ਮੁਟਿਆਰ ਦੀ ਸੂਝਬੂਝ ਨਾਲ ਟਲੀ ਦਾਮਿਨੀ ਕਾਂਡ ਵਰਗੀ ਘਟਨਾ

On: 11 December, 2013

ਦਿੱਲੀ 'ਚ ਹੋਏ ਦੇਸ਼ ਦੇ ਸਭ ਤੋਂ ਵੱਡੇ  ਜਬਰ-ਜ਼ਨਾਹ ਦੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ- ਏ- ਮੌਤ ਮਿਲਣ ਦੇ ਬਾਅਦ ਵੀ ਜਬਰ-ਜ਼ਨਾਹ ਤੇ ਛੇੜਛਾੜ ਵਰਗੀਆਂ ਘਟਨਾਵਾਂ ਦਾ ਸਿਲਸਿਲਾ ਜਾਰੀ ਹੈ। ਅੱਜ ਗੁਆਂਢੀ ਰਾਜ ਰਾਜਸਥਾਨ ਦੇ ਜਿਲਾ ਸ਼੍ਰੀਗੰਗਾਨਗਰ 'ਚ ਕੋਚਿੰਗ ਕਲਾਸ 'ਚ ਹਿੱਸਾ ਲੈ ਰਹੀ ਇਕ ਮੁਟਿਆਰ ਨੇ ਆਪਣੀ ਸੂਝਬੂਝ ਨਾਲ ਇਕ ਹੋਰ ਦਾਮਿਨੀ ਕਾਂਡ ਵਾਪਰਨ ਤੋਂ ਬਚਾ ਲਿਆ।  
ਜਾਣਕਾਰੀ ਮੁਤਾਬਕ ਸਥਾਨਕ ਵਾਸੀ ਇਕ ਮੁਟਿਆਰ ਬੀਤੇ ਐਤਵਾਰ ਦੀ ਛੁੱਟੀ ਆਪਣੇ ਪਰਿਵਾਰ ਨਾਲ ਮਨਾਉਣ ਦੇ ਬਾਅਦ ਸੋਮਵਾਰ ਸਥਾਨਕ ਬੱਸ ਸਟੈਂਡ ਤੋਂ ਇਕ ਬੱਸ 'ਚ ਸਵਾਰ ਹੋਈ। ਉਸਨੇ ਦੱਸਿਆ ਕਿ ਉਸ ਬੱਸ 'ਚ ਸਿਰਫ 7-8 ਨੌਜਵਾਨ ਪਿਛਲੀਆਂ ਸੀਟਾਂ 'ਤੇ ਹੀ ਬੈਠੇ ਸੀ। ਉਹ ਮੁਟਿਆਰ ਸ਼੍ਰੀਗੰਗਾਨਗਰ ਦੀ ਟਿਕਟ ਲੈ ਕੇ ਅੱਗੇ ਦੀ ਸੀਟ 'ਤੇ ਬੈਠ ਗਈ। ਮੁਟਿਆਰ ਨੇ ਦੱਸਿਆ ਕਿ ਬੱਸ ਜਦੋਂ ਬਸ ਅੱਡੇ ਤੋਂ ਬੜੀ ਤੇਜ਼ੀ ਨਾਲ ਚੱਲੀ ਤਾਂ ਉਸਨੂੰ ਕਿਸੇ ਅਨਹੋਣੀ ਘਟਨਾਂ ਦਾ ਅਹਿਸਾਸ ਹੋਇਆ ਪਰ ਬਾਈਪਾਸ 'ਤੇ ਪਹੁੰਚਣ ਤੋਂ ਪਹਿਲਾਂ ਹੀ ਜਦੋਂ ਉਕਤ ਨੌਜਵਾਨ ਬਸ ਦੇ ਅਗਲੇ ਤੇ ਪਿਛਲੇ ਦਰਵਾਜੇ ਨੂੰ ਬੰਦ ਕਰਕੇ ਉਸਦੇ ਆਲੇ-ਦੁਆਲੇ ਆ ਕੇ ਬੈਠ ਗਏ ਤਾਂ ਉਸਨੂੰ ਇਹ ਅਹਿਸਾਸ ਹੋਇਆ ਕਿ ਕੁਝ ਠੀਕ ਨਹੀਂ ਹੋਣ ਵਾਲਾ ਕਿਉਂਕਿ ਡਰਾਈਵਰ ਨੇ ਨਾ ਤਾਂ ਬਾਈਪਾਸ 'ਤੇ ਅਤੇ ਨਾ ਹੀ ਆਲਮਗੜ੍ਹ ਦੇ ਬੱਸ ਸਟੈਂਡ 'ਤੇ ਸਵਾਰੀਆਂ ਵਲੋਂ ਹੱਥ ਦੇਣ ਦੇ ਬਾਅਦ ਵੀ ਬਸ ਨੂੰ ਨਹੀਂ ਰੋਕਿਆ ਤਾਂ ਉਸਨੇ ਸੁਝਬੂਝ ਨਾਲ ਕੰਮ ਲੈਂਦੇ ਹੋਏ ਬੱਸ ਡਰਾਈਵਰ ਨੂੰ ਚੀਕ ਕੇ ਬੱਸ ਰੋਕਣ ਲਈ ਕਿਹਾ ਪਰ ਡਰਾਈਵਰ ਨੇ ਕਿਹਾ ਕਿ ਇਹ ਬੱਸ ਸ਼੍ਰੀਗੰਗਾਨਗਰ ਤੋਂ ਪਹਿਲਾਂ ਕਿਤੇ ਵੀ ਨਹੀਂ ਰੁਕੇਗੀ ਅਤੇ ਤੂੰ ਵੀ ਸ਼੍ਰੀਗੰਗਾਨਗਰ ਜਾਣਾ ਹੈ ਕਿਉਂਕਿ ਤੂੰ ਟਿਕਟ ਵੀ ਸ਼੍ਰੀਗੰਗਾਨਗਰ ਦੀ ਲਈ ਹੈ। ਉਸ ਵਲੋਂ ਚੱਲਦੀ ਬੱਸ 'ਚੋਂ ਛਾਲ ਮਾਰ ਦੇਣ ਦੀ ਧਮਕੀ ਸੁਣ ਕੇ ਡਰਾਈਵਰ ਨੇ ਬੱਸ ਰੋਕ ਦਿੱਤੀ। ਲੜਕੀ ਬੱਸ 'ਚੋਂ ਉਤਰੀ ਤੇ ਪੈਦਲ ਆਲਮਗੜ੍ਹ ਦੇ ਬੱਸ ਸਟੈਂਡ ਪੁੱਜੀ।

Section: