ਪੰਜਾਬੀ ਦੀ ਈਮਾਨਦਾਰੀ ਨੂੰ ਆਸਟਰੇਲੀਆ ‘ਚ ਸਨਮਾਨ

On: 21 November, 2013

ਸਿਡਨੀ)—ਆਸਟਰੇਲੀਆ ਦੇ ਇਕ ਸਿੱਖ ਟੈਕਸੀ ਡਰਾਈਵਰ ਨੂੰ ਉਸ ਦੀ ਈਮਾਨਦਾਰੀ ਲਈ ਮੈਲਬੋਰਨ ਦੀ ਕੌਂਸਲ ਪ੍ਰੀਸ਼ਦ ਨੇ ਐਵਾਰਡ ਦੇ ਕੇ ਸਨਮਾਨਤ ਕੀਤਾ ਹੈ। ਲਖਵਿੰਦਰ ਸਿੰਘ ਢਿੱਲੋਂ ਨਾਂ ਦੇ ਇਸ ਸਿੱਖ ਡਰਵਾਈਰ ਨੇ ਆਪਣੀ ਟੈਕਸੀ ‘ਚ ਸਵਾਰ ਕੁਝ ਮੁਸਾਫਰਾਂ ਦੇ 1 ਲੱਖ 10 ਹਜ਼ਾਰ ਡਾਲਰ ਵਾਪਸ ਕਰ ਦਿੱਤੇ ਸਨ, ਜੋ ਉਨ੍ਹਾਂ ਨੇ ਗਲਤੀ ਨਾਲ ਟੈਕਸੀ ਵਿਚ ਹੀ ਛੱਡ ਦਿੱਤੇ ਸਨ। ਦਿ ਲਾਰਡ ਮੇਅਰ ਰਾਬਰਟ ਡਾਇਲੇ ਨੇ ਲਖਵਿੰਦਰ ਸਿੰਘ ਨੂੰ ਉਸ ਦੀ ਈਮਾਨਦਾਰੀ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ।ਐਵਾਰਡ ਪ੍ਰਾਪਤ ਕਰਦੇ ਹੋਏ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਆਪਣੀ ਟੈਕਸੀ ਵਿਚ ਇੰਨੇ ਪੈਸੇ ਦੇਖੇ ਤਾਂ ਪਹਿਲਾਂ ਤਾਂ ਉਸ ਨੂੰ ਸਮਝ ਵਿਚ ਨਹੀਂ ਆਇਆ ਕਿ ਉਹ ਕੀ ਕਰੇ।  ਬਾਅਦ ਵਿਚ ਉਸ ਨੇ ਰੁਪਏ ਪੁਲਸ ਦੇ ਹਵਾਲੇ ਕਰਨ ਦੀ ਸੋਚੀ ਪਰ ਕੁਝ ਦੇਰ ਬਾਅਦ ਉਸ ਨੂੰ ਉਨ੍ਹਾਂ ਲੋਕਾਂ ਦਾ ਫੋਨ ਆ ਗਿਆ, ਜਿਨ੍ਹਾਂ ਦੇ ਇਹ ਪੈਸੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਕੈਸੀਨੋ ਵਿਚ ਆ ਕੇ ਉਨ੍ਹਾਂ ਦੇ ਪੈਸੇ ਵਾਪਸ ਕਰ ਜਾਵੇ।ਸਿੰਘ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਉਸ ਨੂੰ ਇਨਾਮ ਵਜੋਂ 500 ਡਾਲਰ ਦਿੱਤੇ ਅਤੇ ਉਨ੍ਹਾਂ ‘ਚੋਂ ਇਕ ਨੇ ਕਿਹਾ ਕਿ ”ਤੁਸੀਂ ਬਹੁਤ ਇਮਾਨਦਾਰ ਅਤੇ ਵਧੀਆ ਇਨਸਾਨ ਹੋ।”ਮੇਅਰ ਡਾਇਲੇ ਨੇ ਲਖਵਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਉਹ ਮੈਲਬੋਰਨਵਾਸੀਆਂ ਲਈ ਇਕ ਮਿਸਾਲ ਹੈ। ਲਖਵਿੰਦਰ ਸਿੰਘ ਨੇ ਕਿਹਾ ਕਿ ਇਹ ਐਵਾਰਡ ਪ੍ਰਾਪਤ ਕਰਕੇ ਉਹ ਮਾਣ ਮਹਿਸੂਸ ਕਰ ਰਿਹਾ ਹੈ।