾ, ਸਾਧਨਾ, ਅਭਿਆਸ, ਲਗਨ ਅਤੇ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਸਫਲਤਾ ਦੇ ਰਾਹੀ ਨੂੰ ਪਤਾ ਹੁੰਦਾ ਹੈ ਕਿ ਲਗਨ ਨਾਲ ਲੱਗੇ ਰਹਿਣ ਵਾਲਿਆਂ ਦੀ ਅੰਤ ਵਿੱਚ ਜਿੱਤ ਹੁੰਦੀ ਹੈ। ਡਾ: ਹਰਜਿੰਦਰ ਵਾਲੀਆ ਦੀ ਪੁਸਤਕ ਜਿੱਤ ਦਾ ਮੰਤਰ ਦਾ ਇਹੋ ਤੱਤ-ਸਾਰ ਹੈ। ਆਪਣੇ ਪੁਸਤਕ ਦੇ 32 ਪਾਠਾਂ ਵਿੱਚ ਵੱਖੋ ਵੱਖਰੇ ਵਿਸ਼ੇ ਛੋਹਕੇ, ਦੁਨੀਆਂ ਦੇ ਦਾਰਸ਼ਨਿਕਾਂ ਦੀ ਟੂਕਾਂ ਦੇ ਕੇ ਲੇਖਕ ਨੇ ਆਪਣੇ ਵਿਚਾਰਾਂ ਨੂੰ ਪਕਿਆਈ ਨਾਲ ਪਾਠਕਾਂ ਦੇ ਗੋਚਰੇ ਕੀਤਾ ਹੈ।
    ਸਫਲ ਮਨੁੱਖ ਬਨਣ ਲਈ ਸੁਪਨੇ ਲੈਣੇ ਕਿਉਂ ਜ਼ਰੂਰੀ ਹਨ? ਕੀ ਸਫਲਤਾ ਲਗਨ ਨਾਲ ਕੰਮ ਕੀਤੇ ਬਿਨਾਂ ਪ੍ਰਾਪਤ ਹੋ ਸਕਦੀ ਹੈ? ਕੀ ਜਿੱਤ ਢਹਿੰਦੀ ਸੋਚ ਨਾਲ ਪ੍ਰਾਪਤ ਹੋ ਸਕਦੀ ਹੈ? ਕੀ ਸਫਲਤਾ ਪ੍ਰਾਪਤੀ ਦਾ ਮਾਰਗ ਸਮਰੱਥਾਵਾਂ ਅਤੇ ਸੰਭਾਵਨਾਵਾਂ ਨਹੀਂ ਹੈ? ਜਿਹੇ ਸਵਾਲਾਂ ਦਾ ਜਵਾਬ ਦਿੰਦਿਆਂ ਲੇਖਕ ਕਹਿੰਦਾ ਹੈ ਕਿ ਹਰ ਵਿਚਾਰ ਹਕੀਕਤ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ ਅਤੇ ਸਫਲਤਾ ਦਾ ਸੂਤਰ ਵਕਤ ਦੀ ਸਹੀ ਵਰਤੋਂ ਕਰਨਾ ਹੈ। ਜਿਹੜੇ ਵਿਅਕਤੀ ਤੁਰਦੇ ਹਨ, ਉਹ ਮੰਜ਼ਿਲ ਪ੍ਰਾਪਤ ਕਰ ਲੈਂਦੇ ਹਨ। ਉਹ ਸਮਝਾਉਂਦਾ ਹੈ ਕਿ ਮਿਹਨਤ ਨਾਲ ਦੌਲਤ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸ਼ੋਹਰਤ ਅਤੇ ਸਤਾ ਵੀ। ਜ਼ਿੰਦਗੀ ਦਾ ਮਨੋਰਥ ਸਿਰਫ ਦਿਨ ਕਟੀ ਨਹੀਂ, ਸਗੋਂ ਸੋਝੀ ਨਾਲ ਜਿਊਣਾ ਹੈ। ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨ ਲਈ ਚੰਗੇ ਮੌਸਮ ਦੀ ਉਡੀਕ ਨਹੀਂ, ਮਨ'ਚ ਚੰਗੇ ਵਿਚਾਰਾਂ ਦਾ ਉਪਜਣਾ ਅਤੇ ਉਨਾਂ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣਾ ਹੈ। ਲੇਖਕ ਕਹਿੰਦਾ ਹੈ ਕਿ ਜਿਹੜੇ ਲੋਕ ਕਿਸਮਤ ਦੇ ਮੁਹਤਾਜ ਬਣ, ਹੱਥਾਂ ਦੀਆਂ ਲਕੀਰਾਂ ਤੇ ਮਾੜੀ ਕਿਸਮਤ ਨੂੰ ਪਿੱਟਦੇ ਰਹਿੰਦੇ ਹਨ, ਉਹ ਕਦੇ ਕਾਮਯਾਬ ਨਹੀਂ ਹੋ ਸਕਦੇ । ਜ਼ਿੰਦਗੀ'ਚ ਹੌਸਲਿਆਂ ਨਾਲ ਹੀ ਉਡਾਣ ਮਿਲਦੀ ਹੈ ਅਤੇ ਜਿੱਤਣ ਦਾ ਨਾਮ ਹੀ ਜ਼ਿੰਦਗੀ ਹੈ।
    ਲੇਖਕ ਕਹਿੰਦਾ ਹੈ ਕਿ ਸਮਾਜ'ਚ ਵਿਚਰਦਿਆਂ, ਹਰ ਮਨੁੱਖ ਸਫਲ ਹੋਣਾ ਚਾਹੁੰਦਾ ਹੈ ਅਤੇ ਮਨੁੱਖੀ ਸੁਭਾਅ ਦਾ ਬੁਨਿਆਦੀ ਲੱਛਣ ਪ੍ਰਸੰਸਾ ਦੀ ਤਾਂਘ ਹੈ। ਉਹ ਲੋਕ ਹੀ, ਲੋਕਾਂ'ਚ ਹਰਮਨ ਪਿਆਰੇ ਬਣਦੇ ਹਨ, ਜਿਹੜੇ ਲੋਕਾਂ ਦੀ ਪਸੰਦ ਵਾਲੇ ਕੰਮ ਕਰਦੇ ਹਨ। ਹਿੰਮਤ ਇਰਾਦੇ ਤੇ ਮੰਜ਼ਿਲ ਛੋਹਣ ਬਿਨਾਂ, ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜੋ ਤੁਰਦੇ ਹਨ, ਉਹੀ ਨਿਸ਼ਾਨੇ'ਤੇ ਪੁੱਜਦੇ ਹਨ। ਜਿਹੜੇ ਲੋਕ ਸਫ਼Àਮਪ;ਲਤਾ ਦਾ ਬੂਟਾ ਸੁਪਨਿਆਂ ਦੀ ਜ਼ਮੀਨ'ਤੇ ਉਗਾਉਂਦੇ ਹਨ, ਉਹ ਕਦੇ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਮੌਸਮ ਕਦੇ ਪੱਤਝੜ ਦਾ ਵੀ ਹੁੰਦਾ ਹੈ ਅਤੇ ਕਦੇ ਬਹਾਰ ਦਾ ਵੀ। ਨਵੇਂ ਰਾਹ ਤਲਾਸ਼ ਕੇ ਹੀ ਸਫਲ ਹੋਇਆ ਜਾ ਸਕਦਾ ਹੈ ਅਤੇ ਸੁਪਨੇ ਲੈਕੇ ਹੀ ਨਵੇਂ ਕੰਮ ਆਰੰਭੇ ਜਾਂਦੇ ਹਨ। ਆਰੰਭੇ ਕੰਮਾਂ'ਚ ਮਨੁੱਖ ਗਿਰਦਾ ਵੀ ਹੈ, ਗਿਰ ਗਿਰਕੇ ਉਠਦਾ ਵੀ ਹੈ, ਉਠ ਉਠਕੇ ਚੱਲਦਾ ਵੀ ਹੈ ਅਤੇ ਆਤਮ ਵਿਸ਼ਵਾਸ਼ ਬਿਨਾਂ ਅੱਗੇ ਵਧਿਆ ਹੀ ਨਹੀਂ ਜਾ ਸਕਦਾ। ਉਹ ਲੋਕ ਜਿਹੜੇ ਸਦਾ ਚਿੰਤਾ ਤੇ ਤਣਾÀ'ਚ ਰਹਿੰਦੇ ਹਨ, ਜ਼ਿੰਦਗੀ'ਚ ਖੁਸ਼ੀ ਪ੍ਰਾਪਤ ਨਹੀਂ ਕਰ ਸਕਦੇ ਅਤੇ ਮਨੁੱਖ ਦਾ ਸਮੁੱਚਾ ਸੰਘਰਸ਼ ਤਾਂ ਹੈ ਹੀ ਖੁਸ਼ੀ ਪ੍ਰਾਪਤ ਕਰਨਾ। ਲੇਖਕ ਅਨੁਸਾਰ ਇਹੋ ਹੀ ਜਿੱਤ ਦਾ ਮੰਤਰ ਹੈ।
    ਲੇਖਕ ਨੇ ਮਨੁੱਖ ਦੀ ਸਫਲਤਾ ਵਿੱਚ ਲੋਕਾਂ ਮਨਾਂ ਨੂੰ ਪੜ•ਕੇ ਉਨਾਂ ਨਾਲ ਵਰਤਾਲਾਪ ਕਰਨ ਅਤੇ ਭਾਸ਼ਨ ਕਲਾ ਵਿੱਚ ਮਾਹਿਰ ਹੋਣ ਨੂੰ ਵੀ ਜਿੱਤ ਦਾ ਮੰਤਰ ਮੰਨਿਆ। ਲੇਖਕ ਦਾ ਮੰਨਣਾ ਹੈ ਕਿ ਸਫਲ ਬੁਲਾਰਾ, ਸਫਲ ਵਿਅਕਤੀ ਹੋ ਸਕਦਾ ਹੈ ਅਤੇ ਉਸਦੀ ਜ਼ਿੰਦਗੀ ਵੀ ਅਸਾਨੀ ਨਾਲ ਸਫਲਤਾ ਦੀ ਪੌੜੀ ਚੜ ਸਕਦੀ ਹੈ।
     ਪੁਸਤਕ ਵਿੱਚ ਜਿਥੇ ਗੁਰਬਾਣੀ ਦੀਆਂ ਟੂਕਾਂ ਦੀ ਵਰਤੋਂ ਖੁਲਕੇ ਕੀਤੀ ਗਈ ਹੈ, ਉਥੇ ਦੁਨੀਆਂ ਦੇ ਪ੍ਰਸਿੱਧ ਵਿਚਾਰਵਾਨਾਂ ਦੇ ਕਥਨ ਵੀ ਵਰਤੇ ਹਨ। ਲੇਖਕ ਨੇ ਛੋਟੀਆਂ ਛੋਟੀਆਂ ਕਹਾਣੀਆਂ ਸੁਣਾਉਦਿਆਂ, ਆਪਣੇ ਮਨ ਦੀਆਂ ਬਾਤਾਂ ਪਾਉਦਿਆਂ ਛੋਟੇ ਛੋਟੇ ਸਪਸ਼ਟ ਵਾਕਾਂ ਰਾਹੀਂ ਬਹੁਤ ਹੀ ਸਪਸ਼ਟ ਵਿਚਾਰ ਪਾਠਕਾਂ ਸਾਹਵੇਂ ਪੇਸ਼ ਕੀਤੇ ਹਨ ਜੋ ਪਾਠਕ ਦੇ ਧੁਰ ਅੰਦਰ ਤੱਕ ਉਸਨੂੰ ਪ੍ਰਭਾਵਿਤ ਕਰਦੇ ਹਨ। “ਰੱਬ ਦੀ ਮਰਜੀ, ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ” “ਕੀ ਤੁਸੀ ਜ਼ਿੰਦਗੀ ਜੀਅ ਰਹੇ ਹੋ? “ “ਕੀ ਤੁਸੀ ਜ਼ਿੰਦਗੀ ਕੱਟ ਰਹੇ ਹੋ” “ ਪੰਖੋਂ ਸੇ ਕੁਛ ਨਹੀਂ ਹੋਤਾ, ਹੌਸਲੇ ਸੇ ਉਡਾਨ ਹੋਤੀ ਹੈ”
ਨਿਵੇਕਲੀ ਕਿਸਮ ਦੀ ਇਹ ਪੁਸਤਕ ਮੰਝਧਾਰ'ਚ ਫਸੇ ਵਿਅਕਤੀ ਲਈ ਪ੍ਰੇਰਨਾ ਸ੍ਰੋਤ ਬਣ ਸਕਦੀ ਹੈ।
ਗੁਰਮੀਤ ਪਲਾਹੀ

Section: