ਡੀਜ਼ਲ ਬਾਰੇ ਕੇਂਦਰ ਦਾ ਫੈਸਲਾ ਕਿਸਾਨਾਂ ਨੂੰ ਤਬਾਹ ਕਰਨ ਵਾਲਾ : ਬਾਦਲ

On: 18 January, 2013

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਕੰਟਰੋਲ-ਮੁਕਤ ਕਰਨ ਅਤੇ ਸਬਸਿਡੀ ਵਾਲੇ ਘਰੇਲੂ ਗੈਸ ਸਿੰਲਡਰਾਂ ਦੀ ਗਿਣਤੀ ਘੱਟੋ-ਘੱਟ 12 ਕਰਨ ਦੀ ਬਜਾਏ 6 ਤੋਂ ਸਿਰਫ 9 ਹੀ ਕਰਨ ਦੇ ਫੈਸਲਿਆਂ ਦੀ ਕਰੜੀ ਆਲੋਚਨਾ ਕਰਦਿਆਂ ਆਖਿਆ ਕਿ ਇਸ ਨਾਲ ਜਿੱਥੇ ਪਹਿਲਾਂ ਹੀ ਮੁਸੀਬਤਾਂ ਵਿਚ ਡੁੱਬੀ ਕਿਸਾਨੀ ਨੂੰ ਵੱਡੀ ਮਾਰ ਪਵੇਗੀ, ਉਥੇ ਹੀ ਘਰੇਲੂ ਸੁਆਣੀਆਂ ਦਾ ਰਸੋਈ ਬਜਟ ਵੀ ਡਗਮਗਾ ਜਾਵੇਗਾ। ਇਕ ਬਿਆਨ ਰਾਹੀਂ ਮੁੱਖ ਮੰਤਰੀ ਨੇ ਕੇਂਦਰ ਵਲੋਂ 'ਡੀਜ਼ਲ ਕੀਮਤਾਂ ਨੂੰ ਕੰਟਰੋਲ-ਮੁਕਤ ਕਰਨ ਦੀ ਵਿਧੀ' ਰਾਹੀਂ ਸਮੇਂ-ਸਮੇਂ ਬਾਅਦ ਕੀਮਤਾਂ ਵਿਚ ਥੋੜ੍ਹਾ ਜਿਹਾ ਵਾਧਾ ਕਰਨ ਦੀ ਇਜਾਜ਼ਤ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਇਕ 'ਪਿਛਾਂਹਖਿੱਚੂ ਕਦਮ' ਕਰਾਰ ਦਿੱਤਾ ਜੋ ਕਿਸਾਨੀ ਨੂੰ ਬਿਲਕੁਲ ਤਬਾਹ ਕਰ ਦੇਵੇਗਾ ਜਦ ਕਿ ਉਹ ਪਹਿਲਾਂ ਹੀ 32000 ਕਰੋੜ ਰੁਪਏ ਦੇ ਭਾਰੀ ਕਰਜ਼ੇ ਹੇਠ ਦੱਬੇ ਹੋਏ ਹਨ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀਆਂ ਅਜਿਹੀਆਂ ਲੋਕ-ਵਿਰੋਧੀ ਨੀਤੀਆਂ ਨਾਲ ਕਾਂਗਰਸ ਦਾ ਅਸਲ ਚਿਹਰਾ ਬੇਨਕਾਬ ਹੋਇਆ ਹੈ। ਬਾਦਲ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਦੀ ਇਜਾਜ਼ਤ ਤੇਲ ਕੰਪਨੀਆਂ ਨੂੰ ਦੇਣ ਨਾਲ ਇਹ ਵੀ ਜੱਗ ਜ਼ਾਹਰ ਹੋ ਗਿਆ ਹੈ ਕਿ ਕਾਂਗਰਸ ਹਮੇਸ਼ਾ ਆਮ ਆਦਮੀ ਨਾਲ ਸਰੋਕਾਰ ਰੱਖਣ ਵਾਲੇ ਮਾਮਲਿਆਂ 'ਤੇ ਮਗਰਮੱਛ ਦੇ ਹੰਝੂ ਵਹਾਉਂਦੀ ਹੈ ਜਦ ਕਿ ਉਹ ਹਕੀਕਤ ਵਿਚ ਵੱਡੀਆਂ ਬਹੁਕੌਮੀ ਕੰਪਨੀਆਂ ਦੇ ਹਿਤਾਂ ਦੀ ਤਰਜਮਾਨੀ ਕਰਦੀ ਹੈ।  ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰਾਂ ਦੀ ਗਿਣਤੀ 6 ਤੋਂ ਵਧਾ ਕੇ ਸਿਰਫ 9 ਕਰਨ ਦੀ ਵੀ ਨਿਖੇਧੀ ਕੀਤੀ ਕਿਉਂਜੋ ਇਸ ਨਾਲ ਪਰਿਵਾਰ ਦੇ ਬਜਟ 'ਤੇ ਬੁਰਾ ਅਸਰ ਪਵੇਗਾ ਅਤੇ ਮੰਗ ਕੀਤੀ ਕਿ ਇਸ ਦੀ ਗਿਣਤੀ ਘੱਟੋ-ਘੱਟ 12 ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਖਾਸ ਤੌਰ 'ਤੇ ਘਰੇਲੂ ਸੁਆਣੀਆਂ ਨੂੰ ਥੋੜ੍ਹੀ-ਬਹੁਤੀ ਰਾਹਤ ਮਿਲ ਸਕੇ।