ਮਿੰਨੀ ਕਹਾਣੀ- ਕੁਲਵੰਤ ਸਿੰਘ ਲੋਹਗੜ

On: 14 July, 2017

ਹਉਮੈਂ
ਜਦੋਂ ਹੀ ਮੈਂ ਮੀਤ ਨੂੰ ਮਿਲਣ ਉਸ ਦੇ ਘਰ ਕਲਾਲਮਾਜਰੇ ਗਿਆ ਤਾਂ ਪਤਾ ਲੱਗਾ ਕਿ ਉਹ ਖੇਤ ਜ਼ਮੀਨ ਵਾਹੁਣ ਗਿਆ ਹੋਇਆ ਹੈ ਮੈਂ ਵੀ ਘਰ ਬਿਨਾਂ ਚਾਹ ਪੀਤੇ ਉਸ ਕੋਲ ਖੇਤ ਚਲਾ ਗਿਆ ਮੇਰੇ ਜਾਂਦੇ ਨੂੰ ਮੀਤ ਆਪਣੇ ਫੋਰਡ ਟਰੈਕਟਰ ਨਾਲ ਹਲ਼ ਵਾਹ ਰਿਹਾ ਸੀ । ਉਹ ਮੈਨੂੰ ਮਿਲਣ ਲਈ ਟਰੈਕਟਰ ਰੋਕਣ ਲੱਗਾ ਪਰ ਮੈਂ ਉਸ ਨੂੰ ਚੱਲਦੇ ਰਹਿਣ ਦਾ ਇਸ਼ਾਰਾ ਕਰਦਾ ਹੋਇਆ ਖੇਤ ਵਿਚਕਾਰ ਨੂੰ ਤੁਰ ਪਿਆ । ਜਿਉਂ ਹੀ ਮੈਂ ਵਿਚਕਾਰ ਪਹੁੰਚਿਆ ਤਾਂ ਦੇਖਿਆ ਕਿ ਇੱਕ ਟਟੀਹਰੀ ਨੇ ਖੇਤ ਦੇ ਬਿਲਕੁਲ ਵਿਚਾਰ ਆਂਡੇ ਦਿੱਤੇ ਹੋਏ ਸਨ ਅਤੇ ਉਹ ਆਂਡਿਆਂ ਦੇ ਉੱਪਰ ਪੰਖ (ਖੰਭ) ਖਿਲਾਰੀ ਬੈਠੀ ਸੀ। ਮੈਂ ਇਕਦਮ ਮੀਤ ਨੂੰ ਰੋਕਿਆ ਤੇ ਟਟੀਹਰੀ ਬਾਰੇ ਦੱਸ ਕੇ ਉਸ ਨੂੰ ਉਨਾਂ ਥਾਂ ਬਿਨਾ ਵਾਹੇ ਛੱਡਣ ਲਈ ਕਿਹਾ ਅਤੇ ਮੈਂ ਉਸ ਟਟੀਹਰੀ ਦੇ ਲਾਗੇ ਖੜ ਗਿਆ ਕਿ ਕਿਤੇ ਮੀਤ ਗ਼ਲਤੀ ਨਾਲ ਇਸ ਦੇ ਉੱਪਰੋਂ ਟਰੈਕਟਰ ਨਾ ਲੰਘਾ ਦੇਵੇ। ਮੈਂ ਉੱਥੇ ਖੜ ਕੇ ਗ਼ੌਰ ਨਾਲ ਟਟੀਹਰੀ ਵੱਲ ਤੱਕਦਾ ਰਿਹਾ ਅਤੇ ਉਸ ਦੀ ਮਮਤਾ ਨੇ ਮੈਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ। ਉਹ ਇਹ ਸੀ  ਕਿ ਜਦੋਂ ਵੀ ਟਰੈਕਟਰ ਉਸ ਦੇ ਕੋਲ ਦੀ ਲੰਘਣ ਲੱਗਦਾ ਤਾਂ ਉਹ ਆਪਣੇ ਬਚਿਆਂ ਨੂੰ ਬਚਾਉਣ ਦੇ ਉਦੇਸ਼ ਨਾਲ ਆਪਣੇ ਖੰਭ ਉੱਨੇ ਹੀ ਜ਼ਿਆਦਾ ਖਿਲਾਰ ਲੈਂਦੀ ਜਦੋਂ ਟਰੈਕਟਰ ਲੰਘ ਜਾਂਦਾ ਤਾਂ ਫਿਰ ਆਪਣੇ ਖੰਭ ਇਕੱਠੇ ਕਰ ਲੈਂਦੀ ਦੁਬਾਰਾ ਫੇਰ ਜਦੋਂ ਟਰੈਕਟਰ ਕੋਲ ਆਉਂਦਾ ਉਹ ਫਿਰ ਆਪਣੇ ਖੰਭ ਆਂਡਿਆਂ ਉੱਪਰ ਜ਼ੋਰ ਨਾਲ ਖਿਲਾਰ ਲੈਂਦੀ ਅਤੇ ਉੱਚੀ ਉੱਚੀ ਰੋਲਾ ਪਾਉਣ ਲੱਗ ਜਾਂਦੀ। ਮੈਨੂੰ ਕੋਲ ਖੜੇ ਇਹ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਕਹਿ ਰਹੀ ਹੋਵੇ ਕਿ ”ਦੇਖਿਓ! ਕਿਤੇ ਮੇਰੇ ਬਚਿਆਂ ਨੂੰ ਨਾ ਰੋਲ ਦਿਓ”। ਉਸੇ ਸਮੇਂ  ਮੇਰੇ ਦਿਮਾਗ਼ ਵਿਚ ਇਹ ਗੱਲ ਆਈ ਕਿ ਜੋ ਮਾਂ ਪਿਉ ਆਪਣੀ ਹਉਮੈ ਨਾ ਛੱਡਦੇ ਹੋਏ ਇੱਕ ਦੂਜੇ ਨੂੰ ਤਲਾਕ ਦੇ ਦਿੰਦੇ ਹਨ ਉਨਾਂ ਦੇ ਬੱਚੇ ਇਸ ਤਰਾਂ ਰੁਲ ਜਾਂਦੇ ਹਨ ਜਿਵੇਂ ਉਸ ਟਟੀਹਰੀ ਦੇ ਬਚਿਆਂ ਉੱਪਰ ਦੀ ਮੁਸੀਬਤਾਂ ਦਾ ਟਰੈਕਟਰ ਲੰਘ ਗਿਆ ਹੋਵੇ ਅਤੇ ਹਲ਼ਾਂ ਨੇ ਉਨਾਂ ਦੀ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ ਹੋਵੇ। ਇਹੋ ਹਾਲਤਾਂ ਵਿਚ ਮੈਨੂੰ ਟਟੀਹਰੀ ਮਨੁੱਖ ਨਾਲੋਂ ਵਧੇਰੇ ਸਮਝਦਾਰ ਅਤੇ ਮਮਤਾ ਭਰੀ ਜਾਪ ਰਹੀ ਸੀ।