ਬ੍ਰਿਟਿਸ਼ ਸੰਸਦ ਨੇ ਸਚਿਨ ਨੂੰ ਕੀਤਾ ਸਨਮਾਨਤ

On: 19 November, 2013

ਲੰਦਨ-ਬ੍ਰਿਟਿਸ਼ ਸੰਸਦ ਨੇ ਸੋਮਵਾਰ ਨੂੰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਕੌਮਾਂਤਰੀ ਕ੍ਰਿਕਟ ‘ਚ ਉਨ੍ਹਾਂ ਦੇ 24 ਸਾਲਾਂ ਤੱਕ ਦਿੱਤੇ ਗਏ ਯੋਗਦਾਨ ਦੇ ਲਈ ਸਨਮਾਨਤ ਕੀਤਾ। ਬ੍ਰਿਟਿਸ਼ ਸੰਸਦ ਦੀ ਪ੍ਰਤੀਨਿਧੀ ਸਭਾ ਨੇ ਕੌਮਾਂਤਰੀ ਕ੍ਰਿਕਟ ਤੋਂ ਰਿਟਾਇਰ ਹੋਣ ਵਾਲੇ ਸਚਿਨ ਤੇਂਦੁਲਕਰ ਨੂੰ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੇ ਲਈ ਸਨਮਾਨਤ ਕੀਤਾ ਹੈ। ਸੰਸਦੀ ਕਾਰਵਾਈ ਦੀ ਸ਼ੁਰੂਆਤ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਕੀਥ ਵਾਜ਼ ਨੇ ਪ੍ਰਸਤਾਵ ਪਾਸ ਕਰਕੇ ਦਿੱਗਜ ਕ੍ਰਿਕਟਰ ਸਚਿਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਦੁਨੀਆ ਭਰ ‘ਚ ਹਜ਼ਾਰਾਂ ਲੱਖਾਂ ਲੋਕਾਂ ਦੇ ਲਈ ਪ੍ਰੇਰਣਾ ਦੇ ਸੋਮੇ ਹਨ। ਵਾਜ਼ ਨੇ ਕਿਹਾ ਕਿ ਇਹ ਪ੍ਰਸਤਾਵ ਸਚਿਨ ਜਿਹੇ ਬੱਲੇਬਾਜ਼ ਦੇ ਲਈ ਸਾਡੀ ਵੱਲੋਂ ਸਨਮਾਨ ਹੈ। ਸਚਿਨ ਨੂੰ ਜਿੰਨਾ ਭਾਰਤ ‘ਚ ਪਿਆਰ ਕੀਤਾ ਜਾਂਦਾ ਹੈ ਓਨਾ ਹੀ ਬ੍ਰਿਟੇਨ ‘ਚ ਵੀ ਪਸੰਦ ਕੀਤਾ ਜਾਂਦਾ ਹੈ। ਅਜਿਹੇ ‘ਚ ਬ੍ਰਿਟਿਸ਼ ਸੰਸਦ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦੇ ਲਈ ਸਨਮਾਨਤ ਕਰਦਾ ਹੈ। ਮਾਸਟਰ ਬਲਾਸਟਰ ਸਚਿਨ ਨੇ ਪਿਛਲੇ ਸ਼ਨੀਵਾਰ ਨੂੰ 24 ਸਾਲ ਦੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈ ਲਿਆ ਸੀ। ਇਸੇ ਦਿਨ ਸਚਿਨ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜ਼ੇ ਜਾਣ ਦਾ ਐਲਾਨ ਕੀਤਾ ਗਿਆ ਸੀ।