ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

On: 4 April, 2017

ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ ਹੁੰਦਾ ਹੈ।
     ਕਣਕ ਦੀ ਕਟਾਈ 10 ਤੋਂ 12 ਫ਼ੀਸਦੀ ਨਮੀ 'ਤੇ ਹੋ ਜਾਣੀ ਚਾਹੀਦੀ ਹੈ ਪਰ ਆਮ ਤੌਰ 'ਤੇ ਜਿਮੀਂਦਾਰ ਇਸ ਨਮੀ ਤੋਂ ਘੱਟ 'ਤੇ ਹੀ ਕੰਮ ਕਰਾਉਂਦੇ ਹਨ। ਇਸ ਕਰਕੇ ਰੀਲ ਜਾਂ ਫਿਰਕੀ ਨਾਲ ਹੋਣ ਵਾਲਾ ਨੁਕਸਾਨ ਕਾਫ਼ੀ ਵਧ ਜਾਂਦਾ ਹੈ। ਕੰਬਾਈਨ ਨਾਲ ਹੋਣ ਵਾਲੇ ਨੁਕਸਾਨ ਕਈ ਕਿਸਮ ਦੇ ਹਨ। ਜੇਕਰ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਅਸੀਂ ਕੰਬਾਈਨ ਨਾਲ ਕਣਕ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ। ਦਾਣਿਆਂ ਦਾ ਨੁਕਸਾਨ ਤੇ ਕੰਬਾਈਨਾਂ ਦੇ ਨੁਕਸ ਸੈਂਟਿੰਗ ਰਾਹੀਂ ਦੂਰ ਕੀਤੇ ਜਾਂਦੇ ਹਨ। ਕੰਬਾਈਨ ਨਾਲ ਸਹੀ ਤੇ ਸੁਰੱਖਿਅਤ ਕੰਮ ਕਰਨ ਲਈ ਹੇਠਾਂ ਲਿਖੇ ਨੁਕਤੇ ਧਿਆਨ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ:
ਮਸ਼ੀਨ ਮਿੱਥੀ ਹੋਈ ਰਫ਼ਤਾਰ 'ਤੇ ਚਲਾਓ।
     ਜਿਉਂ ਜਿਉਂ ਫ਼ਸਲ ਦੀ ਨਮੀ ਘਟਦੀ ਹੈ, ਖੇਤ ਵਿੱਚ ਦਾਣੇ ਕਿਰਨੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਫਿਰਕੀ ਦੀ ਸੈਟਿੰਗ ਤੇ ਫ਼ਸਲ ਦੀ ਨਮੀਂ ਦਾ ਸਹੀ ਹਿਸਾਬ ਰੱਖਣਾ ਚਾਹੀਦਾ ਹੈ।
    ਡਿੱਗੀ ਫ਼ਸਲ ਚੁੱਕਣ ਵਾਸਤੇ ਕੰਬਾਈਨ ਫ਼ਸਲ ਡਿੱਗਣ ਦੀ ਉਲਟ ਦਿਸ਼ਾ ਵਿੱਚ ਚਲਾਉਣੀ ਚਾਹੀਦੀ ਹੈ।
ਜੇ ਫ਼ਸਲ ਦੀ ਨਮੀਂ 12 ਫ਼ੀਸਦੀ ਤੋਂ ਵੱਧ ਹੋਵੇ ਤਾਂ ਵਾਢੀ ਨਾ ਕਰੋ।
ਖੁੰਡੇ ਹੋ ਗਏ ਕਟਰਬਾਰ ਦੇ ਬਲੇਡ ਬਦਲੋ।
     ਜੇ ਕੰਬਾਈਨ ਦੇ ਪਿੱਛੇ ਦਾਣਿਆਂ ਦਾ ਨੁਕਸਾਨ ਇੱਕ ਫ਼ੀਸਦੀ ਤੋਂ ਵੱਧ ਹੈ ਤਾਂ ਪੱਖੇ ਦੀ ਹਵਾ ਘਟਾਓ। ਜੇ ਫਿਰ ਵੀ ਫ਼ਰਕ ਨਾ ਪਵੇ ਤਾਂ ਸਫ਼ਾਈ ਵਾਲੀ ਜਾਲੀ ਦੀ ਵਿੱਥ ਵਧਾਓ।
   ਜੇ ਦਾਣਿਆਂ ਦੇ ਟੈਂਕ ਵਿੱਚ ਦਾਣਿਆਂ ਦੀ ਟੁੱਟ ਵੱਧ ਹੈ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਵਧਾਓ।
ਜੇ ਅਣਗਾਹੇ ਦਾਣੇ ਇੱਕ ਫ਼ੀਸਦੀ ਤੋਂ ਵੱਧ ਹਨ ਤਾਂ ਸਿਲੰਡਰ ਤੇ ਕਨਕੇਵ ਵਿੱਚ ਵਿੱਥ ਘਟਾਓ।
ਜੇ ਕੰਬਾਈਨ ਓਵਰਲੋਡ ਹੋ ਰਹੀ ਹੈ ਤਾਂ ਰਫ਼ਤਾਰ ਘਟਾਓ ਜਾਂ ਫ਼ਸਲ ਨੂੰ ਉੱਚੀ ਵੱਢੋ।
    ਟਾਇਰਾਂ ਦਾ ਦਬਾਅ ਚੈੱਕ ਕਰਕੇ ਮਿਥੇ ਹੋਏ ਅੰਕੜੇ ਮੁਤਾਬਕ ਹਵਾ ਭਰਨੀ ਚਾਹੀਦੀ ਹੈ। ਆਮ ਤੌਰ 'ਤੇ ਇਹ ਦਬਾਅ ਅਗਲੇ ਟਾਇਰਾਂ ਵਿੱਚ ਇੱਕ ਤੇ ਪਿਛਲੇ ਵਿੱਚ ਦੋ ਕਿਲੋਗ੍ਰਾਮ ਪ੍ਰਤੀ ਵਰਗ ਸੈਂਟੀਮੀਟਰ ਦੇ ਹਿਸਾਬ ਨਾਲ ਹੁੰਦਾ ਹੈ।ਬੈਰਿੰਗ ਤੇ ਚੱਲਣ ਵਾਲੇ ਹਿੱਸਿਆਂ ਨੂੰ ਰੋਜ਼ਾਨਾ ਗਰੀਸ ਜਾਂ ਤੇਲ ਦੇਣਾ ਚਾਹੀਦਾ ਹੈ।

Section: