ਬਚਪਨ,ਸਵੈਮਾਣ ਅਤੇ ਬਗ਼ਾਵਤ---ਕੁਲਵੰਤ ਸਿੰਘ ਟਿੱਬਾ

On: 21 March, 2018

          ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਡਾ.ਬੀ.ਆਰ.ਅੰਬੇਡਕਰ ਦਾ ਕਥਨ ਹੈ ਕਿ 'ਗ਼ੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ ਤਾਂ ਉਹ ਬਗ਼ਾਵਤ ਕਰ ਦੇਣਗੇ।' ਆਪਣੇ ਆਪ  ਵਿੱਚ ਸਵੈਮਾਣ ਪੈਦਾ ਹੋਣਾ ਹੀ ਬਗ਼ਾਵਤ ਨੂੰ ਜਨਮ ਦਿੰਦਾ ਹੈ। ਇਹ ਘਟਨਾ ਸਾਲ 1993 ਦੀ ਹੈ। ਮੇਰੀ  ਉਮਰ ਉਸ ਵੇਲੇ 10 ਮਸਾਂ ਹੀ ਸਾਲਾਂ ਦੀ ਹੋਵੇਗੀ ਅਤੇ ਮੈਂ ਚੌਥੀ ਸ਼੍ਰੇਣੀ ਵਿੱਚ ਪੜਦਾ ਸਾਂ। ਮੇਰੇ ਬਾਪੂ ਜੀ ਮਰੇ ਹੋਏ ਪਸੂ ਚੁੱਕਣ ਦਾ ਮਲੀਨ ਕਿੱਤਾ ਕਰਦੇ ਸਨ। ਪਿੰਡ ਦੀ ਪੰਚਾਇਤ ਨੇ ਇੱਕ ਸਾਂਝੀ ਥਾਂ 'ਤੇ ਖੁੱਲੀ ਬੋਲੀ ਰਾਹੀਂ ਚਮੜੇ ਦਾ ਠੇਕਾ ਦੇਣਾ ਅਤੇ ਵੱਧ ਬੋਲੀ ਦੇਣ ਵਾਲੇ ਦਲਿਤ ਦੇ ਨਾਂ ਠੇਕਾ ਇੱਕ ਸਾਲ ਲਈ ਤੋੜ ਦਿੰਦੇ। ਮੇਰੇ ਪਿਤਾ ਜੀ ਲੰਮੇ ਸਮੇਂ ਤੋਂ ਬੋਲੀ ਦੇ ਕੇ ਚਮੜੇ ਦਾ ਠੇਕਾ ਲੈਂਦੇ ਆ ਰਹੇ ਸਨ। ਸਾਡੇ ਘਰ ਦੇ ਇੱਕ ਕੋਨੇ ਵਿੱਚ ਬਣੀ ਕੱਚੀ ਕੋਠੜੀ ਵਿੱਚ ਮਰੇ ਹੋਏ ਪਸੂਆਂ ਦੀਆਂ ਖੱਲਾਂ ਜਿਵੇਂ ਮਾਝੀ, ਕਟਾਹਲ,ਗੋਕਾ,ਬਸੇਲਾ ਆਦਿ ਰੱਖੀਆਂ ਹੁੰਦੀਆਂ ਅਤੇ ਮੈਂ ਇਨਾਂ ਖੱਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਨਮਕ ਲਗਾਉਂਦਾ ਹੁੰਦਾ ਸੀ। ਪਰ ਮੈਨੂੰ ਇਹ ਕਿੱਤਾ ਕਦੇ ਵੀ ਪਸੰਦ ਨਹੀ ਸੀ। ਇੱਕ ਦਿਨ ਪਿੰਡ ਦੇ ਕਿਸੇ ਜੱਟ ਪਰਿਵਾਰ ਦੇ ਘਰ ਮੱਝ ਮਰ ਗਈ,ਉਹ ਸਾਡੇ ਘਰ ਸੁਨੇਹਾ ਦੇ ਗਏ ਕਿ ਮਰੀ ਹੋਈ ਮੱਝ ਚੁੱਕ ਲਿਆਓ। ਉਸ ਜੱਟ ਪਰਿਵਾਰ ਦੀ ਕੁੜੀ ਮੇਰੇ ਨਾਲ ਸਰਕਾਰੀ ਪ੍ਰਾਇਮਰੀ  ਸਕੂਲ ਵਿੱਚ ਪੜਦੀ ਸੀ। ਮੇਰੇ ਪਿਤਾ ਜੀ ਕਹਿੰਦੇ ਕਿ ਤੂੰ ਨਾਲ ਚੱਲ,
ਆਪਾ ਮੱਝ ਰੇਹੜੇ ’ਤੇ  ਲੱਦ ਕੇ ਹੱਡਾਰੋੜੀ ਵਿੱਚ ਲੈ ਚੱਲੀਏ ਪਰ ਮੈਂ ਤਰੰਤ ਨਾਂਹ ਕਰ ਦਿੱਤੀ। ਮੇਰੇ ਮਨ ਵਿੱਚ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਕੱਲ ਨੂੰ ਸਕੂਲ ਵਿੱਚ ਮੈਂ ਉਨਾਂ ਜੱਟਾਂ ਦੀ ਕੁੜੀ ਨੂੰ ਕਿਵੇਂ ਮੂੰਹ ਦਿਖਾਵਾਂਗਾ? ਇਸ ਗੱਲ ਦੇ ਡਰੋਂ ਹੀ ਮੈਂ ਬਾਪੂ ਨੂੰ ਕਿਹਾ ਕਿ ਤੁਸੀ ਹੀ ਚੁੱਕ ਲਿਆਓ,ਮੈਂ ਸਿੱਧਾ ਹੱਡਾਰੋੜੀ ਵਿੱਚ ਆ ਜਾਵਾਂਗਾ। ਸਾਡੇ ਪਰਿਵਾਰ ਵਿੱਚ ਮੈਂ ਸਭ ਤੋਂ ਛੋਟਾ ਹੋਣ ਕਾਰਣ ਮੇਰੀ ਗੱਲ ਅਕਸਰ ਮੰਨ ਲਈ ਜਾਂਦੀ ਸੀ। ਇਹ ਗੱਲ ਆਈ ਗਈ ਹੋ ਗਈ ਪਰ ਇਸ ਘਟਨਾ ਨੇ ਸਾਡੇ ਪਰਿਵਾਰ ਦੇ ਮਲੀਨ ਕਿੱਤੇ ਪ੍ਰਤੀ ਮੇਰੇ ਮਨ ਵਿੱਚ ਨਫ਼ਰਤ ਪੈਦਾ ਕਰ ਦਿੱਤੀ। ਇੱਕ ਦਿਨ ਸਾਡੇ ਘਰ ਚੌਕੀਦਾਰ ਸੁਨੇਹਾ ਦੇ ਗਿਆ ਕਿ ਸੱਥ ਵਿੱਚ ਚਮੜੇ ਦੇ ਠੇਕੇ ਦੀ ਬੋਲੀ ਹੋ ਰਹੀ ਹੈ,ਪੰਚਾਇਤ ਨੇ ਕਿਹਾ ਕਿ ਆ ਕੇ ਬੋਲੀ ਦੇਵੋ। ਮੇਰਾ ਬਾਪੂ ਤਰੰਤ ਹੀ ਪਿੰਡ ਦੀ ਸੱਥ ਵੱਲ ਹੋ ਤੁਰਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਬਾਪੂ ਮੁੜ ਠੇਕੇ ਦੀ ਬੋਲੀ ਦੇਣ ਚੱਲਿਆ ਤਾਂ ਮੈਂ ਵਾਹੋ ਦਾਹੀ ਬਾਪੂ ਮਗਰ ਭੱਜਿਆ ਅਤੇ ਰਾਹ ਵਿੱਚ ਹੀ ਬਾਪੂ ਨੂੰ ਰੋਕ ਕੇ ਇਸ ਕਿੱਤੇ ਨੂੰ ਛੱਡ ਦੇਣ ਲਈ ਵਾਸਤਾ ਪਾਇਆ। ਬਾਪੂ ਮੇਰੀ ਗੱਲ ਮੰਨ ਕੇ ਘਰ ਮੁੜ ਮਾਇਆ, ਉਸ ਪਿੱਛੋਂ ਪਿੰਡ ਦੀ ਪੰਚਾਇਤ ਨੇ ਕਈ ਵਾਰ ਘਰ ਬੰਦੇ ਭੇਜ ਕੇ ਸੁਨੇਹਾ ਭੇਜਿਆ ਕਿ ਸੱਥ ਵਿੱਚ ਆ ਕੇ ਬੋਲੀ ਦੇਵੋ, ਨਹੀਂ ਤਾਂ ਚਮੜੇ ਦਾ ਠੇਕਾ ਕਿਸੇ ਹੋਰ ਨੂੰ ਦੇ ਦੇਵਾਂਗੇ। ਮੇਰੇ ਬਾਪੂ ਨੇ ਕੋਰਾ ਜੁਆਬ ਦੇ ਦਿੱਤਾ ਕਿ ਅੱਜ ਤੋਂ ਅਸੀਂ ਇਹ ਕੰਮ ਨਹੀ ਕਰਾਂਗੇ। ਮੈਨੂੰ ਇਨਾਂ ਚਾਅ ਸੀ ਕਿ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ। ਬਚਪਨ ਵਿੱਚ ਮਲੀਨ ਕਿੱਤੇ ਵਿਰੁੱਧ ਕੀਤੀ ਬਗ਼ਾਵਤ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ। ਇਸ ਘਟਨਾ ਤੋਂ ਵੀਹ ਸਾਲ ਬਾਅਦ ਜਦੋਂ ਵੀ ਮੈਂ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਪੜਿਆ ਤਾਂ ਉਨਾਂ ਵੱਲੋਂ ਦਲਿਤਾਂ  ਨੂੰ ਮਲੀਨ ਕਿੱਤੇ ਛੱਡ ਦੇਣ ਦੀ ਦਿੱਤੀ ਸਲਾਹ ਬਾਰੇ ਪੜ ਕੇ ਅੱਖਾਂ ਵਿੱਚ ਹੰਝੂ ਆ ਗਏ। ਬਚਪਨ ਵਿੱਚ ਨਾ ਤਾਂ ਮੈਂ ਅੰਬੇਡਕਰ ਨੂੰ ਜਾਣਦਾ ਸੀ ਅਤੇ ਨਾ ਹੀ ਉਨਾਂ ਦੀ ਵਿਚਾਰਧਾਰਾ ਬਾਰੇ। ਪਰ ਬਚਪਨ ਵਿੱਚ ਕੀਤੀ ਬਗ਼ਾਵਤ ਦਾ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨਾਲ ਮੇਲ ਖਾ ਜਾਣਾ ਇੱਕ ਸੰਯੋਗ ਹੀ ਸਮਝਦਾ ਹਾਂ।

Section: