ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਕਵਿਤਾ) - ਅਰਸ਼ਪ੍ਰੀਤ ਸਿੰਘ ਮਧਰੇ

On: 29 May, 2017

ਤੱਤੀ ਤਵੀ ਤੇ ਕੋਈ ਏ ਪੀਰ ਬੈਠਾ,
ਜਾਪੇ ਨੂਰ ਇਲਾਹੀ ਰੱਬ ਦਾ ਏ।
ਇਹਦੇ ਵਰਗਾ ਨਾਂ ਹੋਰ ਕੋਈ ਪੀਰ ਜੱਗ ਤੇ,
ਨਾਂ ਹੋਇਆ ਤੇ ਨਾਂ ਕੋਈ ਲੱਭਦਾ ਏ।
ਜਗਤ ਗੁਰ ਬਾਬੇ ਨਾਨਕ ਦੀ ਇਹ,
ਪੰਜਵੀਂ ਜੋਤ ਪਈ ਲਗਦੀ ਏ।
ਹਿਰਦੇ ਦੇ ਵਿੱਚ ਠੰਡਕ ਹੈ,
ਤੇ ਮੁਖ ਤੇ ਲਾਲੀ ਮਘਦੀ ਏ।
ਬਿਠਾ ਕੇ ਤੱਤੀ ਤਵੀ ਤੇ ਜ਼ਾਲਮ,
ਬਾਲਣ ਥੱਲੇ ਡਾਹੁੰਦੇ ਨੇ।
ਮਚਦੀ ਹੋਈ ਅੱਗ 'ਚ ਸਤਿਗੁਰ,
ਗੁਰਬਾਣੀ ਪਏ ਗਾਉਂਦੇ ਨੇ।
ਥੱਕ ਗਏ ਨੇ ਜ਼ਾਲਮ ਵੀ ਹੁਣ,
ਬਾਲਣ ਥੱਲੇ ਡਾਹ ਕੇ।
ਇੱਕ ਮਨ ਇੱਕ ਚਿੱਤ ਬੈਠੇ ਸਤਿਗੁਰ,
ਤਵੀ ਤੇ ਚੌਂਕੜੀ ਲਾ ਕੇ।
ਤੱਤੀ ਰੇਤਾ ਸੀਸ 'ਚ ਪਾ ਕੇ,
ਜ਼ਾਲਮਾਂ ਕਹਿਰ ਕਮਾਇਆ ।
ਸਤਿਗੁਰ ਜੀ ਨੇ ਸੀ ਨਾਂ ਕੀਤੀ,
ਸਹਿਜ ਧਿਆਨ ਲਗਾਇਆ ।
ਅੰਮ੍ਰਿਤਮਈ ਦ੍ਰਿਸ਼ਟੀ ਅੰਮ੍ਰਿਤ ਵਰਸਾਵੇ,
ਸਭ ਤੇ ਕਿਰਪਾ ਕਰਦੀ।
ਹਿੰਮਤ ਨਾਂ ਰਹੀ ਰੇਤ ਪਾਉਣ ਦੀ,
ਰੂਹ ਜ਼ਾਲਮ ਦੀ ਡਰਦੀ।
ਠੰਡੇ ਸੁਭਾਅ ਦੇ ਸਤਿਗੁਰ ਜੀ ਦੇ,
ਤਨ ਨੇ ਅਨੇਕਾਂ ਕਸ਼ਟ ਸਹੇ।
ਸ਼ਾਂਤੀ ਦੇ ਮੁਜੱਸਮੇ ਸਤਿਗੁਰ,
ਪਰਬਤ ਵਾਂਗ ਅਡੋਲ ਰਹੇ।
ਗੁਰੂ ਅਰਜਨ ਜੀ ਸਤਿਗੁਰ ਸੱਚੇ,
ਜਦੋਂ ਸ਼ਹੀਦੀ ਪਾ ਗਏ।
ਹੱਕ ਸੱਚ ਲਈ ਲੜਨਾ ਦੱਸ ਕੇ,
ਨਵਾਂ ਰਾਹ ਦਰਸਾ ਗਏ।
ਇਹ ਬਾਣੀ ਦਾ ਜਹਾਜ਼ ਬਣਾ ਕੇ,
ਸਭ ਨੂੰ ਤਾਰਨ ਆਏ।
ਇਸੇ ਲਈ ਸਭ ਦੁਨੀਆਂ ਹੀ,
ਜੱਸ ਇਹਨਾਂ ਦਾ ਗਾਏ।
ਭੱਟ ਮਥੁਰਾ ਜੀ ਸਿਫ਼ਤ ਇਨ੍ਹਾਂ ਦੀ,
ਵਿੱਚ ਗੁਰਬਾਣੀ ਗਾਉਂਦੇ ।
ਜੋ ਵੀ ਜਪਦੇ ਅਰਜਨ ਗੁਰੂ ਨੂੰ,
ਉਹ ਗਰਭ ਜੂਨ ਨਹੀਂ ਆਉਂਦੇ ।
                ਅਰਸ਼ਪ੍ਰੀਤ ਸਿੰਘ ਮਧਰੇ
ਮੋਬਾਇਲ ਨੰਬਰ- 9878567128
                                   ਪਿੰਡ - ਮਧਰਾ , ਡਾਕਖਾਨਾ- ਊਧਨਵਾਲ