82 ਸਾਲ ਦੀ ਔਰਤ ਦੇ ਗਰਭ 'ਚ ਪਲ ਰਿਹੈ 40 ਸਾਲ ਦਾ ਭਰੂਣ

On: 13 December, 2013

ਕੋਲੰਬੀਆ—ਅਮਰੀਕਾ ਦੇ ਕੋਲੰਬੀਆ ਦੀ ਰਹਿਣ ਵਾਲੀ ਇਕ 82 ਸਾਲਾ ਔਰਤ ਦੇ ਪੇਟ ਵਿਚ 40 ਸਾਲਾਂ ਤੋਂ ਭਰੂਣ ਪਲ ਰਿਹਾ ਹੈ। ਉਕਤ ਔਰਤ ਜਦੋਂ ਪੇਟ ਵਿਚ ਦਰਦ ਹੋਣ 'ਤੇ ਡਾਕਟਰੀ ਜਾਂਚ ਲਈ ਗਈ ਤਾਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਾ। ਮੈਡੀਕਲ ਸਾਇੰਸ ਵਿਚ ਇਸ ਸਥਿਤੀ ਨੂੰ 'ਲੀਥੋਪੀਡੀਅਨ' ਜਾਂ 'ਸਟੋਨ ਬੇਬੀ' ਕਿਹਾ ਜਾਂਦਾ ਹੈ। ਇਸ ਸਥਿਤੀ ਵਿਚ ਭਰੂਣ ਗਰਭ ਤੋਂ ਬਾਹਰ ਵਿਕਸਿਤ ਹੁੰਦਾ ਹੈ। ਮੈਡੀਕਲ ਇਤਿਹਾਸ ਵਿਚ ਹੁਣ ਤੱਕ ਅਜਿਹੇ 300 ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਮੁਤਾਬਕ ਜਦੋਂ ਉਨ੍ਹਾਂ ਨੇ ਔਰਤ ਦਾ ਟੈਸਟ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਨੂੰ ਲੱਗਾ ਕਿ ਉਸ ਦੇ ਪੇਟ ਵਿਚ ਪੱਥਰ ਹੈ ਪਰ ਜਦੋਂ ਅਲਟ੍ਰਾਸਾਉਂਡ ਕੀਤਾ ਗਿਆ ਤਾਂ ਪਤਾ ਲੱਗਾ ਕਿ ਔਰਤ ਦੇ ਪੇਟ ਵਿਚ ਟਿਊਮਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿਚ ਭਰੂਣ ਗਰਭ ਦੀ ਜਗ੍ਹਾ ਵਿਕਸਿਤ ਹੋਣ ਲਈ ਹੋਰ ਥਾਂ ਚਲਾ ਜਾਂਦਾ ਹੈ ਅਤੇ ਇਸ ਸਥਿਤੀ ਵਿਚ ਔਰਤ ਦਾ ਪੇਟ ਗਰਭਵਤੀ ਵਰਗਾ ਦਿਖਾਈ ਨਹੀਂ ਦਿੰਦਾ। ਫਿਲਹਾਲ ਮ੍ਰਿਤ ਟਿਸ਼ੂਆਂ ਨਾਲ ਬਣੇ ਇਸ ਭਰੂਣ ਨੂੰ ਕੱਢਣ ਲਈ ਉਕਤ ਔਰਤ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਆਪ੍ਰੇਸ਼ਨ ਲਈ ਉਸ ਨੂੰ ਕਿਸੇ ਦੂਜੇ ਹਸਪਤਾਲ ਵਿਚ ਦਾਖਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2009 ਵਿਚ ਇਕ 92 ਸਾਲ ਦੀ ਔਰਤ ਦੇ ਪੇਟ ਵਿਚ 60 ਸਾਲ ਦਾ 'ਸਟੋਨ ਬੇਬੀ' ਮਿਲਿਆ ਸੀ।ਲੀਥੋਪੀਡੀਅਨ ਦਾ ਪਹਿਲਾ ਮਾਮਲਾ 68 ਸਾਲ ਦੀ ਫਰਾਂਸਿਸੀ ਔਰਤ ਕੋਲੰਬੇ ਵਿਚ ਮਿਲਿਆ ਸੀ। ਔਰਤ ਦੀ ਮੌਤ ਤੋਂ ਬਾਅਦ ਉਸ ਦੀ ਪੋਸਟਮਾਰਟਮ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਸੀ, ਕਿ ਉਸ ਦੇ ਅੰਦਰ 28 ਸਾਲਾਂ ਦਾ ਭਰੂਣ ਪਲ ਰਿਹਾ ਸੀ।