ਰੇਲ ਬਜਟ 'ਚ ਪੰਜਾਬ ਦੀਆਂ ਉਮੀਦਾਂ ਪੂਰੀਆਂ ਹੋਣ ਦੇ ਆਸਾਰ

On: 25 February, 2013

ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਵਲੋਂ ਰੇਲ ਮੰਤਰੀ ਵਜੋਂ 26 ਫਰਵਰੀ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ 2013-14 ਦੇ ਰੇਲ ਬਜਟ ਵਿਚੋਂ ਪੰਜਾਬ ਦੀਆਂ ਉਮੀਦਾਂ ਵਧ ਗਈਆਂ ਹਨ। 
ਚੰਡੀਗੜ੍ਹ ਦੇ ਸੰਸਦ ਮੈਂਬਰ ਅਤੇ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਜਨਤਕ ਤੌਰ 'ਤੇ ਇਹ ਆਖ ਚੁੱਕੇ ਹਨ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਰੇਲਵੇ ਦੇ ਖੇਤਰ ਵਿਚ ਉਸਦਾ ਬਣਦਾ ਹੱਕ ਨਹੀਂ ਮਿਲ ਸਕਿਆ ਹੈ।  ਮਾਘੀ ਮੇਲਾ ਹੋਵੇ ਜਾਂ ਫਿਰ ਮੋਗਾ ਜ਼ਿਮਨੀ ਚੋਣ ਵਿਚ ਹੋਈਆਂ ਚੋਣ ਰੈਲੀਆਂ ਹੋਣ, ਬਾਂਸਲ ਇਨ੍ਹਾਂ ਮੌਕਿਆਂ 'ਤੇ ਰੇਲ ਬਜਟ ਵਿਚ ਪੰਜਾਬ ਦਾ ਧਿਆਨ ਰੱਖਣ ਦਾ ਭਰੋਸਾ ਦੇ ਚੁੱਕੇ ਹਨ।
ਉਮੀਦਾਂ:
ਚੰਡੀਗੜ੍ਹ-ਲੁਧਿਆਣਾ-ਅੰਮ੍ਰਿਤਸਰ ਰੇਲ ਸੇਵਾ (ਸਵੇਰੇ), ਸ੍ਰੀ ਆਨੰਦਪੁਰ ਸਾਹਿਬ-ਸ਼੍ਰੀ ਹਜ਼ੂਰ ਸਾਹਿਬ ਨੰਦੇੜ ਰੇਲ ਸੇਵਾ, ਲੁਧਿਆਣਾ-ਅੰਮ੍ਰਿਤਸਰ ਰੇਲਵੇ ਲਾਈਨਾਂ ਵਿਚ ਵਾਧਾ, ਸੂਬੇ ਦੀਆਂ ਰੇਲਵੇ ਲਾਈਨਾਂ 'ਤੇ ਅੰਡਰ ਬ੍ਰਿਜ ਅਤੇ ਓਵਰ ਫੁੱਟ ਬ੍ਰਿਜ, ਧੂਰੀ-ਲਹਿਰਾਗਾਗਾ ਰੇਲ ਲਾਈਨ, ਦਿੱਲੀ-ਰੋਹਤਕ-ਟੋਹਾਣਾ-ਜਾਖਲ-ਧੂਰੀ-ਸੰਗਰੂਰ-ਲੁਧਿਆਣਾ ਰੇਲ ਲਾਈਨ ਦਾ ਬਿਜਲੀਕਰਨ, ਨਵੀਆਂ ਐਕਸਪ੍ਰੈਸ ਗੱਡੀਆਂ ਦੀ ਸ਼ੁਰੂਆਤ, ਫਿਰੋਜ਼ਪੁਰ ਤੋਂ ਦਿੱਲੀ ਜਨਸ਼ਤਾਬਦੀ, ਬਠਿੰਡਾ ਦਿੱਲੀ ਵਾਇਆ ਫਾਜ਼ਿਲਕਾ ਰੇਲ ਸੇਵਾ, ਰੇਲਵੇ ਸਟੇਸ਼ਨਾਂ ਦੀ ਆਦਰਸ਼ ਸਟੇਸ਼ਨਾਂ ਵਜੋਂ ਅੱਪਗ੍ਰੇਡਸ਼ਨ, ਫਿਰੋਜ਼ਪੁਰ-ਪੱਟੀ ਰੇਲ ਲਾਈਨ, ਬਠਿੰਡਾ-ਬਰਨਾਲਾ-ਲੁਧਿਆਣਾ ਰੇਲ ਲਾਈਨ।
ਕੀ ਮਿਲਿਆ ਸੀ ਪਿਛਲੇ ਬਜਟ 'ਚ?ਫਿਰੋਜ਼ਪੁਰ-ਸ਼੍ਰੀ ਗੰਗਾਨਗਰ, ਗੁਰੂ ਪਰਿਕਰਮਾ (ਅੰਮ੍ਰਿਤਸਰ-ਹਜ਼ੂਰ ਸਾਹਿਬ ਨੰਦੇੜ), ਕਾਨਪੁਰ-ਅੰਮ੍ਰਿਤਸਰ ਅਤੇ ਦਿੱਲੀ-ਸਰਾਏਂ ਰੋਹੀਲਾ ਵਜੋਂ ਚਾਰ ਐਕਸਪ੍ਰੈਸ ਗੱਡੀਆਂ, ਹਿਸਾਰ-ਜਾਖਲ ਰੇਲਵੇ ਲਾਈਨ ਦਾ ਬਿਜਲੀਕਰਨ ਸਰਵੇਖਣ, ਹੁਸ਼ਿਆਰਪੁਰ-ਫਗਵਾੜਾ ਲਾਈਨ ਦਾ ਸਰਵੇਖਣ।ਇਸ ਸਬੰਧੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਇਸ ਸਾਲ ਰੇਲਵੇ ਬਜਟ ਵਿਚ ਪੰਜਾਬ ਦੇ ਹਿੱਤਾਂ ਦਾ ਪੂਰਾ ਧਿਆਨ ਰੱਖੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ-ਅੰਮ੍ਰਿਤਸਰ ਅਤੇ ਸ਼੍ਰੀ ਆਨੰਦਪੁਰ ਸਾਹਿਬ -ਸ਼੍ਰੀ ਨੰਦੇੜ ਸਾਹਿਬ ਦਰਮਿਆਨ ਰੇਲ ਸੇਵਾ ਸ਼ੁਰੂ ਕਰਨ ਦਾ ਮਾਮਲਾ ਰੇਲ ਮੰਤਰੀ ਕੋਲ ਵਿਚਾਰਿਆ ਗਿਆ ਸੀ।ਇਸ ਸਬੰਧੀ  ਸੰਗਰੂਰ ਤੋਂ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੁਧਿਆਣਾ-ਅੰਬਾਲਾ-ਪਾਨੀਪਤ-ਦਿੱਲੀ ਰੇਲ ਰੂਟ 'ਤੇ ਜ਼ਿਆਦਾ ਗੱਡੀਆਂ ਦੀ ਸਥਿਤੀ ਨਾਲ ਨਿਪਟਣ ਲਈ ਲੁਧਿਆਣਾ-ਸੰਗਰੂਰ-ਧੂਰੀ-ਜਾਖਲ-ਰੋਹਤਕ-ਦਿੱਲੀ ਰੂਟ ਦੇ ਬਦਲਵੇਂ ਪ੍ਰਬੰਧ ਨੂੰ ਵਿਕਸਿਤ ਕਰਨ ਲਈ ਇਸ ਰੂਟ ਦਾ ਬਿਜਲੀਕਰਨ ਕਰਨ ਦਾ ਕੰਮ ਇਸ ਬਜਟ ਵਿਚ ਪੂਰਾ ਹੋਣ ਦੀ ਉਮੀਦ ਹੈ।