ਨਾਨੋ ਲਾਈਟ ਨੇ ਬਣਾਇਆ ਦੁਨੀਆ ਦਾ ਸਭ ਤੋਂ ਗੁਣਕਾਰੀ ‘ ਨਾਨੋ ਲਾਈਟ ਬਲਬ’

On: 15 January, 2013

- 12 ਵਾਟ ਦਾ ਬਲਬ 100 ਵਾਟ ਜਿੰਨੀ ਰੌਸ਼ਨੀ ਦੇਵੇਗਾ
- ਚਲਦੇ ਨੂੰ ਹੱਥ ਲੱਗਣ ’ਤੇ ਗਰਮ ਲੱਗਣ ਦਾ ਖਤਰਾ ਨਹੀਂ

ਔਕਲੈਂਡ 15 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਆਪਣਾ ਪਿੰਡਾ ਸਾੜ ਕੇ ਰੋਸ਼ਨੀਆਂ ਦੇਣ ਵਾਲੇ ਵੱਖ-ਵੱਖ ਤਰ੍ਹਾਂ ਦੇ ‘ਲਾਈਟ ਬਲਬਾਂ’ ਨੂੰ ਹੁਣ ਆਪਣੀ ਕੋਮਲ ਚਮੜੀ ਦੇ ਸਾੜ ਅਤੇ ਪੇਟ ਅੰਦਰ ਭਰੀ ਜਾਂਦੀ ਨੁਕਸਾਨ ਦਾਇਕ ਗੈਸ ‘ਮਰਕਰੀ’ ਤੋਂ ਨਿਜਾਤ ਮਿਲਣ ਵਾਲੀ ਹੈ ਕਿਉਂਕਿ ਕੈਨੇਡਾ ਦੀ ‘ਨਾਨੋ ਲਾਈਟ’ ਨਾਂਅ ਦੀ ਇਕ ਕੰਪਨੀ ਨੇ ਅਜਿਹਾ ‘ਨਾਨੋ ਲਾਈਟ ਬਲਬ’ ਬਣਾਇਆ ਹੈ ਜਿਹੜਾ ਕਿ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਗੁਣਕਾਰੀ ਬਲਬ ਮੰਨਿਆ ਜਾ ਰਿਹਾ ਹੈ। ਛੋਟਾ ਜਿਹੇ ਆਕਾਰ ਦਾ 12 ਵਾਟ ਦੀ ਸਮਰੱਥਾ ਵਾਲਾ ਇਹ ਨਾਨੋ ਬਲਬ 100 ਵਾਟ ਦੇ ਬਲਬ ਤੋਂ ਵੱਧ ਰੌਸ਼ਨੀ ਕਰਦਾ ਹੈ, ਉਹ ਵੀ ਆਪਣਾ ਪਿੰਡਾ ਠੰਢਿਆ ਰੱਖ ਕੇ। ਪ੍ਰਕਾਸ਼ ਦੀ ਘਣਤਾ 1600 ਲਿਊਮੈਂਸ (ਪ੍ਰਕਾਸ਼ ਇਕਾਈ) ਤੋਂ ਉਪਰ ਪਰਖੀ ਗਈ ਹੈ। ਇਸ ਦੇ ਅੰਦਰ ਕੋਈ ਗੈਸ ਵੀ ਨਹੀਂ ਭਰੀ ਗਈ। ਇਸ ਦੀ ਸੁੰਦਰਤਾ ਵੀ ਇਹੋ ਜਿਹੀ ਬਣਾਈ ਗਈ ਹੈ ਜਿਵੇਂ ਕਿ ਜ਼ਨਾਨੀਆਂ ਦੇ ਕੱਪਿੜਆਂ ਉਤੇ ਪ੍ਰਿੰਟ ਜਾਂ ਬੇਲ ਬੂਟੇ ਪਾਏ ਹੋਣ। ਐਲ.ਈ.ਡੀ. (Light-emitting diode) ਤਕਨਾਲੋਜ਼ੀ ਨੂੰ ਅਧਾਰ ਰੱਖ ਕੇ ਹੀ ਇਹ ਬਲਬ ਵਿਕਸਤ ਕੀਤਾ ਗਿਆ ਹੈ। ਛੋਟੇ-ਛੋਟੇ ਬਲਬਾਂ ਨੂੰ ਪਹਿਲਾਂ ਤੋਂ ਨਿਰਧਾਰਤ ਰੰਗਦਾਰ ਸਰਕਟ ਉਤੇ ਤਕਨੀਕ ਨਾਲ ਜੋੜ ਕੇ ਅਜਿਹਾ ਰੂਪ ਦਿੱਤਾ ਗਿਆ ਹੈ ਕਿ ਉਹ ਪੁਰਾਣੇ ਬਲਬ ਹੋਲਡਰਾਂ ਦੇ ਵਿਚ ਸਮਾ ਸਕਣ। ਇਕ ਬਲਬ ਦੀ ਉਮਰ 30 ਹਜ਼ਾਰ ਘੰਟੇ ਤੱਕ ਉਮੀਦ ਕੀਤੀ ਜਾ ਰਹੀ ਹੈ। ਇਨ੍ਹਾਂ ਬਲਬਾਂ ਦੇ ਪ੍ਰਯੋਗ ਨਾਲ ਬਿਜਲੀ ਖਪਤ ਦਾ ਖਰਚਾ 7 ਤੋਂ 8 ਗੁਣਾ ਘੱਟ ਹੋ ਜਾਵੇਗਾ। ਕੰਪਨੀ 10 ਵਾਟ, ਡਿੱਮ ਲਾਈਟ, ਰੰਗਦਾਰ ਲਾਈਟ ਅਤੇ ਹੋਰ ਕਈ ਤਰ੍ਹਾਂ ਦੇ ਬਲਬ ਬਣਾਉਣ ਵਿਚ ਜੁੱਟ ਗਈ ਹੈ। ਇਨ੍ਹਾਂ  ਬਲਬਾਂ ਦੀ ਮੰਗ ਵੀ ਕੰਪਨੀ ਕੋਲ ਪਹੁੰਚਣੀ ਸ਼ੁਰੂ ਹੋ ਗਈ ਹੈ।