ਪੁਸਤਕ ਸਮੀਖਿਆ\ਗੁਰਮੀਤ ਪਲਾਹੀ

On: 22 August, 2016

ਪੁਸਤਕ ਦਾ ਨਾਮ :- ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ
ਮੁਖ ਲੇਖਕ :¸ ਗਿਆਨ ਸਿੰਘ ਦੁਸਾਂਝ
ਸਹਿ ਲੇਖਕਾ :¸ ਚਰਨਜੀਤ ਕੌਰ ਦੁਸਾਂਝ
ਪ੍ਰਕਾਸ਼ਕ :¸ ਪੰਜਾਬ ਪ੍ਰਕਾਸ਼ਨ, ਜਲੰਧਰ
ਸਫੇ :¸ 365
ਕੀਮਤ :¸ 500 ਰੁਪਏ
ਗਿਆਨ ਸਿੰਘ ਦੁਸਾਂਝ ਦੀ ਪੁਸਤਕ “ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ”, ਦੁਆਬੇ ਦੇ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਦੀ ਦਾਸਤਾਨ ਹੈ, ਇਕ ਇਹੋ ਜਿਹੀ ਨਿਵੇਕਲੀ ਦਾਸਤਾਨ, ਜੋ ਪਿੰਡ ਦੇ ਇਤਿਹਾਸਕ ਪਿਛੋਕੜ ਦੀ ਬਾਤ ਤਾਂ ਪਾਉਂਦੀ ਹੀ ਹੈ, ਪਿੰਡ ਦੇ ਵਿਕਾਸ ਦੀ ਸਦੀਆਂ ਪੁਰਾਣੀ ਕਹਾਣੀ ਵੀ ਦਰਸਾਉਂਦੀ ਹੈ।ਪਿੰਡ ਦੀ ਜੂਹ, ਪਿੰਡ ਦੇ ਸਧਾਰਨ ਲੋਕ, ਪਿੰਡ ਨੂੰ ਸਾਂਭਣ ਵਾਲੀਆਂ ਸਖਸ਼ੀਅਤਾਂ, ਨੂੰ ਗਿਆਨ ਸਿੰਘ ਦੁਸਾਂਝ ਨੇ ਖੋਜ਼ ਭਰਪੂਰ ਢੰਗ ਨਾਲ ਇਸ ਪੁਸਤਕ 'ਚ ਆਪਣੇ ਕਲਾਵੇ 'ਚ ਲਿਆ ਹੈ। ਗਿਆਨ ਸਿੰਘ ਦੁਸਾਂਝ ਆਪ ਵੀ ਇੱਕ ਸਿਰੜੀ ਸਖਸ਼ੀਅਤ ਹੈ, ਇੱਕ ਸਿਖਿਆ ਸ਼ਾਸ਼ਤਰੀ, ਪੰਜਾਬ ਦਾ ਗੁੜਿ•ਆ ਰਾਜਨੀਤੀਵਾਨ, ਸਮਾਜ ਸੇਵਕ ਅਤੇ ਰੀਸਰਚ ਸਕੌਲਰ।
    ਵੱਡ ਅਕਾਰੀ, ਸੁਚਿੱਤਰ, ਦੋ ਭਾਗਾਂ 'ਚ ਵੰਡੀ ਇਸ ਪੁਸਤਕ ਵਿੱਚ ਗਿਆਨ ਸਿੰਘ ਨੇ ਆਪਣੇ ਪਿੰਡ ਦੁਸਾਂਝ ਕਲਾਂ ਦੇ ਜਨਮ, ਪਿਛੋਕੜ, ਸਿੱਖ ਇਤਹਾਸ ਅਤੇ ਅਜ਼ਾਦੀ ਸੰਗਰਾਮ 'ਚ ਪਿੰਡ ਵਾਸੀਆਂ ਦੀ ਸਾਂਝ ਪਿੰਡ ਦੇ ਅਕਾਰ ਪਿੰਡ ਦੀਆਂ ਬੀਹੀਆਂ, ਪਿੰਡ ਦੇ ਦਰਵਾਜੇ, ਪਿੰਡ ਦੀਆਂ ਪੁਰਾਣੀਆਂ ਨਵੀਆਂ ਬਣੀਆਂ ਮਹੱਤਵਪੂਰਨ ਧਾਰਮਿਕ, ਸਮਾਜਿਕ ਯਾਦਗਾਰਾਂ ਤੇ ਇਨਾਂ ਦੇ ਪਿਛੋਕੜ 'ਤੇ ਭਰਪੂਰ ਚਾਨਣਾ ਪਾਇਆ ਹੈ। ਸਿਆਸੀ ਲਹਿਰਾਂ ਤੇ ਪਾਰਟੀਆਂ 'ਚ ਪਿੰਡ ਵਾਸੀਆਂ ਦੇ ਪਏ ਯੋਗਦਾਨ ਦਾ ਵਰਨਣ ਕਰਦਿਆਂ, ਸਥਾਨਕ ਸਰਕਾਰ[ਪੰਚਾਇਤ] ਅਤੇ ਪਿੰਡ ਦੇ ਵਿਦਿਅਕ ਆਸ਼ਰਮਾਂ ਵਲੋਂ ਪਾਏ ਵੱਡੇ ਯੋਗਦਾਨ ਦਾ ਵਰਨਣ ਵੀ ਦੁਸਾਂਝ ਨੇ ਬਾਖੂਬੀ ਕੀਤਾ ਹੈ। ਅਤੇ ਪਿੰਡ ਦੇ ਸੁਧਾਰ ਲਈ ਯੋਜਨਾਵਾਂ ਪੇਸ਼ ਕੀਤੀਆਂ ਹਨ। ਪੁਸਤਕ ਦੇ ਦੂਜੇ ਭਾਗ ਵਿੱਚ ਡਾਕਟਰੀ, ਸਿਆਸਤ, ਧਾਰਮਿਕ, ਸਿੱਖਿਆ, ਸਮਾਜਕ, ਸਾਹਿਤ ਖੇਡਾਂ, ਗੀਤ ਸੰਗੀਤ, ਪ੍ਰਾਸ਼ਾਸ਼ਨ ਖੇਤੀਬਾੜੀ, ਟੈਕਨੀਕਲ ਸਾਇੰਸ ਖੇਤਰ ਵਿੱਚ ਪਿੰਡ ਦੀਆਂ ਮਹੱਤਵਪੂਰਨ ਸਖਸ਼ੀਅਤਾਂ ਵਲੋਂ ਨਿਭਾਏ ਰੋਲ ਦਾ ਵਰਨਣ ਕੀਤਾ ਹੈ। ਪੁਸਤਕ ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ ਸਿਰਫ ਇੱਕ ਪੁਸਤਕ ਨਹੀਂ; ਸਗੋਂ ਇੱਕ ਇਹੋ ਜਿਹਾ ਖੋਜ਼ ਭਰਪੂਰ ਦਸਤਾਵੇਜ਼ ਹੈ, ਜਿਹੜਾ ਸੂਬੇ ਪੰਜਾਬ ਦੀਆਂ ਮਹੱਤਵਪੂਰਨ ਘਟਨਾਵਾਂ ਸਿਆਸੀ, ਕਿਰਤੀ, ਸਾਹਿੱਤਕ ਲਹਿਰਾਂ ਦਾ ਵਰਨਣ ਵੀ ਆਪਣੇ ਆਪ 'ਚ ਸਮੇਟੀ ਬੈਠਾ ਹੈ। ਪਿੰਡ ਦੇ ਕਿਸੇ ਸਿਆਸੀ ਕਿਰਤੀ ਕਾਰਕੁਨ ਦੀ ਸਖਸ਼ੀਅਤ ਦਾ ਵਰਨਣ ਕਰਦਾ ਕਰਦਾ ਲੇਖਕ, ਉਸ ਲਹਿਰ ਅਤੇ ਉਸ ਲਹਿਰ ਦੇ ਰਾਸ਼ਟਰੀ ਆਗੂਆਂ ਦੇ ਰੋਲ ਨੂੰ ਵੀ ਵਰਨਣ ਕਰੀ ਜਾਂਦਾ ਹੈ। ਇਹ ਪੁਸਤਕ ਕਹਿਣ ਨੂੰ ਤਾਂ ਭਾਵੇਂ ਇੱਕ ਪਿੰਡ ਦੀ ਕਹਾਣੀ ਜਾਪਦੀ ਹੈ, ਪਰ ਅਸਲ ਅਰਥਾਂ ਵਿੱਚ ਸੂਬੇ ਪੰਜਾਬ ਦੀਆਂ ਉਨਾਂ ਸਾਰੀਆਂ ਘਟਨਾਵਾਂ, ਲਹਿਰਾਂ ਦਾ ਇਤਹਾਸ ਵੀ ਆਪਣੇ ਆਪ'ਚ ਸਮੋਈ ਬੈਠੀ ਹੈ, ਜਿਨਾਂ ਘਟਨਾਵਾਂ, ਲਹਿਰਾਂ ਨੇ ਸਮੇਂ ਸਮੇਂ ਪੰਜਾਬ ਦੀ ਸਥਿਤੀ ਨੂੰ ਪ੍ਰਭਾਵਤ ਕੀਤਾ।
    ਗਿਆਨ ਸਿੰਘ ਦੁਸਾਂਝ ਅਤੇ ਚਰਨਜੀਤ ਕੌਰ ਦੁਸਾਂਝ ਦੀ ਪੁਸਤਕ ਦੁਸਾਂਝ ਦਾ ਮਾਣਮੱਤਾ ਇਤਹਾਸ, ਇੱਕ ਪੜਨ ਤੇ ਸਾਂਭਣ ਯੋਗ ਪੁਸਤਕ ਹੈ। ਸਾਦਾ ਬੋਲੀ 'ਚ ਲਿਖੀ ਪੁਸਤਕ, ਨੂੰ ਰੋਚਕ, ਅਤੇ ਗਿਆਨ ਭਰਪੂਰ ਬਨਾਉਣ ਲਈ ਲੋਕ ਕਹਾਵਤਾਂ, ਗੁਰਬਾਣੀ ਦੀਆਂ ਤੁਕਾਂ ਅਤੇ ਪੰਜਾਬੀ ਦੇ ਕਵੀਆਂ ਦੀਆਂ ਤੁਕਾਂ ਦਾ ਸਹਾਰਾ ਲੈਣ ਤੋਂ ਲੇਖਕ ਨੇ ਸੰਕੋਚ ਨਹੀਂ ਕੀਤਾ। ਉਸ ਵਲੋਂ ਲਿਖੀ ਵਾਰਤਕ ਦੇ ਕੁਝ ਅੰਸ਼ ਵੇਖੋ:- “ਮੁੰਡੇ ਮਰ ਗਏ ਕਮਾਈਆਂ ਕਰਦੇ, ਅਜੇ ਤੇਰੇ ਬੰਦ ਨਾ ਬਣੇ” “ਪਰ ਵਿਸ਼ੇਸ਼ ਗੱਲ ਇਹ ਸੀ ਕਿ ਵਿਦਿਆਰਥੀਆਂ ਨੇ ਪੌਣੇ[3\4], ਸਵਾਏ [1 ], ਡਿਉਡੇ [1 ] ਊਟੇਂ [1 ] ਅਤੇ ਢੌਂਚੇ [2 ] ਦੇ ਪਹਾੜੇ ਵੀ ਰਟੇ ਹੋਏ ਹੁੰਦੇ ਸਨ। ਹੁਣ ਤਾਂ ਵਿਦਿਆਰਥੀਆਂ ਨੂੰ ਦਸ ਤਕ ਇਕਹਿਰੇ ਪਹਾੜੇ ਵੀ ਨਹੀਂ ਆਉਂਦੇ”
    “ਪਿੰਡ ਵਿੱਚ 1926 ਵਿੱਚ ਕਿਰਤੀ ਪਾਰਟੀ ਅਤੇ 1936 ਵਿੱਚ ਭਾਰਤੀ ਕਮਿਊਨਿਸਟ ਪਾਰਟੀ[ਸੀ. ਪੀ. ਆਈ] ਦੀ ਕਾਇਮੀ ਨਾਲ ਦੇਸ਼ ਦੀ ਅਜ਼ਾਦੀ ਵਾਸਤੇ ਕੁਰਬਾਨੀਆਂ ਕਰਨ ਵਾਲੇ ਕਾਫਲੇ ਵਿੱਚ ਦੇਸ਼ ਭਗਤਾਂ ਦਾ ਬਹੁਤ ਵਾਧਾ ਹੋ ਗਿਆ”।
“ਪਿੰਡ ਵਿੱਚ ਕਾਂਗਰਸ ਪਾਰਟੀ ਦੀ ਬੁਨਿਆਦ 1919 ਵਿਚ ਲਾਲਾ ਹੁਕਮ ਚੰਦ ਨੇ ਰੱਖੀ। ਇਸ ਪਾਰਟੀ ਨੇ 1920- 1922 ਦੀ ਨਾ ਮਿਲਵਰਤਨ ਲਹਿਰ, 1931 ਦੀ ਸਿਵਿਲ ਨਾ ਫੁਆਨੀ ਦੀ ਲਹਿਰ ਅਤੇ 1942 ਦੇ ਅੰਗਰੇਜੋ ਭਾਰਤ ਛੋੜ ਦੋ” ਅੰਦੋਲਨ ਦੌਰਾਨ ਸਰਗਰਮੀ ਜਾਰੀ ਰੱਖੀ”
    “ਜਦ 1976 ਵਿੱਚ ਇਸਤਰੀ ਆਗੂ ਚਰਨਜੀਤ ਕੌਰ ਦੁਸਾਂਝ ਨੇ ਪੰਜਾਬ ਇਸਤਰੀ ਸਭਾ ਦੀ ਲਾਸਾਨੀ ਕਾਨਫਰੰਸ ਦੁਸਾਂਝ ਕਲਾਂ ਵਿਚ ਜਥੇਬੰਦ ਕੀਤਾ ਤਾਂ ਪ੍ਰਧਾਨਗੀ ਮੰਡਲ ਵਿਚ ਮਾਤਾ ਚੰਨਣ ਕੌਰ ਵੀ ਸ਼ਸ਼ੋਭਿਤ ਸਨ” ।
    “ਪਲੇਗ ਦਾ ਤੀਜਾ ਹਮਲਾ 1901 ਤੋਂ 1902 ਤੱਕ ਅਤੇ ਚੌਥਾ ਹਮਲਾ 1903 ਤੋਂ 1904 ਤੱਕ ਹੋਇਆ ਗਿਆਨੀ ਜੀ ਦੱਸਦੇ ਸਨ ਕਿ ਦੁਸਾਂਝ ਕਲਾਂ ਦੇ ਸਿਵਿਆਂ ਵਿਚ ਕਿਸੇ, ਦਿਨ ਮੁਰਦਿਆਂ ਦਾ ਸਸਕਾਰ ਕਰਨ ਨੂੰ ਥਾਂ ਨਹੀਂ ਮਿਲਦਾ ਸੀ”।
ਗਿਆਨ ਸਿੰਘ ਦੁਸਾਂਝ ਅਤੇ ਚਰਨਜੀਤ ਕੌਰ ਦੁਸਾਂਝ ਦੀ ਇਹ ਪੁਸਤਕ ਖੋਜ਼ੀਆਂ ਲਈ ਪੱਥ ਪ੍ਰਦਸ਼ਕ ਅਤੇ ਹੋਰ ਪਿੰਡਾਂ ਦੇ ਲੋਕਾਂ ਲਈ ਰਾਹ ਦਸੇਰਾ ਹੋ ਸਕਦੀ ਹੈ।