ਆਨੰਦ ਦੀ ਲੰਡਨ ਸ਼ਤਰੰਜ ਕਲਾਸਿਕ 'ਚ ਜਿੱਤ ਨਾਲ ਕੀਤੀ ਸ਼ੁਰੂਆਤ

On: 12 December, 2013

ਲੰਡਨ- ਭਾਰਤੀ ਸਟਾਰ ਵਿਸ਼ਵਨਾਥਨ ਆਨੰਦ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਕੇ ਲੰਡਨ ਸ਼ਤਰੰਜ ਕਲਾਸਿਕ ਦੇ ਗਰੁਪ-ਏ 'ਚ ਸਥਾਨਕ ਖਿਡਾਰੀ ਲਿਊਕ ਮੈਕਸ਼ਾਨੇ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਆਨੰਦ ਨੇ ਸਟੀਕ ਗਿਣਤੀ ਕੀਤੀ ਅਤੇ ਆਪਣੇ 44ਵੇਂ ਜਨਮਦਿਨ ਦਾ ਜਸ਼ਨ ਜਿੱਤ ਨਾਲ ਮਨਾਇਆ। ਮੈਕਸ਼ਾਨੇ ਨੂੰ ਇਕ ਵਾਰ ਲੱਗ ਰਿਹਾ ਸੀ ਕਿ ਉਹ ਬਾਜ਼ੀ ਡਰਾਅ ਕਰਵਾ ਕੇ ਇਕ ਹੰਕ ਹਾਸਲ ਕਰਨ 'ਚ ਸਫਲ ਰਹਿਣਗੇ ਪਰ ਫੁੱਟਬਾਲ ਦੀ ਸਕੋਰਿੰਗ ਪ੍ਰਣਾਲੀ ਅਨੁਸਾਰ ਖੇਡੀ ਜਾ ਰਹੀ ਚੈਂਪੀਅਨਸ਼ਿਪ 'ਚ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਨੰਦ ਤਿੰਨ ਅੰਕ ਹਾਸਲ ਕਰਨ 'ਚ ਸਫਲ ਰਹੇ। ਨਵੀਂ ਪ੍ਰਣਾਲੀ 'ਚ ਜਿੱਤ 'ਤੇ ਤਿੰਨ ਅੰਕ ਅਤੇ  ਡਰਾਅ 'ਤੇ ਇਕ ਅੰਕ ਮਿਲਦਾ ਹੈ। ਆਨੰਦ ਦੇ ਇਲਾਵਾ ਗਰੁੱਪ ਏ 'ਚ ਹੀ ਇੰਗਲੈਂਡ ਦੇ ਮਾਈਕਲ ਐਡਮਸ ਨੇ ਵੀ ਫਰਾਂਸ ਦੇ ਆਂਦਰੇਈ ਇਸਤਰਾਤੇਸਕੂ ਨੂੰ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਇਸ ਸਾਲ ਚੈਂਪੀਅਨਸ਼ਿਪ 'ਚ 16 ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਨੂੰ ਚਾਰ ਗਰੁੱਪਾਂ 'ਚ ਵੰਡਿਆ ਗਿਆ ਹੈ। ਇਹ ਸਾਰੇ ਖਿਡਾਰੀ ਆਪਣੇ ਗਰੁੱਪ 'ਚ ਡਬਲ ਰਾਊਂਡ ਰੋਬਿਨ ਖੇਡਣਗੇ ਅਤੇ ਹਰੇਕ ਗਰੁੱਪ 'ਚੋਂ  ਚੋਟੀ 'ਤੇ ਰਹਿਣ ਵਾਲੇ ਦੋ ਖਿਡਾਰੀ ਨਾਕਆਊਟ ਪੜਾਅ 'ਚ ਪਹੁੰਚਣਗੇ। ਆਨੰਦ ਪਹਿਲੇ ਦੌਰ ਤੋਂ ਬਾਅਦ ਗਰੁੱਪ-ਏ 'ਚ ਐਡਮਸ ਨਾਲ ਚੋਟੀ 'ਤੇ ਹਨ ਜਦੋਂਕਿ ਮੈਕਸ਼ਾਨੇ ਅਤੇ ਇਸਤਰਾਤੇਸਕੂ ਨੇ ਅਜੇ ਖਾਤਾ ਖੋਲਣਾ ਹੈ। ਰੂਸੀ ਵਲਾਦੀਮਿਰ ਕ੍ਰੈਮਨਿਕ ਖੁਸ਼ਕਿਸਮਤ ਰਹੇ ਜੋ ਉਨ੍ਹਾਂ ਨੇ ਗਰੁੱਪ-ਬੀ 'ਚ ਹਮਵਤਨ ਪੀਟਰ ਸ਼ਵੇਡਲਰ 'ਤੇ ਜਿੱਤ ਦਰਜ ਕੀਤੀ। ਵਾਈਲਡ ਕਾਰਡ ਨਾਲ ਪ੍ਰਵੇਸ਼ ਪਾਉਣ ਵਾਲੇ ਇੰਗਲੈਂਡ ਦੇ ਜੋਨਾਥਨ ਰਾਸਨ ਨੇ ਇਸੇ ਗਰੁੱਪ 'ਚ ਹਮਵਤਨ ਮੈਥਿਊ ਸੈਡਲਰ ਨੂੰ ਹਰਾਇਆ। ਗਰੁੱਪ ਸੀ 'ਚ ਸਥਾਨਕ ਖਿਡਾਰੀ ਗਵੇਨ ਜੋਨਸ ਨੇ ਅਮਰੀਕਾ ਦੇ ਹਿਕਾਰੂ ਨਕਾਮੁਰਾ ਨੂੰ ਡਰਾਅ 'ਤੇ ਰੋਕਿਆ ਜਦੋਂਕਿ ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਚੈਲੰਜਰ ਇਜ਼ਰਾਈਲ ਦੇ ਬੋਰਿਸ ਗੇਲਫੇਂਡ ਨੇ ਹੰਗਰੀ ਦੀ ਸਭ ਤੋਂ ਵੱਧ ਰੇਟਿੰਗ ਵਾਲੀ ਮਹਿਲਾ ਜੁਡਿਥ ਪੋਲਗਰ ਨੂੰ ਹਰਾਇਆ। ਗਰੁੱਪ-ਡੀ 'ਚ ਇੰਗਲੈਂਡ ਦੇ ਨਿਜੇਲ ਸ਼ਾਰਟ ਨੇ ਹਮਵਤਨ ਡੇਵਿਡ ਹਾਵੇਲ ਨਾਲ ਅੰਕ ਵੰਡੇ ਜਦੋਂਕਿ ਇਟਲੀ ਦੇ ਫੈਬਿਆਨੋ ਕਾਰੂਆਨਾ ਨੇ ਇਜ਼ਰਾਈਲ ਦੇ ਏਮਿਲ ਸੁਤੋਵਸਕੀ ਨੂੰ ਹਰਾ ਕੇ ਬੜ੍ਹਤ ਹਾਸਲ ਕੀਤੀ।