ਨਾਜਾਇਜ਼ ਢੰਗ ਨਾਲ ਯੂ. ਕੇ. ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਪ੍ਰਧਾਨ ਮੰਤਰੀ ਨੇ ਖੁਦ ਮਾਰਿਆ ਛਾਪਾ

On: 19 December, 2013

ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਤੜਕੇ ਪੰਜ ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਿਸੇ ਘਰ ਛਾਪਾ ਮਾਰਨ ਜਾਵੇ ਤਾਂ ਇਹ ਗੱਲ ਆਪਣੇ ਆਪ ਵਿੱਚ ਮਾਇਨੇ ਵੀ ਰੱਖਦੀ ਹੈ ਤੇ ਪੂਰੇ ਵਿਸ਼ਵ ਦੇ  ਸਿਆਸੀ ਲੋਕਾਂ ਲਈ ਸਬਕ ਵੀ ਹੈ। ਜੀ ਹਾਂ, ਬੀਤੇ ਦਿਨੀਂ ਸਾਊਥਾਲ ਉਸ ਸਮੇਂ ਚਰਚਾ ਵਿੱਚ ਆ ਗਿਆ ਜਦੋਂ ਸਾਊਥਾਲ ਦੇ ਇੱਕ ਖਸਤਾ ਹਾਲਤ ਘਰ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ 10 ਇਮੀਗ੍ਰੇਸ਼ਨ ਅਧਿਕਾਰੀਆਂ ਦੀ ਟੀਮ ਨਾਲ ਸਵੇਰੇ 5 ਵਜੇ ਖੁਦ ਛਾਪਾ ਮਾਰਿਆ। ਇਸ ਛਾਪੇ ਦੌਰਾਨ 3 ਭਾਰਤੀ ਮੂਲ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀਆਂ ਬਾਰੇ ਕਾਰਵਾਈ ਅਜੇ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸੂਹ ਮਿਲੀ ਕਿ ਸਾਊਥਾਲ ਦੀ ਧੁੰਨੀ 'ਚ ਵੱਸਦੇ ਉਕਤ ਘਰ ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਇਸ 3 ਬੈੱਡਰੂਮ ਵਾਲੇ ਘਰ ਵਿੱਚ ਲਗਭਗ 14 ਵਿਅਕਤੀ ਰਹਿ ਰਹੇ ਸਨ। ਜਿਹੜੇ ਕਿ ਸਾਰੇ ਹੀ ਜਾਅਲੀ ਪ੍ਰਵਾਸੀ ਸਨ। ਘਰ ਦੇ ਬਾਸ਼ਿੰਦਿਆਂ ਨੇ ਆਪਣੇ ਬਿਸਤਰੇ ਫਰਸ਼, ਵਰਾਂਡੇ, ਰਸੋਈ ਅਤੇ ਬਗੀਚੀ ਵਿਚਲੇ ਵਾਧੂ ਸਾਮਾਨ ਰੱਖਣ ਵਾਲੇ ਸ਼ੈੱਡ ਵਿੱਚ ਲਗਾਏ ਹੋਏ ਸਨ। ਘਰ ਦੇ ਪਰਦੇ, ਫਰਸ਼ ਦਾ ਕਾਰਪੈਟ ਆਦਿ ਮਿੱਟੀ ਘੱਟੇ ਨਾਲ ਲਬਰੇਜ਼ ਸਨ ਅਤੇ ਘਰ ਮੁਕੰਮਲ ਤੌਰ 'ਤੇ ਰਿਹਾਇਸ਼ ਯੋਗ ਨਹੀਂ ਸੀ। ਇਸ ਘਰ ਦੀ ਛਾਪੇਮਾਰੀ ਉਪਰੰਤ ਪ੍ਰਧਾਨ ਮੰਤਰੀ ਨੇ ਕਿਹਾ ਕਿ “ਬਰਤਾਨੀਆ ਸਖਤ ਮਿਹਨਤੀ ਲੋਕਾਂ ਦੂੰ ਹਮੇਸ਼ਾ ਹੀ ਸਵਾਗਤ ਕਰਦਾ ਆਇਆ ਹੈ ਪਰ ਅਸੀਂ ਉਨ੍ਹਾਂ ਲੋਕਾਂ ਦੇ ਹਮੇਸ਼ਾ ਹੀ ਖਿਲਾਫ਼ ਹਾਂ ਜੋ ਕਾਨੂੰਨ ਨੂੰ ਤੋੜਦੇ ਹਨ।'' ਗ੍ਰਿਫ਼ਤਾਰ ਕੀਤੇ 3 ਜਣਿਆਂ ਵਿੱਚੋਂ ਦੋ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਬਾਕੀ ਜਾਅਲੀ ਢੰਗ ਨਾਲ ਲਾਰੀਆਂ ਵਿੱਚ ਲੁੱਕ ਕੇ ਇੰਗਲੈਂਡ ਆਏ ਹੋਏ ਹਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੇ ਇਸ ਛਾਪੇ ਦਾ ਨਾਂ ਹੀ “ਬੈੱਡਜ ਇਨ ਸ਼ੈੱਡਜ'' ਰੱਖਿਆ ਹੋਇਆ ਸੀ ਕਿਉਂਕਿ ਬੀਤੇ ਸਮੇਂ ਵਿੱਚ ਵੀ ਸਾਊਥਾਲ ਅਤੇ ਆਲੇ-ਦੁਆਲੇ ਦੇ ਇਲਾਕੇ ਇਸ ਗੱਲ ਲਈ ਮਸ਼ਹੂਰ ਹੋ ਚੁੱਕੇ ਹਨ ਕਿ ਇਨ੍ਹਾਂ ਇਲਾਕਿਆਂ 'ਚ ਬਹੁ ਗਿਣਤੀ ਲੋਕ ਘਰਾਂ ਦੇ ਪਿਛਵਾੜੇ ਨਜਾਇਜ਼ ਢੰਗ ਨਾਲ ਸ਼ੈੱਡ ਰੂਪੀ ਇਮਾਰਤਾਂ ਉਸਾਰ ਕੇ ਜਾਅਲੀ ਪ੍ਰਵਾਸੀਆਂ ਨੂੰ ਕਿਰਾਏ 'ਤੇ ਦੇ ਦਿੰਦੇ ਹਨ ਜਦੋਂਕਿ ਇਨ੍ਹਾਂ ਉਸਰੇ ਸ਼ੈੱਡਾਂ ਵਿੱਚ ਰਹਿਣ ਦੀ ਇਜ਼ਾਜਤ ਨਹੀਂ ਹੁੰਦੀ।