ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ:ਮੁਹੱਬਤ ਦੀਆਂ ਖ਼ੁਸ਼ਬੂਆਂ - ਉਜਾਗਰ ਸਿੰਘ

On: 1 May, 2017

ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼ਰਸ਼ਾਰ ਕਰਦੀਆਂ ਹਨ। ਇਨਾਂ ਫੁਲਾਂ ਦੀ ਖ਼ੁਸ਼ਬੂ ਵੀ ਹਰ ਇੱਕ ਦੀ ਵੱਖਰੀ-ਵੱਖ਼ਰੀ 18 ਕਿਸਮ ਦੀ ਹੈ। ਕਿਸੇ ਫੁਲ ਵਿਚੋਂ ਮਮਤਾ ਦੇ ਪਿਆਰ ਅਤੇ ਨਿੱਘ, ਉਸਤਾਦ ਦੀ ਆਸ਼ੀਰਵਾਦ, ਸਾਂਝੇ ਪਰਿਵਾਰਾਂ ਦੀ ਮਹਿਕ, ਸਾਹਿਤਕਾਰਾਂ ਦੀ ਸਰਪਰਸਤੀ, ਦੋਸਤਾਂ ਦੀ ਦੋਸਤੀ, ਧਾਰਮਿਕ ਵਿਅਕਤੀਆਂ ਦੀ ਰਹਿਨੁਮਾਈ, ਸੰਘਰਸ਼ਮਈ ਜੀਵਨ ਦੀ ਰੌਸ਼ਨੀ ਅਤੇ ਰਾਜਨੀਤੀਵਾਨਾ ਦੀ ਹਕੂਮਤ ਦੀ ਸੁਗੰਧ ਆ ਰਹੀ ਹੈ। ਇਨ•ਾਂ ਰੇਖਾ ਚਿਤਰਾਂ ਵਿਚਲੇ ਵਿਅਕਤੀਆਂ ਦੇ ਲੇਖਕ ਨਾਲ ਸੰਬੰਧ ਨਜ਼ਦੀਕੀ ਰਹੇ ਹਨ, ਜਿਸ ਕਰਕੇ ਲੇਖਕ ਦਾ ਲਿਖਣ ਦਾ ਢੰਗ ਇੱਕ ਕਿਸਮ ਨਾਲ ਇੱਕਤਰਫਾ ਪ੍ਰੰਤੂ ਸਚਾਈ ਉਪਰ ਅਧਾਰਤ ਅਤੇ ਪ੍ਰਸੰਸਾਮਈ ਲੱਗਦਾ ਹੈ। ਲੇਖਕ ਜਿਸ ਵਿਅਕਤੀ ਬਾਰੇ ਲਿਖ ਰਿਹਾ ਹੋਵੇ ਉਸ ਨਾਲ ਸਾਜਗਾਰ ਸੰਬੰਧਾਂ ਦਾ ਇੱਕ ਲਾਭ ਇਹ ਵੀ ਹੁੰਦਾ ਹੈ ਕਿ ਲੇਖਕ ਨੂੰ ਉਸ ਵਿਅਕਤੀ ਦੀ ਕਾਰਜਸ਼ੈਲੀ ਨੂੰ ਨੇੜੇ ਤੋਂ ਵੇਖਣ ਅਤੇ ਜਾਨਣ ਦਾ ਮੌਕਾ ਮਿਲਦਾ ਹੈ। ਪ੍ਰੰਤੂ ਸ਼ਰਧਾ ਭਾਵਨਾ ਹੋਣ ਕਰਕੇ ਲੇਖਣੀ ਵਿਚੋਂ ਵੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਹੁੰਦਾ ਹੈ। ਉਸਾਰੂ ਪੱਖਾਂ ਉਪਰ ਹੀ ਚਾਨਣਾ ਪਾਇਆ ਜਾਂਦਾ ਹੈ। ਕਈ ਰੇਖਾ ਚਿਤਰਾਂ ਜਿਵੇਂ ਭਾਅ ਗੁਰਸ਼ਰਨ ਸਿੰਘ ਬਾਰੇ ''ਵਿਹੜਿਆਂ ਦਾ ਸੂਰਜ'' ਸਿਰਲੇਖ ਵਿਚ ਉਸਦੀ ਸਮੁੱਚੀ ਕਾਗੁਜ਼ਾਰੀ ਦਾ ਵਿਸ਼ਲੇਸ਼ਣ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ ਕਿ ਉਹ ਕਿਸ ਤਰਾਂ ਆਪਣੇ ਨਾਟਕਾਂ ਵਿਚ ਰੁਮਾਂਟਿਕਤਾ ਦੀ ਨਹੀਂ ਸਗੋਂ ਸਮਾਜਿਕ ਸਰੋਕਾਰਾਂ ਦੀ ਹੀ ਗੱਲ ਕਰਦਾ ਹੈ, ਪ੍ਰੰਤੂ ਉਸਦਾ ਦਾ ਆਧਾਰ ਇਤਿਹਾਸਕ ਪਾਤਰਾਂ ਨੂੰ ਬਣਾਉਂਦਾ ਹੈ। ਜਿਸ ਕਰਕੇ ਦਰਸ਼ਕਾਂ ਉਪਰ ਉਸਦਾ ਪ੍ਰਭਾਵ ਬਹੁਤ ਜਲਦੀ ਪੈਂਦਾ ਹੈ। ਉਸਦਾ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣਾ ਬਾਖ਼ੂਬੀ ਦਰਸਾਇਆ ਗਿਆ ਹੈ। ''ਮਾਰੂਥਲ ਦਾ ਸਫਰ'' ਸਿਰਲੇਖ ਵਿਚ ਆਪਣੀ ਮਾਂ ਬਾਰੇ ਸੱਚੋ ਸੱਚ ਕੌੜਾ ਘੁੱਟ ਭਰਕੇ ਲਿਖਿਆ ਹੈ। ਕੋਈ ਵੀ ਗੱਲ ਛੁਪਾਈ ਨਹੀਂ ਪ੍ਰੰਤੂ ਲੇਖਕ ਅਤੇ ਉਸਦੀ ਮਾਂ ਦੀ ਸਭ ਤੋਂ ਚੰਗੀ ਗੱਲ ਆਪਣੀ ਵਿਰਾਸਤ ਨਾਲ ਬਾਖ਼ੂਬੀ ਜੁੜੇ ਰਹਿਣਾ ਹੈ। ਆਮ ਤੌਰ ਤੇ ਜਦੋਂ ਵਿਅਕਤੀ ਦਾ ਹੱਥ ਸੁਖਾਲਾ ਹੋ ਜਾਂਦਾ ਹੈ ਤਾਂ ਉਹ ਅਸਮਾਨ ਨੂੰ ਟਾਕੀਆਂ ਲਾਉਣ ਲੱਗ ਜਾਂਦਾ ਹੈ ਅਤੇ ਆਪਣੇ ਪਿਛੋਕੜ ਨੂੰ ਛੁਪਾਉਂਦਾ ਹੈ। ''ਮੇਰੇ ਗੁਰੂ ਅਧਿਆਪਕ'' ਅਤੇ ''ਪਾਰੇ ਵਰਗਾ'' ਦੋ ਰੇਖਾ ਚਿਤਰ ਕਮਾਲ ਦੇ ਹਨ। ਡਾ.ਜਸਵਿੰਦਰ ਸਿੰਘ ਅਤੇ ਕਿਰਪਾਲ ਕਜ਼ਾਕ ਦੀ ਨਮਰਤਾ ਦਾ ਗਹਿਣਾ ਉਨਾਂ ਦੇ ਰੇਖਾ ਚਿਤਰਾਂ ਨੂੰ ਚਾਰ ਚੰਨ ਲਾ ਰਿਹਾ ਹੈ। ਦੋਹਾਂ ਵਿਅਕਤੀਆਂ ਦੀਆਂ ਆਪੋ ਆਪਣੇ ਖੇਤਰਾਂ ਦੀਆਂ ਪ੍ਰਾਪਤੀਆਂ ਵੀ ਲਾ ਜਵਾਬ ਹਨ ਜੋ ਕਿ ਬਾਖ਼ੂਬੀ ਚਿਤਰੀਆਂ ਗਈਆਂ ਹਨ। ਸਹਿਜਤਾ ਨਾਲ ਆਪਣੇ ਕਿੱਤੇ ਪ੍ਰਤੀ ਸੁਹਿਰਦ ਰਹਿਣਾ ਵੀ ਉਨਾਂ ਦੇ ਵਿਲੱਖਣ ਗੁਣ ਹਨ ਜਿਸਨੂੰ ਲੇਖਕ ਨੇ ਬੜੇ ਹੀ ਸਲੀਕੇ ਨਾਲ ਕਲਮਬੰਦ ਕੀਤਾ ਹੈ। ਕਿਸੇ ਲੇਖਕ ਦੀ ਪ੍ਰਾਪਤੀ ਨਾਲੋਂ ਉਸ ਪ੍ਰਾਪਤੀ ਨੂੰ ਹਜਮ ਕਰਕੇ ਰੱਖਣਾ ਅਤੇ ਜ਼ਮੀਨ ਤੇ ਟਿਕੇ ਰਹਿਣਾ ਬਿਹਤਰੀਨ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ। ਦੋਹਾਂ ਲੇਖਕਾਂ ਵਿਚ ਇਹ ਗੁਣ ਬਰਕਰਾਰ ਹਨ। ਡਾ.ਹਰਭਜਨ ਸਿੰਘ ਦਿਓਲ ਜਿਥੇ ਇੱਕ ਕੁਸ਼ਲ ਪ੍ਰਬੰਧਕ ਹੈ, ਉਥੇ ਹੀ ਉਸਦੀ ਵਿਦਵਤਾ ਅਤੇ ਕਾਮਿਆਂ ਪ੍ਰਤੀ ਹਮਦਰਦੀ ਉਸਦੇ ਵਿਅਕਤਿਤਵ ਦਾ ਵਿਲੱਖਣ ਗੁਣ ਹੈ। ਆਮ ਤੌਰ ਤੇ ਰੇਖਾ ਚਿਤਰ ਸਾਹਿਤਕਾਰਾਂ ਦੇ ਲਿਖਣ ਦੀ ਪਰੰਪਰਾ ਹੈ। ਲਕਸ਼ਮੀ ਨਰਾਇਣ ਨੇ ਇਸ ਪਰੰਪਰਾ ਨੂੰ ਵੀ ਤੋੜਿਆ ਹੈ ਭਾਵੇਂ ਇਨਾਂ ਰੇਖਾ ਚਿਤਰਾਂ ਵਿਚੋਂ ਬਹੁਤੇ ਸਾਹਿਤਕਾਰਾਂ ਬਾਰੇ ਹੀ ਹਨ ਪ੍ਰੰਤੂ 2 ਸਿਆਸਤਦਾਨਾ ਬਾਰੇ ਹਨ, ਇਹ ਸਿਆਸਤਦਾਨ ਵੀ ਸਾਹਿਤਕਾਰ ਹੀ ਹਨ ਅਤੇ ਇੱਕ ਸਮਾਜ ਸੇਵਕ ਬਾਰੇ ਹੈ। ਮਜ਼ਦੂਰ ਵਰਗ ਦੇ ਨੇਤਾਵਾਂ ਦੇ ਰੇਖਾ ਚਿਤਰ ਲਿਖਕੇ ਆਮ ਰੇਖਾ ਚਿਤਰਾਂ ਦੀ ਪਰੰਪਰਾ ਤੋਂ ਵੱਖਰਾ ਕੰਮ ਕੀਤਾ ਹੈ। ਮਜ਼ਦੂਰ ਵਰਗ ਦੇ ਹਿਤੈਸ਼ੀਆਂ ਦੇ ਰੇਖਾ ਚਿਤਰ ਪਹਿਲੀ ਵਾਰ ਲਿਖੇ ਗਏ ਹਨ, ਇਸ ਲਈ ਲਕਸ਼ਮੀ ਨਰਾਇਣ ਵਧਾਈ ਦਾ ਪਾਤਰ ਹੈ। ਪੁਸਤਕ ਪੜਕੇ ਇਉਂ ਮਹਿਸੂਸ ਹੋ ਰਿਹਾ ਹੈ ਕਿ ਲੇਖਕ ਨੇ ਰੇਖਾ ਚਿਤਰ ਲਿਖਣ ਤੋਂ ਪਹਿਲਾਂ ਜਿਨਾਂ ਖੇਤਰਾਂ ਵਿਚ ਇਹ ਵਿਅਕਤੀ ਵਿਚਰਦੇ ਹਨ, ਉਨਾਂ ਬਾਰੇ ਨੀਝ ਲਾ ਕੇ ਪੂਰੀ ਜਾਣਕਾਰੀ ਇਕੱਤਰ ਕੀਤੀ ਹੈ ਜਾਂ ਉਨਾਂ ਦੇ ਨਾਲ ਕੰਮ ਕੀਤਾ ਹੈ ਤਾਂ ਹੀ ਉਹ ਉਨਾਂ ਨੂੰ ਇਨਸਾਫ਼ ਦੀ ਤਰਾਜੂ ਵਿਚ ਸੁਚੱਜੇ ਢੰਗ ਨਾਲ ਤੋਲ ਸਕਿਆ ਹੈ। ਖ਼ੁਦ ਸਾਹਿਤਕਾਰ ਹੋਣ ਕਰਕੇ ਸਾਹਿਤ ਕਾਰਾਂ ਦੇ ਰੇਖਾ ਚਿਤਰ ਤਾਂ ਦਿਲਚਸਪ ਲਿਖੇ ਗਏ ਹਨ। ਪ੍ਰੰਤੂ ਇਨਾਂ ਰੇਖਾ ਚਿਤਰਾਂ ਵਿਚ ਲੇਖਕ ਦੀ ਖੱਬੇ ਪੱਖੀ ਸੋਚ  ਭਾਰੂ ਲੱਗਦੀ ਹੈ। ਲੇਖਕ ਨੇ ਚੋਣ ਕਰਨ ਲੱਗਿਆਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਸਾਰੇ ਵਿਅਕਤੀ ਕਿਸੇ ਨਾ ਕਿਸੇ ਢੰਗ ਨਾਲ ਸੰਘਰਸ਼ ਨਾਲ ਜੁੜੇ ਰਹੇ ਹਨ ਕਿਉਂਕਿ ਲੇਖਕ ਦਾ ਆਪਣਾ ਜੀਵਨ ਵੀ ਸੰਘਰਸ਼ਮਈ ਅਤੇ ਜਦੋਜਹਿਦ ਭਰਪੂਰ ਹੈ। ਲੇਖਕ ਦੀ ਸ਼ਬਦਾਵਲੀ ਅਤੇ ਸ਼ੈਲੀ ਵੀ ਅੰਦੋਲਨਾ ਵਿਚ ਬੋਲਣ ਵਾਲੇ ਸਟੇਜੀ ਬੁਲਾਰਿਆਂ ਵਰਗੀ ਹੈ। ਲਗਪਗ ਸਾਰੇ ਵਿਅਕਤੀਆਂ ਦਾ ਸਮੁੱਚਾ ਜੀਵਨ ਜਦੋ ਜਹਿਦ ਵਿਚ ਗੁਜਰਿਆ ਹੈ ਅਤੇ ਉਹ ਸਾਰੇ ਹੀ ਗ਼ਰੀਬ ਵਰਗ ਦੇ ਸਮਰਥਕ ਅਤੇ ਖੱਬੇ ਪੱਖੀ ਵਿਚਾਰ ਧਾਰਾ ਵਾਲੇ ਹਨ ਪ੍ਰੰਤੂ ਆਮ ਜਦੋਜਹਿਦ ਨਾਲੋਂ ਇੱਕ ਵਖਰੇਵਾਂ ਇਹ ਹੈ ਕਿ ਇਹ ਵਿਅਕਤੀ ਸਾਰੇ ਵਿਦਵਾਨ, ਚਿੰਤਕ ਅਤੇ ਬੁੱਧੀਜੀਵੀ ਹਨ, ਜਿਹੜੇ ਹੋਛੀਆਂ ਹਰਕਤਾਂ ਕਰਨ ਵਾਲੇ ਨਹੀਂ ਹਨ। ਹਰ ਵਿਅਕਤੀ ਦੇ ਰੇਖਾ ਚਿਤਰ ਵਿਚ ਸ਼ਬਦਾਵਲੀ ਉਸ ਵਿਅਕਤੀ ਦੇ ਵਰਤਾਵੇ ਵਾਲੀ ਹੀ ਲਿਖੀ ਗਈ ਹੈ। ਕਈ ਰੇਖਾ ਚਿਤਰਾਂ ਵਿਚ ਲੇਖਕ ਉਨਾਂ ਨੂੰ ਸੁਝਾਅ ਵੀ ਦਿੰਦਾ ਹੈ ਅਤੇ ਉਨ•ਾਂ ਤੋਂ ਆਪਣੇ ਮੁਤਾਬਕ ਆਸ ਵੀ ਰੱਖਦਾ ਹੈ ਕਿਉਂਕਿ ਉਹ ਉਨਾਂ ਨੂੰ ਸਫਲਤਾ ਦੀ ਪੌੜੀ ਚੜ•ਦੇ ਵੇਖਣਾ ਲੋਚਦਾ ਹੈ। ਭਾਵ ਲੇਖਕ ਆਪਣੀ ਸੋਚ ਦੀ ਗੱਲ ਕਰਦਾ ਹੈ। ਲੇਖਕ ਦੀ ਸ਼ਬਦਾਵਲੀ ਦ੍ਰਿਸ਼ਟਾਂਤਿਕ ਹੈ। ਰੇਖਾ ਚਿਤਰ ਪੜ•ਦਿਆਂ ਵਿਅਕਤੀ ਦਾ ਵਿਅਕਤੀਤਿਤਵ ਉਭਰ ਕੇ ਸਾਹਮਣੇ ਆ ਜਾਂਦਾ ਹੈ। ਕਈ ਵਾਰ ਇਉਂ ਲੱਗਦਾ ਹੈ ਕਿ ਉਹ ਵਿਅਕਤੀ ਸਾਡੇ ਨਾਲ ਹੀ ਬੈਠਾ ਹੈ। ਮਾਂ ਯਸ਼ੋਧਾ ਦੇਵੀ, ਕਿਰਪਾਲ ਕਜ਼ਾਕ, ਗੁਰਸ਼ਰਨ ਸਿੰਘ, ਡਾ.ਅਜਮੇਰ ਔਲਖ, ਪ੍ਰੋ.ਹਰਭਜਨ ਸਿੰਘ ਦਿਓਲ, ਹਾਕਮ ਸਿੰਘ ਸਮਾਓਂ, ਪ੍ਰੋ.ਕਿਰਪਾਲ ਸਿੰਘ ਬਡੂੰਗਰ, ਓਮ ਪ੍ਰਕਾਸ਼ ਗਾਸੋ ਅਤੇ ਪ੍ਰੇਮ ਗੋਰਖ਼ੀ ਦੇ ਤਾਂ ਦਰਸ਼ਨ ਹੀ ਕਰਾ ਦਿੰਦਾ ਹੈ। ਸਾਹਿਤਕ ਪਾਣ ਦੇ ਕੇ ਸ਼ੈਲੀ ਰੌਚਕ ਬਣਾ ਦਿੰਦਾ ਹੈ।  ਸਮਾਜਿਕ, ਅਧਿਆਤਮਕ, ਧਾਰਮਿਕ, ਸਾਹਿਤ ਦੇ ਰੂਪਾਂ ਨਾਟਕ, ਕਹਾਣੀ, ਵਾਰਤਕ ਅਤੇ ਚਿੰਤਨ ਬਾਰੇ ਲੇਖਕ ਦੀ ਪਕੜ ਬਰਾਬਰ ਹੈ। ਕਮਾਲ ਦਾ ਸਮਤੁਲ ਰੱਖਿਆ ਹੈ ਪ੍ਰੰਤੂ ਕਿਤੇ ਕਿਤੇ ਦੁਹਰਾਓ ਹੈ ਕਿਉਂਕਿ ਉਹ ਆਪਣੀ ਗੱਲ ਦਾ ਵਜ਼ਨ ਵਧਾਉਣਾ ਚਾਹੁੰਦਾ ਹੈ। ਜਿਸ ਵਿਅਕਤੀ ਦਾ ਉਹ ਰੇਖਾ ਚਿਤਰ ਲਿਖ ਰਿਹਾ ਹੈ ਉਸ ਦੀ ਆਪ ਤਾਂ ਪ੍ਰਸੰਸਾ ਕਰਦਾ ਹੀ ਹੈ ਪ੍ਰੰਤੂ ਕਿਸੇ ਹੋਰ ਵੱਡੇ ਵਿਦਵਾਨ ਦੇ ਮੂੰਹੋਂ ਪ੍ਰਸੰਸਾ ਕਰਵਾਕੇ ਆਪਣੀ ਕਹੀ ਗੱਲ ਦੀ ਸਾਰਥਿਕਤਾ ਨੂੰ ਮਜ਼ਬੂਤ ਕਰਦਾ ਹੈ। ਕਈ ਥਾਂ ਬੇਲੋੜੀਆਂ ਨਿੱਜੀ ਗੱਲਾਂ ਵੀ ਲਿਖੀਆਂ ਹੋਈਆਂ ਹਨ। ਲੇਖਕ ਨੇ ਉਨ•ਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਦੱਸਿਆ ਹੈ ਪ੍ਰੰਤੂ ਕਿਸੇ ਉਪਰ ਚਿਕੜ ਨਹੀਂ ਉਛਾਲਿਆ। ਸਹਿਜਤਾ ਦਾ ਪੱਲਾ ਪਕੜ ਕੇ ਰੱਖਿਆ ਹੈ। ਆਮ ਤੌਰ ਤੇ ਰੇਖਾ ਚਿਤਰ ਲਿਖਣ ਸਮੇਂ ਸਾਹਿਤਕ ਕਿੜਾਂ ਵੀ ਕੱਢੀਆਂ ਜਾਂਦੀਆਂ ਹਨ ਪ੍ਰੰਤੂ ਲਕਸ਼ਮੀ ਨਰਾਇਣ ਨੇ ਅਜਿਹੀਆਂ ਗੱਲਾਂ ਲਿਖਣ ਤੋਂ ਪ੍ਰਹੇਜ ਕੀਤਾ ਹੈ। ਹੁਣ ਤੱਕ ਜਿਤਨੇ ਵੀ ਰੇਖਾ ਚਿਤਰਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ, ਉਨ•ਾਂ ਵਿਚ ਲੇਖਕ ਦੀ ਨਿੱਜੀ ਜ਼ਿੰਦਗੀ ਅਤੇ ਉਸਦੇ ਨਾਲ ਜੁੜੇ ਵਾਦਵਿਵਾਦਾਂ ਨੂੰ ਉਛਾਲਿਆ ਗਿਆ ਹੈ ਪ੍ਰੰਤੂ ਲਕਸ਼ਮੀ ਨਰਾਇਣ ਦੀ ਖ਼ੂਬੀ ਹੈ ਕਿ ਉਸਨੇ ਉਨਾਂ ਵਿਅਕਤੀਆਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਵਰਨਣ ਸੁਚੱਜੇ ਢੰਗ ਨਾਲ ਕੀਤਾ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਸਫਲਤਾ ਪ੍ਰਾਪਤ ਕਰਨ ਲਈ ਉਨਾਂ ਨੇ ਕਿਤਨੀਆਂ ਮੁਸ਼ਕਲਾਂ ਤੇ ਕਾਬੂ ਪਾ ਕੇ ਨਿਸ਼ਾਨਾ ਪ੍ਰਾਪਤ ਕਰ ਲਿਆ। ਸਾਹਿਤਕਾਰਾਂ ਦੇ ਹੁਣ ਤੱਕ ਲਿਖੇ ਗਏ ਰੇਖਾ ਚਿਤਰਾਂ ਵਿਚ ਬੜੇ ਵਾਦਵਿਵਾਦ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ, ਇਥੋਂ ਤੱਕ ਕਿ ਉਨਾਂ ਦੇ ਰੇਖਾ ਚਿਤਰਾਂ ਦੇ ਸਿਰਲੇਖ ਵੀ ਅਜਿਹੇ ਰੱਖੇ ਗਏ ਜਿਸ ਨਾਲ ਉਨਾਂ ਦੀਆਂ ਪੁਸਤਕਾਂ ਵਿਕ ਸਕਣ। ਸਿਰਲੇਖਾਂ ਦੇ ਅਰਥ ਵੀ ਉਸ ਵਿਅਕਤੀ ਦਾ ਪ੍ਰਭਾਵ ਗ਼ਲਤ ਦਿੰਦੇ ਹਨ ਪ੍ਰੰਤੂ ਲਕਸ਼ਮੀ ਨਰਾਇਣ ਨੇ ਰੇਖਾ ਚਿਤਰਾਂ ਦੇ ਸਿਰਲੇਖ ਵੀ ਸ਼ਰਧਾ ਭਾਵ ਨਾਲ ਰੱਖੇ ਗਏ ਹਨ।


                                              

Section: