ਬ੍ਰਿਟੇਨ 'ਚ ਗੁਰਦੁਆਰੇ ਦੇ ਨੇੜੇ ਮਾਂਸ ਪਲਾਂਟ ਖੋਲ੍ਹੇ ਜਾਣ 'ਤੇ ਸਿੱਖ ਪਹੁੰਚੇ ਅਦਾਲਤ

On: 18 December, 2013

ਲੰਡਨ—ਬ੍ਰਿਟੇਨ ਦੇ ਬ੍ਰੈਡਫੋਰਡ ਵਿਚ ਇਕ ਗੁਰਦੁਆਰੇ ਦੇ ਗੁਆਂਢ 'ਚ ਮਾਂਸ ਪਲਾਂਟ ਖੁੱਲ੍ਹਣ ਤੋਂ ਰੋਕਣ ਲਈ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਦਾਲਤ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। 
ਜਾਣਕਾਰੀ ਮੁਤਾਬਕ ਲੀਡਸ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੇ ਗੁਆਂਢ 'ਚ ਸੁਪਰ ਮਾਰਕੀਟ ਸੀਰੀਜ਼ 'ਪਾਕੀਜ਼ਾ' ਦੇ ਵਿਸਥਾਰ 'ਤੇ ਸਿੱਖਾਂ ਨੇ ਇਤਰਾਜ਼ ਕੀਤਾ ਹੈ। 'ਪਾਕੀਜ਼ਾ' ਪੇਰਸਿਵਲ ਸਟ੍ਰੀਟ 'ਤੇ ਸਥਿਤ ਇਕ ਕਾਰ ਵਰਕਸ਼ਾਪ ਨੂੰ ਥੋਕ ਮਾਂਸ ਪਲਾਂਟ ਵਿਚ ਬਦਲਣਾ ਚਾਹੁੰਦਾ ਹੈ। ਸਥਾਨਕ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਕੰਪਨੀ ਇਸ ਪ੍ਰਸਤਾਵ 'ਤੇ ਅੱਗੇ ਵਧ ਰਹੀ ਹੈ। ਸਿੱਖ ਭਾਈਚਾਰੇ ਨੇ ਇਸ 'ਤੇ ਬ੍ਰੈਡਫੋਰਡ ਸਥਿਤ ਹਾਈ ਕੋਰਟ ਦਾ ਰੁੱਖ ਕੀਤਾ ਹੈ। ਇਸ ਪਟੀਸ਼ਨ 'ਤੇ ਅਗਲੇ ਸਾਲ ਦੇ ਮੱਧ ਵਿਚ ਫੈਸਲਾ ਆਉਣ ਦੀ ਉਮੀਦ ਹੈ।ਸਿੱਖ ਭਾਈਚਾਰੇ ਦੇ ਵਕੀਲ ਕੁਲਜੀਤ ਦੁਬੇ ਨੇ ਕਿਹਾ ਹੈ ਕਿ ਫੈਸਲਾ ਛੇਤੀ ਨਹੀਂ ਹੋ ਸਕਦਾ, ਇਸ ਲਈ ਮਾਂਸ ਪਲਾਂਟ ਖੋਲ੍ਹਣ ਵਿਚ ਘੱਟ ਤੋਂ ਘੱਟ 12 ਮਹੀਨਿਆਂ ਦੀ ਦੇਰੀ ਕਰ ਦਿੱਤੀ ਗਈ ਹੈ।ਗੁਰਦੁਆਰੇ ਦੇ ਸਕੱਤਰ ਗੋਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਅਦਾਲਤ 'ਚ ਮਾਮਲਾ ਲੈ ਕੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਸੀ। ਉਨ੍ਹਾਂ ਨੇ ਕਿਹਾ ਕਿ ਆਪਣੀ ਧਾਰਮਿਕ ਸੰਵੇਦਨਸ਼ੀਲਤਾ 'ਤੇ ਇਸ ਹਮਲੇ ਨਾਲ ਉਹ ਬੇਹੱਦ ਦੁਖੀ ਹਨ ਅਤੇ ਉਹ ਆਪਣੇ ਅਧਿਕਾਰਾਂ ਦੇ ਲਈ ਜ਼ਰੂਰ ਲੜਨਗੇ।