ਕੌਮੀ ਨਾਇਕ ਦੀ ਮਾਂ ਦੀ ਆਖ਼ਰੀ ਇੱਛਾ ਕੌਣ ਪੂਰੀ ਕਰੂ...? ਜਸਪਾਲ ਸਿੰਘ ਹੇਰਾਂ

On: 22 January, 2018

ਫਿੱਟੇ ਮੂੰਹ! ਉਸ ਸਰਕਾਰ ਦੇ ਜਿਹੜੀ ਇੱਕ ਬਜ਼ੁਰਗ ਮਾਂ ਦੀ ਆਪਣੇ ਪੁੱਤ ਦਾ ਆਖ਼ਰੀ ਵਾਰ ਮੂੰਹ ਵੇਖਣ ਦੀ ਇੱਛਾ ਪੂਰਤੀ ਨਹੀਂ ਕਰਦੀ। ਦੂਜੇ ਪਾਸੇ ਉਸ ਕੌਮ ਨੂੰ ਕੀ ਆਖਿਆ ਜਾਵੇ? ਜਿਹੜੀ ਆਪਣੇ ਕੌਮੀ ਨਾਇਕ ਦੀ ਮਾਂ, ਜਿਸਨੇ ਕੌਮ ਦੀ ਝੋਲੀ ਸੂਰਬੀਰ, ਜੋਧਾ, ਜਰਨੈਲ ਪਾਇਆ, ਉਸ ਮਾਂ ਦੀ ਜਿਹੜੀ ਆਪਣੇ ਅੰਤਿਮ ਸਫ਼ਰ ਦੀ ਤਿਆਰੀ 'ਚ ਹੈ। ਉਸ ਦੀ ਆਪਣੇ ਪੁੱਤ ਦੀ ਇੱਕ ਝਲਕ ਵੇਖ ਕੇ ਸੁੱਖ ਦੀ ਨੀਂਦ ਸੌਣ ਦੀ ਇੱਛਾ ਪੂਰਤੀ ਕਰਵਾਉਣ ਲਈ ਮੋਨ ਧਾਰੀ ਬੈਠੀ ਹੈ। ਕੌਮੀ ਪਰਿਵਾਰਾਂ ਪ੍ਰਤੀ ਕੌਮ ਦੇ ਫ਼ਰਜ਼ ਵੀ ਬਣ ਜਾਂਦੇ ਹਨ, ਜਿਨ੍ਹਾਂ ਦੀ ਪੂਰਤੀ ਕਰਨੀ ਕੌਮ ਦੀ ਜੁੰਮੇਵਾਰੀ ਹੋ ਜਾਂਦੀ ਹੈ। ਹਵਾਰਾ, ਭਿਓਰਾ, ਤਾਰਾ ਦੀ ''ਤਿੱਕੜੀ'' ਕੌਮ ਦੀਅ ਅੱਖਾਂ ਦਾ ਤਾਰਾ ਰਹੀ ਹੈ। ਭਾਵੇਂ ਕਿ ਕਿਸੇ ਚੰਦਰੀ ਹਵਾ ਨੇ ਅੱਜ ਇਸ ਤਿੱਕੜੀ 'ਚ ਤ੍ਰੇੜਾਂ ਪਾ ਦਿੱਤੀਆਂ ਹਨ। ਪ੍ਰੰਤੂ ਇਸਦੇ ਬਾਵਜੂਦ ਇਨ੍ਹਾਂ ਬਹਾਦਰ, ਜਰਨੈਲਾਂ, ਸੂਰਮਿਆਂ ਦੇ ਕਾਰਨਾਮੇ ਸਿੱਖ ਇਤਿਹਾਸ ਦਾ ਸੁਨਿਹਰੀ ਵਿਰਸਾ ਬਣ ਚੁੱਕੇ ਹਨ। ਜਿਸ ਕਾਰਣ ਰਹਿੰਦੀ ਦੁਨੀਆਂ ਤੱਕ ਇਨ੍ਹਾਂ ਕੌਮੀ ਨਾਇਕਾਂ ਦੀ, ਕੌਮ ਦੇ ਸਵੈਮਾਣ ਨੂੰ ਬਣਾਈ ਰੱਖਣ ਲਈ ਦਿੱਤੀ ਵੱਡੀ ਦੇਣ ਨੂੰ, ਮਹਾਨ ਕੁਰਬਾਨੀ ਨੂੰ ਭੁੱਲਿਆ ਨਹੀਂ ਜਾ ਸਕੇਗਾ। ਇਹ ਠੀਕ ਹੈ ਕਿ ਗ਼ੁਲਾਮਾਂ ਦੇ ਕੋਈ ਅਧਿਕਾਰ ਨਹੀਂ ਹੁੰਦੇ, ਇਸ ਕਾਰਣ ਸਿੱਖ ਆਪਣੇ ਅਧਿਕਾਰਾਂ ਦੀ ਗੱਲ੍ਹ ਕਰਨ ਦੇ ਸਮਰੱਥ ਨਹੀਂ ਰਿਹਾ। ਪ੍ਰੰਤੂ ਇਸਦੇ ਬਾਵਜੂਦ ਇਹ ਦੇਸ਼ ਚਾਹੇ ਝੂਠੀ-ਮੂਠੀ ਹੀ ਸਹੀ ਸਿੱਖਾਂ ਨੂੰ ਭਾਰਤੀ ਨਾਗਰਿਕ ਤਾਂ ਪ੍ਰਵਾਨ ਕਰਦਾ ਹੀ ਹੈ। ਫ਼ਿਰ ਉਸ ਪ੍ਰਵਾਨਗੀ ਦੇ ਸਹਾਰੇ ਸਿੱਖ ਕੌਮ ਨੂੰ ਦੇਸ਼ ਦੇ ਹਾਕਮਾਂ 'ਤੇ ਦਬਾਅ ਬਣਾਉਣ ਲਈ ਨਾ ਸਹੀ, ਲਾਹਨਤ ਪਾਉਣ ਲਈ ਤਾਂ ਆਪਣੇ ਇੱਕ ਕੌਮੀ ਨਾਇਕ ਦੀ ਬਜ਼ੁਰਗ ਮਾਂ ਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਅਵਾਜ਼ ਚੁੱਕਣੀ ਚਾਹੀਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਤਾਂ ਹੁਣ ਭਾਵੇਂ ਭੁੱਲੀਆਂ-ਵਿਸਰੀਆਂ ਯਾਦਾਂ 'ਚ ਚਲਾ ਗਿਆ ਹੈ, ਪ੍ਰੰਤੂ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਅਤੇ ਬੰਦੀ ਸਿੰਘਾਂ ਦੇ ਮੁੱਢਲੇ ਅਧਿਕਾਰਾਂ ਦਾ ਨੰਗਾ-ਚਿੱਟਾ ਘਾਣ ਕਰਨ ਦੀ ਆਗਿਆ ਤਾਂ ਨਹੀਂ ਦਿੱਤੀ ਜਾ ਸਕਦੀ। ਸਮੇਂ ਦੇ ਹਾਕਮਾਂ ਤੋਂ ਆਖ਼ਰ ਇਹ ਤਾਂ ਪੁੱਛਿਆ ਹੀ ਜਾ ਸਕਦਾ ਹੈ ਕਿ ਜੇ ਆਪਣੀ ਮਾਂ ਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਭਾਈ ਭਿਓਰਾ ਨੂੰ ਕੁਝ ਦਿਨਾਂ ਦਾ ਨਾ ਸਹੀ, ਕੁਝ ਘੰਟਿਆਂ ਦੀ ਹੀ ਪੈਰੋਲ ਦੇ ਦਿੱਤੀ ਜਾਂਦੀ ਹੈ ਤਾਂ ''ਕਿਹੜਾ ਅਸਮਾਨ ਡਿੱਗ ਪਵੇਗਾ? ਕਿਹੜਾ ਭੂਚਾਲ ਆ ਜਾਵੇਗਾ?'' ਅਸੀਂ ਸਮਝਦੇ ਹਾਂ ਕਿ ਸਰਕਾਰ ਸਿੰਘਾਂ ਦੀ ਜ਼ਮੀਰ ਤੇ ਸੰਘਰਸ਼ ਦਾ ਜਜ਼ਬਾ ਦੋਵਾਂ ਦੀ ਸਮੇਂ-ਸਮੇਂ ਪਰਖ਼ ਕਰਦੀ ਰਹਿੰਦੀ ਹੈ ਅਤੇ ਉਸ ਪਰਖ਼ ਦੇ ਨਤੀਜੇ ਅਨੁਸਾਰ, ਸਿੱਖਾਂ ਨਾਲ ਕਿਵੇਂ ਨਿੱਬੜਨਾ ਹੈ, ਦੀ ਰਣਨੀਤੀ ਘੜ੍ਹੀ ਜਾਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਭਾਈ ਭਿਓਰਾ ਦੀ ਮਾਤਾ ਦੀ ਆਖ਼ਰੀ ਇੱਛਾ ਦੀ ਪੂਰਤੀ ਲਈ ਕੌਮ ਨੂੰ ਸੰਘਰਸ਼ ਅਤੇ ਕਾਨੂੰਨੀ ਦੋਵਾਂ ਤਰ੍ਹਾਂ ਦੀ ਲੜ੍ਹਾਈ ਜ਼ਰੂਰ ਲੜ੍ਹਨੀ ਚਾਹੀਦੀ ਹੈ। ਕਿਉਂਕਿ ਇਹ ਕੌਮੀ ਮੁੱਦਾ ਹੈ। ਵਾਹਿਗੁਰੂ! ਮਾਤਾ ਨੂੰ ਲੰਬੀ ਉਮਰ ਬਖ਼ਸ਼ਣ। ਪ੍ਰੰਤੂ ਸਦੀਵੀਂ ਸੱਚ ਤਾਂ ਸਾਹਮਣੇ ਹੈ। ਜੇ ਮਾਤਾ ਦੇ ਤੁਰ ਜਾਣ ਤੋਂ ਬਾਅਦ ਭਾਈ ਭਿਓਰਾ ਨੂੰ ਪੈਰੋਲ ਦਿੱਤੀ ਵੀ ਗਈ ਤਾਂ ਉਸਦਾ ਕੀ ਅਰਥ ਰਹਿ ਜਾਵੇਗਾ? ਅਸੀਂ ਇਸੇ ਲਈ ਕੌਮ ਨੂੰ ਅੱਜ ਇਹ ਹੋਕਾ ਦੇ ਰਹੇ ਹਾਂ ਕਿ ਉਹ ਆਪਣੇ ਫ਼ਰਜ਼ ਦੀ ਪੂਰਤੀ ਲਈ ਜਾਗੇ, ਉੱਠੇ ਅਤੇ ਸੰਘਰਸ਼ ਦਾ ਬਿਗਲ ਵਜਾਵੇ। ਸਰਕਾਰ ਦੇ ਬੋਲ੍ਹੇ ਕੰਨਾਂ ਤੱਕ ਕੌਮ ਦੀ ਬੁਲੰਦ ਅਵਾਜ਼ ਪਹੁੰਚਾਈ ਜਾਵੇ ਤਾਂ ਕਿ ਸਰਕਾਰ ਨੂੰ ਮਜ਼ਬੂਰਨ, ਉਸ ਬਜ਼ੁਰਗ ਮਾਂ ਦੀ ਇੱਛਾ ਦੀ ਪੂਰਤੀ ਕਰਨੀ ਪਵੇ ਤੇ ਨਾਲ ਦੀ ਨਾਲ ਸਰਕਾਰਾਂ ਨੂੰ ਇਹ ਵੀ ਅਹਿਸਾਸ ਹੋ ਜਾਵੇ ਕਿ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ 'ਤੇ ਵਾਰ-ਵਾਰ ਲੂਣ ਛਿੜਕਣਾ, ਮਹਿੰਗਾ ਵੀ ਪੈ ਸਕਦਾ ਹੈ। ਕੌਮੀ ਨਾਇਕ ਦੀ ਮਾਂ ਦੀ ਇੱਛਾ ਜੇ ਅਧੂਰੀ ਰਹਿ ਜਾਂਦੀ ਹੈ ਤਾਂ ਇਹ ਵੀ ਕੌਮ ਸਿਰ ਕਰਜ਼ਾ ਚੜ੍ਹ ਜਾਵੇਗਾ। ਅਜਿਹੀਆਂ ਮਜ਼ਬੂਰੀਆਂ ਹੀ ਕੌਮ ਨੂੰ ਫ਼ਿਰ ਸਿਰ ਚੜ੍ਹਿਆ ਕਰਜ਼ਾ ਮੋੜਨ ਲਈ ਮਜ਼ਬੂਰ ਕਰਦੀਆਂ ਹਨ। ਬਿਨ੍ਹਾਂ ਕਾਰਣ ਦਾ ਟਕਰਾ, ਕਦੇ ਵੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦਾ। ਸਰਕਾਰ ਤੋਂ ਅਸੀਂ ਭਾਰਤੀ ਕਾਨੂੰਨ ਦੀ ਪਾਲਣਾ ਕਰਨ ਦੀ ਹੀ ਮੰਗ ਕਰ ਰਹੇ। ਪ੍ਰੰਤੂ ਇੱਕ ਪਾਸੇ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੀ 68ਵੀਂ ਵਰ੍ਹੇ-ਗੰਢ ਨੂੰ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਅਤੇ ਦੂਜੇ ਪਾਸੇ ਭਾਰਤੀ ਸੰਵਿਧਾਨ ਤੇ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਮੁੱਢਲੇ ਅਧਿਕਾਰਾਂ ਨੂੰ ਪੈਰਾਂ ਥੱਲ੍ਹੇ ਰੋਲਿਆ ਜਾ ਰਿਹਾ ਹੈ। ਇਸ ਲਈ ਹੀ ਅਸੀਂ ਇਸ ਮੌਕੇ ਭਾਰਤੀ ਹਾਕਮਾਂ ਦੇ ਇਸ ਦੋਹਰੇ ਚਿਹਰੇ ਨੂੰ ਦੁਨੀਆਂ ਸਾਹਮਣੇ ਬੇਨਕਾਬ ਕਰਨ ਲਈ ਕੌਮ ਨੂੰ ਜਾਗਣ ਦਾ ਹੋਕਾ ਦੇ ਰਹੇ ਹਾਂ। ਹਿੰਦੂਤਵੀ ਤਾਕਤਾਂ ਦੀ ਮਕਾਰ ਨੀਤੀ ਨੂੰ ਭੰਡਣਾ ਅਤੇ ਉਸਦਾ ਡੱਟ ਕੇ ਮੁਕਾਬਲਾ ਕਰਨਾ, ਸਮੇਂ ਦੀ ਵੱਡੀ ਲੋੜ ਬਣ ਚੁੱਕਾ ਹੈ। ਸਾਨੂੰ ਸਾਰਿਆਂ ਨੂੰ ਭਾਈ ਭਿਓਰਾ ਦੀ ਮਾਤਾ ਦੀ ਆਪਣੇ ਪੁੱਤ ਦੀ ਝਲਕ ਪਾਉਣ ਦੀ ਇੱਛਾ ਪੂਰਤੀ ਨੂੰ ਮਿਸ਼ਨ ਵਰਗਾ ਨਿਸ਼ਾਨਾ ਬਣਾ ਕੇ ਜੁਟ ਜਾਣਾ ਚਾਹੀਦਾ ਹੈ ਤਾਂ ਕਿ ਸਰਕਾਰ ਕੌਮ ਦੇ ਇਸ ਰੋਹ ਦੇ ਸੇਕ ਨੂੰ ਤਰੁੰਤ ਮਹਿਸੂਸ ਕਰੇ ਅਤੇ ਭਾਈ ਭਿਓਰਾ ਨੂੰ ਤਰੁੰਤ ਪੈਰੋਲ 'ਤੇ ਆਪਣੀ ਮਾਤਾ ਜੀ ਦੇ ਦਰਸ਼ਨਾਂ ਦਾ ਮੌਕਾ ਦਿੱਤਾ ਜਾਵੇ।

Section: