ਵਿਅੰਗ-ਕਾਕੇ-ਬਲਦੇਵ ਸਿੰਘ ਆਜ਼ਾਦ

On: 30 March, 2011

ਜੀ ਹਾਂ,ਅਹੁ ਗਲੀ ਦੇ ਮੋੜਤੇ ਝੁੰਡ ਜਿਹਾ ਬਣਾਈ ਖੜੇ ਸਰਦਿਆਂ ਘਰਾਂ ਦੇ ਕਾਕੇ ਹੀ ਹਨ।ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲੀਆਂ ਵਿੱਚ ਗੇੜੇ ਕੱਢਣ ਅਤੇ ਆਮ ਘਰਾਂ ਦੀਆਂ ਧੀਆਂ-ਭੈਣਾਂ ਨਾਲ ਮਸ਼ਕਰੀਆਂ ਕਰਨਾ ਇਨ੍ਹਾਂ ਦਾ ਸ਼ੁਗਲ ਹੈ।ਆਪੋ ਆਪਣੀਆਂ ਕਾਰਾਂਤੇ ਅਸ਼ਲੀਲ ਗੀਤਾਂ ਦੀਆਂ ਕੈਸੇਟਾਂ ਦਿਨ ਰਾਤ ਫੁੱਲ ਆਵਾਜ਼ ਵਿੱਚ ਵਜਾਉਂਦੇ ਰਹਿਣਾ ਅਤੇ ਲਾਗਲੇ ਸਕੂਲਾਂ-ਕਾਲਜਾਂ ਵਿੱਚ ਗਲਤ ਹਰਕਤਾਂ ਕਰ ਕੇ ਲੜਾਈਆਂ ਕਰਵਾਉਂਦੇ ਰਹਿਣਾ,ਇਹਨਾਂ ਦੀ ਰੂਹ ਦੀ ਖੁਰਾਕ ਹੈ।ਸਿਰ ਘਰੜ ਕੇ ਮੁਨਵਾ ਉੱਤੇ ਪੁੱਠੀ ਟੋਪੀ ਲਈ ਰੱਖਣਾ ਅਤੇ ਖੱਬਾ ਕੰਨ ਵਿਨ੍ਹਾ ਕੇ ਮੁਰਕੀ ਪਾਈ ਰੱਖਣਾ ਇਨ੍ਹਾਂ ਦੀ ਸ਼ਖਸੀਅਤ ਦੀ ਨਿਸ਼ਾਨੀ ਹੈ।ਵੰਨ-ਸੁਵੰਨੇ ਨਸ਼ੇ ਕਰਨਾ ਅਤੇ ਲੋੜ ਅਨੁਸਾਰ ਨਿੱਕੀਆਂ-ਮੋਟੀਆਂ ਚੋਰੀਆਂ ਕਰਨਾ ਇਨ੍ਹਾਂ ਦਾ ਮਨ ਪ੍ਰਚਾਵਾ ਹੈ।ਲੱਗਦੇ ਜਿਵੇਂ ਤੁਸੀਂ ਕਾਕਿਆਂ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈ ਰਹੇ ਹੋ। ਚਲੋ ਆਓ ਫਿਰ ਤੁਹਾਡੀ ਇਨ੍ਹਾਂ ਨਾਲ ਤਰਵੀਂ-ਤਰਵੀਂ ਜਾਣ-ਪਹਿਚਾਣ ਕਰਵਾ ਹੀ ਦਿੰਦੇ ਹਾਂ।

ਅਹੁ ਨੱਕਦਾ ਜਿਹਾ ਸ਼ਰਾਬੀਆਂ ਦਾ ਪਊਆ ਹੈ।ਛੋਟੇ ਹੁੰਦਿਆਂ ਹੀ ਇਹ ਨੂੰ ਇੱਕ ਬਾਹਰਲੇ ਸ਼ਹਿਰ ਦੇ ਵਲਾਇਤੀ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਸੀ,ਪਰ ਜਾਇਦਾਦ ਚੋਖੀ ਹੋਣ ਕਰ ਕੇ ਬਹੁਤਾ ਪੜ੍ਹਨਾ ਇਹਨੇ ਕੋਈ ਜ਼ਰੂਰੀ ਨਹੀਂ ਸਮਝਿਆ।ਇੱਕ ਇੱਕ ਜਮਾਤ ਵਿੱਚ ਤਿੰਨ ਤਿੰਨ ਸਾਲ ਲਾ ਹੁਣ ਇਸ ਨੇ ਪਿੰਡ ਦੇ ਦੇਸੀ ਸਕੂਲ ਵਿੱਚ ਹੀ ਦਾਖਲਾ ਲੈ ਲਿਆ ਹੈ।ਹੁਣ ਸਕੂਲ ਤਾਂ ਇਹ ਅਣਸਰਦੇ ਨੂੰ ਹੀ ਜਾਂਦਾ ਹੈ।ਬੱਸ ਸਾਰਾ-ਸਾਰਾ ਦਿਨ ਇਹ ਬਾਈਕਤੇ ਸਵਾਰ ਹੋ ਗਲੀਆਂ ਦੀ ਮਿੱਟੀ ਹੀ ਫੱਕਦਾ ਰਹਿੰਦਾ ਹੈ।ਅਣਗਿਣਤ ਵਾਰ ਇਹ ਆਪਣੇ ਕਾਰਨਾਮਿਆਂ ਦੀ ਬਦੌਲਤ ਛਿਤਰੌਲ ਸੇਵਾ ਕਰਵਾ ਚੁੱਕਾ ਹੈ,ਪਰ ਇਹœਦੋ ਪਈਆਂ ਵਿਸਰ ਗਈਆਂ ਸਦਕੇ ਮੇਰੀ ਢੂਈ ਦੇ.ਵਾਲੀ ਸੋਚਣੀ ਦਾ ਮਾਲਕ ਹੈ।ਗੋਲੀਆਂ ਖਾਣਾ ਇਹਦਾ ਮਨਭਾਉਂਦਾ ਨਸ਼ਾ ਹੈ।ਕਦੇ ਕਦੇ ਟੇਸਟ ਬਦਲਣ ਲਈ ਇਹ ਬਰੈੱਡਤੇ ਆਇਓਡੈਕਸ ਲਗਾ ਕੇ ਵੀ ਛਕ ਜਾਂਦਾ ਹੈ।ਇਹ ਕਾਕਿਆਂ ਦੀ ਗੈਂਗ ਦਾ ਸਰਗਰਮ ਮੈਂਬਰ ਹੈ।ਕਿਹੜੇ ਕਾਕੇ ਨੇ ਕਿਹੜੀ ਗਲੀ ਵਿੱਚ ਰਾਊਂਡ ਲਾਉਣਾ ਹੈ,ਅਜਿਹੇ ਮਹੱਤਵਪੂਰਨ ਟੂਰ ਪ੍ਰੋਗਰਾਮ ਇਹ ਪਊਆ ਹੀ ਉਲੀਕਦਾ ਹੈ।

ਅਹੁ ਝੁੰਡ ਦੇ ਬਿਲਕੁਲ ਵਿਚਕਾਰ ਭੈਂਗਿਆਂ ਦਾ ਭੀਚਾ ਖੜਾ ਹੈ।ਸੁੱਖ ਨਾਲ ਇਹਨੂੰ œਕੱਲੇ ਨੂੰ ਹੀ ਸੌ ਏਕੜ ਜ਼ਮੀਨ ਆਉਂਦੀ ਹੈ।ਇਸ ਕਰ ਕੇ ਇਹਦੇ ਪੜ੍ਹਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਹਰ ਕਿਸਮ ਦਾ ਨਸ਼ਾ ਕਰਨ ਵਿੱਚ ਇਹ ਐਕਸਪਰਟ ਹੈ।ਜ਼ਰਦਾ ਮਲਣ ਵਿੱਚ ਤਾਂ ਇਹ ਵਿਸ਼ੇਸ਼ ਮੁਹਾਰਤ ਰੱਖਦਾ ਹੈ।ਭਾਵੇਂ ਇਹਨੂੰ ਰੁਪਏ ਦੀ ਕੋਈ ਘਾਟ ਨਹੀਂ ਹੈ ਫਿਰ ਵੀ ਇਹ ਸ਼ੁਗਲ ਵਜੋਂ ਜੇਬ ਕੱਟਣ ਦਾ ਨੇਕ ਕਾਰਜ ਕਦੇ-ਕਦੇ ਕਰ ਹੀ ਲੈਂਦਾ ਹੈ।ਇਨਫੀਲਡ ਮੋਟਰਸਾਈਕਲ ਇਹਦੇ ਜਿੰਨਾ ਤੇਜ਼ ਕੋਈ ਵੀ ਨਹੀਂ ਚਲਾ ਸਕਦਾ।ਇਸੇ ਤੇਜ਼ੀ ਦੀ ਬਦੌਲਤ ਇਹ ਦੋ ਵਾਰ ਆਪਣੀਆਂ ਲੱਤਾਂ ਵੀ ਤੁੜਵਾ ਚੁੱਕਾ ਹੈ।ਕਾਕਿਆਂ ਦੀ ਗੈਂਗ ਦਾ ਇਹ ਪ੍ਰਧਾਨ ਹੈ।ਇਹ ਕਰਾਟੇ ਐਕਸਪਰਟ ਹੈ।ਛੇੜਖਾਨੀ ਕਰਨ ਉਪਰੰਤ ਇਹ ਬੜੀ ਸਫਾਈ ਨਾਲ ਨੌ ਦੋ ਗਿਆਰਾਂ ਹੋ ਜਾਣ ਵਿੱਚ ਪੂਰਾ ਮਾਹਿਰ ਹੈ।

ਅਹੁ ਸਤਮਾਹਿਆਂ ਜਿਹਾ,ਜੀਹਨੇ ਸਿਰਤੇ ਪੁੱਠੀ ਟੋਪੀ ਲਈ ਹੋਈ ਹੈ,ਉਹ ਵਿੰਗੜਾਂ ਦਾ ਅਵੈੜਾ ਹੈ।ਇਹ ਨਿੱਕਾ ਹੁੰਦਾ ਤਾਂ ਵਾਹਵਾ ਪੜ੍ਹਦਾ ਹੁੰਦਾ ਸੀ। ਇਹਨੂੰ ਕਾਕਿਆਂ ਵਾਲਾ ਪਾਹ ਵੀ ਨਹੀਂ ਸੀ ਲੱਗਿਆ,ਪਰ ਜਦ ਇਹ ਲਾਗਲੇ ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋਇਆ,ਇਹ ਦਿਨਾਂ ਵਿੱਚ ਹੀ ਕਾਕਿਆਂ ਵਾਲੇ ਸਾਰੇ ਕਾਰੇ ਕਰਨ ਵਿੱਚ ਮਾਹਿਰ ਹੋ ਗਿਆ।ਪਤਾ ਨਹੀਂ ਉਸ ਕਾਲਜ ਵਿੱਚ ਇਹਨੇ ਅਜਿਹਾ ਕਿਹੜਾ ਕਾਰਨਾਮਾ ਕੀਤਾ ਕਿ ਹੁਣ ਉਸ ਕਾਲਜ ਦਾ ਪ੍ਰਿੰਸੀਪਲ ਸਾਡੇ ਪਿੰਡ ਦੇ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਕਾਲਜ ਵਿੱਚ ਦਾਖਲਾ ਨਹੀਂ ਦਿੰਦਾ।ਜਦੋਂ ਉਹ ਸਾਡੇ ਪਿੰਡ ਦਾ ਨਾਂ ਹੀ ਸੁਣਦਾ ਹੈ ਤਾਂ ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ।ਕਾਲਜ ਤੋਂ ਕੱਢੇ ਜਾਣ ਉਪਰੰਤ ਹੁਣ ਇਹ ਪਿੰਡ ਦੇ ਕਾਕਿਆਂ ਦੀ ਆਪਣੇ ਤਜਰਬੇ ਦੇ ਆਧਾਰਤੇ ਯੋਗ ਅਗਵਾਈ ਕਰ ਰਿਹਾ ਹੈ।ਕਿਸੇ ਗੁਆਂਢੀ ਪਿੰਡ ਦੇ ਕਾਕਿਆਂ ਨਾਲ ਲੜਾਈ ਵਿੱਢਣੀ ਹੋਵੇ,ਜੂਏ ਦੇ ਗੁੱਝੇ ਗੁਰ ਸਿੱਖਣੇ ਹੋਣ,ਅਲੱਗ-ਅਲੱਗ ਨਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣੀ ਹੋਵੇ,ਇਹ ਅਦਭੁੱਤ ਗਿਆਨ ਪ੍ਰਾਪਤ ਕਰਨ ਲਈ ਹੋਰਨਾਂ ਘਰਾਂ ਦੇ ਕਾਕੇ ਇਹਦੇ ਕੋਲ ਅਕਸਰ ਹੀ ਆਉਂਦੇ ਰਹਿੰਦੇ ਹਨ।ਨਾੜ ਵਿੱਚ ਨਸ਼ੇ ਦਾ ਟੀਕਾ ਲਾਉਣ ਦਾ ਇਹ ਪੂਰਾ ਮਾਹਰ ਹੈ।ਕਿਹੜਾ ਗਾਇਕ ਜ਼ਿਆਦਾ ਤੱਤੇ ਗੀਤ ਗਾਉਂਦਾ ਹੈ ਅਤੇ ਕਿਹੜਾ ਗਾਇਕ ਕਿਹੜੇ ਪਿੰਡ ਵਿੱਚ œਖਾੜਾ ਲਾਉਣ ਰਿਹਾ ਹੈ,ਅਜਿਹੀ ਕੀਮਤੀ ਜਾਣਕਾਰੀ ਇਹ ਪਿੰਡ ਦੇ ਹੋਰਨਾਂ ਕਾਕਿਆਂ ਨੂੰ ਵੀ ਦਿੰਦਾ ਰਹਿੰਦਾ ਹੈ।ਆਪਣੀਆਂ ਇਨ੍ਹਾਂ ਕਾਕਾ ਹਿਤੈਸ਼ੀ ਗਤੀਵਿਧੀਆਂ ਕਰ ਕੇ ਇਹ ਦੂਸਰੇ ਸਭ ਕਾਕਿਆਂ ਵਿੱਚ ਬਹੁਤ ਹੀ ਹਰਮਨ ਪਿਆਰਾ ਹੈ।

ਅਹੁ ਬੱਗਾ ਜਿਹਾ,ਜਿਹੜਾ ਖੱਬੇ ਹੱਥ ਦੀ ਤਲੀਤੇ ਜ਼ਰਦਾ ਧਰ ਸੱਜੇ ਹੱਥ ਦੇ ਅੰਗੂਠੇ ਨਲਾ ਬੜੀ ਲੈਅ ਜਿਹੀ ਵਿੱਚ ਮਲੀ ਜਾ ਰਿਹੈ-ਉਹ ਫਿੱਡਿਆਂ ਦਾ ਫੰਤਾ ਹੈ।ਇਹ ਚੌਵੀਂ ਘਟੇ ਹੀ ਨਸ਼ੇ ਵਿੱਚ ਗੁੱਟ ਰਹਿੰਦਾ ਹੈ।ਰੂੜੀ ਮਾਰਕਾ ਸ਼ਰਾਬ ਦਾ ਕੋਟਾ ਇਹ ਆਪਣੇ ਘਰੋਂ ਮੁੱਕਣ ਹੀ ਨਹੀਂ ਦਿੰਦਾ।ਜਦੋਂ ਕਦੇ ਤੋਟ ਆਉਣ ਦਾ ਡਰ ਹੁੰਦਾ ਹੈ,ਇਹ ਤੁਰੰਤ ਘਰ ਵਿੱਚ ਹੀ ਡਰੰਮ ਪਾ ਲੈਂਦਾ ਹੈ।ਕਿਸੇ ਪੁਲਸ ਵਾਲੇ ਦੀ ਜੁਰਅੱਤ ਨਹੀਂ ਪੈਂਦੀ ਜੋ ਇਹਦੀ ਵਾਅ ਵੱਲ ਵੀ ਵੇਖ ਜਾਵੇ।ਕਈ ਪੁਲਸ ਵਾਲੇ ਤਾਂ ਇਹਦੇ ਹਮ ਪਿਆਲਾ ਵੀ ਹਨ।ਗਲੀਆਂ ਵਿੱਚ ਭੂਤਰੀ ਢਾਂਡੀ ਵਾਂਗ ਗੇੜੇ ਕੱਢੇ ਬਿਨਾਂ ਇਹਦੀ ਰੋਟੀ ਹਜ਼ਮ ਨਹੀਂ ਹੁੰਦੀ। ਕਹਿਣ ਵਾਲੇ ਕਹਿੰਦੇ ਹਨ ਕਿ ਇਹਦਾ ਪਿਤਾ ਸ੍ਰੀ ਵੀ ਹੁਣ ਤੱਕ ਇਹੋ ਜਿਹੇ ਨੇਕ ਕਾਰਜ ਹੀ ਕਰਦਾ ਰਿਹੈ,ਪਰ ਜਦੋਂ ਦੀ ਇਸ ਕਾਕੇ ਨੇ ਗੁਰਜ ਸੰਭਾਲੀ ਹੈ,ਉਦੋਂ ਦਾ ਉਹ ਇਨ੍ਹਾਂ ਸੇਵਾਵਾਂ ਤੋਂ ਸੇਵਾ ਮੁਕਤ ਹੋ ਚੁੱਕਾ ਹੈ।

ਅਹੁ ਮੁੰਦਰਾਂ ਵਾਲਾ ਕਾਕਾ ਰੋਂਦੂਆਂ ਦਾ ਰਾਂਝਾ ਹੈ।ਇਹ ਆਪਣੇ ਮਾਪਿਆਂ ਦਾ.ਕੱਲਾ-ਕਹਿਰਾ ਕਾਕਾ ਹੈ।ਇਹਨੂੰ ਪੜ੍ਹਾਉਣ ਲਈ ਘਰ ਦਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ,ਪਰ ਮਾਂ ਦੇ ਇਸ ਬੱਬਰ ਸ਼ੇਰ ਨੇ ਪੜ੍ਹਾਈ ਵੱਲ ਨੱਕ ਨਹੀਂ ਕੀਤਾ।ਆਖਰ ਖਰਦਿਆਂ ਥੱਕ-ਹਾਰ ਇਹਨੂੰ ਘਰ ਹੀ ਮੋੜ ਲਿਆਂਦਾ। ਕੱਲਾ ਕਾਕਾ ਹੋਣ ਕਰ ਕੇ ਇਹ ਘਰਦਿਆਂ ਦਾ ਕੁਝ ਜ਼ਿਆਦਾ ਹੀ ਲਾਡਲਾ ਹੈ।ਹਰ ਰੋਜ਼ ਸ਼ਾਮ ਰੂੜੀ ਮਾਰਕਾ ਪੀ ਕੇ ਖੂਬ ਖਰੂਦ ਪਾਉਂਦਾ ਹੈ। ਸੁਬ੍ਹਾ ਤੋਂ ਲੈ ਕੇ ਸ਼ਾਮ ਤੱਕ ਹੋਰਾਂ ਕਾਕਿਆਂ ਨਾਲ ਰਲ ਸਕੂਟਰਤੇ ਖੂਬ ਮਟਰਗਸ਼ਤੀ ਕਰਦਾ ਹੈ।ਜਦੋਂ ਕਦੇ ਇਹਦੇ ਬਹੁਤੀ ਹੀ ਖੁਰਕ ਹੁੰਦੀ ਹੈ ਤਾਂ ਇਹ ਲਾਗਲੇ ਸ਼ਹਿਰ ਕੋਈ ਨਾ ਕੋਈ ਛੇੜਖਾਨੀ ਕਰ ਆਪਣੀ ਛਿਤਰੌਲ ਸੇਵਾ ਕਰਵਾ ਆਉਂਦਾ ਹੈ।ਸੁਣਿਆ ਹੈ ਕਿ ਇਹ ਆਉਂਦੀਆਂ ਚੋਣਾਂ ਵਿੱਚ ਖੜੇ ਹੋਣ ਦਾ ਮਨ ਬਣਾਈ ਬੈਠਾ ਹੈ।ਵੈਸੇ ਵੀ ਇਸ ਵਿੱਚ ਇੱਕ ਸਫਲ ਨੇਤਾ ਵਾਲੇ ਸਾਰੇ ਗੁਣ ਮੌਜੂਦ ਹਨ।

ਹੁਣ ਤੁਸੀਂ ਪੁੱਛੋਗੇ ਪਈ ਪੁਲਸ ਇਨ੍ਹਾਂ ਕਾਕਿਆਂ ਨੂੰ ਕੁਝ ਨਹੀਂ ਕਹਿੰਦੀ? ਛੱਡੋ ਜੀ,ਤੁਸੀਂ ਵੀ ਕਿੰਨੀਆਂ ਭੋਲੀਆਂ ਗੱਲਾਂ ਕਰਦੇ ਓ।ਸ੍ਰੀਮਾਨ ਜੀ,ਕੱਲ੍ਹ ਨੂੰ ਵੱਡੇ ਹੋ ਕੇ ਇਨ੍ਹਾਂ ਹੀ ਕਾਕਿਆਂ ਨੇ ਮੰਤਰੀ ਬਣਨਾ ਹੈ ਚੋਰਮੈਨ.ਬਣਨਾ ਹੈ ਅਤੇ ਹੋਰ ਉੱਚੇ-ਉੱਚੇ ਅਹੁਦਿਆਂਤੇ ਬਿਰਾਜਮਾਨ ਹੋਣਾ ਹੈ।ਪੁਲਸ ਨੂੰ ਕੀ ਲੋੜ ਹੈ ਕਿ ਉਹ ਇਨ੍ਹਾਂ ਭਵਿੱਖ ਦੇ ਮੰਤਰੀਆਂ ਨਾਲ ਕੋਈ ਅੜੰਗਾ ਵਿੱਢੇ।

ਲੱਗਦੈ,ਲੜਕੀਆਂ ਵਾਲੇ ਸਕੂਲ ਵਿੱਚ ਛੱਟੀ ਹੋ ਗਈ ਹੈ।ਹੀ ਤਾਂ ਇਹ ਸਭ ਕਾਕੇ ਬੜੀ ਤੇਜ਼ੀ ਨਾਲ ਸਕੂਟਰਾਂ-ਮੋਟਰਸਾਈਕਲਾਂਤੇ ਸਵਾਰ ਹੋ ਕੇ ਆਪੋ-ਆਪਣੇ ਮੋਰਚੇ ਮੱਲਣ ਲਈ ਕੂਚ ਕਰ ਗਏ ਹਨ।
 

Section: