ਦੁਬਈ ਦੀ ਯਾਤਰਾ- ਸ: ਸੰਤੋਖ ਸਿੰਘ

On: 24 January, 2018


ਉਂਜ ਤਾਂ ਭਾਵੇਂ ਪਹਿਲਾਂ ਵੀ ਮੈਂ ਤਿੰਨ ਵਾਰ ਦੁਬਈ ਜਾ ਚੁੱਕਾ ਸਾਂ। ਇਕ ਵਾਰ ਵਲੈਤ ਨੂੰ ਜਾਣ ਸਮੇ ਰਾਹ ਵਿਚ ਦੋ ਕੁ ਦਿਨ ਰੁਕਿਆ ਤੇ ਸ. ਹਰਜਿੰਦਰ ਸਿੰਘ ਜੀ ਹੋਰਾਂ ਨੇ ਮੈਨੂੰ ਹਵਾਈ ਅੱਡੇ ਤੋਂ ਲੈ ਕੇ ਅਬੂ ਧਾਬੀ, ਆਪਣੇ ਸਥਾਨ ਤੇ ਰੱਖਿਆ। ਓਥੇ ਉਹ ਆਪਣੇ ਕੈਂਪ ਵਿਚਲੇ ਗੁਰਦੁਆਰਾ ਸਾਹਿਬ ਵਿਚ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਸਨ। ਗੁਰਪੁਰਬ ਦੇ ਸਮਾਗਮ ਤੋਂ ਬਾਅਦ ਅਗਲੇ ਦਿਨ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਯਾਤਰਾ ਕਰਵਾ ਕੇ, ਜਹਾਜੇ ਚੜ੍ਹਾ ਗਏ। ਉਹਨਾਂ ਨਾਲ਼ ਸੰਪਰਕ, ਸਿਡਨੀ ਵਾਸੀ ਸ. ਸੁਰਿੰਦਰ ਸਿੰਘ ਜਗਰਾਉਂ ਜੀ ਰਾਹੀਂ ਹੋਇਆ ਸੀ। ਇਸ ਦਾ ਸੰਖੇਪ ਵਰਨਣ ਮੈਂ ਇਕ ਹੋਰ ਲੇਖ 'ਗੁਰਦੁਆਰਾ, ਜਿਥੇ ਮੈਂ ਰਾਤ ਨਾ ਰਹਿ ਸਕਿਆ' ਵਿਚ ਕਰ ਚੁੱਕਾ ਹਾਂ। ਅਗਲੀ ਵਾਰ ਦੀ ਫੇਰੀ ਸਮੇ ਮੈਂ ਉਹਨਾਂ ਨੂੰ ਖੇਚਲ਼ ਦੇਣੀ ਠੀਕ ਨਾ ਸਮਝੀ, ਇਹ ਸੋਚ ਕੇ ਕਿ ਉਹ ਡੇਢ ਸੌ ਕਿਲੋ ਮੀਟਰ ਤੋਂ ਆ ਕੇ ਮੈਨੂੰ ਚੁੱਕਣ ਦੀ ਖੇਚਲ਼ ਕਰਨਗੇ। ੩੬ ਘੰਟੇ ਦੀ ਸਾਰੀ ਏਥੇ ਸਟੇ ਹੈ, ਇਹ ਸਮਾ ਮੈਂ ਗੁਰਦੁਆਰੇ ਵਿਚ ਕੱਟ ਲਵਾਂਗਾ ਪਰ ਜਿਵੇਂ ਕਿ ਮੈਂ ਪਹਿਲਾਂ ਕਿਸੇ ਲੇਖ ਵਿਚ ਦੱਸ ਚੁੱਕਾ ਹਾਂ ਕਿ ਗੁਰਦੁਆਰਾ ਸਾਹਿਬ ਵਿਚ ਰਾਤ ਕੱਟਣ ਦੀ ਮੈਨੂੰ ਆਗਿਆ ਨਾ ਮਿਲ਼ੀ ਤੇ ਫਿਰ ਮੈਨੂੰ ਨਾ ਚਾਹੁੰਦਿਆਂ ਹੋਇਆਂ ਵੀ ਰਾਤ ਰਹਿਣ ਲਈ, ਸ. ਹਰਜਿੰਦਰ ਸਿੰਘ ਜੀ ਹੋਰਾਂ ਨੂੰ ਹੀ ਖੇਚਲ਼ ਦੇਣੀ ਪਈ। ਉਹਨਾਂ ਨੇ ਫੌਰਨ ਤੋਂ ਵੀ ਪਹਿਲਾਂ ਆਪਣਾ ਡਰਾਈਵਰ ਭੇਜ ਕੇ ਮੈਨੂੰ ਗੁਰਦੁਆਰਿਉਂ ਲੈ ਲਿਆ ਤੇ ਆਪਣੇ ਨੇੜਲੇ ਕੈਂਪ ਵਿਚ ਹੀ ਮੇਰਾ ਡੇਰਾ ਲਵਾ ਦਿਤਾ, ਜਿਥੇ ਇੰਟਰਨੈਟ ਸਮੇਤ ਹਰ ਸਹੂਲਤ ਮੌਜੂਦ ਸੀ। ਅਗਲੇ ਦਿਨ ਮੇਰੀ ਇੱਛਾ ਅਨੁਸਾਰ ਮੈਨੂੰ ਗੁਰਦੁਆਰਾ ਸਾਹਿਬ ਵਿਚ ਪੁਚਾ ਦਿਤਾ। ਉਸ ਸ਼ਾਮ ਨੂੰ ਮੇਰੀ ਦਿੱਲੀ ਦੀ ਫ਼ਲਾਈਟ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੈਨੂੰ ਹਵਾਈ ਅੱਡੇ ਉਪਰ ਪੁੱਜਦਾ ਕਰ ਦਿਤਾ।
     ਤੀਜੀ ਵਾਰ, ਸਤੰਬਰ ੨੦੧੬ ਵਿਚ, ਬਿਹਾਰ ਸਰਕਾਰ ਦੇ ਸੱਦੇ ਉਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ੩੫੦ਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਓਥੇ ਜਾਣ ਸਮੇ, ਸਿਡਨੀ ਵਾਲ਼ੀ ਫ਼ਲਾਈਟ ਪੁੱਜਣ ਅਤੇ ਅੱਗੋਂ ਦੁਬਈ ਤੋਂ ਦਿੱਲੀ ਵਾਲ਼ੀ ਫ਼ਲਾਈਟ ਉਡਣ ਵਿਚਲਾ ਸਮਾ, ਹਵਾਈ ਅੱਡੇ ਉਪਰ ਹੀ ਬਿਤਾ ਲਿਆ। ਇਉਂ ਕਰਨਾ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਅਜਿਹਾ ਕੁਝ ਮੇਰੇ ਨਾਲ਼ ਆਮ ਹੀ ਵਾਪਰ ਜਾਂਦਾ ਹੈ ਤੇ ਮੈਂ ਮਾਨਸਿਕ ਤੌਰ ਤੇ ਅਜਿਹੀ ਹਾਲਤ ਦਾ ਸਾਹਮਣਾ ਕਰਨ ਲਈ ਤਿਆਰ ਹੀ ਰਹਿੰਦਾ ਹਾਂ।
ਏਥੇ ਸਿਡਨੀ ਵਿਚ, ਸ. ਸੁਰਿੰਦਰ ਸਿੰਘ ਜਗਰਾਉਂ ਹੋਰੀਂ ਬਹੁਤ ਸਮੇ ਤੋਂ ਮੈਨੂੰ ਆਖ ਰਹੇ ਸਨ ਕਿ ਉਸ ਦੇਸ਼ ਵਿਚ ਆਪਾਂ ਇਕੱਠੇ ਘੁੰਮਾਂਗੇ। ਤੁਹਾਨੂੰ ਵਿਸ਼ਾਲ ਰੇਤ ਦੇ ਟਿੱਬੇ, ਖ਼ਜੂਰਾਂ ਦੇ ਆਕਾਸ਼ ਨਾਲ਼ ਗੱਲਾਂ ਕਰਦੇ ਦਰੱਖ਼ਤ, ਊਠਾਂ ਦੀਆਂ ਡਾਰਾਂ, ਦੌੜਾਂ, ਮੰਡੀ ਤੇ ਖਲੋ ਕੇ ਊਠਾਂ ਦਾ ਦੁਧ ਚੋਂਦੀਆਂ ਅਰਬਣਾਂ ਵਿਖਾਵਾਂਗਾ। ਜਿਥੇ ਗਾਂ, ਮੱਝ ਆਦਿ ਜਾਨਵਰਾਂ ਨੂੰ ਧਰਤੀ ਉਤੇ ਬੈਠ ਕੇ ਅਤੇ ਗੋਡਿਆਂ ਵਿਚ ਬਾਲ਼ਟੀ ਫਸਾ ਕੇ ਚੋਈਦਾ ਹੈ ਓਥੇ ਊਠਣੀ ਨੂੰ ਖਲੋ ਕੇ ਚੋਣਾ ਪੈਂਦਾ ਹੈ। ਇਸ ਕਿਰਿਆ ਦੌਰਾਨ ਚੋਣ ਵਾਲ਼ੀ/ਵਾਲ਼ੇ ਤੋਂ ਇਲਾਵਾ ਇਕ ਜਣਾ ਹੋਰ ਵੱਡਾ ਬਰਤਨ ਫੜ ਕੇ ਖਲੋਂਦਾ ਹੈ। ਕਈ ਯੂਰਪੀਨ ਟੂਰਿਸਟ ਆਪਣੀ ਯਾਤਰਾ ਦੌਰਾਨ ਊਠਣੀ ਦਾ ਦੁਧ ਪੀਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਇਹ ਸ਼ੂਗਰ ਵਾਸਤੇ ਗੁਣਕਾਰੀ ਹੁੰਦਾ ਹੈ।
     ਇਸ ਯਾਤਰਾ ਸਮੇ, ਲੰਮੇ ਸਮੇ ਦੇ ਇਹ ਵਿਚਾਰ ਸਿਰੇ ਲਾਉਣ ਦਾ ਸਮਾ ਆ ਗਿਆ। ਇਸ ਵਾਰੀਂ ਅਸੀਂ ਦੋਵੇਂ ਹੀ ਪੰਜਾਬ ਗਏ ਹੋਏ ਸਾਂ। ਜਗਰਾਉਂ ਵਿਚ ਸ. ਸੁਰਿੰਦਰ ਸਿੰਘ ਹੋਰਾਂ ਦੇ ਘਰ ਵਿਚ ਧਾਰਮਿਕ ਸਮਾਗਮ ਸਮੇ ਇਹ ਪ੍ਰੋਗਰਾਮ ਬਣ ਗਿਆ ਕਿ ਉਹਨਾਂ ਚਿਰਕਾਲੀ ਵਿਚਾਰਾਂ ਨੂੰ ਅਮਲੀ ਰੂਪ ਦਿਤਾ ਜਾਵੇ। ਮੇਰੀ ਤਾਂ ਸਿਡਨੀ ਵਾਲ਼ੀ ਫਲਾਈਟ ਦੀ ਅਬੂ ਧਾਬੀ ਵਿਚ ਸਟੇ ਸੀ ਤੇ ਉਹਨਾਂ ਨੇ ਦਿੱਲੀ ਤੋਂ ਦੁਬਈ ਤੇ ਦੁਬਈ ਤੋਂ ਵਾਪਸ ਦਿੱਲੀ ਦੀ ਟਿਕਟ ਲੈ ਲਈ ਤੇ ਅਸੀਂ ਦੋਵੇਂ, ੨੧ ਨਵੰਬਰ ੨੦੧੭ ਵਾਲ਼ੇ ਇਕੋ ਦਿਨ ਪਰ ਵੱਖ ਵੱਖ ਫਲਾਈਟਾਂ 'ਤੇ, ਉਸ ਮੁਲਕ ਦੇ ਵੱਖ ਵੱਖ ਹਵਾਈ ਅੱਡਿਆਂ ਉਪਰ ਜਾ ਉਤਰੇ; ਸ. ਸੁਰਿੰਦਰ ਸਿੰਘ ਜੀ ਦੁਬਈ ਤੇ ਮੈਂ ਆਬੂ ਧਾਬੀ। ਹਵਾਈ ਅੱਡਿਆਂ ਤੋਂ ਦੁਬਈ ਦੇ ਪ੍ਰਸਿਧ ਕਾਰੋਬਾਰੀ, ਗੁਰਮੁਖ ਪਿਆਰੇ ਸ. ਸੁਰਿੰਦਰ ਸਿੰਘ ਗੌਰੀ ਜੀ ਨੇ ਸ. ਸੁਰਿੰਦਰ ਸਿੰਘ ਜੀ ਨੂੰ ਅਤੇ ਮੈਨੂੰ ਉਹਨਾਂ ਦੁਆਰਾ ਭੇਜੇ ਗਏ ਸੱਜਣ ਨੇ, ਸਾਨੀੰ ਦੋਹਾਂ ਨੂੰ ਸ. ਹਰਜਿੰਦਰ ਸਿੰਘ ਜੀ ਦੇ ਕੈਂਪ ਵਿਚ ਪੁਚਾ ਦਿਤਾ।
    ਇਕ ਦਿਨ ਤਾਂ ਅਸੀਂ ਉਸ ਕੈਂਪ ਵਿਚ ਆਰਾਮ ਹੀ ਫੁਰਮਾਉਂਦੇ ਰਹੇ ਤੇ ਫਿਰ ਸੋਚਿਆ ਕਿ ਅਸੀਂ ਏਥੇ ਮੰਜੇ ਤੋੜਨ ਤੇ ਫੁਲਕੇ ਪਾੜਨ ਲਈ ਹੀ ਤਾਂ ਨਹੀਂ ਆਏ। ਇਹ ਦੋਵੇਂ ਵਸਤੂਆਂ ਤਾਂ ਜਿਥੇ ਵੀ ਹੋਈਏ ਓਥੇ ਹੀ ਦਾਤੇ ਦੀ ਦਇਆ ਸਦਕਾ ਮਿਲ਼ ਜਾਂਦੀਆਂ ਹਨ। ਅਸੀਂ ਤਾਂ ਫਿਰ ਤੁਰ ਕੇ ਮੇਲਾ ਵੇਖਣ ਆਏ ਹਾਂ। ਸਾਡੇ ਦੋਹਾਂ ਵਿਚ ਅਜਿਹੇ ਵਿਚਾਰ ਚੱਲ ਹੀ ਰਹੇ ਸਨ ਕਿ, ਜਿਵੇਂ ਕਿਤੇ ਸ. ਹਰਜਿੰਦਰ ਸਿੰਘ ਜੀ ਅੰਤਰਜਾਮੀ ਹੋਣ, ਸਾਡੇ ਆਖਣ ਤੋਂ ਬਿਨਾ ਹੀ, ਉਹਨਾਂ ਨੇ ਆਪਣਾ ਡਰਾਈਵਰ ਭੇਜ ਦਿਤਾ ਜੋ ਕਿ ਕਾਰ ਲੈ ਕੇ ਆ ਹਾਜਰ ਹੋਇਆ ਤੇ ਸਾਨੂੰ, ਜਿਵੇਂ ਜਿਵੇਂ ਸ. ਸੁਰਿੰਦਰ ਸਿੰਘ ਜੀ ਆਖੀ ਗਏ, ਅਗਲੇ ਸਾਰੇ ਦਿਨਾਂ ਲਈ ਉਹ ਵੱਖ ਵੱਖ ਸਥਾਨਾਂ ਤੇ ਲਈ ਫਿਰਿਆ।
ਗੱਲ ਇਹ ੧੯੭੪ ਦੀ ਹੈ। ਮੈਂ ਸੈਂਟਰਲ ਅਫ਼੍ਰੀਕਾ ਦੇ ਇਕ ਛੋਟੇ ਜਿਹੇ ਮੁਲਕ ਮਲਾਵੀ ਵਿਚ ਹੁੰਦਾ ਸੀ। ਓਥੇ ਦਸ ਬਾਰਾਂ ਕੁ ਘਰ ਸਿੱਖਾਂ ਦੇ ਸਨ ਤੇ ਬਹੁਤੇ ਗੁਜਰਾਤੀ ਲੋਕ ਹੀ ਰਹਿੰਦੇ ਸਨ। ਇਕ ਦਿਨ ਗੱਲਾਂ ਬਾਤਾਂ ਕਰਦਿਆਂ ਇਕ ਗੁਜਰਾਤੀ ਸੱਜਣ ਨੇ ਹਾਸੇ ਵਿਚ ਆਖਿਆ ਕਿ ਰੱਬ ਵੀ ਬੜਾ ਬੇਅੰਤ ਹੈ। ਉਹ ਹਰ ਵਸਤੂ ਨੂੰ ਬੈਲੈਂਸ ਵਿਚ ਰੱਖਦਾ ਹੈ। ਵੇਖੋ, ਉਸ ਨੇ ਮਸ਼ੀਨਰੀ ਪੱਛਮ ਵਾਲ਼ਿਆਂ ਨੂੰ ਦੇ ਦਿਤੀ ਹੈ ਤੇ ਤੇਲ ਅਰਬਾਂ ਨੂੰ। ਮਸ਼ੀਨਰੀ ਤੇਲ ਤੋਂ ਬਿਨਾ ਚੱਲ ਨਹੀਂ ਸਕਦੀ, ਇਸ ਲਈ ਅਰਬਾਂ ਤੋਂ ਤੇਲ ਖ਼ਰੀਦਣਾ ਪੈਂਦਾ ਹੈ। ਅਰਬਾਂ ਕੋਲ਼ ਮਸ਼ੀਨਰੀ ਹੈ ਨਹੀਂ ਤੇ ਉਹ ਆਪਣੇ ਤੇਲ ਨੂੰ ਵਰਤ ਨਹੀਂ ਸਕਦੇ। ਉਹਨਾਂ ਕੋਲ਼ ਜਾਂ ਊਠ ਹਨ ਤੇ ਜਾਂ ਖੋਤੇ। ਤੇਲ ਨਾ ਊਠਾਂ ਵਿਚ ਪੈਂਦਾ ਹੈ ਤੇ ਨਾਂ ਹੀ ਖੋਤਿਆਂ ਵਿਚ। ਇਸ ਲਈ ਉਹਨਾਂ ਨੂੰ ਤੇਲ ਵੇਚਣਾ ਹੀ ਪੈਂਦਾ ਹੈ ਤੇ ਪੱਛਮ ਨੂੰ ਖ਼ਰੀਦਣਾ। ਦੋਵੇਂ ਇਕ ਦੂਜੇ ਉਪਰ ਨਿਰਭਰ ਹਨ।
    ਅਜਿਹੇ ਤੇਲ ਤੋਂ ਅਮੀਰ ਬਣੇ ਇਸ ਦੇਸ਼ ਦੀ ਨੌਂ ਕੁ ਦਿਨ ਦੀ ਯਾਤਰਾ ਕਰਨ ਦਾ ਸਾਨੂੰ ਵੀ ਸੁਭਾਗ ਪ੍ਰਾਪਤ ਹੋ ਗਿਆ। ਇਸ ਮੁਲਕ ਦਾ ਨਾਂ ਯੂ.ਏ.ਈ. ਹੈ। ਇਹ ਯੂਨਾਈਟਡ ਅਰਬ ਅਮੀਰਾਤ (ੂਅਓ) ਨਾਮੀ ਦੇਸ਼, ਜੋ ਕਿ ਆਪਣੇ ਕਾਰੋਬਾਰੀ ਸ਼ਹਿਰ ਦੁਬਈ ਕਰਕੇ ਵਧੇਰੇ ਜਾਣਿਆਂ ਜਾਂਦਾ ਹੈ, ਅਰੇਬੀਅਨ ਪੈਨਿਨਸੁਲਾ ਉਪਰ, ਪਰਸ਼ੀਅਨ ਗਲਫ਼ ਤੇ ਓਮਾਨ ਗਲਫ਼ ਦੇ ਉਤਰ-ਪੂਰਬੀ ਕਿਨਾਰੇ ਉਪਰ ਵਾਕਿਆ ਹੈ। ਇਹ ਸੱਤਾਂ ਵੱਖ ਵੱਖ ਸਟੇਟਾਂ ਨੇ ਮਿਲ਼ ਕੇ, ੨ ਦਸੰਬਰ, ੧੯੭੧ ਵਾਲ਼ੇ ਦਿਨ, ਫ਼ੈਡ੍ਰੇਸ਼ਨ ਦੇ ਰੂਪ ਵਿਚ ਇਕ ਮੁਲਕ ਬਣਾਇਆ ਸੀ। ਛੇ ਸਟੇਟਾਂ ਤੇ ਉਸ ਦਿਨ ਇਕੱਠੀਆਂ ਹੋਈਆਂ, ਜਿਨ੍ਹਾਂ ਦੇ ਨਾਂ ਆਬੂ ਧਾਬੀ, ਦੁਬਈ, ਸ਼ਾਰਜਾਹ, ਅਜਮਨ, ਉਮਾਨ ਅਲ ਕੁਵੈਨ ਅਤੇ ਫੁਜੀਆਹ ਹਨ। ਸੱਤਵੀਂ ਰਾਸ ਅਲ ਖੈਮਾਹ, ੧੦ ਫ਼ਰਵਰੀ, ੧੯੭੨ ਵਾਲ਼ੇ ਦਿਨ ਇਸ ਫ਼ੈਡ੍ਰੇਸ਼ਨ ਵਿਚ ਸ਼ਾਮਲ ਹੋਈ। ਇਹ ਅਰਬੀ ਸ਼ੇਖਾਂ ਦੀਆਂ ਸੱਤ ਅਮੀਰਾਤ ਪਹਿਲਾਂ 'ਟਰੁਸੀਅਲ ਸਟੇਟਾਂ' ਕਰਕੇ ਜਾਣੀਆਂ ਜਾਂਦੀਆਂ ਸਨ। ਇਹ ਜਾਣਕਾਰੀ ੧੯ਵੀਂ ਸਦੀ ਦੌਰਾਨ, ਅੰਗ੍ਰੇਜ਼ਾਂ ਨਾਲ਼ ਹੋਏ ਇਕ ਸਮਝੌਤੇ ਤੋਂ ਮਿਲ਼ਦੀ ਹੈ।
   ਮਿਲਣ ਵਾਲ਼ੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਇਲਾਕੇ ਵਿਚ ਬਹੁਤ ਸਮੇ ਤੋਂ ਮਨੁਖ ਵਸਦੇ ਸਨ ਤੇ ਉਹਨਾਂ ਦਾ ਵਾਪਾਰ ਦੂਰ ਦੁਰਾਡੇ, ਸਮੇਤ ਮੈਸੋਪਟੇਮੀਆਂ ਦੇ, ਹੁੰਦਾ ਸੀ। ਉਸ ਸਮੇ ਵੀ ਸਮੁੰਦਰੀ ਕਿਨਾਰੇ ਅਤੇ ਅੰਦਰੂਨੀ ਇਲਾਕਿਆਂ ਵਿਚ, ਵਾਹਵਾ ਗਿਣਤੀ ਵਿਚ ਕਬੀਲਿਆਂ ਦਾ ਏਥੇ ਵਾਸਾ ਸੀ। ਸੱਤਵੀਂ ਸਦੀ ਵਿਚ ਏਥੇ ਇਸਲਾਮ ਮਜ਼ਹਬ ਆਇਆ।
    ਜਦੋਂ ਅਲਬਰਕ ਦੀ ਅਗਵਾਈ ਵਿਚ ਪੁਰਤਗਾਲ ਨੇ ਇਸ ਇਲਾਕੇ ਉਪਰ ਹਮਲਾ ਕੀਤਾ ਤਾਂ ਬਹੁਤ ਸਾਰੀਆਂ ਖ਼ੂਨ ਡੋਹਲਵੀਆਂ ਲੜਾਈਆਂ ਹੋਈਆਂ। ੧੯ਵੀਂ ਸਦੀ ਵਿਚ ਅੰਗ੍ਰੇਜ਼ਾਂ ਨੇ ਏਥੇ ਕਾਬੂ ਪਾ ਕੇ, ਏਥੋਂ ਦੇ ਹੁਕਮਰਾਨ ਸ਼ੇਖ਼ਾਂ ਨਾਲ਼ ਸਮਝੌਤਾ ਕਰਕੇ, ਅਮਨ ਕਾਇਮ ਕੀਤਾ। ਜਦੋਂ ੧੯੬੮ ਵਿਚ ਅੰਗ੍ਰੇਜ਼ਾਂ ਨੇ ਇਸ ਇਲਾਕੇ, ਜਿਸ ਨੂੰ ਟਰੁਸੀਅਲ ਸਟੇਟਸ ਆਖਿਆ ਜਾਂਦਾ ਸੀ, ਨੂੰ ਛੱਡਣ ਦਾ ਵਿਚਾਰ ਬਣਾਇਆ ਤਾਂ ਇਹਨਾਂ ਸਟੇਟਾਂ ਨੂੰ ਇਕ ਮੁਲਕ ਵਿਚ ਸ਼ਾਮਲ ਕਰਕੇ, ਫ਼ੈਡ੍ਰੇਸ਼ਨ ਬਣਾਉਣ ਦਾ ਉਦਮ ਕੀਤਾ ਗਿਆ। ਇਸ ਕਾਰਜ ਲਈ ਦੋ ਤਾਕਤਵਰ ਸ਼ੇਖ਼ਾਂ, ਅਬੂ ਧਾਬੀ ਦੇ ਸ਼ੇਖ਼, ਜ਼ਾਈਦ ਬਿਨ ਸੁਲਤਾਨ ਅਲ ਨਾਹੀਅਨ ਅਤੇ ਦੁਬਈ ਦੇ ਸ਼ੇਖ਼ ਰਸ਼ੀਦ ਬਿਨ ਸਈਦ ਅਲ ਮਖ਼ਤੂਮ ਨੇ ਦੂਜੀਆਂ ਸਟੇਟਾਂ ਦੇ ਮਾਲਕਾਂ ਨੂੰ ਫ਼ੈਡ੍ਰੇਸ਼ਨ ਵਿਚ ਸ਼ਾਮਲ ਹੋਣ ਲਈ ਸੱਦਿਆ। ਇਕ ਸਮੇ ਇਉਂ ਲੱਗਦਾ ਸੀ ਕਿ ਬਾਹਰੀਨ ਅਤੇ ਕਤਰ ਨਾਮੀ ਦੋ ਸਟੇਟਾਂ ਵੀ ਇਸ ਫ਼ੈਡ੍ਰੇਸ਼ਨ ਵਿਚ ਸ਼ਾਮਲ ਹੋਣਗੀਆਂ ਪਰ ਉਹਨਾਂ ਦੋਹਾਂ ਨੇ ਆਖਰ ਵਿਚ ਵੱਖ ਰਹਿਣ ਦਾ ਫੈਸਲਾ ਹੀ ਕਰ ਲਿਆ।
    ਅੱਜ ਇਹ ਮੁਲਕ UAE, ਆਧੁਨਿਕ, ਮੁਲਕਾਂ ਵਿਚ ਗਿਣਿਆਂ ਜਾਂਦਾ ਹੈ। ਬਹੁ ਪੱਖੀ ਆਰਥਿਕਤਾ, ਜਿਵੇਂ ਕਿ ਤੇਲ ਦੇ ਨਿਰਯਾਤ ਅਤੇ ਵਾਪਾਰੀ ਸਮਾਨ ਦੇ ਆਯਾਤ ਦੇ ਨਾਲ਼ ਨਾਲ਼, ਦੁਬਈ ਸ਼ਹਿਰ ਟੂਰਿਜ਼ਮ, ਰੀਟੇਲ, ਫ਼ਾਈਨੈਂਸ ਵਜੋਂ, ਗਲੋਬਲ ਹੱਬ ਦੇ ਰੂਪ ਵਿਚ ਉਨਤ ਹੋ ਰਿਹਾ ਹੈ। ਇਹ ਸੰਸਾਰ ਦੀ ਸਭ ਤੋਂ ਉਚੀ ਇਮਾਰਤ, ਸੰਸਾਰ ਦਾ ਸਭ ਤੋਂ ਵੱਡਾ ਸ਼ੌਪਿੰਗ ਮਾਲ, ਸੰਸਾਰ ਦਾ ਸਭ ਤੋਂ ਵੱਡਾ ਹੋਟਲ ਤੇ ਇੰਟਰਟੇਨਮੈਂਟ ਸੈਂਟਰ, ਸੰਸਾਰ ਦੀ ਸਭ ਤੋਂ ਪਹਿਲੀ ਫੁੱਲੀ ਆਟੋਮੇਟਡ ਮੈਟਰੋ ਟਰੇਨ, ਸੰਸਾਰ ਦਾ ਸਭ ਤੋਂ ਲੰਮਾ ਆਰਚ ਬਰਿਜ ਅਤੇ ਮਨੁਖ ਸਾਜੀ ਸਭ ਤੋਂ ਦੁਨੀਆਂ ਦੀ ਵੱਡੀ ਬੰਦਰਗਾਹ ਦਾ ਮਾਲਕ ਹੈ।
     ਅਤੇ ਹੁਣ ਦੁਬਈ ਵਿਚ, ਗਲਫ਼ ਦੇ ਮੁਲਕਾਂ ਦਾ ਸਭ ਤੋਂ ਪਹਿਲਾ ਗੁਰਦੁਆਰਾ ਵੀ ੨੦੧੦ ਵਿਚ ਬਣ ਗਿਆ ਹੈ। ਮੈਂ ਤੇ ਸ. ਸੁਰਿੰਦਰ ਸਿੰਘ ਜੀ, ਸ. ਹਰਜਿੰਦਰ ਸਿੰਘ ਦੁਆਰਾ ਦਿਤੀ ਹੋਈ ਸਣੇ ਡਰਾਈਵਰ ਕਾਰ ਉਪਰ ਸਵਾਰ ਗੁਰਦੁਆਰਾ ਸਾਹਿਬ ਨੂੰ ਤੁਰ ਪਏ। ਸ਼ਾਇਦ ਓਦਣ ਸ਼ੁੱਕਰਵਾਰ ਦਾ ਦਿਨ ਸੀ। ਦੁਬਈ ਵਿਚ ਕੰਮ ਕਰਨ ਵਾਲ਼ੇ ਪੰਜਾਬੀ ਨੌਜਵਾਨ ਵਾਹਵਾ ਗਿਣਤੀ ਵਿਚ, ਪੈਦਲ ਹੀ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਸਨ। ਇਬਨ ਬਬੂਤਾ ਰੇਲਵੇ ਸਟੇਸ਼ਨ ਤੋਂ ਬਹੁਤੀ ਦੂਰ ਨਹੀਂ ਗੁਰਦੁਆਰਾ। ਮਾੜੇ, ਕਾਹਲ਼ੇ ਤੇ ਸਾਮਾਨ ਵਾਲ਼ੇ ਬੰਦੇ ਸਟੇਸ਼ਨ ਤੋਂ ਟੈਕਸੀ ਵੀ ਲੈ ਸਕਦੇ ਹਨ। ਉਸ ਸਮੇ ਉਹ ਦਸ ਦਰਾਹਮਾਂ ਵਿਚ ਗੁਰਦੁਆਰਾ ਸਾਹਿਬ ਪੁਚਾ ਦਿੰਦੀ ਸੀ। ਅਸੀਂ ਜਦ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਓਥੇ ਬੜੀਆਂ ਰੌਣਕਾਂ ਸਨ। ਦੀਵਾਨ ਸਜ ਰਿਹਾ ਸੀ, ਸੰਗਤਾਂ ਲੰਗਰ ਛਕ ਰਹੀਆਂ ਸਨ। ਚਾਰ ਚੌਫੇਰੇ ਗਹਿਮਾ ਗਹਿਮੀ ਸੀ। ਮਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗੀ ਰੌਣਕ ਲੱਗੀ ਹੋਈ ਸੀ। ਅਸੀਂ ਮੱਥਾ ਟੇਕਿਆ, ਲੰਗਰ ਛਕਿਆ ਤੇ ਕੁਝ ਸਮਾ ਕੀਰਤਨ ਸੁਣਿਆਂ। ਮੈਨੂੰ ਤੇ ਪਹਿਲੀਆਂ ਦੋ ਫੇਰੀਆਂ ਦੌਰਾਨ ਪਤਾ ਲੱਗਾ ਚੁੱਕਾ ਸੀ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਕਥਾ ਤੇ ਵਿਖਿਆਨ ਕਰਨ ਦੀ ਮਨਾਹੀ ਹੈ। ਸਿਰਫ ਪਾਠ ਤੇ ਕੀਰਤਨ ਹੀ ਹੋ ਸਕਦਾ ਹੈ। ਮੈਂ ਪ੍ਰਬੰਧਕਾਂ ਦੀ ਮਜਬੂਰੀ ਨੂੰ ਸਮਝ ਕੇ ਇਸ ਪ੍ਰਬੰਧ ਨਾਲ਼ ਸਹਿਮਤ ਹੋ ਚੁੱਕਾ ਸਾਂ ਪਰ ਸ. ਸੁਰਿੰਦਰ ਸਿੰਘ ਜੀ ਨੂੰ ਇਹ ਗੱਲ ਸੁਖਾਈ ਨਾ ਤੇ ਉਹ ਮੈਨੇਜਰ ਸਾਹਿਬ ਦੇ ਦਫ਼ਤਰ ਵੱਲ ਤੁਰ ਪਏ। ਮਗਰ ਮਗਰ ਮੈਂ ਵੀ ਤੁਰ ਪਿਆ। ਸ. ਸੁਰਿੰਦਰ ਸਿੰਘ ਹੋਰਾਂ ਨੇ ਦਲੀਲਾਂ ਦਿਤੀਆਂ, ਕੁਝ ਰੋਸਾ ਵੀ ਪਰਗਟ ਕੀਤਾ। ਪ੍ਰਬੰਧਕਾਂ ਨੇ ਆਪਣੀ ਮਜਬੂਰੀ ਦੱਸੀ। "ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਨਾਲ਼ਾ ਓਥੇ ਦਾ ਓਥੇ।"
ਗੁਰਦੁਆਰੇ ਤੋਂ ਬਾਹਰ ਬਹੁਤ ਸਾਰੇ ਤਿਆਰ ਬਰ ਤਿਆਰ ਸਿੱਖ ਨੌਜਵਾਨ ਵੀ ਮਿਲ਼ੇ। ਉਹਨਾਂ ਵਿਚ ਕੁਝ ਦੁਮਾਲਾਧਾਰੀ ਸਿੰਘ ਵੀ ਸਨ। ਉਹਨਾਂ ਨਾਲ਼ ਸ. ਸੁਰਿੰਦਰ ਸਿੰਘ ਜੀ ਨੇ ਵਿਚਾਰਾਂ ਦਾ ਵਟਾਂਦਰਾ ਕੀਤਾ। ਪ੍ਰਬੰਧਕਾਂ ਵੱਲੋਂ ਕੀਰਤਨ, ਕਥਾ, ਵਿਖਿਆਨ ਆਦਿ ਦੀ ਪਾਬੰਦੀ ਦੇ ਵਿਰੁਧ ਵੀ ਗੱਲਾਂ ਹੋਈਆਂ। ਉਹਨਾਂ ਨੌਜਵਾਨਾਂ ਨੇ ਕੁਝ ਫੋਟੋਜ਼ ਵੀ ਖਿੱਚੀਆਂ।
     'ਗੁਰੂ ਨਾਨਕ ਦਰਬਾਰ ਦੁਬਈ' ਨਾਮ ਦਾ ਗੁਰਦੁਆਰਾ, ਹਿਜ਼ ਹਾਈਨੈਸ ਸ਼ੇਖ਼ ਮੁਹੰਮਦ ਬਿਨ ਰਸ਼ੀਦ ਅਲ ਮਕਤੂਮ, ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰਾਈਮ ਮਿਨਿਸਟਰ ਆਫ਼ ਯੂ.ਏ.ਈ. ਅਤੇ ਰੂਲਰ ਆਫ਼ ਦੁਬਈ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਉਪਰ, ਉਪ੍ਰੋਕਤ ਦੀ ਆਗਿਆ ਨਾਲ਼ ਉਸਾਰਿਆ ਗਿਆ ਹੈ।
     ਤੇਲ ਦੀ ਕਮਾਈ ਨਾਲ਼ ਇਸ ਦੇਸ਼ ਵਿਚ ਬਹੁਤ ਸਾਰੀਆਂ ਹੋਰ ਵਰਨਣ ਯੋਗ ਇਮਾਰਤਾਂ ਵਿਚੋਂ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਨੇੜਲੇ ਮੈਟਰੋ ਸਟੇਸ਼ਨ ਤੋਂ ਬਾਹਰ ਨਿਕਲ਼ਦਿਆਂ ਹੀ, ਇਬਨ ਬਬੂਤਾ ਵਿਸ਼ਾਲ ਸ਼ਾਪਿੰਗ ਸੈਂਟਰ ਹੈ। ਏਥੋਂ ਤੁਰ ਕੇ ਜਾਂ ਟੈਕਸੀ ਰਾਹੀਂ ਗੁਰਦੁਆਰਾ ਸਾਹਿਬ ਜਾਇਆ ਜਾਂਦਾ ਹੈ। ਦੁਬਈ ਵਿਚ ੨੦੦੮ ਤੋਂ ਲੈ ਕੇ ਹੁਣ ਤੱਕ, ਦੁਨੀਆਂ ਦੀ ਸਭ ਤੋਂ ਉਚੀ ਇਮਾਰਤ 'ਬੁਰਜ ਖ਼ਲੀਫ਼ਾ' ਹੈ। ਐਨਟੀਨੇ ਤੋਂ ਬਿਨਾ ਇਸ ਦੀ ਉਚਾਈ ੮੨੯.੮ ਮੀਟਰ ਹੈ। ਇਹ ੨੦੦੪ ਵਿਚ ਬਣਨਾ ਸ਼ੁਰੂ ਹੋਇਆ ਤੇ ੨੦੧੦ ਵਿਚ ਮੁਕੰਮਲ ਹੋਇਆ। ਇਹ ਡਾਊਨ ਟਾਊਨ ਦੁਬਈ ਵਿਚ ਵਾਕਿਆ ਹੈ।  ਜਿਥੇ ਬੁਰਜ ਖ਼ਲੀਫ਼ਾ ਵਾਪਾਰਕ ਕੇਂਦਰ ਹੈ ਓਥੇ ਇਹ ਸੈਰ ਸਪਾਟਾ ਕਰਨ ਆਇਆਂ ਵਾਸਤੇ ਵੇਖਣ ਵਾਲ਼ਾ ਥਾਂ ਹੈ। ਬੁਰਜ ਖ਼ਲੀਫ਼ਾ ਤੇ ਹਰੇਕ ਸ਼ਾਮ ਨੂੰ ਰੋਸ਼ਨੀਆਂ ਦੇ ਕਰਤਬ ਵਿਖਾਏ ਜਾਂਦੇ ਹਨ। ਤਰ੍ਹਾਂ ਤਰ੍ਹਾਂ ਦੀਆਂ ਰੋਸ਼ਨੀਆਂ ਖੇਲ੍ਹ ਕਰਦੀਆਂ ਹਨ ਤੇ ਦਰਸ਼ਕਾਂ ਦੇ ਮਨ ਮੋਂਹਦੀਆਂ ਹਨ। ਇਹ ਮਨੁਖ ਸਿਰਜਿਆ ਅਦਭੁਤ ਨਜ਼ਾਰਾ ਵੇਖਣ ਲਈ, ਦੂਰ ਦੁਰਾਡੇ ਦੇਸਾਂ ਦੇ ਯਾਤਰੂ ਆਉਂਦੇ ਹਨ।
    ਇਸ ਤਰ੍ਹਾਂ ਨੌਂ ਦਿਨ ਅਸੀਂ ਸ. ਸੁਰਿੰਦਰ ਸਿੰਘ ਜੀ ਦੇ ਮਿੱਤਰ, ਗੁਰਸਿੱਖ ਸ ਹਰਜਿੰਦਰ ਸਿੰਘ ਜੀ ਹੋਰਾਂ ਦੀ ਖੁਲ੍ਹ ਦਿਲੀ ਨਾਲ਼ ਕੀਤੀ ਗਈ ਪ੍ਰਾਹੁਣਾਚਾਰੀ ਦਾ ਆਨੰਦ ਮਾਣਦੇ ਹੋਏ, ੨੯ ਨਵੰਬਰ ਵਾਲ਼ੇ ਦਿਨ, ਸ. ਸੁਰਿੰਦਰ ਸਿੰਘ ਜੀ ਦਿੱਲੀ ਵਾਲ਼ੇ ਅਤੇ ਮੈਂ ਸਿਡਨੀ ਵਾਲ਼ੇ ਜਹਾਜਾਂ ਤੇ ਸਵਾਰ ਹੋ ਕੇ, ਇਸ ਮੁਲਕ ਨੂੰ, ਮੁੜ ਕੇ ਵੀ ਫੇਰਾ ਪਾਉਣ ਦੀ ਆਸ ਰੱਖਦੇ ਹੋਏ, ਅਲਵਿਦਾ ਕਹਿ ਆਏ।

Section: