32 ਕਿਲੋ ਦਾ ਪੈਰ, ਰੱਬ ਕਰੇ ਖੈਰ

On: 22 November, 2013

ਲੰਡਨ—ਸੋਮਾਲੀਆ ਦੀ ਰਹਿਣ ਵਾਲੀ ਇਕ ਵਿਧਵਾ ਔਰਤ ਸਾਦੀਆ ਅਬਦੀਨੂਰ ਦੀ ਜ਼ਿੰਦਗੀ ਨੂੰ ਇਕ ਅਜੀਬ ਕਿਸਮ ਦੀ ਬੀਮਾਰੀ ਨੇ ਨਰਕ ਬਣਾ ਦਿੱਤਾ ਹੈ। ਇਸ ਬੀਮਾਰੀ ਦੇ ਕਾਰਨ ਉਸ ਦਾ ਖੱਬਾ ਪੈਰ ਸੁੱਜ ਕੇ 31.75 ਕਿਲੋ ਦਾ ਹੋ ਗਿਆ ਹੈ। ਡਾਕਟਰਾਂ ਜਾ ਕਹਿਣਾ ਹੈ ਕਿ ਸਾਦੀਆ ਦੀ ਬੀਮਾਰੀ ਆਪਣੇ ਆਖਰੀ ਪੜਾਅ ‘ਤੇ ਹੈ ਅਤੇ ਜੇਕਰ ਛੇਤੀ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਸਾਦੀਆ ਦੇ ਦੋ ਬੇਟੇ ਹਨ— ਅਯਾਨ (9) ਅਤੇ ਅਯੂਬ (7)। ਦੋਵੇਂ ਭੀਖ ਮੰਗ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਹਨ। ਹਰ ਰਾਤ ਭੀਖ ਮੰਗਣ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਗਲੇ ਲਗਾ ਕੇ ਅਲਵਿਦਾ ਕਹਿੰਦੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਗਲੀ ਸਵੇਰ ਜਦੋਂ ਉਹ ਵਾਪਸ ਆਉਣਗੇ ਤਾਂ ਉਨ੍ਹਾਂ ਦੀ ਮਾਂ ਸ਼ਾਇਦ ਉਨ੍ਹਾਂ ਨੂੰ ਜ਼ਿੰਦਾ ਨਹੀਂ ਮਿਲੇਗੀ।
ਸਾਦੀਆ ਦੇ ਪਤੀ ਨੂੰ ਉਸ ਦੇ ਸਾਹਮਣੇ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ਉਦੋਂ ਤੋਂ ਪਰਿਵਾਰ ਦਾ ਖਰਚਾ ਉਸ ਦੇ ਛੋਟੇ-ਛੋਟੇ ਬੱਚੇ ਚੁੱਕ ਰਹੇ ਹਨ। ਸਾਦੀਆ ਨੂੰ ਇਹ ਬੀਮਾਰੀ 2006 ਵਿਚ ਇਕ ਇਨਫੈਕਸ਼ਨ ਹੋਣ ਤੋਂ ਬਾਅਦ ਹੋਈ ਸੀ। ਹੌਲੀ-ਹੌਲੀ ਉਸ ਦਾ ਪੈਰ ਸੁੱਜਣ ਲੱਗ ਪਿਆ। ਇਸ ਬੀਮਾਰੀ ਨੂੰ ਐਂਲੀਫੈਂਟਾਇਸਿਸ ਕਹਿੰਦੇ ਹਨ। ਸਾਦੀਆ ਦੀ ਇਸ ਬੀਮਾਰੀ ਕਾਰਨ ਉਸ ਦੇ ਕਰੀਬੀ ਰਿਸ਼ਤੇਦਦਾਰ ਅਤੇ ਆਂਢੀ-ਗੁਆਂਢੀ ਵੀ ਉਸ ਦਾ ਸਾਥ ਛੱਡ ਗਏ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਾਦੀਆ ‘ਤੇ ਕਿਸੇ ਬੁਰੀ ਆਤਮਾ ਦਾ ਸਾਇਆ ਹੈ।
ਉਸ ਦੀ ਮਦਦ ਲਈ ਹੁਣ ਕੁਝ ਡਾਕਟਰ ਅਤੇ ਸੰਸਥਾਵਾਂ ਅੱਗੇ ਆਈਆਂ ਹਨ। ਸਾਦੀਆ ਦਾ ਫਰੀ ਵਿਚ ਆਪ੍ਰੇਸ਼ਨ ਕਰਨ ਲਈ ਅੱਗੇ ਆਏ ਬ੍ਰਿਟੇਨ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਐਲੀਫੈਂਟਾਇਸਿਸ ਦੇ ਜਿੰਨੇ ਵੀ ਮਾਮਲੇ ਦੇਖੇ ਹਨ, ਉਨ੍ਹਾਂ ਵਿਚੋਂ ਇਹ ਸਭ ਤੋਂ ਖਤਰਨਾਕ ਕਿਮਸ ਦਾ ਹੈ। ਬ੍ਰਿਟੇਨ ਦੀ ਇਕ ਚੈਰਿਟੀ ਸੰਸਥਾ ਸਾਦੀਆ ਲਈ ਫੰਡ ਇਕੱਠਾ ਕਰ ਰਹੀ ਹੈ, ਤਾਂ ਜੋ ਉਹ ਇਲਾਜ ਲਈ ਬ੍ਰਿਟੇਨ ਜਾ ਸਕੇ।