ਕੈਮਰੂਨ ਨੇ ਸ੍ਰੀਲੰਕਾ ਸਿਵਲ ਜੰਗ ਦੇ ਮੁੱਦੇ 'ਤੇ ਦਿੱਤੀ ਕੌਮਾਂਤਰੀ ਜਾਂਚ ਦੀ ਚਿਤਾਵਨੀ

On: 16 November, 2013

ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਸ੍ਰੀਲੰਕਾ ਦੀ 26 ਸਾਲ ਚੱਲੀ ਸਿਵਲ ਜੰਗ ਦੇ ਅੰਤ ਦੌਰਾਨ ਫ਼ੌਜ ਵਿਰੁੱਧ ਲਗਾਏ ਗਏ ਜੁਰਮਾਂ ਦੇ ਦੋਸ਼ਾਂ ਬਾਰੇ ਇਸ ਰਾਸ਼ਟਰ ਵੱਲੋਂ 2014 ਤੱਕ ਖੁਦ ਜਾਂਚ ਨਾ ਕੀਤੇ ਜਾਣ 'ਤੇ ਆਜ਼ਾਦਾਨਾ ਅੰਤਰਰਾਸ਼ਟਰੀ ਜਾਂਚ ਕਰਵਾਏ ਜਾਣ ਦੀ ਚਿਤਾਵਨੀ ਦਿੱਤੀ ਹੈ। ਕੋਲੰਬੋ 'ਚ ਰਾਸ਼ਟਰ ਮੰਡਲ ਦੇਸ਼ਾਂ ਦੇ ਸ਼ਾਸ਼ਕ ਮੁਖੀਆਂ ਦੀ ਹੋ ਰਹੇ ਸਿਖਰ ਸੰਮੇਲਨ 'ਚ ਹਿੱਸਾ ਲੈਣ ਗਏ ਕੈਮਰੂਨ ਨੇ ਸ੍ਰੀਲੰਕਾ 'ਚ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੇ ਚੱਲੀ ਸਿਵਲ ਜੰਗ ਦੇ ਅੰ ਤ ਮੌਕੇ ਬਹੁਤ ਜ਼ੁਲਮ ਹੋਇਆ ਹੈ ਜੋ ਨਾ ਬਰਦਾਸ਼ਤ ਯੋਗ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ' ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜੇ ਕਰ 2014 ਤੱਕ ਜਾਂਚ ਮੁਕੰਮਲ ਨਾ ਕੀਤੀ ਗਈ ਤਾਂ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਆਜ਼ਾਦਾਨਾ ਅੰਤਰਾਸ਼ਟਰੀ ਜਾਂਚ ਦਾ ਕੰਮ ਸੌਂਪ ਦਿੱਤਾ ਜਾਵੇਗਾ।' ਵਰਣਨਯੋਗ ਹੈ ਕਿ ਰਾਸ਼ਟਰਪਤੀ ਮਹਿੰਦਰਾ ਰਾਜਪਾਕਸ਼ੇ ਦੇ ਭਰਾ ਅਤੇ ਰੱਖਿਆ ਸਕੱਤਰ ਗੋਤਾਬਿਆ ਰਾਜਪਾਕਸ਼ੇ ਵੱਲੋਂ ਬਣਾਈ ਗਈ ਨੀਤੀ ਤਹਿਤ ਸ੍ਰੀਲੰਕਾ ਦੀ ਫ਼ੌਜ ਨੇ 2009 'ਚ ਤਾਮਿਲ ਟਾਈਗਰ ਵੱਖਵਾਦੀਆਂ ਦਾ ਸਫਾਇਆ ਕਰ ਦਿੱਤਾ ਸੀ ਅਤੇ ਇਸ ਜੰਗ ਦੌਰਾਨ 300000 ਆਮ ਨਾਗਰਿਕ ਮਾਰੇ ਗਏ ਸਨ ਅਤੇ ਇਨ੍ਹਾਂ ਵਿਚ 40000 ਲੋਕ ਬਿਲਕੁਲ ਭੋਲੇ ਭਾਲੇ ਸ਼ਾਮਿਲ ਸਨ। ਬੇਸ਼ੱਕ ਇਥੇ ਦੋਵਾਂ ਧਿਰਾਂ ਵੱਲੋਂ ਜ਼ੁਲਮ ਕੀਤਾ ਗਿਆ ਪ੍ਰੰਤੂ ਫ਼ੌਜ ਨੇ ਬਹੁਤ ਕਹਿਰ ਢਾਇਆ ਸੀ।