ਅੱਗ ਬੁਝਾਊ ਗੱਡੀ 'ਤੇ ਚੜ੍ਹ ਕੇ ਵਿਆਹ ਲਈ ਪੁੱਜੀ ਵਹੁਟੀ

On: 25 July, 2013

ਲੰਡਨ—ਇਕ ਅਜੀਬ ਇਤਫਾਕ ਦੇ ਕਾਰਨ ਘਰੋਂ ਵਿਆਹ ਦੀਆਂ ਰਸਮਾਂ ਲਈ ਨਿਕਲੀ ਵਹੁਟੀ ਨੂੰ ਅੱਗ ਬੁਝਾਊ ਗੱਡੀ 'ਤੇ ਚੜ੍ਹ ਕੇ ਵਿਆਹ ਵਾਲੇ ਸਥਾਨ 'ਤੇ ਪਹੁੰਚਣਾ ਪਿਆ। ਹਲਾਤ ਕੁਝ ਇਸ ਤਰ੍ਹਾਂ ਹੋਏ ਕਿ ਬ੍ਰਿਟੇਨ ਵਿਚ ਰਹਿਣ ਵਾਲੀ ਇਕ ਦੁਲਹਨ ਇਰੀਨੀ ਗੋਰਜ਼ੀਅਸ ਆਪਣੀ ਸ਼ਾਦੀ ਕਰਵਾਉਣ ਲਈ ਸਜ-ਧਜ ਕੇ ਆਪਣੀ ਗੱਡੀ ਵਿਚ ਬੈਠ ਕੇ ਘਰ ਤੋਂ ਚਰਚ ਲਈ ਰਵਾਨਾ ਹੋਈ ਸੀ ਕਿ ਰਸਤੇ ਵਿਚ ਅਚਨਚੇਤ ਉਸ ਦੀ ਗੱਡੀ ਨੂੰ ਅੱਗ ਲੱਗ ਗਈ। ਜਦੋਂ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਫਾਇਰ ਕਰਮਚਾਰੀਆਂ ਨੇ ਜਦੋਂ ਤੱਕ ਗੱਡੀ ਦੀ ਅੱਗ ਬੁਝਾਈ ਉਦੋਂ ਤੱਕ ਉਹ ਚੱਲਣ ਦੇ ਕਾਬਲ ਨਹੀਂ ਰਹਿ ਗਈ ਸੀ ਇਸ ਲਈ ਇਰੀਨੀ ਕੋਲ ਆਪਣੀ ਸ਼ਾਦੀ 'ਚ ਪਹੁੰਚਣ ਲਈ ਕੋਈ ਵਾਹਨ ਨਾ ਹੋਣ ਕਰਕੇ ਕਾਫੀ ਸਮੱਸਿਆ ਬਣ ਗਈ। ਉਧਰ ਚਰਚ ਵਿਚ ਇਰੀਨੀ ਦਾ ਹੋਣ ਵਾਲਾ ਪਤੀ ਫਿਲਿਪ ਕਰੀਟੋਫ 200 ਮਹਿਮਾਨਾਂ ਸਮੇਤ ਚਰਚ ਵਿਚ ਬੇਸਬਰੀ ਨਾਲ ਆਪਣੀ ਲਾੜੀ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਇਰੀਨੀ ਕਾਫੀ ਮਾਯੂਸ ਨਜ਼ਰ ਆ ਰਹੀ ਸੀ ਤਾਂ ਉਸ ਦੀ ਸਮੱਸਿਆ ਸੁਣ ਕੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਉਸ ਨੂੰ ਆਪਣੀ ਗੱਡੀ ਵਿਚ ਲੈ ਕੇ ਹੀ ਚਰਚ ਪਹੁੰਚ ਗਏ। ਇਸ ਸਾਰੀ ਭੱਜ-ਦੌੜ ਦਰਮਿਆਨ ਅੱਧੇ ਘੰਟੇ ਤੋਂ ਵਧ ਦੀ ਦੇਰੀ ਹੋ ਗਈ ਪਰ ਇਸ ਦੇ ਬਾਵਜੂਦ ਇਰੀਨੀ ਸ਼ਾਦੀ ਦੀਆਂ ਰਸਮਾਂ ਲਈ ਪਹੁੰਚ ਗਈ। ਉਸ ਨੂੰ ਚਰਚ ਵਿਚ ਦੇਖ ਕੇ ਇਰੀਨੀ ਦੇ ਪਿਤਾ ਅਤੇ ਹੋਣ ਵਾਲੇ ਪਤੀ ਨੇ ਸੁੱਖ ਦਾ ਸਾਹ ਲਿਆ ਅਤੇ ਫਿਰ ਉਹ ਵਿਆਹ ਦੇ ਬੰਧਨ ਵਿਚ ਬੱਝ ਗਈ।