ਕੰਪਿਊਟਰ ਦਾ ਨਵਾਂ ਰੂਪ: ਕਾਗਜ਼ ਜਿੰਨਾ ਪਤਲਾ ਕੰਮ ਕਰੇ ਮੋਟਾ

On: 11 January, 2013

ਆਕਲੈਂਡ 11 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਹੁਣ ਜ਼ਮਾਨਾ ਕੰਪਿਊਟਰ ਦਾ ਹੈ, ਪਰ ਇਹ ਜ਼ਮਾਨਾ ਬੜੀ ਤੇਜ਼ੀ ਨਾਲ ਬਦਲਣ ਵਿਚ ਵਿਸ਼ਵਾਸ਼ ਰੱਖਣ ਲੱਗਾ ਅਤੇ ਇਸ ਨੇ ਕੰਪਿਊਟਰ ਤੋਂ ਲੈਪਟਾਪ, ਲੈਪਟਾਪ ਤੋਂ ਟੈਬਲਟ, ਫਿਰ ਆਈ. ਪੈਡ, ਆਈ. ਪੌਡ, ਮੋਬਾਇਲ ਪੀ. ਸੀ., ਪੌਕਿਟ ਪੀ.ਸੀ ਵਰਗੇ ਕਈ ਰੂਪ ਇਸ ਦੁਨੀਆ ਨੂੰ ਵਿਖਾਏ। ਕੰਪਿਊਟਰ ਦੇ ਹਰ ਰੂਪ ਨੂੰ ਜਿਥੇ ਤਕਨਾਲੋਜ਼ੀ ਪੱਖੋਂ ਪਰਖਿਆ ਜਾਂਦਾ ਸੀ ਉਥੇ ਉਸਦੇ ਸਰੀਰਕ ਭਾਰ ਦੀ ਗੱਲ ਵੀ ਵਿਸ਼ੇਸ਼ ਮਹੱਤਵ ਰੱਖਦੀ ਸੀ। ਅੱਜ ਦਾ ਮਨੁੱਖ ਬਿਨਾਂ ਭਾਰ ਚੁਕੇ ਪੂਰਾ ਕੰਮ ਕਰਨ ਦਾ ਆਦੀ ਹੋ ਰਿਹਾ ਹੈ। ਹੁਣ ਇਸ ਖਾਹਿਸ਼ ਨੂੰ ਵੀ ਵਿਗਿਆਨੀਆਂ ਨੇ ਪੂਰਾ ਕਰ ਦਿੱਤਾ ਹੈ। ਪਿਛਲੇ ਦਿਨੀਂ ਇਕ ਅਜਿਹਾ ‘ਪੇਪਰ ਥਿੱਨ ਕੰਪਿਊਟਰ ਟੈਬਲਟ’ ਹਿਊਮਨ ਮੀਡੀਆ ਲੈਬ ਓਨਟਾਰੀਓ (ਕੈਨੇਡਾ) ਵੱਲੋਂ ਪੇਸ਼ ਕੀਤਾ ਗਿਆ ਜਿਹੜਾ ਕਿ ਵੇਖਣ ਨੂੰ ਬਿਲਕੁਲ ਕਾਗਜ਼ ਦੀ ਤਰ੍ਹਾਂ ਪਤਲਾ ਹੈ, ਪਰ ਇਹ ਕੰਮ ਸਾਰੇ ਮੋਟੇ ਕਰਦਾ ਹੈ। ਇਸ ਦੀ ਸਰੀਰ ਕਾਗਜ਼ ਵਾਂਗ ਹੀ ਮਰੋੜਾ ਖਾ ਸਕਦਾ ਹੈ, ਪਰ ਇਹ ਹੈ ਕੰਪਿਊਟਰ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ 10 ਸਾਲਾਂ ਦੇ ਵਿਚ ਇਹ ਕਾਗਜ਼ ਜਿੰਨਾ ਪਤਲਾ ਅਤੇ ਕੱਖਾਂ ਤੋਂ ਹੌਲਾ ਕੰਪਿਊਟਰ ਪੁਰਾਣੇ ਸਾਰੇ ਕੰਪਿਊਟਰਾਂ, ਲੈਪਟਾਪਾਂ ਅਤੇ ਟੈਬਲਟਾਂ ਦੀ ਥਾਂ ਲੈ ਲਵੇਗਾ। 27.1 ਸੈਂਟੀਮੀਟਰ ਇਸ ਦੀ ਟੱਚ ਸਕਰੀਨ ਹੈ ਤੇ ਪ੍ਰੋਸੈਸਰ ਆਈ.5 ਲੱਗਿਆ ਹੋਇਆ ਹੈ। ਅਜੇ ਇਸ ਦੀ ਸਕਰੀਨ ਕਾਲੀ-ਚਿੱਟੀ ਨਜ਼ਰ ਆਉਂਦੀ ਹੈ ਜਲਦੀ ਹੀ ਇਹ ਰੰਗਦਾਰ ਕਾਗਜ਼ ਦੇ ਵਿਚ ਬਦਲ ਜਾਵੇਗਾ। ਈ-ਮੇਲ ਅਤੇ ਕਾਗਜ਼ ਪੱਤਰ ਪੜ੍ਹਨ ਵਾਸਤੇ ਇਸ ਪੇਪਰ ਥਿੱਨ ਕੰਪਿਊਟਰ ਨੂੰ ਮੈਗਜ਼ੀਨ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ।