ਬਾਬਲ ਦੀ ਪੱਗ - ਮਲਕੀਅਤ "ਸੁਹਲ"

On: 11 September, 2017

ਬਾਬਲ ਦੀ ਪੱਗ - ਮਲਕੀਅਤ "ਸੁਹਲ"  
          ਮਾਂ ਦੀ ਲਡਿੱਕੀਏ ਨੀ ਬਾਬਲ ਦੀ ਜਾਈਏ।
          ਬਾਪੂ ਦੀ ਪੱਗ ਨੂੰ ਕੋਈ ਦਾਗ਼ ਨਾ ਲਾਈਏ।

          ਗੋਦੀ ਬਿਠਾ  ਮਾਂ ਨੇ  ਲੋਰੀਆਂ  ਦਿਤੀਆਂ।
          ਬਾਬਲ ਨੇ  ਗੰਨੇ ਦੀਆਂ ਪੋਰੀਆਂ ਦਿਤੀਆਂ।
          ਮਾਪਿਆਂ ਦੇ ਦਿਲ ਨੂੰ, ਕਦੇ ਨਾ ਸਤਾਈਏ,
          ਮਾਂ ਦੀ ਲਡਿੱਕੀਏ ਨੀ ਬਾਬਲ ਦੀ ਜਾਈਏ।
          ਬਾਪੂ ਦੀ  ਪੱਗ ਨੂੰ ਵੀ  ਦਾਗ਼ ਨਾ ਲਾਈਏ।

          ਮਾਂ ਤੇਰੀ ਨੇ  ਤੈਨੂੰ  ਰਿੜ੍ਹਣਾ  ਸਿਖਾਇਆ।
          ਤਾਂ ਬਾਪੂ ਦੇ  ਮੋਢੇ 'ਤੇ  ਤੈਨੂੰ  ਬਿਠਾਇਆ।
          ਮਾਪਿਆਂ ਦੀ ਸਿਖਿਆ ਕਦੇ ਨਾ ਭੁਲਾਈਏ,
          ਮਾਂ ਦੀ ਲਡਿੱਕੀਏ ਨੀ ਬਾਬਲ ਦੀ ਜਾਈਏ।
          ਬਾਪੂ ਦੀ  ਪੱਗ ਨੂੰ ਵੀ  ਦਾਗ਼ ਨਾ ਲਾਈਏ।

          ਜਦ ਖੀਸੇ 'ਚੋਂ  ਕਢ ਬਾਪੂ ਨੋਟ ਤੈਨੂੰ ਦੇਵੇ।
          ਤਾਂ ਕਹਿੰਦਾ ਕਿ  ਧੀਆਂ ਵੀ, ਮੱਠੇ ਨੇ ਮੇਵੇ।
          ਮਾਂ-ਪਿਉ ਦੀ  ਲਾਜ ਨਾ  ਮਿੱਟੀ ਰੁਲਾਈਏ,
          ਮਾਂ ਦੀ  ਲਡਿੱਕੀਏ ਨੀ ਬਾਬਲ ਦੀ ਜਾਈਏ।
          ਬਾਪੂ ਦੀ  ਪੱਗ ਨੂੰ ਵੀ  ਦਾਗ਼ ਨਾ  ਲਾਈਏ।

          "ਸੁਹਲ" ਨੋਸ਼ਹਿਰੇ ਪਿੰਡ, ਸਾਰੀਆਂ ਧੀਆਂ।
          ਜੋ 'ਕੱਠੀਆਂ ਮਨਾਵਣ, ਸਾਵਣ 'ਚ ਤੀਆਂ।
          ਆਉ! ਰਲ ਧੀਆਂ ਦੀ, ਲੋਹੜੀ  ਮਨਾਈਏ,
          ਮਾਂ ਦੀ  ਲਡਿੱਕੀਏ ਨੀ  ਬਾਬਲ ਦੀ ਜਾਈਏ।
          ਬਾਪੂ ਦੀ  ਪੱਗ ਨੂੰ  ਵੀ  ਦਾਗ਼ ਨਾ  ਲਾਈਏ।

         ਮਲਕੀਅਤ "ਸੁਹਲ"  ਮੋਬਾ-੯੮੭੨੮-੪੮੬੧੦