ਪੰਥਕ ਸੇਵਾ ਲਹਿਰ ਸਿੱਖ ਕੌਮ ਨੂੰ ਇਕ ਪਰਵਾਰ ਵਾਂਗ ਪਰੋਏਗੀ ਲੋੜਵੰਦ ਸਿੱਖਾਂ ਲਈ ਧਰਮ ਫੰਡ ਕਾਇਮ ਹੋਵੇਗਾ

On: 20 April, 2011

ਜਗਸੀਰ ਸਿੰਘ ਸੰਧੂ,ਬਰਨਾਲਾ : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਦਿਹਾੜੇ 'ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ‘ਪੰਥਕ ਸੇਵਾ ਲਹਿਰ'ਨਾਂ ਦੀ ਇਕ ਨਵੀਂ ਧਾਰਮਿਕ ਜਥੇਬੰਦੀ ਦਾ ਗਠਿਤ ਕੀਤਾ ਗਿਆ ਹੈ।ਇਸ ਜਥੇਬੰਦੀ ਨੂੰ ਗਠਿਨ ਕਰਨ ਸਮੇਂ ਮੁੱਢਲੇ ਆਗੂਆਂ ਵਜੋਂ ਕੰਮ ਕਰਨ ਵਾਲੇ ਸ੍ਰ: ਰਾਜਦੇਵ ਸਿੰਘ ਖ਼ਾਲਸਾ (ਸਾਬਕਾ ਮੈਂਬਰ ਪਾਰਲੀਮੈਂਟ) ਨਾਲ ਇਸ ਜਥੇਬੰਦੀ ਨੂੰ ਕਾਇਮ ਕਰਨ ਦੇ ਕਾਰਨਾਂ, ਜਥੇਬੰਦੀ ਦੇ ਕੰਮਾਂ ਅਤੇ ਨਿਸ਼ਾਨਿਆਂ ਸਬੰਧੀ ਕੀਤੀ ਗਈ ਗੱਲਬਾਤ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

ਸਵਾਲ:ਸ੍ਰ: ਰਾਜਦੇਵ ਸਿੰਘ ਖ਼ਾਲਸਾ ਜੀ, ਜਦੋਂ ਸਿੱਖਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਸੰਸਥਾ ਮੌਜੂਦ ਹੈ,ਤਾਂ ਫੇਰ ਇਸ ਨਵੀਂ ਜਥੇਬੰਦੀ ਕਾਇਮ ਕਰਨ ਦੇ ਹਾਲਤ ਕਿਉਂ ਪੈਦਾ ਹੋਏ ਹਨ?

ਜਵਾਬ:ਜਦੋਂ ਪੰਜਾਬ 'ਚ ਡੇਰਾਵਾਦ ਵਧਿਆ ਤੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਸਵਾਂਗ ਧਾਰ ਕੇ ਅੰਮ੍ਰਿਤ ਛਕਾਉਣ ਦੇ ਤਰਜ-ਏ-ਅਮਲ 'ਤੇ ਜਾਮੇ ਇੰਸਾਂ ਨਾਮੀ ਸਰਬਤ ਪਿਆਉਣਾ ਸ਼ੁਰੂ ਕੀਤਾ ਗਿਆ ਤਾਂ ਉਸ ਨਾਲ ਸਿੱਖ ਕੌਮ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।ਸੌਦਾ ਸਾਧ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਈ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ਸ਼ੀਲ ਹੋਈਆਂ ਕੁਝ ਜਥੇਬੰਦੀਆਂ ਵਿਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਇਕ ਮੈਂਬਰ ਵਾਂਗ ਸ਼ਾਮਲ ਹੋਏ, ਪਰ ਜਦੋਂ ਸੌਦਾ ਸਾਧ ਸਿੱਖਾਂ 'ਤੇ ਭਾਰੂ ਹੋਣ ਲੱਗਿਆ ਤਾਂ ਸਭ ਇਕ-ਇਕ ਕਰਕੇ ਪਿੱਛੇ ਹਟਦੇ ਗਏ ਅਤੇ ਮੈਦਾਨ ਵਿਚ ਇਕੱਲਾ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਹੀ ਰਹਿ ਗਿਆ।ਹਾਲਾਤ ਅਜਿਹੇ ਬਣੇ ਕਿ ਸੌਦਾ ਸਾਧ ਦੇ ਖ਼ਿਲਾਫ ਜੱਦੋ-ਜਹਿਦ ਕਰਦੇ ਸਿੱਖਾਂ ਨਾਲ ਸਰਕਾਰ ਵੀ ਨਾ ਰਹੀ ਅਤੇ ਇਸ ਸੰਰਘਸ਼ ਦੇ ਮੋਹਰੀ ਬਣੇ ਸੰਤ ਦਾਦੂਵਾਲ ਨਾਲ ਕੁਝ ਸਾੜਾ ਕਰਨ ਵਾਲੇ ਪੈਦਾ ਹੋ ਗਏ,ਪਰ ਸੰਘਰਸ਼ 'ਚ ਆਈ ਖੜੌਤ ਦੇ ਬਾਵਜੂਦ,ਬਿਨਾਂ ਕਿਸੇ ਦਾ ਵਿਰੋਧ ਕੀਤਿਆਂ,ਸੰਤ ਦਾਦੂਵਾਲ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਬਾਜਾਖਾਨਾ ਵਿਚ ਡਾਂਗਾਂ ਖਾ ਕੇ,307ਧਾਰਾ ਦੇ ਪਰਚੇ ਦਰਜ ਕਰਵਾਕੇ ਵੀ ਉਹ ਇਕੱਲੇ ਹੀ ਜੂਝਦੇ ਆ ਰਹੇ ਹਨ,ਅਜਿਹੇ ਹਾਲਤ ਹੀ ਇਸ ਨਵੀਂ ਜਥੇਬੰਦੀ ਪੰਥਕ ਸੇਵਾ ਲਹਿਰ ਦੇ ਜਨਮ ਦਾਤੇ ਬਣੇ ਹਨ।

ਸਵਾਲ :ਖ਼ਾਲਸਾ ਜੀ! ਕੀ ਇਹ ਜਥੇਬੰਦੀ ਕੀ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸੋਚ ਮੁਤਾਬਿਕ ਕੰਮ ਕਰੇਗੀ?

ਜਵਾਬ:ਸੰਤ ਬਾਬਾ ਬਲਜੀਤ ਸਿੰਘ ਨੂੰ ਜਦੋਂ ਮੈਂ ਫਰੀਦਕੋਟ ਅਦਾਲਤ ਵਿਚ ਉਹਨਾਂ ਦਾ ਵਕੀਲ ਬਣ ਕੇ ਮਿਲਿਆ ਸੀ ਤਾਂ ਉਹਨਾਂ ਕਿਹਾ ਕਿ ਮੈਂ ਕਿਸੇ ਅੱਗੇ ਝੁਕ ਕੇ ਜੇਲ 'ਚੋਂ ਬਾਹਰ ਨਹੀਂ ਆਵਾਂਗਾ ਅਤੇ ਨਾ ਹੀ ਕੋਈ ਹੋਰ ਰਿਲੀਫ਼ ਲਵਾਂਗਾ।ਉਸ ਸਮੇਂ ਮੈਨੂੰ ਜਗਤ ਨਰਾਇਣ ਵਾਲੇ ਕੇਸ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫ਼ਤਾਰੀ ਦੀ ਯਾਦ ਆਈ ਸੀ,ਦੂਜੀ ਕੋਸ਼ਿਸ਼ ਸਰਕਾਰ ਵੱਲੋਂ ਭੀਖੀ ਵਿਖੇ ਸੰਤ ਦਾਦੂਵਾਲ ਖ਼ਿਲਾਫ ਕੀਤੀ ਗਈ ਸੀ,ਪਰ ਸੰਤ ਦਾਦੂਵਾਲ ਪਿੱਛੇ ਜਨਸ਼ਕਤੀ ਅਤੇ ਉਹਨਾਂ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਹੀ ਸਰਕਾਰ ਝੁਕੀ ਹੈ।ਇਸ ਲਈ ਸੰਤ ਦਾਦੂਵਾਲ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਅਸਲੀ ਵਾਰਸ ਸਾਬਤ ਹੋਏ ਹਨ ਅਤੇ ਉਹਨਾਂ ਦੇ ਮਿਸ਼ਨ ਦੀ ਪੂਰਤੀ ਲਈ ਜੱਦੋ-ਜਹਿਦ ਕਰ ਰਹੇ ਹਨ,ਕਿਉਂਕਿ ਸੰਤਾਂ ਦਾ ਵਿਚਾਰ ਹੈ ਕਿ ਸਿੱਖੀ ਦਾ ਸਿਧਾਂਤ ਆਪਣੇ ਲਈ ਭਗਤੀ ਕਰਨਾ ਨਹੀਂ, ਸਗੋਂ ਧਰਮ, ਕੌਮ ਅਤੇ ਸਮਾਜ ਲਈ ਸੰਘਰਸ਼ ਕਰਨਾ ਹੈ।

ਸਵਾਲ:ਖ਼ਾਲਸਾ ਜੀ! ਇਹ ਦੱਸੋ ਕਿ ਪੰਥਕ ਸੇਵਾ ਲਹਿਰ ਦੀ ਬੁਨਿਆਦ ਕਿਹੜੀਆਂ ਪ੍ਰਸਿਥੀਆਂ ਬਣੀਆਂ ਹਨ?

ਜਵਾਬ:ਡੇਰਾਵਾਦ ਵਿਰੁਧ ਲੜਾਈ 'ਚ ਸੰਤ ਦਾਦੂਵਾਲ ਨੇ ਇਹ ਮਹਿਸੂਸ ਕੀਤਾ ਕਿ ਜਿਵੇਂ ਡੇਰੇਦਾਰ ਆਪਣੇ ਸ਼ਰਧਾਲੂਆਂ ਲਈ ਹਰ ਤਰਾਂ ਦੀ ਮੱਦਦ ਕਰਨ ਵਾਸਤੇ ਫੰਡ ਰੱਖਦੇ ਹਨ ਅਤੇ ਆਰਥਿਕ ਤੌਰ 'ਤੇ ਆਪਣੇ ਚੇਲਿਆਂ ਦੀ ਮੱਦਦ ਕਰਦੇ ਹਨ।ਉਸ ਤਰਾਂ ਦਾ ਸਿੱਖਾਂ ਕੋਲ ਗਰੀਬ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕੋਈ ਫੰਡ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇਸ ਗੱਲੋਂ ਨੁਕਤਾਚੀਨੀ ਕਰਨ ਦੀ ਥਾਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਉਸਾਰੂ ਸੋਚ ਅਪਣਾਉਂਦਿਆਂ ਸਿੱਖਾਂ ਦੀ ਚੜਦੀ ਕਲਾਂ ਲਈ ਪੰਥਕ ਸੇਵਾ ਲਹਿਰ ਨਾਮ ਦੀ ਜਥੇਬੰਦੀ ਦਾ ਗਠਿਨ ਕੀਤਾ ਹੈ,ਲੋੜਵੰਦਾਂ ਦੀ ਹਰ ਤਰਾਂ ਨਾਲ ਸਹਾਇਤਾ ਕਰੇਗੀ।

ਸਵਾਲ:ਖ਼ਾਲਸਾ ਜੀ! ਪੰਥਕ ਸੇਵਾ ਲਹਿਰ ਲੋੜਵੰਦਾਂ ਦੀ ਸਹਾਇਤਾ ਲਈ ਕੀ ਕਰੇਗੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕਿਵੇਂ ਕੰਮ ਕਰੇਗੀ?

ਜਵਾਬ:ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ ਨੇ ਸਿੱਖਾਂ ਲਈ ਇਕ ਚਾਰ ਨੁਕਾਤੀ ਪ੍ਰੋਗਰਾਮ ਦਿੱਤਾ ਸੀ,ਜਿਸ ਵਿਚ ਇਕ ਧਰਮ ਮੰਦਰ,ਇਕ ਧਰਮ ਗੰਰਥ,ਸਮੇਂ ਮੁਤਾਬਿਕ ਧਾਰਮਿਕ ਆਗੂ ਅਤੇ ਧਰਮ ਫੰਡ ਕਾਇਮ ਕਰਨ ਵਾਰੇ ਕਿਹਾ ਸੀ।ਸਿੱਖਾਂ ਕੋਲ ਧਰਮ ਮੰਦਰ,ਸ੍ਰੀ ਹਰਿਮੰਦਰ ਸਾਹਿਬ ਦੇ ਰੂਪ ਵਿਚ ਅਤੇ ਧਰਮ ਗ੍ਰੰਥ,ਸ੍ਰੀ ਗੁਰੂ ਗੰਥ ਸਾਹਿਬ ਦੇ ਰੂਪ ਵਿਚ ਮੌਜੂਦ ਹੈ,ਪਰ ਸਮੇਂ ਮੁਤਾਬਿਕ ਧਾਰਮਿਕ ਆਗੂ ਤੇ ਧਰਮ ਫੰਡ ਇਸ ਸਮੇਂ ਨਹੀਂ ਹੈ।ਇਸ ਲਈ ਪੰਥਕ ਸੇਵਾ ਲਹਿਰ ਸਿੱਖ ਕੌਮ ਲਈ ਇਕ ਧਰਮ ਫੰਡ ਸ਼ਰੂ ਕਰਨ ਜਾ ਰਹੀ ਹੈ,ਜਿਸ ਦਾ ਹਰ ਮੈਂਬਰ 50ਰੁਪਏ ਪ੍ਰਤੀ ਮਹੀਨਾ ਦੇਵੇਗਾ।ਇਸ ਫੰਡ ਨਾਲ ਪੰਥਕ ਸੇਵਾ ਲਹਿਰ ਸਿੱਖਾਂ ਅਤੇ ਹੋਰ ਗਰੀਬਾਂ ਲਈ ਹਸਪਤਾਲ ਉਸਾਰੇਗੀ, ਸਿੱਖਾਂ ਦੇ ਬੱਚਿਆਂ ਨੂੰ ਗੁਰਮਤਿ ਵਿੱਦਿਆ ਦੇਣ ਦਾ ਪ੍ਰਬੰਧ ਕਰੇਗੀ,ਵਿਧਵਾਵਾਂ ਤੇ ਹੋਰ ਲੋੜਵੰਦਾਂ ਲਈ ਆਰਥਿਕ ਮੱਦਦ ਦੇਵੇਗੀ, ਬੇਘਰਿਆਂ ਲਈ ਘਰ ਬਣਾ ਕੇ ਦੇਵੇਗੀ, ਸਿੱਖ ਵਿਦਿਆਰਥੀਆਂ ਲਈ ਵਿਦਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰ ਖੋਲੇਗੀ ਤਾਂ ਕਿ ਉਚ ਵਿੱਦਿਆ ਵਿਚ ਸਿੱਖ ਵਿਦਿਆਰਥੀ ਦੂਜਿਆਂ ਦਾ ਮੁਕਾਬਲਾ ਕਰ ਸਕਣ, ਬਿਮਾਰਾਂ,ਅਨਾਥਾਂ,ਬੇ-ਘਰਿਆਂ ਦੀ ਇਕ ਪਰਵਾਰ ਵਜੋਂ ਮੱਦਦ ਕਰੇਗੀ,ਲੋਕਾਂ ਨੂੰ ਵਹਿਮਾਂ-ਭਰਮਾਂ 'ਚੋਂ ਕੱਢ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜੇਗੀ,ਦਸਤਾਰ ਦਾ ਪ੍ਰਚਾਰ ਕਰੇਗੀ,ਜਾਤ-ਪਾਤ ਦਾ ਸਿੱਖ ਪੰਥ 'ਚੋਂ ਖ਼ਾਤਮਾ ਕਰੇਗੀ,ਵਿਦੇਸ਼ਾਂ ਵਿਚ ਸਿੱਖੀ ਦੇ ਪ੍ਰਚਾਰ ਲਈ ਵਿਦੇਸ਼ੀ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਵੀ ਪੰਥਕ ਸੇਵਾ ਲਹਿਰ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਇਕ ਪੰਥਕ ਅਖ਼ਬਾਰ ਤੇ ਇਕ ਪੰਥਕ ਟੀ.ਵੀ.ਚੈਨਲ ਸਥਾਪਿਤ ਕਰਨ ਲਈ ਯਤਨ ਕਰੇਗੀ ਤਾਂ ਜੋ ਸਿੱਖ ਪੰਥ ਸਮੇਂ ਦੇ ਨਾਲ-ਨਾਲ ਚਲਦਿਆਂ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਸਕੇ।

ਸਵਾਲ:ਖ਼ਾਲਸਾ ਜੀ! ਪੰਥਕ ਸੇਵਾ ਲਹਿਰ ਇਹ ਧਰਮ ਫੰਡ ਕਿਵੇਂ ਇਕੱਠਾ ਕਰੇਗੀ ਅਤੇ ਇਹ ਵੱਡੇ ਖਰਚੇ ਵਾਲੇ ਕਾਰਜ ਕਿਵੇਂ ਨੇਪਰੇ ਚਾੜੇਗੀ?

ਜਵਾਬ:ਪੰਥਕ ਸੇਵਾ ਲਹਿਰ ਨੇ ਹਰ ਮੈਂਬਰ ਲਈ 50ਰੁਪਏ ਪ੍ਰਤੀ ਮਹੀਨਾ ਮੈਂਬਰਸ਼ਿਪ ਰੱਖੀ ਹੈ,ਜਿਸ ਲਈ ਜਥੇਬੰਦੀ ਕੋਲ ਇਕ ਲੱਖ ਫਾਰਮ ਜਮਾਂ ਹੋ ਚੁੱਕੇ।ਗੁਰੂ ਦੀ ਕਿਰਪਾ ਨਾਲ ਸਿੱਖ ਕੌਮ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ,ਸਿਰਫ ਉਸਦੀ ਵਰਤੋਂ ਸਹੀ ਢੰਗ ਨਾਲ ਕਰਨ ਦੀ ਜਰੂਰਤ ਹੈ,ਜੋ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਚੇਤੰਨ ਅਤੇ ਕੌਮ ਪ੍ਰਸਤ ਸੋਚਣੀ ਸਦਕਾ ਪੰਥਕ ਸੇਵਾ ਲਹਿਰ ਰਾਹੀਂ ਸ਼ੁਰੂ ਕਰ ਦਿੱਤੀ ਹੈ।

ਸਵਾਲ :ਖ਼ਾਲਸਾ ਜੀ! ਆਖਰੀ ਸਵਾਲ ਕਿ ਕੀ ਪੰਥਕ ਸੇਵਾ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲੜੇਗੀ?

ਜਵਾਬ:ਇਹ ਫ਼ੈਸਲਾ ਤਾਂ ਪੰਥਕ ਸੇਵਾ ਲਹਿਰ ਦੀ ਪੰਜ ਮੈਂਬਰ ਕਮੇਟੀ ਵੱਲੋਂ ਕੀਤਾ ਜਾਵੇਗਾ।ਬਾਕੀ ਇਤਿਹਾਸ ਗਵਾਹ ਹੈ ਕਿ ਜਿਹੜਾ ਬੰਦਾ ਨਿਡਰਤਾ,ਸਿਦਕ, ਨਿਰਸਵਾਰਥ ਅਤੇ ਨਿਰਪੱਖਤਾ ਨਾਲ ਸਿੱਖ ਪੰਥ ਦੀ ਚੜਦੀ ਕਲਾ ਲਈ ਕੰਮ ਕਰਦਾ ਹੈ,ਸਦਾ ਸਫਲਤਾ ਅਤੇ ਤਾਕਤਾਂ ਨੇ ਉਸਦੇ ਪੈਰ ਚੁੰਮੇ ਹਨ।ਆਉ ਪੰਥਕ ਪੰਜਾਬ ਬਣਾਉਣ ਲਈ,ਦੁਨੀਆਂ 'ਤੇ ਪੰਥ ਦਾ ਝੰਡਾ ਝੁਲਾਉਣ ਲਈ,ਪੰਥ ਦੀ ਵੱਖਰੀ ਤੇ ਨਿਆਰੀ ਪਹਿਚਾਣ ਲਈ ਅਤੇ ਪੰਥ ਨੂੰ ਇਕ ਪਰਿਵਾਰ 'ਚ ਪਰੋਣ ਲਈ ਪੰਥਕ ਸੇਵਾ ਲਹਿਰ ਦਾ ਹਿੱਸਾ ਬਣੀਏ।