ਇੰਗਲੈਂਡ 'ਚ ਸੈਟਲ ਹੋਣ ਲਈ ਫਰਜ਼ੀ ਵਿਆਹ ਕਰਵਾਉਣ ਵਾਲੇ ਗ੍ਰਿਫਤਾਰ

On: 25 July, 2013

ਲੰਡਨ—ਇੰਗਲੈਂਡ ਵਿਚ ਕਾਨੂੰਨੀ ਰੂਪ ਨਾਲ ਸੈਟਲ ਹੋਣ ਲਈ ਫਰਜ਼ੀ ਵਿਆਹ ਕਰਵਾਉਣ ਵਾਲਿਆਂ ਖਿਲਾਫ ਛੇੜੀ ਗਈ ਇਕ ਮੁਹਿੰਮ ਅਧੀਨ ਅੱਠ ਭਾਰਤੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿਚ ਸੈਟਲ ਹੋਣ ਲਈ ਆਏ ਦਿਨ ਪ੍ਰਵਾਸੀ ਲੋਕ ਉੱਥੋਂ ਦੀਆਂ ਕੁੜੀਆਂ ਨਾਲ ਫਰਜ਼ੀ ਵਿਆਹ ਕਰਵਾ ਲੈਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਭਾਰਤੀ ਜਾਂ ਫਿਰ ਪਾਕਿਸਤਾਨੀ ਹੁੰਦੇ ਹਨ। ਇਸ ਘਟਨਾਕ੍ਰਮ ਅਨੁਸਾਰ ਹਿਰਾਸਤ ਵਿਚ ਲਏ ਗਏ ਸਾਰੇ ਪੁਰਸ਼ਾਂ ਦੀ ਉਮਰ 27 ਤੋਂ 40 ਸਾਲ ਦੇ ਦਰਮਿਆਨ ਹੈ। ਇਹ ਸਾਰੇ ਇੰਗਲੈਂਡ ਵਿਚ ਨਜਾਇਜ਼ ਢੰਗ ਨਾਲ ਰਹਿ ਰਹੇ ਸਨ। ਸਕਾਟਲੈਂਡ ਦੇ ਡੁਮਫਰੀ ਅਤੇ ਗੈਲੋਵੇ ਦੇ ਗ੍ਰੇਟਨਾ ਦੇ ਮੈਰਿਜ਼ ਦਫਤਰ ਵਿਚ ਇਨ੍ਹਾਂ ਦਾ ਵਿਆਹ ਹੋਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਫੜੇ ਗਏ ਅੱਠ ਲੋਕਾਂ ਵਿਚ ਛੇ ਨੂੰ ਆਪਣੇ ਦੇਸ਼ਾਂ ਨੂੰ ਵਾਪਸ ਭੇਜਣ ਲਈ ਹਿਰਾਸਤ ਵਿਚ ਰੱਖਿਆ ਗਿਆ ਹੈ, ਜਦੋਂ ਕਿ ਬਾਕੀ ਦੋ ਨੂੰ ਲਗਾਤਾਰ ਗ੍ਰਹਿ ਮੰਤਰਾਲੇ ਵਿਚ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ। ਫਿਲਹਾਲ ਦੋਹਾਂ ਦੀ ਇਮੀਗ੍ਰੇਸ਼ਨ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਅਤੇ ਫੈਸਲਾ ਆਉਣ ਤੱਕ ਇਹ ਇੰਗਲੈਂਡ ਵਿਚ ਰਹਿ ਸਕਦੇ ਹਨ। ਹਿਰਾਸਤ ਵਿਚ ਲਏ ਗਏ ਲੋਕਾਂ ਦੇ ਸੰਬੰਧ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।

Section: