ਵਿਸ਼ੇਸ਼ ਮੁਲਾਕਾਤ ਗੁਰਪ੍ਰੀਤ ਘੁੱਗੀ ਦੀ ਵਿਸ਼ੇਸ ਇੰਟਰਵਿਯੂ ਮਿ. ਤੇਜਿੰਦਰ ਮਨਚੰਦਾ ਪੈਰਿਸ ਦੇ ਨਾਲ ਮੈਂ ਜ਼ਿੰਦਗੀ ’ਚ ਇਕ ਕਦਮ ਹੋਰ ਚੰਗਾ ਪੁੱਟਿਆ ਜਿਹੜਾ ਕਾਮਯਾਬੀ ਵੱਲ ਜਾਂਦਾ ਹੈ - ਗੁਰਪ੍ਰੀਤ ਘੁੱਗੀ

On: 21 July, 2011

ਪੈਰਿਸ 21 ਜੁਲਾਈ (ਧਰਮਵੀਰ ਨਾਗਪਾਲ) ਅੱਜਕਲ੍ਹ ਟੀ. ਵੀ. ਫ਼ਿਲਮਾਂ ਵਿਚ ਧਕੇ ਨਾਲ ਬਣੇ ਕਮੇਡੀ ਕਲਾਕਾਰਾਂ ਦੀ ਭਰਮਾਰ ਹੈ, ਕੀ ਇਹ ਕਮੇਡੀ ਦਾ ਮਜ਼ਾਕ ਨਹੀਂ ਉਡਾ ਰਹੇ?

ਦੇਖੋ ਜੀ, ਦੁਨੀਆ ਦਾ ਕੋਈ ਵੀ ਪ੍ਰਭਾਵਸ਼ਾਲੀ ਖੇਤਰ ਹੈ, ਉਸ ਵਿਚ ‘ਹਿੱਕੜ ਚੌਧਰੀ’ ਹੁੰਦੇ ਹੀ ਨੇ, ਜਿਸ ਤਰ੍ਹਾਂ ਹਰ ਸ਼ਹਿਰ, ਮੁਹੱਲੇ ’ਚ ਲੀਡਰ ਬਣੇ ਹੁੰਦੇ ਨੇ, ਜਿਹੜੀ ਚੀਜ਼’ਚ ਚਕਾਚੌਂਧ ਹੈ, ਉਸ ਵਿਚ ਲੋਕਾਂ ਦੀ ਭਰਮਾਰ ਹੁੰਦੀ ਹੀ ਹੈ, ਪਹਿਲਾਂ ਕਮੇਡੀ ਦਾ ਬਹੁਤ ਜ਼ੋਰ ਨਹੀਂ ਸੀ, ਹੁਣ ਲੋਕਾਂ ਦਾ ਰੁਝਾਨ ਕਮੇਡੀ ਵਿਚ ਵਧਿਆ ਹੈ। ਇਸ ਵਿਚ ਵੀ ‘ਘੁਸਪੈਠੀਏ’ ਆ ਗਏ ਹਨ। ਪਰ ਮੁੱਲ ਕਾਬਲੀਅਤ ਦਾ ਹੀ ਪੈਂਦਾ ਹੈ। ਇਹ ‘ਫਸਲੀ ਬਟੇਰੇ’ ਆਉਂਦੇ ਰਹਿੰਦੇ ਨੇ। ਚੰਗੇ ਲੋਕਾਂ ਨੇ ਚੰਗਾ ਕੰਮ ਕਰਦੇ ਰਹਿਣਾ ਹੈ। ਬਾਕੀ ਸਮੇਂ ਨਾਲ ਹੈਰ ਫੈਰ ਹੁੰਦੇ ਰਹਿੰਦੇ ਨੇ।

ਜਲੰਧਰ ਦੂਰਦਰਸ਼ਨ ਤੋਂ ਪਾਲੀਵੁੱਡ, ਬਾਲੀਵੁੱਡ ਤੇ ਹੁਣ ਹਾਲੀਵੁੱਡ ਦੇ ਸਫ਼ਰ ਤੱਕ ਆਏ ਉਤਾਰ ਚੜ੍ਹਾ ਦੇ ਕੁਝ ਪਲ ਸਾਂਝੇ ਕਰੋ?

ਜਲੰਧਰ ਦੂਰਦਰਸ਼ਨ ਤੋਂ ਪਾਲੀਵੁੱਡ, ਬਾਲੀਵੁੱਡ ਤੇ ਹਾਲੀਵੁਡ ਤੱਕ ਦਾ ਇਕੋ ਹੀ ਅੰਤਰ ਸੀ ‘ਹੋਲੀਵੁੱਡ’ ਹੌਲੀ ਹੌਲੀ ਤੁਰੇ ਜਾਓ, ‘ਸਹਿਜ ਪਕੇ ਸੋ ਮੀਠਾ ਹੋਏ’ ਜਲੰਧਰ ਦੂਰਦਰਸ਼ਨ ਤੋਂ ਬੂਟਾ ਲਾਇਆ ਸੀ ਉਹਨੂੰ ਪਾਣੀ ਦਿੰਦੇ ਰਹੇ, ਉਹ ਪਾਲੀਵੁੱਡ ’ਚ ਆ ਗਿਆ ਤੇ ਵੱਡਾ ਹੋਇਆ ਉਸ ਤੇ ਬਾਲੀਵੁੱਡ ਦੇ ਪੱਤੇ ਨਿਕਲ ਆਏ, ਹੁਣ ਥੋੜ੍ਹਾ ਜਿਹਾ ਹਾਲੀਵੁੱਡ ਦਾ ਫਲ ਲੱਗ ਗਿਆ, ਇਸ ਤਰ੍ਹਾਂ ਹੀ ਸਫ਼ਰ ਯਤਨਸ਼ੀਲ ਹੈ ਮਿਹਨਤ ਕਰੀ ਜਾ ਰਹੇ ਹਾਂ, ਬੰਦਾ ਕਿਹੜੀ ਮੰਜ਼ਿਲ ’ਤੇ ਪਹੁੰਚਿਆ, ਉਸ ਨਾਲੋਂ ਮਹੱਤਵਪੂਰਨ ਹੁੰਦਾ ਹੈ ਕਿ ਉਹ ਪੈੜਾਂ ਕਿਸ ਤਰ੍ਹਾਂ ਦੀਆਂ ਛੱਡ ਕੇ ਗਿਆ, ਪੈੜਾਂ ਵੀ ਉਤਨੀ ਹੀ ਮਹੱਤਤਾ ਰੱਖਦੀਆਂ ਨੇ ਮੰਜ਼ਿਲ ਤੇ ਪਹੁੰਚਣ ਲਈ, ਜਿੰਨੀ ਮਹੱਤਤਾ ਪੈਰਾਂ ਦੀ ਹੈ।

ਹੁਣ ਤੱਕ ਕਿੰਨੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਹੋ ਤੇ ਕਿੰਨੀਆਂ ਚ ਕਰ ਰਹੇ ਹੋ?

ਤਕਰੀਬਨ 25-30 ਫ਼ਿਲਮਾਂ ਹਨ।

ਤੁਹਾਡੀ ਇਸ ਕਾਮਯਾਬੀ ਪਿੱਛੇ ਸਭ ਤੋਂ ਵੱਧ ਕਿਸ ਸ਼ਖ਼ਸੀਅਤ ਦਾ ਹੱਥ ਰਿਹਾ?

ਸ਼ਖ਼ਸੀਅਤ ਮੈਂ ਇਕ ਨਹੀਂ ਕਹਿ ਸਕਦਾ, ਬਹੁਤ ਸਾਰੀਆਂ ਸ਼ਖ਼ਸੀਅਤਾਂ ਐਸੀਆਂ ਨੇ ਜਿਹਨਾਂ ਦਾ ਮੇਰੀ ਜ਼ਿੰਦਗੀ ’ਚ ਯੋਗਦਾਨ ਹੈ ਜਿਸ ਤਰ੍ਹਾਂ ਰੋਟੀ ਵੀ ਖਾਣੀ ਹੋਵੇ, ਰੋਟੀ ਦੇ ਨਾਲ ਦਾਲ, ਸਬਜ਼ੀ, ਪਾਣੀ ਜ਼ਰੂਰੀ ਹੈ, ਇਸੇ ਤਰ੍ਹਾਂ ਜ਼ਿੰਦਗੀ ਵਿਚ ਹਰ ਪੱਖ ਤੇ ਅਲਗ ਅਲਗ ਸ਼ਖ਼ਸੀਅਤਾਂ ਤੁਹਾਡੇ ’ਚ ਨਿਖਾਰ ਲੈ ਕੇ ਆਉਂਦੀਆਂ ਨੇ, ਕਿਸੇ ਨੇ ਮੇਰੀ ਜ਼ਿੰਦਗੀ ’ਚ ਛਾਂ ਦਾ ਕੰਮ ਕੀਤਾ, ਕਿਸੇ ਨੇ ਧੁੱਪ ਦਾ ਕੰਮ ਕੀਤਾ, ਕਿਸੇ ਨੇ ਪਾਣੀ ਦਾ ਕੰਮ ਕੀਤਾ, ਤੇ ਹੌਲੀ ਹੌਲੀ ਨਿਖਾਰ ਆਇਆ।

ਹਾਲੀਵੁੱਡ ਦੀ ਆ ਰਹੀ ਫ਼ਿਲਮ ‘ਬਰੈਕ ਅਵੈ’ ਤੋਂ ਤੁਹਾਨੂੰ ਕੀ ਉਮੀਦਾਂ ਹਨ ਤੇ ਇਹ ਫ਼ਿਲਮ ਕਦੋਂ ਰਿਲੀਜ਼ ਹੋ ਰਹੀ ਹੈ?

ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਸ ਕੰਮ ਤੋਂ ਉਮੀਦ ਹੀ ਹੁੰਦੀ ਹੈ, ਕਿਸੇ ਉਮੀਦ ਨਾਲ ਹੀ ਕਰਦੇ ਹੋ ਮੈਂ ਨਹੀਂ ਸਮਝਦਾ ਕਿ ਇਸ ਫ਼ਿਲਮ ਤੋਂ ਬਾਅਦ ਮੈਨੂੰ ਹਾਲੀਵੁੱਡ ’ਚ ਫ਼ਿਲਮਾਂ ਮਿਲਣ ਲੱਗ ਜਾਣਗੀਆਂ ਜਾਂ ਮੈਂ ਬਹੁਤ ਵੱਡਾ ਸਟਾਰ ਬਣ ਜਾਵਾਂਗਾ ਪਰ ਮੈਨੂੰ ਇਕ ਗੱਲ ਦੀ ਖ਼ੁਸ਼ੀ ਹੈ ਕਿ ਮੈਂ ਜ਼ਿੰਦਗੀ ’ਚ ਇਕ ਕਦਮ ਹੋਰ ਚੰਗਾ ਪੁੱਟਿਆ ਜਿਹੜਾ ਕਾਮਯਾਬੀ ਵੱਲ ਜਾਂਦਾ ਹੈ। ਓਰੀਜਨਲ ਪੰਜਾਬੀ ਐਕਟਰ ਘੱਟ ਹੀ ਹੋਵੇਗਾ ਜਿਸ ਨੇ ਅੰਗ੍ਰੇਜ਼ੀ ਫ਼ਿਲਮ ਵਿਚ ਕੰਮ ਕੀਤਾ, ਤੇ ਮੈਂ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਅੱਜ ਤਿੰਨੋ ਭਾਸ਼ਾਵਾਂ ਵਿਚ ਕੰਮ ਕਰ ਚੁੱਕਾ ਹਾਂ, ਅੰਗ੍ਰੇਜ਼ੀ ’ਚ ਡਾਇਲਾਗ ਡਿਲਵਰੀ ਵੀ ਮੇਰੀ ਪਸੰਦ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਟਰਾਏ ਦਿਖਾਏ ਆ ਗਿਆ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਅੰਗ੍ਰੇਜ਼ੀ ਡਾਇਲਾਗ ਚੰਗੀ ਤਰ੍ਹਾਂ ਡਲੀਵਰ ਕਰ ਪਾਵਾਂਗਾ, ਉਹ ਮੈਂ ਕਰ ਸਕਿਆ। 10 ਸਤੰਬਰ ਨੂੰ ‘ਬਰੈਕ ਅਵੈ’ ਫ਼ਿਲਮ ਦਾ ਪ੍ਰੀਮੀਅਰ ਸ਼ੋਅ ਹੈ ਤੇ 30 ਸਤੰਬਰ ਨੂੰ ਰਿਲੀਜ਼ ਕਰ ਰਹੇ ਹਾਂ।

ਇੰਡੀਆ ਵਿਚ ਭਿਸ਼ਟਰਾਚਾਰ, ਮਹਿੰਗਾਈ, ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ’ਚ ਦਮ ਕਰ ਦਿੱਤਾ ਹੈ ਕੀ ਇੰਡੀਆ ਵਿਚ ਵੀ ਲੋਕ ਸੜਕਾਂ ’ਤੇ ਉਤਰ ਸਕਦੇ ਹਨ?

ਨਹੀਂ ਉਤਰ ਸਕਦੇ, ਸਾਡੇ ਡੈਮੋਕ੍ਰੇਸੀ ਦੇ ਨਾਂ ’ਤੇ ਲੋਕਾਂ ਦਾ ਮਾਨਸਿਕ ਸ਼ੋਸ਼ਣ ਇੰਨੀ ਖ਼ੂਬਸੂਰਤੀ ਨਾਲ ਹੋ ਜਾਂਦਾ ਹੈ ਕਿ ਉਹ ਸੜਕਾਂ ’ਤੇ ਉਤਰਨ ਦੀ ਨਾ ਤਾਂ ਕਦੀ ਜ਼ਰੂਰਤ ਸਮਝਣਗੇ ਨਾ ਹੀ ਕਦੇ ਹਿੰਮਤ ਕਰਨਗੇ। ਲੋਕਾਂ ਅੰਦਰ ਕਦੀ ਕਦੀ ਹਲਕਾ ਹਲਕਾ ਰੋਸ ਹੀ ਜਾਗਦਾ ਹੈ ਵਿਦਰੋਹ ਕਦੀ ਨਹੀਂ ਜਾਗਦਾ।

ਇਕ ਸਵਾਲ ਪੰਜਾਬੀ ਗਾਇਕਾਂ ਬਾਰੇ, ਪੰਜਾਬੀ ਗੀਤਾਂ ਵਿਚ ਰਿਵਾਲਵਰ, ਤਲਵਾਰਾਂ, ਗੰਡਾਸੇ, ਹਿੰਸਾ ਦਿਖਾਈ ਜਾ ਰਹੀ ਹੈ, ਕੀ ਇਹ ਪੰਜਾਬੀ ਸਭਿਆਚਾਰ ਦੀ ਸੇਵਾ ਹੈ?

ਹਾਂ ਜੀ! ਇਹ ਗਾਇਕ ਪੰਜਾਬੀਆਂ ਦੀ ਸੇਵਾ ਹੀ ਕਰ ਰਹੇ ਨੇ ਜੀ, ਜਿਉਂਕਿ ਇਹਨਾਂ ਦੇ ਗੀਤ ਸੁਣ ਕੇ ਲੋਕ ਆਪਸ ਵਿਚ ਮਾਰ ਵੱਢ ਕਰਦੇ ਨੇ ਗੰਡਾਸੇ ਗੋਲੀਆਂ ਚਲਦੀਆਂ ਨੇ, ਸਿਰ ਪੜਵਾ ਕੇ, ਲੱਤਾਂ ਤੁੜਵਾ ਕੇ ਫਿਰ ਬੰਦੇ ਹਸਪਤਾਲਾਂ ਵਿਚ ਪੈਂਦੇ ਨੇ, ਫਿਰ ਹਸਪਤਾਲ ਵਿਚ ਮਰੀਜ਼ਾਂ ਦੀ ਸੇਵਾ ਹੁੰਦੀ ਹੈ, ਇਸ ਤਰ੍ਹਾਂ ਹੀ ਇਹ ਗਾਣੇ ਪੰਜਾਬੀਆਂ ਦੀ ‘ਸੇਵਾ’ ਕਰਵਾ ਰਹੇ ਹਨ।

ਇੰਟਰਵਿਯੂ ਵਲੋਂ : ਇੰਟਰਵਿਯੂ ਮਿ. ਤੇਜਿੰਦਰ ਮਨਚੰਦਾ ਪੈਰਿਸ ਦੇ ਨਾਲਕੁਝ ਮਹੀਨੇ ਪਹਿਲਾਂ ਮਹਾਨ ਕਲਾਕਾਰ ‘ਵਿਵੇਕ ਸ਼ੌਕ’ ਜੀ ਸਭ ਨੂੰ ਹਾਸੇ ਵੰਡਦੇ ਵੰਡਦੇ ਸਭ ਨੂੰ ਰੁਲਾ ਗਏ, ਤੁਸੀਂ ਉਹਨਾਂ ਨਾਲ ਕਈ ਫ਼ਿਲਮਾਂ ਵਿਚ ਕੰਮ ਵੀ ਕੀਤਾ, ਉਹਨਾਂ ਨਾਲ ਬਿਤਾਏ ਕੁਝ ਪਲ, ਉਹ ਨਿੱਜੀ ਜ਼ਿੰਦਗੀ ਵਿਚ ਕਿਸ ਤਰ੍ਹਾਂ ਦੇ ਇਨਸਾਨ ਸਨ?

ਉਹ ਮੇਰੇ ਵੱਡੇ ਭਰਾ ਸਨ, ਅਸੀਂ ਹਰ ਦੂਜੇ ਤੂਜੇ ਦਿਨ ਮੁੰਬਈ ’ਚ ਰਾਤ ਨੂੰ ਕਾਫੀ ਪੀਣ ਜ਼ਰੂਰ ਬੈਠਦੇ ਸੀ। ਉਹਨਾਂ ਦੀ ਸ਼ਖ਼ਸੀਅਤ ਦਾ ਮੇਰੀ ਜ਼ਿੰਦਗੀ ’ਚ ਬੜਾ ਪ੍ਰਭਾਵ ਹੈ। ਮੈਂ ਜ਼ਿੰਦਗੀ ’ਚ ਦੋ ਕੁ ਬੰਦਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੀ ਸ਼ੁਰੂਆਤ ਇਨਸਾਨੀਅਤ ਤੋਂ ਹੁੰਦੀ ਸੀ ਤੇ ਅੰਤ ਕਿਸੇ ਖੁਦਾਈ ਨਾਲ ਮਿਲ ਜਾਂਦਾ ਸੀ, ਜਿਨ੍ਹਾਂ ’ਚੋਂ ਇਕ ‘ਵਿਵੇਕ ਸ਼ਫਕ’ ਸੀ, ਉਹ ਬੰਦਾ ਰੱਬੀ ਰੂਹ ਸੀ, ਬੜਾ ਜਿੰਦਾ ਦਿਲ ਆਦਮੀ ਸੀ। ਪਰ! ਵਕਤ ਦੇ ਇਕ ਘਟੀਆ ਪਲ ਨੇ ਐਸੀ ਪਟਕਣੀ ਮਾਰੀ ਜ਼ਮੀਨ ਦੋਜ਼ ਹੋ ਗਿਆ ਬੰਦਾ।...

ਆਪਣੇ ਚਹੇਤਿਆਂ ਨੂੰ ਕੋਈ ਮੈਸੇਜ?

ਮੈਸੇਜ ਅੱਜ ਕਲ੍ਹ ਕੋਈ ਲੈ ਕੇ ਨਹੀਂ ਰਾਜ਼ੀ। ਮੈਂ ਤਾਂ ਬਸ ਸ਼ੁਕਰੀਆ ਹੀ ਅਦਾ ਕਰ ਸਕਦਾ ਹਾਂ, ਜਿਹੜੇ ਸਾਨੂੰ ਸੁਣਦੇ ਨੇ, ਦੇਖਦੇ ਨੇ, ਪਿਆਰ ਕਰਦੇ ਨੇ, ਸਾਨੂੰ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਮੇਰੇ ਇਕੱਲੇ ਨਾਲ ਨਹੀਂ, ਹਰ ਚੰਗੇ ਆਰਟਿਸਟ ਨਾਲ ਜੁੜੋ, ਜਿਹੜਾ ਮਿਆਰ ਤੋਂ ਗਿਰਿਆ ਕੰਮ ਨਹੀਂ ਕਰ ਰਿਹਾ। ਮੈਚ ਫਿਕਸ ਕਰਨ ਵਾਲੇ ਖਿਡਾਰੀ, ਘਟੀਆ ਸਾਹਿਤ, ਗੀਤ ਪ੍ਰਦਾਨ ਕਰਨ ਵਾਲੇ ਕਈ ਗੀਤਕਾਰ, ਗਾਇਕਾਂ ਦੀ ਮੈਂ ਗੱਲ ਨਹੀਂ ਕਰ ਰਿਹਾ। ਚੰਗੇ ਫਨਕਾਰ, ਅਦਾਕਾਰ, ਗੀਤਕਾਰ, ਗਾਇਕ, ਚਿਤਰਕਾਰ, ਸਮਾਜ ਸੇਵੀ ਨੌਜਵਾਨ, ਖਿਡਾਰੀ ਅਗਰ ਗਲਤੀ ਨਾਲ ਕੋਈ ਚੰਗਾ ਪਾਲੀਟੀਸ਼ੀਅਨ ਹੈ ਤਾਂ ਉਸ ਦਾ ਵੀ ਸਤਿਕਾਰ ਕਰੋ ਤਾਕਿ ਤੁਹਾਡੇ ਬੱਚੇ ਵੀ ਉਹਨਾਂ ਤੋਂ ਸਿੱਖਿਆ ਲੈ ਸਕਣ, ਇਹ ਕਲ੍ਹ ਨੂੰ ਤੁਹਾਡੇ ਬੱਚਿਆਂ ਦੇ ਰੋਲ ਮਾਡਲ ਬਣ ਸਕਦੇ ਨੇ।