ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

On: 3 October, 2016

ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ ਪ੍ਰਵਾਸੀ ਜੀਵਨ ਨੂੰ ਨੇੜੇ ਤੋਂ ਘੋਖਿਆ, ਉਥੇ ਉਸਨੇ ਉਥੋਂ ਦੇ ਲੇਖਕਾਂ ਦੇ ਸਾਹਿਤ ਨੂੰ ਪੜਿਆ। ਪ੍ਰਦੇਸ਼ ਵਸਦੀਆਂ ਨਾਮਵਰ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ, ਉਨਾਂ ਵਲੋਂ ਕੀਤੇ ਜੀਵਨ ਸੰਘਰਸ਼ ਅਤੇ ਉਨਾਂ ਦੀਆਂ ਪ੍ਰਾਪਤੀਆਂ ਨੂੰ ਵਾਚਿਆ ਅਤੇ ਮੁੜ ਰੇਖਾ ਚਿਤਰਾਂ ਦੇ ਰੂਪ ਵਿੱਚ ਕਲਮਬੰਦ ਕੀਤਾ ਹੈ। ਪਰਵਾਸੀ ਜੀਵਨ ਤੇ ਸਾਹਿਤ ਵਿੱਚ ਉਸਨੇ ਕੁਲ ਮਿਲਾਕੇ 14 ਲੇਖਕਾਂ ਅਤੇ 13 ਲੇਖਿਕਾਵਾਂ ਦੇ ਰੇਖਾ ਚਿੱਤਰ ਲਿਖੇ ਹਨ। ਲੇਖਕਾਂ, ਲੇਖਿਕਾਵਾਂ ਦੇ ਰੇਖਾ ਚਿੱਤਰ ਲਿਖਦਿਆਂ ਉਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਉਜਾਗਰ ਸਿੰਘ ਦੀ ਇਸ 136 ਸਫਿਆਂ ਦੀ ਪੁਸਤਕ ਦੀ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ।
     ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਾਲੇ ਜੈਤੇਗ ਸਿੰਘ ਅਨੰਤ, ਜੀਵਨ ਭਰ ਸਿੱਖੀ ਸੋਚ ਨੂੰ ਸਮਰਪਿਤ ਅਤੇ ਸਿੱਖ ਸੰਗਤਾਂ ਦਾ ਮਾਰਗ ਦਰਸ਼ਨ ਕਰਨ ਵਾਲੇ ਲੈਫਟੀਨੈਟ ਕਰਨਲ ਗੁਰਦੀਪ ਸਿੰਘ, ਕੌਮਾਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਅਤੇ ਲੇਖਕ ਨਰਪਾਲ ਸਿੰਘ ਸ਼ੇਰਗਿੱਲ, “ਸੱਜਣਾ ਮੌਸਮ ਬਹਾਰ ਦਾ, ਨੀ ਕੀਤੇ ਇਕਰਾਰ ਦਾ” ਜਿਹੇ ਸੱਚੇ ਸੁੱਚੇ ਗੀਤ ਲਿਖਣ ਵਾਲੇ ਗੀਤਾਕਾਰ ਜੀਤ ਕੱਦੋਂਵਾਲ, ਕੀਟ ਵਿਗਿਆਨੀ, ਸੁਹਜਾਤਮਿਕ ਪ੍ਰਵਿਰਤੀ ਅਤੇ ਸੂਖਮ ਕਲਾਵਾਂ ਦੇ ਵਿਲੱਖਣ ਸੁਮੇਲ ਲੇਖਕ ਡਾ: ਅਮਰਜੀਤ ਟਾਂਡਾ, ਪਰਵਾਸੀ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬੇ ਅਤੇ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਤਿੱਖੀ ਕਲਮ ਨਾਲ ਕੁਰੇਦਣ ਵਾਲੀ ਕਲਮ ਦੀ ਧਨੀ ਗੁਰਦੀਸ਼ ਕੌਰ ਗਰੇਵਾਲ, ਤਣਾਉ ਗ੍ਰਸਤ ਰਿਸ਼ਤਿਆਂ ਦੀ ਕਵਿਤਰੀ ਬਲਵੀਰ ਕੌਰ ਢਿਲੋਂ, ਸਾਫ ਸੁਥਰੇ ਸਮਾਜਿਕ ਗੀਤ ਲਿਖਣ ਵਾਲੇ ਗਾਇਕ ਅਤੇ ਗੀਤਕਾਰੀ ਦੇ ਸੁਮੇਲ ਗੁਰਮਿੰਦਰ ਸਿੰਘ ਗੁਰੀ, ਪੰਜਾਬੀ 'ਚ ਨਵੀਂ ਵਿਧਾ ਦਾ ਹਾਇਕੂ ਅਤੇ ਹਾਈਬਨ ਲਿਖਣ ਵਾਲੇ ਪ੍ਰਸਿੱਧ ਕਵੀ ਗੁਰਮੀਤ ਸਿੰਘ ਸੰਧੂ, ਸਰਬਪੱਖੀ ਸਾਹਿਤਕਾਰ ਸੁਰਜੀਤ ਸਿੰਘ ਪੰਛੀ, ਬਿਰਹਾ ਦੀ ਕਵਿਤਰੀ ਸੁਰਿੰਦਰ ਕੌਰ ਬਿੰਨਰ, ਪੰਜਾਬੀ ਸਾਹਿਤ ਦੀ ਬਹੁਪੱਖੀ ਰਹੱਸਵਾਦੀ ਵਿਚਾਰ ਧਾਰਾ ਦੀ ਧਾਰਨੀ ਕਵਿੱਤਰੀ ਸੁਰਜੀਤ ਕੌਰ, 'ਸੰਗੀਤ ਦੀ ਦੁਨੀਆਂ' ਪੁਸਤਕ ਦੇ ਰਿਚੇਤਾ ਪੂਰਨ ਸਿੰਘ ਪਾਂਧੀ, ਕਵਿਤਾ, ਕਹਾਣੀ, ਮਹਾਂਕਾਵਿ ਲਿਖਣ ਵਾਲੇ ਹਰਚੰਦ ਸਿੰਘ ਬਾਗੜੀ, ਪੰਜਾਬ ਦੀ ਧਰਤੀ ਨਾਲ ਅੰਦਰੋਂ ਜੁੜੇ ਪਿਆਰਾ ਸਿੰਘ ਕੁੱਦੋਵਾਲ, ਵਿਦੇਸ਼ ਦੇ ਸਮਾਜਿਕ ਤਾਣੇ ਬਾਣੇ ਵਿਚ ਵਿਚਰ ਰਹੀਆਂ ਪੰਜਾਬੀ ਕਵਿਤਰੀਆਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਵਾਲੀ “ਸਿਰਜਹਾਰੀਆਂ” ਦੀ ਰਚਨਹਾਰੀ ਕਰਮਜੀਤ ਕੌਰ ਕਿਸ਼ਾਂਵਲ, ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ ਕਵਿਤਰੀ ਸੈਂਡੀ ਗਿੱਲ, ਮੁਹੱਬਤਾਂ ਦੀਆਂ ਬਾਤਾਂ ਪਾਉਣ ਵਾਲੀ: ਸਿੱਧੂ ਰਮਨ, “ਮੋਨਾਰਿਕ ਤਿੱਤਲੀਆਂ” ਦੀ ਰਾਜ ਸੰਧੂ, ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਦੇ ਦਰਦ ਬਿਆਨ ਕਰਨ ਵਾਲੀ ਕਲਮ ਗੁਰਜਤਿੰਦਰ ਸਿੰਘ ਰੰਧਾਵਾ, ਗਾਇਕ ਦਲਜੀਤ ਕਲਿਆਣਪੁਰੀ, ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ, “ਮੈਂ ਘਾਹ ਨਹੀਂ ਜੋ ਅਣਚਾਹੀ ਬੂਟੀ ਵਾਂਗ ਪੁੱਟ ਦਿਉਗੇ, ਜਿਹੀਆਂ ਸਮਾਜਿਕ ਕਵਿਤਾਵਾਂ  ਲਿਖਣ ਵਾਲੀ ਲਵੀਨ ਕੌਰ ਗਿੱਲ, ਕਵਿਤਰੀ ਗਗਨ ਵਿਰਕ, ਪਰਨੀਤ ਕੌਰ ਸੰਧੂ, ਰੱਹਸਵਾਦੀ ਅਤੇ ਆਸ਼ਾਵਾਦੀ ਕਵਿਤਰੀ ਗਗਨ ਬਰਾੜ, ਅਤੇ ਗੀਤਕਾਰ ਗੈਰੀ ਟਰਾਂਟੋਂ ਹਠੂਰ ਜਿਹੀਆਂ ਸਖਸ਼ੀਅਤਾਂ ਨੂੰ ਇਸ ਪੁਸਤਕ ਵਿੱਚ ਸਥਾਨ ਦਿਤਾ ਹੈ। ਇਨਾਂ ਸਖਸ਼ੀਅਤਾਂ ਦੀਆਂ ਕਿਰਤਾਂ, ਓਨਾਂ ਦੇ ਜੀਵਨ ਵੇਰਵੇ ,ਰਚਨਾਵਾਂ ਅਤੇ ਉਨਾਂ ਦੇ ਸਮਾਜਿਕ ਰੁਤਬੇ ਨੂੰ ਛੋਟੇ ਛੋਟੇ ਲੇਖਾਂ 'ਚ ਵਰਨਣ ਕਰਕੇ ਉਜਾਗਰ ਸਿੰਘ ਨੇ ਉਨਾਂ ਦੀਆਂ ਪ੍ਰਾਪਤੀਆਂ ਨੂੰ ਕੁੱਜੇ 'ਚ ਸਮੁੰਦਰ ਵਾਂਗਰ ਬੰਦ ਕੀਤਾ ਹੈ। ਲਕਸ਼ਮੀ ਨਰਾਇਣ ਭੀਖੀ[ਡਾ:] ਦੇ ਸ਼ਬਦਾਂ 'ਚ ਇਹ ਪੁਸਤਕ ਦੇ ਲੇਖਕ ਨੇ ਪ੍ਰਵਾਸੀ ਵਰਤਾਰੇ ਦੇ ਰੁਝਾਨ, ਆਕ੍ਰਸ਼ਣ ਅਤੇ ਮਨੁੱਖੀ ਪ੍ਰਵਿਰਤੀਆਂ ਨੂੰ ਪੇਸ਼ ਕੀਤਾ ਹੈ, ਜਿਸ ਤੋਂ ਪਰਵਾਸੀ ਮਨੁੱਖ ਦੀ ਮਰਜ਼ੀ ਅਤੇ ਮਜ਼ਬੂਰੀ ਉਜਾਗਰ ਹੋ ਜਾਂਦੀਆਂ ਹਨ। ਉਜਾਗਰ ਸਿੰਘ ਦੀ ਇਹ ਪੁਸਤਕ ਪ੍ਰਵਾਸੀ ਪੰਜਾਬੀਆਂ ਦੇ ਹਰ ਪਹਿਲੂ ਦਾ ਬਿਰਤਾਤ ਕਰਨ ਵਾਲੀ ਹੈ।
     ਉਜਾਗਰ ਸਿੰਘ ਨੇ ਆਪਣੇ ਘੇਰੇ ਵਿੱਚ ਉਨਾਂ ਲੇਖਕ, ਲੇਖਿਕਾਵਾਂ, ਸਖਸ਼ੀਅਤਾਂ ਨੂੰ ਇਸ ਪੁਸਤਕ ਵਿੱਚ ਲਿਆਂਦਾ ਹੈ, ਜਿਹੜੇ ਪੰਜਾਬ ਦੀ ਜ਼ਮੀਨ ਨਾਲ ਧੁਰ ਅੰਦਰੋਂ ਜੁੜੇ ਹੋਏ ਹਨ, ਜਿਨਾਂ ਦੇ ਮਨਾਂ ਵਿੱਚ ਪੰਜਾਬ ਦੀ ਮਿੱਟੀ ਦਾ ਮੋਹ ਹੈ, ਅਤੇ ਜਿਹੜੇ ਪ੍ਰਵਾਸ ਹੰਢਾਉਦਿਆਂ ਵੀ ਪੰਜਾਬ, ਪੰਜਾਬ ਦੇ ਲੋਕਾਂ, ਉਨਾਂ ਦੀਆਂ ਸਮੱਸਿਆਵਾਂ ਔਖਿਆਈਆਂ ਨਾਲ ਆਪਣੇ ਆਪ ਨੂੰ ਪੀੜਤ ਮਹਿਸੂਸ ਕਰਦੇ ਹਨ, ਜਿਵੇਂ ਉਹ ਆਪ ਹੁਣ ਵੀ ਪੰਜਾਬ ਦੀ ਧਰਤੀ ਦੇ ਵਸ਼ਿੰਦੇ ਹੋਣ।
    ਸਿੱਧੀ, ਸਪਸ਼ਟ, ਛੋਟੇ ਛੋਟੇ ਵਾਕਾਂ ਵਾਲੀ ਬੋਲੀ 'ਚ ਲਿਖੇ ਛੋਟੇ ਛੋਟੇ ਰੌਚਕ ਲੇਖ, ਵਰਨਣ ਸਖਸ਼ੀਅਤਾਂ ਦੇ ਜੀਵਨ ਦੇ ਹਰ ਪੱਖ ਦੀ ਜਿਵੇਂ ਇੱਕ ਛੋਟੀ ਜਿਹੀ ਝਾਤੀ ਪੁਆਉਂਦੇ ਹਨ, ਭਾਵੇਂ ਕਿ ਇਹੋ ਜਿਹੀਆਂ ਸਖਸ਼ੀਅਤਾਂ ਦੀਆਂ ਰਚਨਾਵਾਂ ਅਤੇ ਸਖਸ਼ੀਅਤਾਂ ਦੇ ਰੇਖਾ ਚਿੱਤਰ ਹੋਰ ਵੱਡੇ ਲੇਖਾਂ ਤੇ ਵੇਰਵਿਆਂ ਦੀ ਮੰਗ ਕਰਦੇ ਹਨ
    “ਕੀ ਕਰੇ ਕੋਈ ਦਲੀਲਾਂ ਨੂੰ ਤੇ ਬੇਗੁਨਾਹ ਅਪੀਲਾਂ ਨੂੰ” [ਟਾਂਡਾ], “ਅੱਜ ਦੇਖੋ ਮੇਰੇ ਦੇਸ਼ ਦੀਆਂ ਕਿਧਰ ਹਵਾਵਾਂ ਜਾ ਰਹੀਆਂ” [ਢਿਲੋਂ], “ਮੇਰੇ ਸੋਹਣੇ ਦੇਸ਼ ਲਈ, ਆਓ ਰਲ ਕਰੋ ਦੁਆਵਾਂ” [ਗੁਰੀ] “ਮੈਂ ਕੀਹਦੇ ਲਈ ਰੋਵਾਂ ਤਾਰੇ ਜਾਣਦੇ ਨੇ” [ਗੁਰੀ], “ਪ੍ਰਵਾਸੀ ਪਰਤਿਆ ਘਰ ਬੱਚੇ ਕਹਿਣ ਪ੍ਰਾਹੁਣਾ ਆਇਆ [ਸੰਧੂ], “ਵੋਟਾਂ ਵੇਲੇ ਸਿਆਸੀ ਨੇਤਾ, ਭਾਰਤ ਨੂੰ ਸੁਰਗ ਬਣਾਈ ਜਾਂਦੇ” [ਪੰਛੀ] “ਔਰਤ ਸ਼ੋ ਪੀਸ ਹੈ ਕੁਝ ਰਿਸ਼ਤਿਆਂ ਤੇ ਕੁਝ ਰਿਵਾਇਤਾਂ ਦੀ ਮੁਥਾਜ” [ਸੁਰਜੀਤ] “ਅਜੇ ਨਾ ਦਰ ਖੜਕਾਅ ਨੀ ਅੜੀਏ” [ਬਾਗੜੀ], “ਦਿਲ ਦਰਵਾਜੇ ਬੰਦ, ਦਿਮਾਗੀਂ ਜੰਦਰੇ” [ਕੁਦੋਵਾਲ], “ਹੁਣ ਬੇਘਰਿਆਂ ਦਾ ਹਾਲ ਲਿਖਾਂ ਕਿ ਨਾ ਲਿਖਾਂ” [ਸੈਂਡੀ], “ਬੁਢੇ ਬਾਪੂ ਸਿਰ ਕਰਜ਼ ਬੜੇ, ਜਿਸਨੇ ਕੀਤੇ ਫਰਜ਼ ਬੜੇ [ਸਿੱਧੂ ਰਮਨ] “ਸੋਚਿਆ ਸੀ ਦੇਸ਼ ਨੂੰ ਛੇਤੀ ਮੁੜ ਜਾਵਾਂਗਾ, ਡਾਲਰਾਂ ਦੀ ਅੱਗ ਤੋਂ ਜੁਆਨੀ ਨੂੰ ਬਚਾਵਾਂਗਾ [ਕਲਿਆਣਕਾਰੀ], “ਗਿਰਗਟ ਵਾਂਗੂ ਬਦਲਦੀ ਰੰਗ ਦੁਨੀਆਂ [ਨੱਤ] “ਆ ਮੇਰੇ ਪਿੰਡੇ ਤੋਂ ਇੱਕ ਪੀੜ ਲਾਹ” [ਗਗਨ ਬਰਾੜ], ਵਰਗੀਆਂ ਕਵੀਆਂ ਕਵਿਤਰੀਆਂ ਦੀਆਂ ਸਤਰਾਂ ਪੁਸਤਕ 'ਚ ਦਰਜ਼ ਕਰਕੇ ਉਜਾਗਰ ਸਿੰਘ ਨੇ ਇਨਾਂ ਕਵੀਆਂ ਦੀਆਂ ਪ੍ਰੋੜ ਰਚਨਾਵਾਂ ਦੀ ਝਲਕ ਵਿਖਾਈ ਹੈ।ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ।ਇਸ ਪੜਨ ਯੋਗ ਪੁਸਤਕ ਦੀ ਕੀਮਤ 200 ਰੁਪਏ ਹੈ।

Section: