ਕਵਿਤਾ - ਹਰਿਮੰਦਰ ਦੀ ਵਡਿਆਈ (ਅਰਸ਼ਪ੍ਰੀਤ ਸਿੰਘ)

On: 9 May, 2017

ਕਵਿਤਾ - ਹਰਿਮੰਦਰ ਦੀ ਵਡਿਆਈ (ਅਰਸ਼ਪ੍ਰੀਤ ਸਿੰਘ)
ਇੱਕ ਅਦਭੁਤ ਨਜ਼ਾਰਾ ਵੇਖਿਆ,
ਮੈਂ ਹਰਿਮੰਦਰ ਜਾ ਕੇ।
ਜਿਵੇਂ ਰੱਬ ਆਪ ਹੀ ਮਿਲਿਆ,
ਮੈਨੂੰ ਗਲ਼ ਨਾਲ ਲਾ ਕੇ।
ਪਾਵਨ ਇਸ ਅਸਥਾਨ 'ਤੇ,
ਸਭ ਖ਼ਲਕਤ ਹਾਜ਼ਰੀ ਭਰਦੀ।
ਆਉਂਦੀ ਹੋਈ ਹਵਾ ਵੀ ਲਗਦਾ,
ਜਾਵੇ ਸਲਾਮਾਂ ਕਰਦੀ ।
ਚੌਥੇ  ਗੁਰੂ ਦੀ ਬਖ਼ਸ਼ਿਸ਼ ਦੇ ਨਾਲ,
ਇਹ ਅਸਥਾਨ ਸੁਹਾਇਆ।
ਦੁਨੀਆਂ ਦੇ ਵਿੱਚ ਸ਼ੋਭਾ ਭਾਰੀ,
ਸਭ ਨੇ ਸੀਸ ਨਿਵਾਇਆ।
ਰਾਜਾ ਅਤੇ ਭਿਖਾਰੀ ਦੋਵੇਂ,
ਇਸ ਅਸਥਾਨ ਤੇ ਆਉਂਦੇ ਨੇ।
ਇੱਕੋ ਪੰਗਤ ਵਿੱਚ ਬੈਠ ਕੇ ,
ਰੱਬ ਦਾ ਸ਼ੁਕਰ ਮਨਾਉਂਦੇ ਨੇ।
ਉਹ ਝੋਲ਼ੀਆਂ ਭਰ ਕੇ ਲੈ ਜਾਂਦੇ,
ਜੋ ਸ਼ਰਧਾ ਦੇ ਨਾਲ ਆਉਂਦੇ ਨੇ।
ਇਹ ਸਭ ਦੁਨੀਆਂ ਹੈ ਉਸੇ ਦੀ,
ਬਸ! ਉਹੀ ਪਾਲਣਹਾਰਾ ਏ।
ਜਿਸ ਅੱਗੇ ਅਰਜ਼ੋਈ ਮੈਂ ਕਰਦਾ,
ਉਹ ਡਾਕਟਰ ਭਾਰਾ ਏ।
ਜਦ ਇਸ ਦੁਨੀਆਂ ਦੇ ਡਾਕਟਰ,
ਹੱਥ ਖੜ੍ਹੇ ਕਰ ਜਾਂਦੇ ਨੇ।
ਫਿਰ ਇੱਕ ਦਰ ਹੀ ਰਹਿ ਜਾਂਦਾ ਏ,
ਜੋ ਸ਼ਰਧਾ ਨਾਲ ਸੀਸ ਨਿਵਾਉਂਦੇ ਨੇ।
ਉਹ ਰੋਗ ਮੁਕਤ ਹੋ ਜਾਂਦੇ ਨੇ,
ਜੋ ਚਰਨੀਂ ਢਹਿ ਕੇ ਪੈਂਦੇ ਨੇ।
ਉਸ ਡਾਕਟਰ ਦੇ ਦਰ ਤੇ ਆਇਆਂ,
ਦੁੱਖ ਨਾਂ ਕੋਈ ਰਹਿੰਦੇ ਨੇ।
ਮੂੰਹੋਂ ਸਦਾ ਹੀ ਧੰਨ ਕਹਿੰਦਾ ਹਾਂ,
ਉਸਦਾ ਨਾਮ ਧਿਆਉਂਦਾ ਹਾਂ।
ਉਹ ਗੁਰੂ ਰਾਮਦਾਸ ਹੈ ਡਾਕਟਰ,
ਜਿਸਦੇ ਗੁਣ ਮੈਂ ਗਾਉਂਦਾ ਹਾਂ।