ਏਅਰ ਨਿਊਜ਼ੀਲੈਂਡ ਦੇ ਜਹਾਜ਼ਾਂ ਦੇ ਪੂਛ ਦੀ ਸੁੰਦਰਤਾ ਬਦਲੀ- ਹੁਣ ਕਾਲੇ ਅਤੇ ਚਿੱਟੇ ਰੰਗ ਵਿਚ ਨਜ਼ਰ ਆਵੇਗਾ 'ਸਿਲਵਰ ਫਰਨ'

On: 13 June, 2013

ਔਕਲੈਂਡ 13 ਜੂਨ (ਹਰਜਿੰਦਰ ਸਿੰਘ ਬਸਿਆਲਾ)-'ਏਅਰ ਨਿਊਜ਼ੀਲੈਂਡ' ਨੇ ਆਪਣੇ ਲਗਪਗ 103 ਜ਼ਹਾਜਾਂ ਦੀ ਪੂਛ ਦਾ ਡਿਜ਼ਾਈਨ ਅਤੇ ਰੰਗ ਬਦਲ ਕੇ ਸੁੰਦਰਤਾ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਜਹਾਜ਼ਾਂ ਦੀ ਪੂਛ ਉਤੇ ਨਿਊਜ਼ੀਲੈਂਡ ਦੇਸ਼ ਦੀ ਪਹਿਚਾਣ ਬਣ ਚੁੱਕਾ ਇਕ ਪੱਤਾ ਜਿਸ ਨੂੰ 'ਸਿਲਵਰ ਫਰਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਨੂੰ ਕਾਲੇ ਅਤੇ ਚਿੱਟੇ ਰੰਗ ਵਿਚ ਵਿਖਾਇਆ ਜਾਵੇਗਾ। ਉਡਦੇ ਜਹਾਜ਼ ਨੂੰ ਵੇਖਿਆਂ ਹੀ ਪਤਾ ਲੱਗ ਜਾਇਆ ਕਰੇਗਾ ਕਿ ਇਹ 'ਏਅਰ ਨਿਊਜ਼ੀਲੈਂਡ' ਦਾ ਜਹਾਜ਼ ਹੈ। ਸੈਰ ਸਪਾਟਾ ਉਦਯੋਗ ਦੇ ਲਈ ਇਹ ਇਕ ਆਕਰਸ਼ਿਕ ਚੀਜ਼ ਹੋਵੇਗੀ। ਅਜਿਹਾ ਮਾਰਕਾ ਪਹਿਲਾਂ 'ਟੂਰਿਜ਼ਮ ਨਿਊਜ਼ੀਲੈਂਡ' ਅਤੇ 'ਨਿਊਜ਼ੀਲੈਂਡ ਟ੍ਰੇਡ ਐਂਡ ਇੰਟਰਪ੍ਰਾਈਜ਼ਿਜ' ਵੱਲੋਂ ਵਰਤਿਆ ਜਾ ਰਿਹਾ ਸੀ ਪਰ ਇਸ ਏਅਰ ਲਾਈਨ ਨੇ ਉਨ੍ਹਾਂ ਨਾਲ ਕੁਝ ਸਮਝੌਤਾ ਕੀਤਾ ਹੈ ਤਾਂ ਇਕ ਇਹੋ ਜਿਹਾ ਲੋਗੋ ਵਰਤਿਆ ਜਾ ਸਕੇ। ਅਗਲੇ ਸਾਲ ਦੇ ਅੰਤ ਤੱਕ ਸਾਰੇ ਜਹਾਜ਼ਾਂ ਦੀਆਂ ਪੂਛਾਂ ਨੂੰ ਨਵਾਂ ਰੰਗ ਰੂਪ ਦਿੱਤਾ ਜਾਵੇਗਾ। ਪਿਛਲੇ ਸਾਲ ਵੀ ਅਜਿਹਾ ਇਕ ਤਜ਼ਰਬਾ ਕੀਤਾ ਗਿਆ ਸੀ ਪਰ ਉਸਦੀ ਕਈ ਨੁਕਤਿਆਂ  ਤੋਂ ਨਿੰਦਾ ਹੋ ਗਈ ਸੀ। ਵਰਨਣਯੋਗ ਹੈ ਕਿ 'ਸਿਲਵਰ ਫਰਨ' ਦਾ ਲੋਗੋ ਦੇਸ਼ ਦੀਆਂ ਰਾਸ਼ਟਰੀ ਖੇਡ ਟੀਮਾਂ, ਸਭਿਆਚਾਰਕ ਸੰਸਥਾਵਾਂ ਅਤੇ ਸਰਕਾਰੀ ਏਜੰਸੀਆਂ ਵੱਲੋਂ ਲੰਮੇ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ 1885 ਤੋਂ ਹੋਈ ਮੰਨੀ ਜਾ ਰਹੀ ਹੈ ਉਦੋਂ ਡੇਅਰੀ ਉਤਪਾਦਾਂ ਵਾਸਤੇ ਇਸ ਪੱਤੇ ਦਾ ਨਿਸ਼ਾਨ ਵਰਤਿਆ ਜਾਂਦਾ ਸੀ।