ਪਾਇਲਟ ਨੇ ਦੱਬਿਆ ਅਗਵਾ ਸੰਕੇਤ ਦੇਣ ਵਾਲਾ ਬਟਨ, ਹਵਾਈ ਅੱਡੇ 'ਤੇ ਭੜਥੂ

On: 19 October, 2012

ਤਿਰੁਵਨੰਤਪੁਰਮ- ਅਬੂ ਧਾਬੀ ਤੋਂ ਕੋਚੀ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਦੇ ਪਾਇਲਟ ਨੇ ਕਾਕਪਿਟ 'ਚ ਯਾਤਰੀਆਂ ਦੇ ਹੰਗਾਮਾ ਕਰਨ ਤੋਂ ਬਾਅਦ ਅਗਵਾ ਸੰਕੇਤ ਦੇਣ ਵਾਲਾ ਬਟਨ ਦਬ ਦਿੱਤਾ, ਜਿਸ ਕਾਰਨ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ। ਜਹਾਜ਼ 'ਚ ਸਵਾਰ ਯਾਤਰੀ ਜਹਾਜ਼ ਨੂੰ ਤਿਰੁਵਨੰਤਪੁਰਮ ਵੱਲ ਮੋੜੇ ਜਾਣ ਦਾ ਵਿਰੋਧ ਕਰ ਰਹੇ ਸਨ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਕੋਚੀ ਜਾਣ ਲਈ 4 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਹਾਜ਼ 'ਚ ਉਡੀਕ ਕਰਨ ਤੋਂ ਬਾਅਦ ਨਾਰਾਜ਼ ਯਾਤਰੀਆਂ ਨੇ ਕਾਕਪਿਟ 'ਚ ਵੜ ਕੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਾਇਲਟ ਨੇ ਅਗਵਾ ਸੰਕੇਤ ਦੇਣ ਵਾਲਾ ਬਟਨ ਦਬਾ ਦਿੱਤਾ, ਜਿਸਦੇ ਕੁਝ ਹੀ ਪਲ ਬਾਅਦ ਪੁਲਸ ਅਤੇ ਹੋਰ ਸੁਰੱਖਿਆ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਖੜੇ ਜਹਾਜ਼ ਨੂੰ ਘੇਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਜਹਾਜ਼ ਨੂੰ ਤਿਰੁਵਨੰਤਪੁਰਮ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਦੇ ਵਾਰ-ਵਾਰ ਅਪੀਲ ਕਰਨ ਤੋਂ ਬਾਅਦ ਵੀ ਯਾਤਰੀਆਂ ਨੇ ਜਹਾਜ਼ ਤੋਂ ਉਤਰਨ ਤੋਂ ਮਨ੍ਹਾ ਕਰ ਦਿੱਤਾ।