ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ?--ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ

On: 11 September, 2017

ਸੀਤਲ ਬਹੁਤ ਖ਼ੁਸ਼ ਸੀ ਉਸ ਦੇ ਮਨ ਦੀ ਇੱਛਾ ਪੂਰੀ ਹੋ ਗਈ ਸੀ। ਸੁਖ ਉਸ ਦੇ ਹਾਣ ਦਾ ਸੀ। ਉਸ ਨੇ ਉਮਰ ਤਾਂ ਪੁੱਛੀ ਨਹੀਂ ਸੀ। ਬਰਾਬਰ ਖੜ੍ਹੇ ਫਬਦੇ ਸਨ। ਜੀਤੀ ਤੇ ਮੰਮੀ ਨੇ ਘਰ ਵੀ ਵਾਪਸ ਮੁੜਨਾ ਸੀ। ਜਦੋਂ ਉਹ ਟਰੱਕ ਕੋਲ ਵਾਪਸ ਗਈਆਂ। ਸੁਖ ਟਰੱਕ ਵਿੱਚ ਲੰਬਾ ਪਿਆ ਸੀ। ਹਵਾ ਆਉਣ ਲਈ ਟਾਕੀ ਖੋਲੀ ਹੋਈ ਸੀ। ਦੋਨਾਂ ਨੂੰ ਦੇਖ ਕੇ, ਉੱਠ ਕੇ ਸਟੇਅਰਿੰਗ ਸੀਟ ਉੱਤੇ ਬੈਠ ਗਿਆ। ਸੁਖ ਨੇ ਕਿਹਾ, " ਜੀਤ ਮੈਂ ਮਾਲ ਲੱਦ ਕੇ ਹੁਣੇ ਤੁਰਨਾ ਹੈ। ਮੈਂ ਤੁਹਾਨੂੰ ਘਰ ਛੱਡ ਕੇ ਛੇਤੀ ਮੁੜਨਾ ਹੈ। " ਜੀਤ ਨੇ ਕਿਹਾ, " ਵੀਰੇ ਤੂੰ ਕੁੱਝ ਪੁੱਛਣਾਂ ਨਹੀਂ ਹੈ? ਅਸੀਂ ਸੀਤਲ ਦੇ ਘਰ ਕੀ ਗੱਲਾਂ ਕੀਤੀਆਂ ਹਨ? “ ਸੁਖ ਨੇ ਜੀਤ ਵੱਲ ਤ੍ਰਿਸ਼ੀ ਨਜ਼ਰ ਨਾਲ ਦੇਖਿਆ, " ਜੀਤ ਮੈਂ ਤੁਹਾਡੀਆਂ ਦੋਨੇਂ ਸਹੇਲੀਆਂ ਦੀਆਂ ਗੱਲਾਂ ਤੋਂ ਕੀ ਲੈਣਾ ਹੈ? ਜੇ ਤੂੰ ਦੱਸਣਾ ਹੈ ਦੱਸ ਦੇ। " ਮੰਮੀ ਨੇ ਕਿਹਾ, " ਤੇਰੇ ਨਾਲ ਵਿਆਹ ਕਰਕੇ, ਸੀਤਲ ਨੂੰ ਘਰ ਲਿਆਉਣ ਦਾ ਪ੍ਰਬੰਧ ਕਰ ਲਿਆ ਹੈ। ਹੁਣ ਰਾਤ ਹੋ ਗਈ ਸੀ। ਰਾਤ ਨੂੰ ਫ਼ੈਸਲੇ ਨਹੀਂ ਕਰੀਦੇ, ਸਵੇਰੇ ਵਿਆਹ ਦਾ ਦਿਨ ਰੱਖ ਲੈਣਾ ਹੈ।"

ਸੁਖ ਨੇ ਕਿਹਾ, " ਰਾਤ ਨੂੰ ਫ਼ੈਸਲੇ ਕਿਉਂ ਨਹੀਂ ਕਰੀਦੇ? ਮੈਂ ਰਾਤੋਂ-ਰਾਤ 5000 ਦਾ ਗੇੜਾ ਲਾ ਲੈਣਾ। ਚੰਦ ਰਾਤ ਨੂੰ ਹੀ ਦਿਸਦੇ ਹਨ। ਰਾਤ ਨੂੰ ਉਹ ਹਰ ਕੰਮ ਹੋ ਜਾਂਦਾ ਹੈ, ਜੋ ਦਿਨੇ ਨਹੀਂ ਕਰ ਸਕਦੇ। " ਜੀਤ ਨੇ ਕਿਹਾ, " ਵੀਰੇ ਫ਼ਿਕਰ ਨਾਂ ਕਰ। ਕਲ ਵੀ ਆਇਆ। ਹੁਣ ਘਰ ਆ ਗਿਆ ਹੈ। " ਸੁਖ ਦੋਨਾਂ ਨੂੰ ਉਤਾਰ ਕੇ ਫਿਰ ਮੁੜਕੇ ਸੀਤਲ ਦੇ ਦੱਰਾ ਮੂਹਰੇ ਆ ਗਿਆ ਸੀ। ਉਸ ਨੇ ਦੋ ਹਾਰਨ ਮਾਰੇ। ਸੀਤਲ ਪੜ੍ਹ ਰਹੀ ਸੀ। ਟਰੱਕ ਦੇ ਹਾਰਨ ਦੀ ਆਵਾਜ਼ ਆਈ ਤਾਂ ਉਸ ਨੇ ਮਨ ਵਿੱਚ ਕਿਹਾ, " ਇਹ ਤਾਂ ਸੁਖ ਆ ਗਿਆ ਲੱਗਦਾ ਹੈ। ਹਾਏ ਰੱਬਾ ਇਸ ਵੇਲੇ ਇਹਨੂੰ ਕੀ ਕੰਮ ਪੈ ਗਿਆ ? " ਸੀਤਲ ਨੇ ਮੰਮੀ ਨੂੰ ਕਿਹਾ, " ਮੈਂ ਬਾਹਰ ਖਾਣਾ ਖਾਣ ਜਾ ਰਹੀ ਹਾਂ। " ਬਗੈਰ ਮੰਮੀ ਦਾ ਜੁਆਬ ਸੁਣੇ ਉਹੋ ਘਰੋਂ ਬਾਹਰ ਆ ਗਈ। ਕਾਹਲੀ ਨਾਲ ਪੈਰ ਪੱਟਦੀ, ਟਰੱਕ ਵਿੱਚ ਆ ਬੈਠੀ। ਸੀਤਲ ਨੂੰ ਅੱਜ ਸੁਖ ਤੋਂ ਸੰਗ ਲੱਗ ਰਹੀ ਸੀ। ਅਜੀਬ ਜਿਹੀ ਕੰਬਣੀ ਲੱਗੀ ਹੋਈ ਸੀ। ਸੁਖ ਨੇ ਟਰੱਕ ਤੋਰ ਲਿਆ ਸੀ। ਸੁਖ ਨੇ ਕਿਹਾ, " ਤੈਨੂੰ ਪਤਾ ਮੈਂ ਤਾਂ ਤੈਨੂੰ ਵਿਆਹ ਤੋਂ ਬਗੈਰ ਹੀ ਪਿਆਰ ਕਰਨਾ ਸੀ। ਮੈਂ ਤੈਨੂੰ ਘਰੇਲੂ ਝਮੇਲਿਆਂ ਵਿੱਚ ਰੁਲਨ ਨਹੀਂ ਦੇਣਾ ਚਾਹੁੰਦਾ ਸੀ। ਬੱਸ ਤੈਨੂੰ ਰੱਜ ਕੇ ਪਿਆਰ ਕਰਨ ਦੀ ਸਕੀਮ ਸੀ। ਮੰਮੀ ਤੇ ਜੀਤ ਨੇ ਹੋਰ ਹੀ ਫ਼ੈਸਲਾ ਲਿਆ। ਤੇਰਾ ਕੀ ਇਰਾਦਾ ਫਿਰ ਬੋਲਦੀ ਨਹੀਂ? ਬਿਟ-ਬਿਟ ਮੈਨੂੰ ਕੀ ਦੇਖਦੀ ਹੈ। ਗੱਡੀ ਦਾ ਐਕਸੀਡੈਂਟ ਨਾਂ ਕਰਾਦੀ।"

ਸੀਤਲ ਨੇ ਕਿਹਾ, " ਐਕਸੀਡੈਂਟ ਤਾਂ ਹੋ ਗਿਆ ਹੈ। ਮੇਰੀ ਜ਼ਿੰਦਗੀ ਤਬਾਹ ਕਰੇਗਾ। ਹੁਣ ਤਾਂ ਨੁਕਸਾਨ ਹੀ ਨੁਕਸਾਨ ਹੈ। ਵਿਆਹ ਤੋਂ ਮੈਨੂੰ ਵੀ ਡਰ ਲੱਗਦਾ ਹੈ। ਮੰਮੀ ਕਹਿ ਗਏ ਹਨ, " ਸੁਖ ਹੁਣ ਮੇਰੀਆਂ ਰੋਟੀਆਂ ਪਸੰਦ ਨਹੀਂ ਕਰਦਾ। ਇਸ ਲਈ ਤੈਨੂੰ ਲੈ ਜਾਣਾ ਹੈ। ਕੀ ਮੈਨੂੰ ਨੌਕਰਾਣੀ ਬੱਣਾਂਉਣਾਂ ਹੈ। ਮੈਂ ਇਸ ਸਾਲ ਦੇ ਪੇਪਰ ਦੇ ਕੇ ਵਿਆਹ ਬਾਰੇ, ਸੋਚਾਂਗੀ। " ਸੁਖ ਨੇ ਗੱਡੀ ਰੋਕ ਲਈ। ਉਸ ਨੇ ਕਿਹਾ, " ਕੀ ਮੈਂ ਪੜ੍ਹਾ ਕੇ, ਤੈਨੂੰ ਠਾਣੇਦਾਰ ਬਣਾਉਣਾ ਹੈ? ਪੇਪਰਾਂ ਦੇ ਗੋਲ਼ੀ ਮਾਰ, ਹੁਣ ਤਾਂ ਮੈਨੂੰ ਬਹੁਤ ਛੇਤੀ ਹੈ, ਕਿ ਮੈਂ ਤੈਨੂੰ ਹਰ ਸਮੇਂ ਅੱਖਾਂ ਮੂਹਰੇ ਰਖਾ। ਅਸਲ ਵਿੱਚ ਮੈਂ ਵੀ ਉਹੀ ਚਾਹੁੰਦਾ ਹਾਂ। ਜੋ ਮੰਮੀ ਦੀ ਮਰਜ਼ੀ ਹੈ। ਮੈਂ ਚਾਰ ਦਿਨਾਂ ਦੀ ਹੀ ਉਡੀਕ ਕਰ ਸਕਦਾ ਹਾਂ। ਜੇ ਤੂੰ ਕੋਈ ਤਿੜ-ਫਿੜ ਕੀਤੀ, ਅੱਜ ਵੀ ਘਰ ਨਹੀਂ ਮੁੜਨ ਦੇਣਾ। ਤੂੰ ਚੱਲ ਨਾਲ ਹੀ, ਮਾਲ ਲੋਡ ਕਰਕੇ, ਦੋਨੇਂ ਇਕੱਠੇ ਗੇੜਾ ਲਾ ਕੇ ਆਉਂਦੇ ਹਾਂ। ਮੇਰਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ। ਅਚੰਭਾ ਜਿਹਾ ਲੱਗਾ ਹੋਇਆ। ਮੈਂ ਘਰ ਪੈਰ ਨਹੀਂ ਲਾਇਆ। ਤਾਂਹੀਂ ਸਿਧਾ ਤੇਰੇ ਕੋਲ ਆ ਗਿਆ। ਸੱਚ ਦੱਸਾਂ ਹੁਣ ਮੇਰੇ ਤੋਂ ਵਾਧੂ ਉਡੀਕ ਨਹੀਂ ਹੁੰਦੀ। ਦੱਸਿਆਂ ਨਹੀਂ ਕੀ ਇਰਾਦਾ ਹੁਣ ਤੇਰਾ?

ਸੀਤਲ ਨੇ ਕਿਹਾ, " ਮੈਂ ਦੱਸਾਂ ਆਪਦਾ ਇਰਾਦਾ, ਇਹ ਜੱਟਾਂ ਨੂੰ ਪਿਆਰ ਨਹੀਂ ਕਰਨਾ ਆਉਂਦਾ। ਰਹੇ ਨਾਂ ਜੱਟ ਦੇ ਜੱਟ। ਬੱਸ ਇੱਕੋ ਹੀ ਕੰਮ ਆਉਂਦਾ ਹੈ। ਜਿਵੇਂ ਲਾਣ ਲਤਾੜੀ ਦਾ ਉਵੇਂ ਔਰਤ ਨਾਲ ਕਰਦੇ ਨੇ। ਕਣਕ, ਮੱਕੀ, ਛੋਲਿਆਂ ਦਾ ਬੀਜ ਧਰਤੀ ਵਿੱਚ ਪਾਉਣ ਵਾਂਗ, ਉਦੋਂ ਹੀ ਬੱਚਾ ਹੋਣ ਵਾਲਾ ਕਰ ਦਿੰਦੇ ਹਨ। ਸ਼ਹਿਰੀਏ, ਪਹਿਲਾਂ ਗਟਾਰ ਤੇ ਹੱਥ ਫੇਰਨ ਵਾਂਗ, ਔਰਤ ਨੂੰ ਪਲੋਸਦੇ ਹਨ। ਉਸ ਦੀ ਪ੍ਰਸੰਸਾ ਕਰਦੇ ਹਨ। ਸੂਟ ਮੇਕਅਪ ਲੈ ਕੇ ਦਿੰਦੇ ਹਨ। ਜੱਟ ਮਿੰਟ ਵਿੱਚ ਪਾਇਆ-ਲਾਇਆ ਸਬ ਉਤਾਰ ਦਿੰਦੇ ਹਨ। " ਸੁਖ ਦੇ ਹੱਥ ਵਿਚੋਂ ਸਟੇਅਰਿੰਗ ਛੁੱਟ ਗਿਆ। ਉਸ ਨੇ ਘਬਰਾ ਕੇ ਕਿਹਾ, " ਅੱਛਾ ਤੈਨੂੰ ਜੱਟਾਂ ਦੀ ਕਰਾਮਾਤ ਦੇਖੋਣੀ ਪੈਣੀ ਹੈ। ਅਜੇ ਤੂੰ ਸਾਡੇ ਕਾਰਨਾਮੇ ਦੇਖੇ ਨਹੀਂ ਹਨ। ਸਾਡੇ ਲਈ ਇਹ ਟਰੱਕ ਹੀ 5 ਸਟਾਰ ਹੈ। ਨਾਂ ਪੰਗੇ ਲੈ। ਉਹ ਤਾਂ ਤੂੰ ਹੈ, ਤੈਨੂੰ ਕੁੱਝ ਕਹਿ ਨਹੀਂ ਰਿਹਾ, ਜੇ ਕੋਈ ਹੋਰ ਇੰਨੀ ਗੱਲ ਕਹਿੰਦਾ। ਗੋਡਿਆਂ ਥੱਲੇ ਲੈ ਲੈਣਾ ਸੀ। ਬੱਚਜਾ, ਮੇਰੀ ਜ਼ਮੀਰ ਨੂੰ ਹੋਰ ਕਾਬੂ ਤੋਂ ਬਾਹਰ ਨਾਂ ਕਰ। ਵਿਆਹ ਹੋ ਲੈਣ ਦੇ, ਪੇਡੂ ਸ਼ਹਿਰੀਆਂ ਦੇ ਸਬ ਚਾਅ ਪੂਰੇ ਕਰਦੂਗਾ। ਸਾਰੀਆਂ ਰੜਕਾਂ ਪੂਰੀਆਂ ਕਰਦੂ। ਹੁਣੇ ਤਜਰਬਾ ਦੇਖਣਾ ਤਾਂ ਦੱਸ। "

ਸੀਤਲ ਨੇ ਕਿਹਾ, " ਹੱਥ ਬੰਨ੍ਹਣ ਵਾਲੀ ਕੀ ਗੱਲ ਹੈ? ਇਸ ਬਾਤ ਕੋ, ਖ਼ੋਲ ਕੇ ਬਤਾਈਉ। ਭੁਲੇਖੇ ਵਿੱਚ ਨਾਂ ਰਹੀ। ਤੇਰੇ, ਮੈਂ ਮੂਹਰੇ ਹੱਥ ਵੀ ਬੰਨ੍ਹਾਂਗੀ। ਕਿਥੋਂ ਟਰੇਨਿੰਗ ਲਈ ਹੈ? ਤੇਰੇ ਕੋਲ ਕਾਹਦਾ ਤਜਰਬਾ ਹੈ? ਇਹ ਕਿਥੋਂ ਲਿਆ ਤਜਰਬਾ? ਜਿਸ ਤੇ ਐਨਾ ਭਰੋਸਾ ਹੈ। ਸੁਖ ਚੱਲ ਛੱਡ ਗੱਪਾਂ ਨੂੰ ਮੈਨੂੰ ਭੁੱਖ ਲੱਗੀ ਹੈ। ਕਿਤੋਂ ਢਾਬੇ ਤੋਂ ਦਾਲ ਨਾਲ ਤੰਦੂਰੀ ਰੋਟੀਆਂ ਖਾਂਦੇ ਹਾਂ। " ਸੁਖ ਨੇ ਕਿਹਾ, " ਮੁਰਗ਼ੀ ਮੂਹਰੇ ਦੇਖ ਕੇ, ਦਾਲ ਨੂੰ ਕਿਥੇ ਰੂਹ ਕਰਦੀ ਹੈ? ਤਜਰਬੇ ਬਾਰੇ ਪੁੱਛਦੀ ਹੈ। ਉਹ ਤਾਂ ਮਰਦ ਜੰਮਦਾ ਹੀ ਲੈ ਕੇ ਹੈ। ਮਰਦ ਦੀ ਜਿਉਂ ਔਲਾਦ ਹਾਂ। ਇਹ ਪਰੇ ਨੂੰ ਕਿਉਂ ਹੋਈ ਬੈਠੀ ਹੈ। ਨੇੜਾ ਆ ਥੋੜ੍ਹਾ ਜਿਹਾ, ਝਲਕ ਦਿਖਾ ਦੇਵਾਂ। ਉਰੇ ਆ ਚੇਤੇ ਕਰਾ ਦਿੰਦਾ ਹਾਂ। ਤੈਨੂੰ ਪਤਾ ਮੈਨੂੰ ਬਹੁਤੇ ਖੇਖਨ ਵੀ ਪਸੰਦ ਨਹੀਂ ਹਨ। ਤੈਨੂੰ ਇਹ ਵੀ ਪਤਾ ਹੋਣਾ, ਫ਼ਸਲ ਪੱਕ ਜਾਵੇ, ਜੱਟ ਰਾਤੋਂ-ਰਾਤ ਸੰਭਾਲ ਕੇ, ਖਲਵਾੜਾ ਵੀ ਚੱਕ ਦਿੰਦੇ ਹਨ। ਅਸੀਂ ਤਾਂ ਨਾਲ ਹੀ ਟਰੱਕਾਂ ਦੇ ਮਾਲਕ ਵੀ ਹਾਂ। ਧੂੜਾ ਪੱਟ ਦਿੰਦੇ ਹਾਂ। "

ਸੀਤਲ ਨੇ ਸੁਖ ਦੀ ਗੱਲ ਟਾਲਣ ਲਈ ਕਿਹਾ, " ਇਹ ਜੋ ਗਲ਼ ਵਿੱਚ ਸੋਨੇ ਦਾ ਲੋਕਟ ਲਟਕਾਇਆ ਹੈ। ਇਹ ਕੀਹਦਾ ਨਾਮ ਲਿਖਾਇਆ? “ ਸੁਖ ਨੇ ਕਿਹਾ, " ਇਹ ਕੀ ਪੁੱਛਣ ਵਾਲੀ ਗੱਲ ਹੈ? ਆਪਣਾ ਦੋਨਾਂ ਦਾ ਹੈ। ਦੇਖਿਆ ਰੱਬ ਨੇ ਇੱਕੋ ਨਾਮ ਦਾ ਪਹਿਲਾ ਅੱਖਰ ਹੈ। " ਸੁਖ ਨੇ ਗੱਡੀ ਤੋਰ ਲਈ ਸੀ। ਸੀਤਲ ਨੇ ਚੀਕ ਮਾਰੀ, ਉਸ ਨੇ ਕਿਹਾ, “ ਇਹ ਹੁਣ ਕਿਧਰ ਨੂੰ ਜਾਣਾ ਹੈ? ਮੈਨੂੰ ਘਰ ਛੱਡ ਦੇ “ ਸੁਖ ਨੇ ਕਿਹਾ, " ਹੁਣੇ ਤਾਂ ਕਹਿੰਦੀ ਸੀ, " ਮੈਂ ਕਿਸੇ ਅੱਗੇ ਹੱਥ ਨਹੀਂ ਬੰਨ੍ਹਦੀ। ਤੇਰੀਆਂ ਤਾਂ ਚੀਕਾਂ ਨਿਕਲ ਗਈਆਂ। ਤੈਨੂੰ ਮੈਂ ਘਰ ਤਾਂ ਹੁਣ ਸਵੇਰੇ ਛੱਡਾਂਗਾ। ਤੂੰ ਹੁਣ ਕਲੀਡਰ ਬਣ ਕੇ ਮੇਰੇ ਨਾਲ ਹੀ ਗੇੜਾ ਲਗਾਉਣ ਚੱਲ। " ਸੀਤਲ ਨੂੰ ਘਰ ਜਾਣ ਦੀ ਛੇਤੀ ਸੀ। ਸਵੇਰੇ ਕਾਲਜ ਵੀ ਜਾਣਾ ਸੀ। ਉਸ ਨੇ ਕਿਹਾ, " ਘਰ ਦੀ ਨੌਕਰਾਣੀ ਦੇ ਨਾਲ-ਨਾਲ ਕਲੀਡਰ ਬਣਾਂ ਕੇ ਵੀ ਰੱਖਣ ਦਾ ਇਰਾਦਾ ਹੈ। ਚੱਲ ਇਹ ਵੀ ਮੰਨ ਲੈਂਦੇ ਹਾਂ। ਜੇ ਨੀਂਦ ਆਉਣ ਲੱਗੀ। ਮੈਨੂੰ ਤਾਂ ਮੰਜਾ ਚਾਹੀਦਾ ਹੈ।" ਸੁਖ ਨੂੰ ਮਾਲ ਲੱਦਣ ਦੀ ਵੀ ਛੇਤੀ ਸੀ। ਸੀਤਲ ਦਾ ਸਾਥ ਹੀ ਚੰਗਾ ਲੱਗਦਾ ਸੀ। ਰਿਸ਼ਤਾ ਪੱਕਾ ਹੋ ਰਿਹਾ ਸੀ। ਇਸੇ ਦੀ ਵੀ ਬਹੁਤ ਖ਼ੁਸ਼ੀ ਸੀ। ਉਸ ਨੇ ਕਿਹਾ, " ਨੀਂਦ ਆਈ ਤਾਂ ਤੂੰ ਪਿਛਲੀ ਸੀਟ ਉੱਤੇ ਸੌਂ ਜਾਵੀਂ। ਜੇ ਗੱਡੀ ਦੀ ਸੀਟ ਛੋਟੀ ਲੱਗਦੀ ਹੈ। ਮੈਂ ਆਪਦਾ ਚਾਦਰਾ ਖ਼ੋਲ ਕੇ ਧਰਤੀ ਉੱਤੇ ਵਿਛਾ ਦੇਵੇਗਾ। ਨੀਂਦ ਲਹੀਂ ਤੋਂ ਅੱਗੇ ਚੱਲਾਂਗੇ। "

ਸੀਤਲ ਨੂੰ ਭੁੱਖ ਲੱਗੀ ਸੀ। ਉਸ ਨੇ ਸੁਖ ਨੂੰ ਕਿਹਾ, " ਮੈਨੂੰ ਕੁੱਝ ਖਾਣ ਨੂੰ ਚਾਹੀਦਾ ਹੈ। " ਨਾਲ ਹੀ ਉਸ ਨੇ ਟਾਕੀ ਦੀ ਜੇਬ ਵਿੱਚ ਹੱਥ ਮਾਰਿਆ। ਉੱਥੇ ਪਿੰਨੀਆਂ ਪਈਆਂ ਸੀ। ਇੱਕ ਪਿੰਨੀ ਸੁਖ ਨੂੰ ਦੇ ਦਿੱਤੀ। ਆਪ ਦੋ ਖਾ ਲਈਆਂ। ਮਾਲ ਲੋਡ ਕਰਨ ਵਾਲੀ ਥਾਂ ਵੀ ਆ ਗਈ ਸੀ। ਸੁਖ ਨੇ ਉੱਥੇ ਟਰੱਕ ਲੱਗਾ ਦਿੱਤਾ। ਸੀਤਲ ਨਾਲ ਬਾਜ਼ਾਰ ਵੱਲ ਨੂੰ ਤੁਰ ਪਿਆ। ਸੀਤਲ ਦਾ ਹੱਥ ਫਿਰ ਖ਼ਾਲੀ ਕੰਨ ਉੱਤੇ ਚਲਾ ਗਿਆ। ਉਸ ਨੇ ਕਿਹਾ, " ਸੁਖ ਮੇਰਾ ਝੁਮਕਾ ਤੇਰੇ ਕੋਲ ਕਿਵੇਂ ਚਲਾ ਗਿਆ? ਜੀਤ ਨੇ ਦੱਸਿਆ, " ਮੰਮੀ ਨੇ ਜੇਬ ਵਿੱਚੋਂ ਕੱਢਿਆ ਹੈ। " “ ਅਗਲੇ ਦੀ ਕੀਮਤੀ ਚੀਜ਼ ਕਿਵੇਂ ਚੁਰਾ ਲਈ? " ਸੁਖ ਨੇ ਕਿਹਾ, " ਤੇਰੇ ਇੱਕੋ ਝੁਮਕਾ ਪਾਇਆ ਸੋਹਣਾ ਲੱਗਦਾ ਹੈ। ਦੂਜਾ ਕਿਸਮਤ ਵਾਲਾ ਵੀ ਹੈ। ਜੋ ਪਹਿਲਾਂ ਮੇਰੀ ਜੇਬ ਵਿੱਚ ਰਿਹਾ। ਤੇਰੇ ਤੋਂ ਪਹਿਲਾਂ ਮੇਰਾ ਘਰ ਮੱਲ ਕੇ ਬੈਠ ਗਿਆ। ਤੇਰਾ ਤਾਂ ਝੁਮਕਾ ਵੀ ਜਾਦੂਗਰ ਨਿਕਲਿਆ। ਉਸ ਨੇ ਮੰਮੀ ਉੱਤੇ ਜਾਦੂ ਕਰ ਦਿੱਤਾ। ਜਿਸ ਨੇ ਆਪਣਾ ਰਿਸ਼ਤਾ ਪੱਕਾ ਕਰ ਦਿੱਤਾ। ਉਹ ਤਾਂ ਮੰਮੀ ਕੋਲ ਹੀ ਹੈ। ਸਾਨੂੰ ਮਾਂ ਪੁੱਤਰ ਨੂੰ ਝੁਮਕਾ ਤੇ ਝੁਮਕੇ ਵਾਲੀ ਇੱਕੋ ਝਟਕੇ ਨਾਲ ਪਸੰਦ ਆਏ ਨੇ। ਤੂੰ ਇੱਕੋ ਝੁਮਕਾ ਹੀ ਪਾਇਆ ਕਰ। ਇਸੇ ਤਰਾ ਕਿਸਮਤ ਬਣੀ ਰਹੇਗੀ। ਨਾਲੇ ਮੇਰਾ ਅੱਧਾ ਖ਼ਰਚਾ ਬੱਚ ਜਾਇਆ ਕਰੇਗਾ। ਚੱਲ ਅੱਜ ਤੂੰ ਜਿੰਨੇ ਮਰਜ਼ੀ ਝੂਮਕੇ ਹੋਰ ਖ਼ਰੀਦ ਲੈ। ਚਾਟ ਦੀ ਪਲੇਟ ਖਾ ਲੈਂਦੇ ਹਾਂ। ਜੇਬ ਉੱਪਰ ਤੱਕ ਭਰੀ ਹੈ। " ਸੀਤਲ ਨੇ ਕਿਹਾ, " ਇਹ ਤੇਰੀ ਜੇਬ ਤੇ ਲਾਰੀ ਨੂੰ ਦੇਖ ਕੇ, ਤਾਂ ਤੇਰੇ ਉੱਤੇ ਡੋਰੇ ਪਾਏ ਹਨ। ਨਹੀਂ ਤੂੰ ਕੋਈ ਐਡੀ ਖ਼ਾਸ ਚੀਜ਼ ਨਹੀਂ ਸੀ। ਤੇਰੇ ਵਰਗੇ ਮੇਰਾ ਹੋਰ ਬਥੇਰੇ ਰਾਹ ਰੋਕਦੇ ਹਨ। ਇੱਕ ਇਹ ਤੇਰਾ ਚੀਰਾ ਬੰਨਿਆਂ ਹੋਇਆ, ਪਸੰਦ ਆ ਗਿਆ ਸੀ। " ਸੁਖ ਨੂੰ ਚੇਤਾ ਆ ਗਿਆ। ਗਰਮੀ ਬਹੁਤ ਹੈ। ਉਸ ਨੇ ਸਿਰ ਉੱਤੇ ਬੰਨਿਆਂ ਚੀਰਾ, ਲਾਹ ਕੇ, ਹੱਥ ਵਿੱਚ ਫੜ ਲਿਆ। ਚੀਰੇ ਦੇ ਥੱਲਉ ਸੁਖ ਦਾ ਰੋਡਾ ਸਿਰ ਨਿਕਲ ਆਇਆ ਸੀ।

ਉਦੋਂ ਹੀ ਆਪਦੇ ਸਿਰ ਤੋਂ ਉਤਾਰ ਕੇ, ਨਬੀ ਤੇ ਕਾਲਾ ਚੀਰਾ ਸੁਖ ਨੇ, ਸੀਤਲ ਦੇ ਸਿਰ ਉੱਤੇ ਦੇ ਦਿੱਤਾ ਸੀ। ਸੀਤਲ ਦਾ ਗੁਲਾਬੀ ਰੰਗ ਹੋਰ ਵੀ ਨਿੱਖਰ ਆਇਆ ਸੀ। ਸ਼ਰਮਾ ਕੇ ਉਸ ਦੀਆਂ ਗੱਲਾਂ ਤੇ ਕੰਨ ਲਾਲ ਹੋ ਗਏ ਸਨ। ਇੰਨੀ ਗਰਮੀ ਵਿੱਚ ਵੀ ਉਸ ਦਾ ਮਨ ਠੰਢਾ ਸੀਤ ਹੋ ਗਿਆ ਸੀ। ਉਸ ਦਾ ਧਿਆਨ ਸੁਖ ਦੇ ਕੱਟੇ ਵਾਲਾ ਉੱਤੇ ਚਲਾ ਗਿਆ। ਉਸ ਨੇ ਕਿਹਾ, " ਹਾਏ ਸੁਖ ਤੂੰ ਤਾਂ ਗੱਜੂ ਹੈ, ਮੈਂ ਤਾਂ ਪੱਗ ਵਾਲਾ ਸਮਝ ਕੇ ਤੇਰੇ ਉੱਤੇ ਮੋਹਿਤ ਹੋਈ ਸੀ। ਤੇਰੇ ਲਾਲ ਰੰਗ ਉੱਤੇ, ਚੀਰਾ ਹੀ ਬੰਨਿਆਂ ਚੰਗਾ ਲੱਗਦਾ ਹੈ। ਪਰ ਇਹ ਚੀਰਾ ਤਾਂ ਹੁਣ ਮੇਰਾ ਹੋ ਗਿਆ। " ਸੁਖ ਨੇ ਕਿਹਾ, " ਇਸ ਚੀਰੇ ਵਾਲੇ ਬਾਰੇ ਕੀ ਖ਼ਿਆਲ ਹੈ? ਜੋ ਦੁਨੀਆ ਇੱਕ ਪਾਸੇ ਕਰ ਕੇ ਤੇਰੇ ਪਿੱਛੇ ਲੱਗ ਗਿਆ। ਇਹ ਆ ਗਿਆ ਤੇਰੇ ਪਸੰਦ ਦਾ ਹੋਟਲ। ਕੁੱਝ ਖਾ ਲਈਏ। ਦੋਨੇਂ ਹੋਟਲ ਦੇ ਅੰਦਰ ਚਲੇ ਗਏ। ਸੀਤਲ ਨੇ ਕਿਹਾ, " ਸੁਖ ਇੱਕ ਚਾਟ ਦੀ ਦੂਜੀ ਪੂਰੀਆਂ ਛੋਲਿਆਂ ਦੀ ਪਲੇਟ ਮੰਗਾ ਲਵੋ। ਆਪਾਂ ਦੋਨੇਂ ਅੱਧੀ-ਅੱਧੀ ਖਾਵਾਂਗੇ।"

ਸੁਖ ਟਰੱਕ ਉੱਤੇ ਮਾਲ ਲਦਾ ਕੇ, ਰਾਤੋ-ਰਾਤ ਟਿਕਾਣੇ ਉੱਤੇ ਪਹੁੰਚ ਗਿਆ ਸੀ। ਬਿਲਟੀਆਂ ਫੜ ਕੇ ਵਾਪਸ ਆਇਆ ਤਾਂ ਸੀਤਲ ਦਾ ਸਟੇਅਰਿੰਗ ਉੱਤੇ ਸਿਰ ਰੱਖਿਆ ਹੋਇਆ ਸੀ। ਨੀਂਦ ਨਾਲ ਊਘ ਰਹੀ ਸੀ। ਸੁਖ ਨੇ ਕਿਹਾ, " ਤੂੰ ਜ਼ਰੂਰ ਮੇਰੀ ਗੱਡੀ ਦੀ ਕਲੀਡਰੀ ਕਰੇਗੀ। ਇੱਕੋ ਰਾਤ ਵਿੱਚ ਬੌਂਦਲ ਗਈ। ਰਾਤ ਕਰਕੇ, ਅਜੇ ਤਾਂ ਡਰਾਈਵਰਾਂ ਦੇ ਜ਼ਲਬੇ ਨਹੀਂ ਦੇਖੇ। ਇਹ ਤੀਮੀਂ ਦੇਖ ਕੇ, ਚਾਮਲ ਜਾਂਦੇ ਹਨ। " ਸੀਤਲ ਨੇ ਕਿਹਾ, " ਮੈਂ ਸਬ ਜਾਣਦੀ ਹਾਂ। ਤੁਹਾਡੀ ਡਰਾਈਵਰਾਂ ਦੀ ਨਸਲ ਨੂੰ ਅੱਖ ਜ਼ਨਾਨੀ ਵਿੱਚ ਹੀ ਰੱਖਦੇ ਹਨ, ਸੜਕ ਉੱਤੇ ਜਾਂਦੀ ਜ਼ਨਾਨੀ ਦਿਸ ਪਵੇ। ਝੱਟ ਬਰੇਕਾਂ ਮਾਰ ਦਿੰਦੇ ਹਨ, ਜੂਪੀ, ਬਿਹਾਰ ਵਾਲੀਆਂ, ਬਥੇਰੀਆਂ ਮਗਰ ਲਾ ਲੈਂਦੇ ਹਨ। ਜੇ ਕਿਤੇ ਉਨ੍ਹਾ ਜੂਪੀ, ਬਿਹਾਰ ਵਾਲੀਆਂ ਦੇ ਬੱਚਿਆ ਦਾ ਖ਼ੂਨ ਟੈੱਸਟ ਹੋ ਜਾਵੇ। ਤਾਂ ਇੱਕ ਪੰਜਾਬ ਹੋਰ ਬਣ ਜਾਵੇਗਾ। ਕਈ ਤਾਂ ਜੂਪੀ, ਬਿਹਾਰ ਵਾਲੀਆਂ ਨੂੰ ਕੱਢ ਕੇ, ਪਿੰਡ ਲੈ ਆਏ ਹਨ। ਅੱਧਾ ਪਿੰਡ ਏਡਜ਼ ਕਰਾਈ ਫਿਰਦਾ ਹੈ" ਸੁਖ ਨੇ ਕੰਨਾਂ ਨੂੰ ਹੱਥ ਲਾ ਲਏ। ਉਸ ਨੇ ਕਿਹਾ, " ਤੋਬਾ-ਤੋਬਾ ਮੇਰਿਆ ਰੱਬਾ, ਤੂੰ ਤਾਂ ਸਾਰੇ ਭੇਤ ਜਾਣਦੀ ਹੈ। ਹੁਣ ਦੱਸ ਕੀ ਤੂੰ ਸਹੁਰੀ ਜਾਣਾ ਹੈ?  ਸੀਤਲ ਨੇ ਕਿਹਾ, " ਨਾਂ ਜੀ ਅੱਗੇ ਹੀ ਰਾਤ ਮਸਾਂ ਕੱਟੀ ਹੈ, ਤੇਰੇ ਤੋਂ ਜਾਨ ਛੁੱਟ ਗਈ ਤਾਂ ਮੁੜ ਕੇ ਮੈਂ ਤੇਰੀਆਂ ਮਿੱਠੀਆਂ ਗੱਲਾਂ ਵਿੱਚ ਨਹੀਂ ਫਸਦੀ। ਹੱਥ ਬੰਨੇ ਮੈਨੂੰ ਘਰ ਛੱਡ ਦੇ ਕਾਲਜ ਵੀ ਨਹੀਂ ਜਾ ਹੋਣਾ। "

ਸੁਖ ਨੇ ਗੱਡੀ ਸੀਤਲ ਦੇ ਦਰਾਂ ਮੂਹਰੇ ਰੋਕ ਦਿੱਤੀ ਸੀ, ਉਸ ਨੇ ਕਿਹਾ, " ਅੱਜ ਤੋਂ ਕਾਲਜ ਤੋਂ ਛੁੱਟੀਆਂ ਕਰ ਲੈ, ਬਹੁਤ ਪੜ੍ਹਾਈਆਂ ਹੋ ਗਈਆਂ। ਪੜ੍ਹਾਈ ਬਾਰੇ, ਵਿਆਹ ਤੋਂ ਬਾਅਦ ਵਿੱਚ ਦੇਖਦੇ ਹਾਂ। ਹੁਣ ਤੂੰ ਮਾਈਆਂ ਲੁਆ ਲੈ। ਅੱਜ ਤੋਂ ਮੇਰੇ ਨਾਲ ਵੀ ਘਰੋਂ ਬਾਹਰ ਨਹੀਂ ਜਾਣਾ। ਅੱਜ ਤੋਂ 5 ਵੇਂ ਨੂੰ ਬੁੱਧਵਾਰ ਦੇ ਅਨੰਦ ਰੱਖ ਲੈਣੇ ਹਨ। ਤੂੰ ਆਪਦੀ ਡੋਲੀ ਚੜ੍ਹਨ ਦੀ ਤਿਆਰੀ ਕਰ ਲੈ। ਵਿਆਹ ਦਾ ਦਿਨ ਪੱਕਾ ਕਰਨ ਨੂੰ ਮੈਂ ਮੰਮੀ ਤੇ ਜੀਤ ਨੂੰ ਭੇਜ ਰਿਹਾ ਹਾਂ। ਮੈਂ ਅੱਜ ਤੋਂ ਟਰੱਕ ਦਾ ਕੰਮ ਬੰਦ ਕਰ ਦੇਣਾ ਹੈ। ਹੁਣ ਘਰ ਹਲਵਾਈ ਬਿਠਾਉਣਾ ਹੈ। ਦੋਸਤਾਂ ਰਿਸ਼ਤੇਦਾਰਾਂ ਨੂੰ ਸੱਦੇ ਭੇਜਣੇ ਹਨ। " ਸੀਤਲ ਟਰੱਕ ਵਿਚੋਂ ਛਾਲ ਮਾਰ ਕੇ ਬਾਹਰ ਆ ਗਈ। ਉਸ ਨੇ ਸੁਖ ਨੂੰ ਕਿਹਾ, " ਇਸ ਸਮੇਂ ਮੈਨੂੰ ਕੁੱਝ ਨਹੀਂ ਸੁੱਝਦਾ। ਹੁਣ ਮੈਂ ਸੌਣ ਜਾ ਰਹੀਂ ਹਾਂ। ਲੱਗਦਾ ਮੰਮੀ ਵੀ ਸੁੱਤੇ ਨਹੀਂ ਹੋਣੇ। ਹੁਣ ਤਾਂ ਦਿਨ ਚੜ੍ਹਨ ਵਾਲਾ ਹੈ। ਦਿਨ ਚੜ੍ਹ ਲੈਣ ਦੇਈਂ, ਹੋਰ ਨਾਂ ਹੁਣੇ ਜੀਤ ਤੇ ਮੰਮੀ ਨੂੰ ਇੱਥੇ ਲੈ ਆਵੀ। ਮਾਲ ਲੋਡ ਕਰਕੇ, ਧੁਰ ਪਹੁੰਚਾਉਣ ਵਾਂਗ ਨਾ ਕਰੀਂ। ਹਾਜ਼ਮਾ ਵੀ ਕਰਨਾ ਚਾਹੀਦਾ ਹੈ। ਹਰ ਕੰਮ ਇੰਦਾ ਕਰਦਾ ਹੈ, ਜਿਵੇਂ ਭੂਬਲ ਵਿੱਚ ਪੈਰ ਮੱਚਣ ਵਾਲੇ ਤੁਰਦੇ ਹਨ। ਠੰਢਾ ਵੀ ਸੋਚਿਆ ਕਰ। ਟਰੱਕ ਦੀ ਸਪੀਡ ਵਾਂਗ ਦਿਮਾਗ਼ ਵੀ ਉਵੇਂ ਭੱਜਦਾ ਹੈ। "

 

Section: